ਲੰਬੀ ’ਚ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ

4 ਜ਼ਖ਼ਮੀ , ਸੰਘਰਸ਼ ਕਮੇਟੀ ਮੂਹਰੇ ਧਾਰਾ 144, ਕਰੋਨਾ ਮਹਾਮਾਰੀ ਕਰਕੇ ਸਖ਼ਤੀ ਅਤੇ ਵੱਡੀਆਂ ਸਰਕਾਰੀ ਰੋਕਾਂ ਢਹਿ-ਢੇਰੀ 

ਲੰਬੀ, ਜੁਲਾਈ 2020 -( ਗੁਰਸੇਵਕ ਸਿੰਘ ਸੋਹੀ)- ਕੇਂਦਰੀ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਸਮੇਂ ਪੁਲੀਸ ਲਾਠੀਚਾਰਜ ਕਾਰਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਸਮੇਤ ਕਰੀਬ ਚਾਰ ਕਾਰਕੁਨ ਜ਼ਖ਼ਮੀ ਹੋ ਗਏ। ਜ਼ੋਨ ਗੁਰੂ ਹਰਸਾਇ ਦੇ ਪ੍ਰਧਾਨ ਧਰਮ ਸਿੰਘ ਦੇ ਸਿਰ 'ਤੇ ਸੱਟ ਵੱਜੀ ਹੈ। ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁਨਾਂ ਮੂਹਰੇ ਧਾਰਾ 144, ਕਰੋਨਾ ਮਹਾਮਾਰੀ ਕਰਕੇ ਸਖ਼ਤੀ ਅਤੇ ਵੱਡੀਆਂ ਸਰਕਾਰੀ ਰੋਕਾਂ ਢਹਿ-ਢੇਰੀ ਹੋ ਗਈਆਂ।

ਹਾਲਾਂਕਿ ਪ੍ਰਸ਼ਾਸਨ ਨੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰਕੇ ਪਿੰਡ ਬਾਦਲ ਦੇ ਛਾਉਣੀ ਬਣਾ ਦਿੱਤਾ ਸੀ ਪਰ ਸਰਕਾਰੀ ਰੋਕਾਂ ਨੂੰ ਦਰਕਿਨਾਰ ਕਰਕੇ ਪੁੱਜੇ ਸੈਂਕੜੇ ਕਾਰਕੁਨਾਂ ਨੇ ਬਾਦਲਾਂ ਦੀ ਰਿਹਾਇਸ਼ ਮੂਹਰੇ ਬਠਿੰਡਾ-ਖਿਉਵਾਲੀ ਸੜਕ 'ਤੇ ਧਰਨਾ ਲਗਾ ਕੇ ਘਿਰਾਓ ਕਰ ਲਿਆ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਪਿੱਦੀ ਨੇ ਖੇਤੀ ਆਰਡੀਨੈਂਸ ਨੂੰ ਪੰਜਾਬ ਦੀ ਕਿਸਾਨੀ ਲਈ ਘਾਤਕ ਕਰਾਰ ਦਿੱਤਾ ਤੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਬਾਰੇ ਕੁੱਝ ਨਹੀਂ ਬੋਲ ਰਹੇ।