ਜਨਗਣਨਾ ਬਾਰੇ ਸਿੱਖਾਂ ਨੂੰ ਜਾਗਰੂਕ ਕਰੇਗੀ ਜਾਗੋ ਪਾਰਟੀ 

 

ਨਵੀਂ ਦਿੱਲੀ ,ਅਕਤੂਬਰ 2020 -(ਜਨ ਸਕਤੀ ਨਿਉਜ)- ਜਗ ਆਸਰਾ ਗੁਰੂ ਓਟ (ਜਾਗੋ) ਅਗਲੇ ਵਰ੍ਹੇ ਹੋਣ ਵਾਲੀ ਜਨਗਣਨਾ ਨੂੰ ਧਿਆਨ 'ਚ ਰੱਖ ਕੇ ਸਿੱਖਾਂ ਵਿਚਾਲੇ ਜਾਗਰੂਕਤਾ ਮੁਹਿੰਮ ਚਲਾਏਗੀ। ਪਾਰਟੀ ਦੇ ਪਹਿਲੇ ਸਥਾਪਨਾ ਦਿਵਸ 'ਤੇ ਕਰਵਾਏ ਪ੍ਰੋਗਰਾਮ ਨੂੰ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੋਰੋਨਾ ਇਨਫੈਕਸ਼ਨ ਹੋਣ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਨਗਣਨਾ ਕਰਦੇ ਸਮੇਂ ਸਰਕਾਰੀ ਮੁਲਾਜ਼ਮ ਧਰਮ ਤੇ ਭਾਸ਼ਾ ਬਾਰੇ ਸਹੀ ਜਾਣਕਾਰੀ ਦਰਜ ਨਹੀਂ ਕਰਦੇ ਹਨ। ਮੁਲਾਜ਼ਮ ਜਾਣਕਾਰੀ ਲਿਖਣ ਲਈ ਪੈਂਸਿਲ ਦੀ ਵਰਤੋਂ ਕਰਦੇ ਹਨ ਜਿਸ ਨਾਲ ਗੜਬੜੀ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਾਲ 1991 'ਚ ਇਸ ਤਰ੍ਹਾਂ ਦੀ ਗੜਬੜੀ ਸਾਹਮਣੇ ਆਈ ਸੀ। ਇਸ ਨੂੰ ਧਿਆਨ 'ਚ ਰੱਖ ਕੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (ਐੱਸਜੀਪੀਸੀ) 'ਚੋਂ ਗੁਰੂ ਗ੍ੰਥ ਸਾਹਿਬ ਦੇ 328 ਸਰੂਪ ਗ਼ਾਇਬ ਹੋਣ ਦੇ ਮਾਮਲੇ 'ਚ ਸੰਗਤ ਦੇ ਸਹਿਯੋਗ ਨਾਲ 328 ਸਹਿਜ ਪਾਠ ਰੱਖੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਮੀਆਂ ਨੂੰ ਪਾਰਟੀ ਜ਼ੋਰਦਾਰ ਢੰਗ ਨਾਲ ਉਠਾਉਂਦੀ ਰਹੀ ਹੈ। ਕਮੇਟੀ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ। ਕਮੇਟੀ ਝੂਠੇ ਐਲਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਲਈ ਚੋਣ ਜਿੱਤਣ ਤੋਂ ਜ਼ਿਆਦਾ ਮਹੱਤਵਪੂਰਨ ਪੰਥਕ ਮੁੱਦਿਆਂ 'ਤੇ ਪਹਿਰਾ ਦੇਣਾ ਹੈ।