ਪੰਜਾਬ ਦਾ ਕਿਸਾਨਾਂ ਅਤੇ ਅੰਦੋਲਨ  ✍️ ਅਮਨਜੀਤ ਸਿੰਘ ਖਹਿਰਾ

ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਸ਼ੁਰੂਆਤੀ ਦਿਨਾਂ ਵਿਚ 'ਪੰਜਾਬ ਬੰਦ' ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਲਗਭਗ 125 ਤੋਂ ਵੱਧ ਥਾਵਾਂ ਉੱਪਰ ਵੱਡੇ ਰੋਸ ਪ੍ਰਦਰਸ਼ਨ ਕਰਕੇ ਇਹ ਦਰਸਾ ਦਿੱਤਾ ਹੈ ਕਿ ਸਮੁੱਚਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਬੰਦ ਦੌਰਾਨ ਪੂਰੇ ਪੰਜਾਬ ਵਿੱਚ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ। ਦਫ਼ਤਰ, ਫੈਕਟਰੀਆਂ, ਬਾਜ਼ਾਰ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਖਾਸ ਤੌਰ 'ਤੇ ਵਪਾਰੀਆਂ, ਮੁਲਾਜ਼ਮਾਂ ਅਤੇ ਵਿਦਵਾਨਾਂ ਅਤੇ ਨੌਜੁਆਨਾਂ ਵੱਲੋਂ ਵੀ ਵੱਡੇ ਪੱਧਰ ਤੇ ਸਮੱਰਥਨ ਦਿੱਤਾ ਗਿਆ ਹੈ। ਪੰਜਾਬ ਦੇ ਲੇਖਕ, ਮੁਲਾਜ਼ਮ ਵਰਗ ਅਤੇ ਗਾਇਕ ਵੀ ਕਿਸਾਨਾਂ ਦੀ ਹਮਾਇਤ ਵਿੱਚ ਸੜਕਾਂ ਉੱਤੇ ਉੱਤਰ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਹਿੰਸਾ ਤੋਂ ਰਹਿਤ ਰਿਹਾ। ਸੂਬੇ ਵਿੱਚ ਕਿਧਰੇ ਵੀ ਕੋਈ ਟਕਰਾਅ ਜਾਂ ਹਿੰਸਕ ਘਟਨਾ ਨਹੀਂ ਹੋਈ। ਅੰਦੋਲਨ ਦੇ ਇਸ ਪਹਿਲੇ ਪੜਾਅ ਵਿੱਚ ਕਿਸਾਨਾਂ ਨੂੰ ਮਿਲੀ ਇਹ ਸਫਲਤਾ ਬਹੁਤ ਵੱਡੇ ਅਰਥ ਰੱਖਦੀ ਹੈ। ਇਸ ਨਾਲ ਕਿਸਾਨ ਵਿਰੋਧੀਆਂ ਅਤੇ ਕੇਂਦਰ ਸਰਕਾਰ ਨੂੰ ਇਕ ਵੱਡਾ ਸੁਨੇਹਾ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਦੌਰਾਨ ਹੋਰ ਵੱਡੇ ਪ੍ਰੋਗਰਾਮ ਉਲੀਕ ਗਏ ਹਨ। ਜਿਨ੍ਹਾਂ ਵਿੱਚ ਵੀ ਪੂਰਨ ਸਫਲਤਾ ਮਿਲ ਰਹੀ ਹੈ।ਸਾਰੇ ਪੰਜਾਬ ਵਿੱਚ ਸਟੇਸ਼ਨਾਂ ਉਪਰ ਰੇਲਾਂ ਨੂੰ ਰੋਕਣ ਲਈ ਪੱਕੇ ਮੋਰਚੇ ਲੱਗ ਗਏ ਹਨ। ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਰੇਲਾਂ ਰੋਕਣ ਲਈ ਐਲਾਨ ਕੀਤਾ ਹੋਇਆ ਹੈ। ਕਾਰਪੋਰੇਟ ਘਰਾਨੀਆ ਦੇ ਕੰਮਕਾਜ , ਟੂਲ ਪਲਜੇ, ਰਿਲਾਇੰਸ ਦੇ ਪੰਪ ਅਤੇ ਹੋਰ ਕੰਮ ਕਾਜ ਬੰਦ ਕੇਦਰ ਸਰਕਾਰ ਲਈ ਸਿਰਦਰਦੀ ਬਣਨ ਗੇ। ਪੰਜਾਬ ਦੇ ਸ਼ਹਿਰੀ ਖੇਤਰ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਅਸਰ ਇਹ ਦਰਸਾਉਂਦਾ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਹਰ ਤਰ੍ਹਾਂ ਦੀ ਵਰਗ ਵੰਡ ਤੋਂ ਅੱਗੇ ਨਿਕਲ ਗਿਆ ਹੈ। ਇਸ ਨੂੰ ਕਿਸਾਨ ਜਥੇਬੰਦੀਆਂ ਦੀ ਸਿਆਣਪ ਸਮਝਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀ ਲੜਾਈ ਨੂੰ ਇਕ ਸਾਂਝੀ ਲੜਾਈ ਬਣਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਜੇਕਰ ਇਸੇ ਰਸਤੇ 'ਤੇ ਹੋਰ ਅੱਗੇ ਵਧਦੀਆਂ ਹਨ ਤਾਂ ਉਨ੍ਹਾਂ ਨੂੰ ਸਫਲਤਾ ਮਿਲਣੀ ਯਕੀਨੀ ਹੈ। ਕਿਸਾਨਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਤਕੜਾ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਦੇ ਖਦਸ਼ੇ ਪ੍ਰਗਟਾਅ ਰਹੇ ਸਨ। ਦਿੱਲੀ ਵਿੱਚ ਅੰਦੋਲਨ ਕਰਨ ਦੀਆਂ ਸਲਾਹਾ ਦੇਣ ਵਾਲਿਆਂ ਲਈ ਵੀ ਕਿਸਾਨਾਂ ਦਾ 'ਪੰਜਾਬ ਬੰਦ' ਅਤੇ ਪੰਜਾਬ ਵਿੱਚ ਲਗਾ ਇਹ ਮੋਰਚਾ ਇਕ ਵੱਡਾ ਜਵਾਬ ਹੈ। ਜੇਕਰ ਕਿਸਾਨ ਇਸੇ ਤਰ੍ਹਾਂ 'ਪੰਜਾਬ' 'ਚ ਅੰਦੋਲਨ ਜਾਰੀ ਰੱਖਦੇ ਹਨ ਤਾਂ ਉਹ ਲਾਜ਼ਮੀ ਤੌਰ 'ਤੇ ਦਿੱਲੀ ਨੂੰ ਇਕ ਵੱਡਾ ਜਵਾਬ ਦੇਣਗੇ। ਸਮਝਣ ਵਾਲੀ ਗੱਲ ਇਹ ਹੈ ਕਿ 25 ਲੱਖ ਤੋਂ ਵੱਧ ਦੂਸਰੇ ਰਾਜਾਂ ਦੇ ਲੋਕ ਪੰਜਾਬ ਵਿੱਚ ਰੁਜ਼ਗਾਰ 'ਤੇ ਲੱਗੇ ਹੋਏ ਹਨ। ਪੰਜਾਬ ਰੁਜ਼ਗਾਰ ਤੋਂ ਇਲਾਵਾ ਦੇਸ਼ ਦੀਆਂ ਹੋਰ ਵੀ ਵੱਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਦੇਸ਼ ਦੀ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਬਹੁਤੇ ਹਿੱਸਿਆਂ ਤੱਕ ਪਹੁੰਚ ਵੀ ਪੰਜਾਬ ਰਾਹੀਂ ਹੀ ਹੈ। ਪੰਜਾਬ ਦੇਸ਼ ਦੀ ਜੀਡੀਪੀ ਵਿੱਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਵਿੱਚ ਹੀ ਅੰਦੋਲਨ ਕੇਂਦਰ ਨੂੰ ਇਕ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਕਰੇਗਾ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਪੰਜਾਬ ਵਿੱਚ ਹੀ ਵੱਡੇ ਅੰਦੋਲਨ ਨਾਲ ਕੇਂਦਰ ਨੂੰ ਝੁਕਾਅ ਸਕਦੇ ਹਨ। 'ਪੰਜਾਬ ਬੰਦ' ਤੋਂ ਲੈਕੇ ਅੱਜ ਤੱਕ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਸ਼ਾਮਿਲ ਸਭ ਧਿਰਾਂ ਨੂੰ ਜਨ ਸਕਤੀ ਨਿਉਜ ਅਦਾਰਾ ਸਿਰ ਝਕੋਦਾ ਹੈ। ਕਿਸਾਨਾਂ ਜਥੇਬੰਦੀਆਂ ਦੀ ਏਕਤਾ, ਜਜ਼ਬੇ, ਹੌਂਸਲੇ ਅਤੇ ਸਬਰ ਦਾ ਕੋਈ ਜਵਾਬ ਨਹੀਂ। ਓਹਨਾ ਦੀ ਮੇਹਨਤ ਸਦਕਾ  ਅੱਜ ਸਾਰਾ ਪੰਜਾਬ ਓਹਨਾ ਦੇ ਨਾਲ ਨਜਰ ਆ ਰਿਹਾ ਹੈ।

ਅਮਨਜੀਤ ਸਿੰਘ ਖਹਿਰਾ