ਕਿਸਾਨਾਂ ਨਾਲ ਜੁੜੇ ਖੇਤੀ ਬਿੱਲਾਂ ਦੇ ਵਿਰੋਧ ’ਚ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਆਖ਼ਰ ਵੀਰਵਾਰ ਨੂੰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸਿਆਸੀ ਸ਼ਰੀਕਾਂ ਤੋਂ ਇਲਾਵਾ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਧਿਰਾਂ ਵੱਲੋਂ ਬਾਦਲ ਪਰਿਵਾਰ 'ਤੇ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਆਉਣ ਦਾ ਦਬਾਅ ਪਾਇਆ ਜਾ ਰਿਹਾ ਸੀ। ਕਿਸਾਨਾਂ ਨੇ ਆਰਡੀਨੈਂਸ ਦਾ ਸਮਰਥਨ ਕਰਨ ਵਾਲੇ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦੀ ਚਿਤਾਵਨੀ ਦਿੱਤੀ ਸੀ ਜਿਸ ਕਰ ਕੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਸੀ। ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਐਨ ਆਖ਼ਰੀ ਮੌਕੇ 'ਤੇ ਸੰਸਦ ਵਿਚ ਖੇਤੀ ਸੁਧਾਰਾਂ ਸਬੰਧੀ ਬਿੱਲ ਪੇਸ਼ ਹੋਣ 'ਤੇ ਪੈਂਤੜਾ ਬਦਲਦੇ ਹੋਏ ਯੂ -ਟਰਨ ਲਿਆ ਸੀ ਜਦੋਂ ਕਿ ਆਰਡੀਨੈਂਸਾ ਦੇ ਸੰਸਦ ਵਿਚ ਪੇਸ਼ ਹੋਣ ਤੋਂ ਪਹਿਲਾਂ ਤਕ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਖੇਤੀ ਸਬੰਧੀ ਤਿੰਨਾਂ ਆਰਡੀਨੈਂਸਾਂ ਦੇ ਕਿਸਾਨ ਹਿਤੈਸ਼ੀ ਹੋਣ ਦੀ ਵਕਾਲਤ ਕਰਦੀ ਰਹੀ ਹੈ।

ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਜਲਾਸ 'ਚ ਖੇਤੀ ਸੁਧਾਰਾਂ ਦੇ ਨਾਂ 'ਤੇ ਦੋ ਹੋਰ ਬਿੱਲ ਪੇਸ਼ ਨਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਵੱਡਾ ਫ਼ੈਸਲਾ ਲਵੇਗਾ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਨੇ ਹਰਸਿਮਰਤ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ।

ਅਕਾਲੀ ਦਲ ਦਾ ਭਾਜਪਾ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗਠਜੋੜ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਮੋਦੀ ਵਜ਼ਾਰਤ 'ਚ ਕੇਂਦਰੀ ਮੰਤਰੀ ਹਨ। ਹਾਲਾਂ ਕਿ ਅਕਾਲੀ ਦਲ ਦੀਆਂ ਲੋਕ ਸਭਾ ਵਿਚ ਸਿਰਫ਼ ਦੋ ਸੀਟਾਂ ਹਨ, ਇਸ ਦੇ ਬਾਵਜੂਦ ਭਾਜਪਾ ਨੇ ਹਰਸਿਮਰਤ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੋਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 5 ਜੂਨ ਨੂੰ ਖੇਤੀ ਸੁਧਾਰਾਂ ਦੇ ਨਾਂ 'ਤੇ ਤਿੰਨ ਆਰਡੀਨੈਂਸ ਅਤੇ ਬਿਜਲੀ ਐਕਟ 2003 (ਸੋਧ ਬਿੱਲ 2020) ਸਬੰਧੀ ਆਰਡੀਨੈਂਸ ਕੈਬਨਿਟ ਵਿਚ ਪਾਸ ਕੀਤਾ ਸੀ। ਕੇਂਦਰੀ ਵਜ਼ਾਰਤ ਵੱਲੋਂ ਆਰਡੀਨੈਂਸ ਪਾਸ ਕੀਤੇ ਜਾਣ ਤੋਂ ਬਾਅਦ ਹੀ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਧਿਰਾਂ ਅਤੇ ਕਿਸਾਨਾਂ ਵੱਲੋਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਪਰ ਅਕਾਲੀ ਦਲ ਇਜਲਾਸ ਸ਼ੁਰੂ ਹੋਣ ਤਕ ਆਰਡੀਨੈਂਸ/ ਬਿੱਲਾਂ ਦਾ ਸਮਰਥਨ ਕਰਦਾ ਰਿਹਾ।

ਭਰੋਸੋਯਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਵੱਖ-ਵੱਖ ਕਿਸਾਨਾਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰਿਆਂ ਨੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਹਰਸਿਮਰਤ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਆਉਣ ਦੀ ਮੰਗ ਕੀਤੀ ਸੀ। ਜਦੋਂ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿਚ ਪੇਸ਼ ਹੋਏ ਜ਼ਰੂਰੀ ਵਸਤਾਂ ਸੋਧ ਬਿੱਲ ਦਾ ਵਿਰੋਧ ਕੀਤਾ ਅਤੇ ਖੇਤੀ ਸਬੰਧੀ ਬਿੱਲਾਂ ਦਾ ਵਿਰੋਧ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਨ ਨੇ ਖੇਤੀ ਆਰਡੀਨੈਂਸ ਲਿਆਉਣ ਸਮੇਂ ਅਕਾਲੀ ਦਲ ਨੂੰ ਭਰੋਸੇ ਵਿਚ ਨਹੀਂ ਲਿਆ। ਸੁਖਬੀਰ ਦੇ ਇਸ ਬਿਆਨ ਤੋਂ ਸਿਆਸੀ ਸ਼ਰੀਕਾਂ ਨੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਦੋਂ ਆਰਡੀਨੈਂਸ ਪਾਸ ਹੋਏ ਤਾਂ ਉਦੋਂ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਕੀਤਾ। ਇਸ ਤਰ੍ਹਾਂ ਹਰਸਿਮਰਤ ਦੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦਬਾਅ ਵਧਣ ਲੱਗਾ ਸੀ।