ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 23ਵੀ ਬਰਸੀ ਤੇ ਕੀਤੀਆਂ ਲੋਕ ਮਾਰੂ ਨੀਤੀਆਂ ਤੇ ਵਿਚਾਰਾਂ

ਮਹਿਲ ਕਲਾਂ /ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਕੋਵਿਡ 19 ਦੌਰਾਨ ਵੱਡੇ ਇਕੱਠਾਂ ਤੇ ਪਾਬੰਦੀ ਹੋਣ ਕਾਰਨ ਇਸ ਵਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਹਿਲ ਕਲਾਂ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 23ਵੀ ਬਰਸੀ ਨੂੰ ਮੁੱਖ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਖੇ ਸੰਘਰਸ਼ ਸ਼ੀਲ ਜੱਥੇਬੰਦੀਆਂ ਦੇ ਆਗੂਆਂ ਨੇ 23 ਵਰੇ ਪਹਿਲਾਂ ਸ਼ਹੀਦ ਹੋਣ ਵਾਲੀ ਉਹ ਬੱਚੀ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਲੋਕਾਂ ਨਾਲ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਕੋਵਿਡ19 ਨੂੰ ਮਹਾਂਮਾਰੀ ਦਾ ਨਾਮ ਦੇ ਕੇ ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕੀਤਾ ਹੈ ਤਾਂ ਜੋ ਸਰਕਾਰ ਲੋਕ ਵਿਰੋਧੀ ਫੈਸਲਿਆਂ ਨੂੰ ਲਾਗੂ ਕਰ ਸਕੇ। ਇਸ ਆੜ ਵਿੱਚ ਸਰਕਾਰ ਨੇ ਕਿਸਾਨ ਮਾਰੂ ਆਰਡੀਨੈਂਸ ਲਿਆ ਕੇ ਕਿਸਾਨੀ ਦਾ ਲੱਕ ਤੋੜਣ ਤੇ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਵੱਲ ਕਦਮ ਵਧਾਇਆ ਹੈ। ਪਿਛਲੇ 23 ਸਾਲਾਂ ਦੇ ਸੰਘਰਸ਼ਮਈ ਸਮੇਂ ਵਿੱਚ ਆਪਾਂ ਵੇਖ ਚੁੱਕੇ ਹਾਂ ਕਿ ਕਿਸ ਤਰਾਂ ਪੁਲਿਸ-ਸਿਆਸੀ-ਅਦਾਲਤਾਂ ਅਤੇ ਗੁੰਡਿਆਂ ਦਾ ਗੱਠਜੋੜ ਬਣਿਆ ਹੋਇਆ ਹੈ। ਹੁਣ ਅੱਛੇ ਦਿਨਾਂ ਦਾ ਝਾਂਸਾ ਦੇ ਕੇ ਸੱਤਾ ਤੇ ਕਾਬਜ਼ ਹੋਣ ਵਾਲੀ ਮੋਦੀ ਸਰਕਾਰ ਨੇ ਇਸ ਗੱਠਜੋੜ ਵਿੱਚ ਕਾਰਪੋਰੇਟ ਕੰਪਨੀਆਂ ਨੂੰ ਵੀ ਸ਼ਾਮਿਲ ਕਰ ਲਿਆ ਹੈ। ਲਗਾਤਾਰ ਲੋਕਾਂ ਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਸਰਕਾਰੀ ਅਦਾਰੇ ਬੰਦ ਕੀਤੇ ਜਾ ਰਹੇ ਹਨ, ਪਬਲਿਕ ਸੈਕਟਰ ਵੇਚਿਆ ਜਾ ਰਿਹਾ ਹੈ। ਰੁਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ।ਨੌਜਵਾਨੀ ਨੂੰ ਬਰਬਾਦ ਕਰਨ ਲਈ ਨਸ਼ਿਆਂ ਦੇ ਕਾਰੋਬਾਰ ਬੇਰੋਕ ਚੱਲ ਰਹੇ ਹਨ। ਲੋਕ ਨਪੀੜੇ ਜਾ ਰਹੇ ਹਨ।ਇਸ ਲਈ ਇਹਨਾਂ ਜ਼ਾਲਮ ਸਰਕਾਰਾਂ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਮੋੜਾ ਦੇਣ ਲਈ ਆਪਾਂ ਸਾਰਿਆਂ ਨੂੰ ਵੱਡੇ ਹੰਭਲੇ ਮਾਰਨੇ ਪੈਣਗੇ।ਜਿਸ ਤਰ੍ਹਾਂ ਕਿਹਾ ਹੈ ਕਿ ਇਕੱਠ ਲੋਹੇ ਦੀ ਲੱਠ, ਸਿਰ ਵਿੱਚ ਜ਼ਾਲਮ ਦੇ।ਇਸ ਸਮੇਂ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਮੈਂਬਰ ਲੋਕ ਆਗੂ ਮਨਜੀਤ ਸਿੰਘ ਧਨੇਰ,ਗੁਰਵਿੰਦਰ ਕਲਾਲਾ, ਮਾਸਟਰ ਪ੍ਰੇਮ ਕੁਮਾਰ,ਸੁਰਿੰਦਰ ਜਲਾਲਦੀਵਾਲ, ਸਾਥੀ ਨਰਾਇਣ ਦੱਤ, ਮਾ ਬਲਜਿੰਦਰ ਪ੍ਰਭੂ ਮਹਿਲ ਕਲਾਂ, ਜਰਨੈਲ ਸਿੰਘ ਚੰਨਣਵਾਲ, ਡਾਕਟਰ ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਸਰਪੰਚ ਬਲੋਰ ਸਿੰਘ ਤੋਤੀ,ਡੀ ਟੀ ਐਫ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਸੋਹਣ ਸਿੰਘ ਸਿੱਧੂ, ਅਜਮੇਰ ਸਿੰਘ ਕਾਲਸਾਂ ,ਬੀ ਕੇ ਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਹਾਜ਼ਰ ਸਨ।