ਕੈਨੇਡਾ ਪੜ੍ਹਨ ਵਾਲਿਆਂ ਲਈ ਨਵਾਂ ਐਲਾਨ, 30 ਅਪ੍ਰੈਲ, 2021 ਤਕ ਵਿਦਿਆਰਥੀ ਨਹੀਂ ਆ ਸਕਣਗੇ ਕੈਨੇਡਾ

 

ਕੈਲਗਰੀ , ਅਗਸਤ 2020-(ਏਜੰਸੀ )  ਇਸ ਸਾਲ ਕੈਨੇਡਾ ਵਿਚ ਪੜ੍ਹਾਈ ਕਰਨ ਵਾਸਤੇ ਦਾਖ਼ਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਅਲਿਜੀਬਿਲਟੀ ਸਬੰਧੀ 3 ਨਵੇਂ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਕੋਵਿਡ-19 ਕਾਰਨ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿਚ ਰਹਿ ਕੇ ਆਨਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮਹਿਕਮੇ ਵੱਲੋਂ 3 ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਅੰਤਰਰਾਸ਼ਟਰੀ ਵਿਦਿਆਰਥੀ 30 ਅਪ੍ਰੈਲ, 2021 ਤਕ ਆਪੋ ਆਪਣੇ ਦੇਸ਼ਾਂ ਵਿਚ ਰਹਿ ਕੇ ਪੜ੍ਹਾਈ ਕਰ ਸਕਦੇ ਹਨ ਤੇ ਉਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਨਿਰਧਾਰਤ ਟਾਈਮ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਕੋਰਸ ਦਾ 50 ਫ਼ੀਸਦੀ ਹਿੱਸਾ ਕੈਨੇਡਾ ਵਿਚ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ 8 ਤੋਂ 12 ਮਹੀਨਿਆਂ ਦਾ ਕੋਰਸ ਹੈ ਜਿਹੜਾ ਇਸ ਸਾਲ ਮਈ ਤੋਂ ਸਤੰਬਰ ਦਰਮਿਆਨ ਸ਼ੁਰੂ ਹੋਣਾ ਸੀ ਤੇ ਉਹ ਇਸ ਦੌਰਾਨ ਕੈਨੇਡਾ ਨਹੀਂ ਆ ਸਕਦੇ ਤਾਂ ਵੀ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਮੰਨਿਆ ਜਾਵੇਗਾ।। ਜਿਹੜੇ ਵਿਦਿਆਰਥੀਆਂ ਨੇ ਇਸ ਸਾਲ ਮਈ ਤੋਂ ਸਤੰਬਰ ਵਾਸਤੇ ਕਿਸੇ ਵੀ ਪ੍ਰੋਗਰਾਮ ਵਿਚ ਦਾਖ਼ਲਾ ਲਿਆ ਸੀ ਅਤੇ ਉਹ 30 ਅਪ੍ਰੈਲ, 2021 ਤਕ ਆਨਲਾਈਨ ਹੀ ਪੜ੍ਹਾਈ ਕਰਦੇ ਹਨ ਅਤੇ ਇਕ ਤੋਂ ਜ਼ਿਆਦਾ ਐਲੀਜੀਬਲ ਪ੍ਰੋਗਰਾਮ ਪਾਸ ਕਰ ਜਾਂਦੇ ਹਨ ਉਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਵਾਸਤੇ ਆਪਣੇ ਪ੍ਰੋਗਰਾਮ ਦਾ ਪੂਰਾ ਸਮਾਂ ਜੋੜ ਕੇ ਅਪਲਾਈ ਕਰਨ ਦੀ ਆਗਿਆ ਹੋਵੇਗੀ। ਸ਼ਰਤ ਕੇਵਲ ਇਹੀ ਹੋਵੇਗੀ ਕਿ ਉਨ੍ਹਾਂ ਨੇ 50 ਫ਼ੀਸਦੀ ਕੋਰਸ ਕੈਨੇਡਾ ਵਿਚ ਰਹਿ ਕੇ ਪਾਸ ਕੀਤਾ ਹੋਵੇ।