ਨਨਕਾਣਾ ਸਾਹਿਬ ਲਈ ਰੇਲਵੇ ਸਟੇਸ਼ਨ ਮਨਜ਼ੂਰ

ਇਸਲਾਮਾਬਾਦ,  ਅਪਰੈਲ  ਪਾਕਿਸਤਾਨ ਕੈਬਨਿਟ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿੱਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਕੈਬਨਿਟ ਨੇ ਸਟੇਸ਼ਨ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਸ ਸ਼ਹਿਰ ਦੀ ਬਹੁਤ ਇਤਿਹਾਸਕ ਅਤੇ ਧਾਰਮਿਕ ਅਹਿਮੀਅਤ ਹੈ ਅਤੇ ਪੂਰੀ ਦੁਨੀਆਂ ਦੇ ਸਿੱਖ ਸ਼ਰਧਾਲੂਆਂ ਵਿੱਚ ਇਹ ਪ੍ਰਸਿੱਧ ਧਾਰਮਿਕ ਸਥਲ ਹੈ। ਸੂਚਨਾ ਮੰਤਰੀ ਫੱਵਾਦ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਕੈਬਨਿਟ ਨੇ ਪੰਜਾਬ ਵਿੱਚ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਦਾ ਨਾਂ ਬਾਬਾ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।’’ ਪਿਛਲੇ ਵਰ੍ਹੇ ਨਵੰਬਰ ਵਿੱਚ ਭਾਰਤ ਅਤੇ ਪਾਕਿਸਤਾਨ, ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿਚਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਧਾਰਮਿਕ ਸਥਲ ਨਾਲ ਸੜਕ ਮਾਰਗ ਰਾਹੀਂ ਜੋੜਨ ਲਈ ਸਹਿਮਤ ਹੋਏ ਸਨ। ਕਰਤਾਰਪੁਰ ਸਾਹਿਬ ਰਾਵੀ ਨਦੀ ਕੰਢੇ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ ਦੇ ਨਿਰਮਾਣ ਲਈ ਜ਼ਮੀਨ ਵੀ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਚੋਣਾਂ ਦੌਰਾਨ ਕੀਤੇ ਮੁੱਖ ਵਾਅਦੇ ਤਹਿਤ ਪਾਕਿਸਤਾਨ ਕੈਬਨਿਟ ਨੇ ਬੇਘਰ ਅਤੇ ਸਰਕਾਰੀ ਮੁਲਾਜ਼ਮਾਂ ਲਈ 135000 ਅਪਰਾਟਮੈਂਟਾਂ ਦੇ ਨਿਰਮਾਣ ਨੂੰ ਵੀ ਹਰੀ ਝੰਡੀ ਦਿੱਤੀ ਹੈ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਾਰਨ ਖਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਨਵਾਂ ਪਾਕਿਸਤਾਨ ਹਾਊਸਿੰਗ ਅਥਾਰਟੀ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ 135000 ਅਪਾਰਟਮੈਂਟ ਬਣਾਏ ਜਾਣਗੇ ਅਤੇ ਪ੍ਰਧਾਨ ਮੰਤਰੀ 17 ਅਪਰੈਲ ਨੂੰ ਇਸਲਾਮਾਬਾਦ ਵਿੱਚ ਇਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ ਜਿਥੇ 25000 ਅਪਾਰਟਮੈਂਟਾਂ ਦੀ ਉਸਾਰੀ ਕੀਤੀ ਜਾਵੇਗੀ। 110000 ਅਪਾਰਟਮੈਂਟ ਤਟਵਰਤੀ ਸ਼ਹਿਰਾਂ ਬਲੋਚਿਸਤਾਨ ਵਿੱਚ ਗਵਾਦਰ ਵਿੱਚ ਬਣਾਏ ਜਾਣਗੇ।