12 ਅਗਸਤ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 23 ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ' ਤੇ -ਗੁਰਬਿੰਦਰ ਕਲਾਲਾ

ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਪਿੰਡਾਂ ਵਿੱਚ ਕਾਫਲਾ ਮਾਰਚ ਸੁਰੂ

ਮਹਿਲਕਲਾਂ/ਬਰਨਾਲਾ -ਅਗਸਤ 2020  (ਗੁਰਸੇਵਕ ਸਿੰਘ ਸੋਹੀ) ਅੱਜ ਦਾਣਾ ਮੰਡੀ ਮਹਿਲਕਲਾਂ ਵਿੱਚ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਤੇਜ ਕਰਦਿਆਂ ਕਾਫਲਾ ਮਾਰਚ ਸ਼ੁਰੂ ਕੀਤਾ ਗਿਆ। ਇਸ ਕਾਫਲਾ ਮਾਰਚ ਨੂੰ ਸ਼ੁਰੂ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਕਿਹਾ ਕਿ ਮਹਿਲ ਕਲਾਂ ਲੋਕ ਘੋਲ ਦੇ 23 ਵਰ੍ਹੇ ਪੂਰੇ ਹੋਣ ਤੇ ਕਰੋਨਾ ਸੰਕਟ ਦੇ ਚਲਦਿਆਂ ਇਸ ਵਾਰ ਮੰਡੀ ਮਹਿਲਕਲਾਂ ਵਿਖੇ ਪਹਿਲਾਂ ਦੀ ਤਰ੍ਹਾਂ ਨਹੀਂ ਮਨਾਈ ਜਾਵੇਗੀ ਸਗੋਂ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦੀ 23 ਵੀਂ ਬਰਸੀ 12 ਅਗਸਤ ਨੂੰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ ਮਨਾਉਣ ਦੀ ਕੜੀ ਵਜੋ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਪਿੰਡ-ਪਿੰਡ ਪੂਰੇ ਜੋਸ਼ ਅਤੇ ਉਤਸ਼ਾਂਹ ਨਾਲ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਇਲਾਕੇ ਭਰ ਦੇ 60 ਪਿੰਡਾਂ ਵਿੱਚ ਪੋਸਟਰ ਮੁਹਿੰਮ ਸਫਲਤਾ ਪੂਰਵਕ ਪੂਰੀ ਕੀਤੀ ਜਾ ਚੁੱਕੀ ਹੈ।  ਇਸ ਸਮੇਂ ਸੰਬੋਧਨ ਕਰਦਿਆਂ ਮੈਂਬਰਾਨ ਮਨਜੀਤ ਧਨੇਰ, ਕੁਲਵੰਤ ਰਾਏ, ਗੁਰਮੀਤ ਸੁਖਪੁਰ, ਅਮਰਜੀਤ ਕੁੱਕੂ, ਪ੍ਰੀਤਮ ਦਰਦੀ ਨੇ ਕਿਹਾ ਕਿ ਪਿੰਡ ਪੱਧਰ ਤੇ ਸ਼ਹੀਦੀ ਸਮਾਗਮ ਮਨਾਉਂਦਿਆਂ ਇਸ ਲੋਕ ਘੋਲ ਦੇ ਕੀਮਤੀ ਸਬਕਾਂ ਨੂੰ ਗ੍ਰਹਿਣ ਕਰਨ ਅਤੇ ਲੋਕ ਮਨਾਂ ਦਾ ਹਿੱਸਾ ਬਨਾਇਆ ਜਾਵੇਗਾ ਕਿਉਕਿ ਜਦ ਇੱਕ ਪਾਸੇ ਔਰਤਾਂ ਉੱਪਰ ਜਬਰ ਜੁਲਮ ਆਏ ਦਿਨ ਵਧ ਰਿਹਾ ਹੈ। ਪਰ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ,ਪੰਜਾਬ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਔਰਤਾਂ ਦੀ ਸ਼ਮੂਲੀਅਤ ਇੱਕ ਅਜਿਹਾ ਮੀਲ ਪੱਥਰ ਹੈ ਜੋ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਸਮਾਜਿਕ ਜਬਰ ਵਿਰੋਧੀ ਸੰਘਰਸ਼ਾਂ ਸਮੇਤ ਕਿਸਾਨੀ ਸੰਘਰਸ਼ਾਂ ਵਿੱਚ ਕੁੱਦਣ ਲਈ ਰਾਹ ਪੱਧਰਾ ਕਰ ਰਿਹਾ ਹੈ। 12 ਅਗਸਤ ਮਹਿਲ ਕਲਾਂ ਲੋਕ ਘੋਲ ਦੇ 23 ਵੇਂ ਵਰ੍ਹੇ ਮਨਾਏ ਜਾਣ ਵਾਲੇ ਪਿੰਡ-ਪਿੰਡ ਸ਼ਹੀਦੀ ਸਮਾਗਮ ਲਈ ਤਿਆਰੀ ਵਜੋਂ ਔਰਤਾਂ ਖੁਦ ਵੀ ਤਿਆਰੀ ਮੁਹਿੰਮ ਵਿੱਚ ਜੁਟੀਆਂ ਹੋਈਆਂ ਹਨ। ਕਰੋਨਾ ਸੰਕਟ ਦੇ ਚਲਦਿਆਂ ਡਰ ਅਤੇ ਦਹਿਸ਼ਤ ਦਾ ਮਹੌਲ ਹਕੂਮਤ ਨੇ ਸਿਰਜਿਆ ਹੋਇਆ ਹੈ। ਇਸ ਦੌਰ ਵਿੱਚ ਵੀ ਮਹਿਲ ਕਲਾਂ ਲੋਕ ਘੋਲ ਇੱਕ ਅਜਿਹੀ ਰੋਸ਼ਨੀ ਬਖੇਰ ਰਿਹਾ ਹੈ ਜੋ ਹਨੇਰਿਆਂ ਨੂੰ ਚੀਰਦੀ ਚਾਨਣ ਦੀ ਅਜਿਹੀ ਕਿਰਨ ਹੈ ਜੋ ਭਵਿੱਖ ਦੇ ਸੰਘਰਸ਼ਾਂ ਲਈ ਪ੍ਰੇਰਨਾ ਸ੍ਰੋਤ ਹੈ। ਆਗੂਆਂ ਕਿਹਾ ਕਿ ਇਹ ਪ੍ਰਚਾਰ ਮੁਹਿੰਮ ਕੱਲ੍ਹ ਵੀ ਜਾਰੀ ਰਹੇਗੀ। ਐਕਸ਼ਨ ਕਮੇਟੀ ਨੇ ਇਸ ਲੋਕ ਘੋਲ ਦਾ ਸਾਰਥਿਕ ਸੁਨੇਹਾ ਦੇਣ ਲਈ ਹਰ ਰੋਜ ਦੋ ਪ੍ਰਮੱਖ ਸ਼ਖਸ਼ੀਅਤਾਂ, ਪੱਤਰਕਾਰਾਂ, ਬੱਧੀਜੀਵੀਆਂ, ਸਿਆਸੀ ਕਾਰਕੁਨਾਂ ਨੂੰ ਰੋਜਾਨਾ ਰਾਤ 8 ਵਜੇ ਤੋਂ 9 ਵਜੇ ਤੱਕ ਲਾਈਵ ਰੂਬਰੂ ਕਰਵਾਇਆ ਜਾ ਰਿਹਾ ਹੈ। ਐਕਸ਼ਨ ਕਮੇਟੀ ਦੇ ਇਸ ਲਾਈਵ ਸਮਾਗਮ ਨੂੰ ਇਸ ਪੇਜ ਰਾਹੀਂ 50 ਹਜਾਰ ਤੋਂ ਉੱਪਰ ਲੋਕ ਵੇਖ ਚੁੱਕੇ ਹਨ। ਲਾਈਵ ਸਮਾਗਮ 12 ਅਗਸਤ ਤੱਕ ਜਾਂ ਇਸ ਤੋਂ ਬਾਅਦ ਵੀ ਲੋੜ ਅਨੁਸਾਰ ਜਾਰੀ ਰਹੇਗਾ। ਇਸ ਸਮੇਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਅਜਮੇਰ ਸਿੰਘ ਕਾਲਸਾਂ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਅਮਨਾ ਰਾਏਸਰ, ਜੱਗਾ ਛਾਪਾ, ਹਰਪ੍ਰੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਆਗੂ ਵੀ ਹਾਜਰ ਸਨ।