ਯੂਰਪ 'ਤੇ ਮੰਡਰਉਣ ਲੱਗਾ ਕੋਰੋਨਾ ਮਾਹਾਮਾਰੀ ਦੇ ਦੂਜੇ ਦੌਰ ਦਾ ਖਦਸ਼ਾ, ਜਰਮਨੀ ਵਿੱਚ ਫਿਰ ਰਿਕਾਰਡ ਮਾਮਲੇ

ਬਰਲਿਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- 

ਯੂਰਪ 'ਤੇ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਰਮਨੀ, ਸਪੇਨ, ਫਰਾਂਸ ਅਤੇ ਯੂਕੇ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਨਵੇਂ ਮਾਮਲਿਆਂ ਵਿਚ ਕੁਝ ਤੇਜ਼ੀ ਵੇਖੀ ਗਈ ਹੈ। ਜਰਮਨੀ ਵਿਚ, ਤਿੰਨ ਮਹੀਨਿਆਂ ਬਾਅਦ ਇਕ ਦਿਨ ਵਿਚ ਰਿਕਾਰਡ ਨਵੇਂ ਇਨਫੈਕਸ਼ਨ ਹੋਣ ਦਾ ਪਤਾ ਲੱਗਿਆ ਹੈ, ਜਦੋਂ ਕਿ ਸਕਾਟਲੈਂਡ ਦੇ ਏਬਰਡੀਨ ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੋਕਣ ਦੀ ਕੋਸ਼ਿਸ਼ ਤਹਿਤ ਇਕ ਵਾਰ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ਯੂਰਪ ਦੇ ਦੇਸ਼ਾਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਇਨਫੈਕਸ਼ਨ ਦੇ ਕੇਸਾਂ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ।

ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਸ਼ ਭਰ ਵਿਚ 1,045 ਨਵੇਂ ਕੇਸ ਪਾਏ ਗਏ। ਬੀਤੀ 7 ਮਈ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ ਹਨ। ਇਸ ਯੂਰਪੀਅਨ ਦੇਸ਼ ਵਿੱਚ ਪਿਛਲੇ ਅਪ੍ਰੈਲ ਵਿੱਚ ਜਦ ਮਹਾਂਮਾਰੀ ਆਪਣੇ ਸਿਖਰ 'ਤੇ ਸੀ, ਤਾਂ ਰੋਜ਼ਾਨਾ ਔਸਤਨ 6 ਹਜ਼ਾਰ ਤੋਂ ਵੱਧ ਕੇਸ ਮਿਲ ਰਹੇ ਸਨ।

ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਰੋਨਾ ਦੀ ਰੋਕਥਾਮ ਲਈ ਜਰਮਨੀ ਦੇ ਨਾਗਰਿਕ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇਸ਼ ਵਿਚ ਹੁਣ ਤਕ ਕੁਲ 2 ਲੱਖ 13 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 9,175 ਦੀ ਮੌਤ ਹੋਈ ਹੈ।