ਪੰਜਾਬ 'ਚ, ਕੋਰੋਨਾ ਨਾਲ 37 ਮੌਤਾਂ

ਆਈਜੀ ਤੇ ਐੱਸਐੱਸਪੀ ਸਮੇਤ 1048 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਜਿਵੇਂ-ਜਿਵੇਂ ਕੋਰੋਨਾ ਆਪਣੇ ਸਿਖਰ ਵੱਲ ਵਧ ਰਿਹਾ ਹੈ, ਉਵੇਂ ਹੀ ਇਸ ਕਾਰਨ ਮੌਤਾਂ ਦਾ ਗ੍ਰਾਫ਼ ਵੀ ਵਧਣ ਲੱਗਾ ਹੈ। ਵੀਰਵਾਰ ਨੂੰ ਸੂਬੇ 'ਚ ਇਕ ਆਈਜੀ ਅਤੇ ਇਕ ਐੱਸਐੱਸਪੀ ਸਮੇਤ ਸੂਬੇ 'ਚ ਕੁੱਲ 1048 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਹਨ,ਜਦੋਂਕਿ ਕੁਲ 704 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 13 ਮੌਤਾਂ ਲੁਧਿਆਣਾ 'ਚ ਹੋਈਆਂ ਹਨ। ਲੁਧਿਆਣਾ 'ਚ ਹੁਣ ਤਕ ਹੋਈਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਲੁਧਿਆਣਾ 'ਚ ਹੁਣ ਤਕ 209 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਵੀਰਵਾਰ ਨੂੰ ਅੰਮਿ੍ਤਸਰ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸੰਗਰੂਰ 'ਚ ਦੋ ਮਰੀਜ਼ ਪਾਜ਼ੇਟਿਵ ਪਾਏ ਗਏ ਪਰ ਇੱਥੇ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ ਤੇ ਕਪੂਰਥਲਾ 'ਚ ਵੀ ਤਿੰਨ-ਤਿੰਨ ਲੋਕਾਂ ਦੀ ਮੌਤ ਹੋਈ ਹੈ।

ਲੁਧਿਆਣਾ 'ਚ ਵੀਰਵਾਰ ਨੂੰ 181, ਜਲੰਧਰ 'ਚ 149 ਲੋਕ ਪਾਜ਼ੇਟਿਵ ਪਾਏ ਗਏ। ਇਸੇ ਤਰ੍ਹਾਂ ਬਠਿੰਡਾ 'ਚ 87 ਤੇ ਫਿਰੋਜ਼ਪੁਰ 'ਚ 70 ਲੋਕ ਪਾਜ਼ੇਟਿਵ ਪਾਏ ਗਏ ਹਨ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਆਈਜੀ ਹਰਦਿਆਲ ਸਿੰਘ ਮਾਨ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਹੈ।