ਗੱਦਾਰ' ਅਕਾਲੀਆਂ ਨਾਲ ਤਾਂ ਪੰਜਾਬੀ ਨਿਪਟ ਲੈਣਗੇ, ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਜਿੱਠੋ-ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਿਹਾ

ਕਾਂਗਰਸ ਦੀ ਟਰੈਕਟਰ ਰੈਲੀ ਨੂੰ ਪਹਿਲੇ ਦਿਨ ਕਿਸਾਨਾਂ ਦਾ ਜੋਰਦਾਰ ਸਮਰਥਨ

ਰਾਹੁਲ ਗਾਂਧੀ ਨੂੰ ਪੰਜਾਬ ਦੀ ਮਿੱਟੀ ਭੇਟ

ਜੱਟਪੁਰਾ/ਰਾਏਕੋਟ , ਅਕਤੂਬਰ 2020 ( ਗੁਰਸੇਵਕ ਸਿੰਘ ਸੋਹੀ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਨਾਲ ਦਗੇਬਾਜ਼ੀ ਕਮਾਉਣ ਲਈ ਅਕਾਲੀਆਂ ਉਤੇ ਵਰ੍ਹਦਿਆਂ ਆਖਿਆ ਕਿ ਇਹਨਾਂ 'ਗੱਦਾਰਾਂ' ਨਾਲ ਤਾਂ ਪੰਜਾਬ ਦੇ ਲੋਕ ਸਿੱਝ ਲੈਣਗੇ ਜਦਕਿ ਅਸਲ ਲੜਾਈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੈ ਜੋ ਇਹਨਾਂ ਘਾਤਕ ਖੇਤੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ। ਰਾਹੁਲ ਗਾਂਧੀ ਦੀ ਖੇਤੀ ਬਚਾਓ ਯਾਤਰਾ ਦੇ ਪਹਿਲੇ ਦਿਨ ਦੀ ਸਮਾਪਤੀ ਮਗਰੋਂ ਜੱਟਪੁਰੇ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਜੋ ਵੀ ਕਦਮ ਚੁੱਕਣੇ, ਪਏ ਚੁੱਕੇਗੀ ਅਤੇ ਅਕਾਲੀਆਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰੇਗੀ ਜਦਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਵਿਰੁੱਧ ਅਪਣੀ ਲੜਾਈ ਜਾਰੀ ਰਖੇਗੀ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਵਲੋਂ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਉਹਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇੱਥੇ ਅਕਾਲੀਆਂ ਨਾਲ ਸਿੱਝ ਲਵਾਂਗੇ ਪਰ ਮੈ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਨਾਲ ਟੱਕਰ ਲੈਣ ਅਤੇ ਪ੍ਰਧਾਨ ਮੰਤਰੀ ਬਣਨ ਮੌਕੇ ਇਹਨਾਂ ਨਵੇਂ ਕਾਨੂੰਨਾਂ ਨੂੰ ਰੱਦ ਕਰ ਦੇਣ ਦੀ ਅਪੀਲ ਕਰਦਾਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਹੁੰਦੀ ਕੀ ਹੈ ਅਤੇ ਉਹ ਆਪਣੇ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਆੜ੍ਹਤੀਆਂ ਅਤੇ ਕਿਸਾਨਾਂ ਦਰਮਿਆਨ ਸਦੀਆਂ ਪੁਰਾਣੇ ਰਿਸ਼ਤੇ ਤੋੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਇਹਨਾਂ ਵਿਚੋਂ ਵੀ ਢਾਈ ਏਕੜ ਤੋਂ ਘੱਟ ਵਾਲੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਵਿਚ ਬੈਠੇ ਲੋਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਇਲਮ ਨਹੀਂ ਹੈ ਜਦਕਿ ਕਿਸਾਨਾਂ ਨੇ ਦਹਾਕਿਆਂ ਤੋਂ ਮੁਲਕ ਦਾ ਢਿੱਡ ਭਰਿਆ ਅਤੇ ਇਹ ਯਕੀਨੀ ਬਣਾਇਆ ਕਿ ਮੁਲਕ ਨੂੰ ਅਨਾਜ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ ਜਿਵੇਂ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਹੁੰਦਾ ਆਇਆ ਹੈ। ਸੁਖਬੀਰ ਬਾਦਲ ਵੱਲੋਂ ਐਨ.ਡੀ.ਏ. ਨਾਲੋਂ ਨਾਤਾ ਤੋੜਣ ਨੂੰ ਕਿਸਾਨਾਂ ਲਈ ਕੁਰਬਾਨੀ ਦੇ ਕੀਤੇ ਜਾ ਰਹੇ ਦਾਅਵੇ ਉਤੇ ਤਨਜ਼ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੂੰ ਕੀ ਪਤਾ ਕਿ ਕੁਰਬਾਨੀ ਕੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਅਤੇ ਬੇਚੈਨੀ ਦਾ ਸਾਹਮਣਾ ਕਰਨ ਮੌਕੇ ਇਹਨਾਂ ਨੇ ਜੋ ਕੀਤਾ, ਉਹ ਸਿਰਫ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਲੜਾਈ ਲੜੇਗੀ ਅਤੇ ਅਕਾਲੀਆਂ ਦਾ ਪਰਦਾਫਾਸ਼ ਕਰੇਗੀ ਜਿਹਨਾਂ ਨੂੰ ਪੰਜਾਬ ਦੇ ਲੋਕ ਰੱਦ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕੇਂਦਰ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਉਤੇ ਕਾਲੇ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਹ ਛੇਤੀ ਹੀ ਵਾਪਰੇਗਾ। ਰਾਹੁਲ ਗਾਂਧੀ ਨੇ ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਵੱਲੋਂ ਅਡਾਨੀਆਂ ਅਤੇ ਅੰਬਾਨੀਆਂ ਦੇ ਹੁਕਮਾਂ ਉਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਛੋਟੇ ਉਦਯੋਗਾਂ ਆਦਿ ਨੂੰ ਤਬਾਹੀ ਦੇ ਕੰਢੇ ਪਹੁੰਚ ਦੇਣ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਨੋਟਬੰਦੀ ਦੌਰਾਨ ਮੋਦੀ ਦੇ ਅਰਬਾਂਪਤੀ ਮਿੱਤਰਾਂ ਨੂੰ ਕਤਾਰਾਂ ਵਿਚ ਨਹੀਂ ਖੜ੍ਹਨਾ ਪਿਆ ਅਤੇ ਇੱਥੋਂ ਤੱਕ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਦੇ ਟੈਕਸ ਅਤੇ ਕਰਜੇ ਮੁਆਫ ਕਰ ਦਿੱਤੇ ਜਦਕਿ ਗਰੀਬ ਅਜੇ ਵੀ ਧੱਕੇ ਖਾ ਰਿਹਾ ਹੈ। ਉਹਨਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਅਜੇ ਵੀ ਨਹੀਂ ਪਤਾ ਕਿ ਜੀ.ਐਸ.ਟੀ ਕੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੜਕਾਂ, ਜਿਹਨਾਂ ਨੂੰ ਕਿਸਾਨ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਲਈ ਵਰਤਦੇ ਹਨ, ਅਡਾਨੀਆਂ ਅਤੇ ਅੰਬਾਨੀਆਂ ਨੇ ਨਹੀਂ ਬਣਾਈਆਂ ਸਗੋਂ ਮੰਡੀ ਫੀਸ ਆਦਿ ਦੀ ਕਮਾਈ ਨਾਲ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਹਨਾਂ ਨਵੇਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਉਹਨਾਂ ਲਈ ਆਪਣਾ ਅਨਾਜ ਵੇਚਣ ਲਈ ਜਿੱਥੇ ਵੀ ਜਾਣਾ ਹੋਵੇ, ਉਸ ਲਈ ਕੋਈ ਰਾਹ ਨਹੀਂ ਬਚੇਗਾ।  ਜੱਟਪੁਰਾ ਵਿਖੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਏਕੋਟ ਹਲਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਪਾਸ ਕੀਤੇ ਮਤੇ ਵੀ ਸੌਂਪੇ ਗਏ। ਲੰਮਾਂ ਜੱਟਪੁਰਾ ਵਿਖੇ ਫਤਿਹਗੜ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਯੂਥ ਕਾਂਗਰਸ ਆਗੂ ਸ੍ਰੀ ਕਾਮਿਲ ਬੋਪਾਰਾਏ ਦੀ ਅਗਵਾਈ ਵਿੱਚ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਨੂੰ ਸਾਰੇ ਰਾਏਕੋਟ ਹਲਕਿਆਂ ਦੀਆਂ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਵਿਰੁੱਧ ਮਤੇ ਸੌਂਪੇ ਗਏ। ਇਸ ਤੋਂ ਪਹਿਲਾਂ ਚਕਰ, ਲੱਖਾ ਅਤੇ ਮਾਣੂੰਕੇ ਪਿੰਡਾਂ ਵਿਚੋਂ ਟਰੈਕਟਰ ਰਾਹੀਂ ਲੰਘਦੇ ਹੋਏ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਲੜਾਈ ਵਿਚ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਕਿਸਾਨਾਂ ਨਾਲ ਹੈ। 'ਕਿਸਾਨ ਬਚਾਓ, ਖੇਤੀ ਬਚਾਓ' ਰੈਲੀ ਦੌਰਾਨ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਉਹ ਹਰ ਕਦਮ ਚੁੱਕੇਗੀ ਜੋ ਕਿਸਾਨੀ ਨੂੰ ਬਚਾਉਣ ਲਈ ਜ਼ਰੂਰੀ ਹੋਵੇਗਾ, ਇਸ ਵਿਚ ਕਾਨੂੰਨੀ ਵਿਕਲਪ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਗਲਵਾਨ ਘਾਟੀ ਵਿਚ ਚੀਨ ਖਿਲਾਫ ਲੜਦਿਆਂ ਪੰਜਾਬੀ ਫੌਜੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਭੁੱਲ ਗਈ ਹੈ ਪਰ ਉਹ ਇਨ੍ਹਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਣਗੇ ਜਿੱਦਾਂ ਕਿ ਭਾਜਪਾ ਕਰ ਰਹੀ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਰਾਹੁਲ ਨੂੰ 'ਪੰਜਾਬ ਦੀ ਮਿੱਟੀ' ਭੇਟ ਕਰਦਿਆਂ ਮੰਗ ਕੀਤੀ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਥੋਪੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਚਾਉਣ ਲਈ ਜ਼ੋਰਦਾਰ ਹੰਭਲਾ ਮਾਰਨ। ਬਿੱਟੂ ਨੇ ਕਿਹਾ ਕਿ ਪੰਜਾਬ, ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਰੋਜ਼ਾਨਾ ਘੱਟੋਂ-ਘੱਟ 40-50 ਰੇਲਾਂ ਅਨਾਜ ਦੀਆਂ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਕੋਈ ਭੁੱਖਾ ਨਾ ਰਹੇ। ਡਾ: ਅਮਰ ਸਿੰਘ ਵੱਲੋਂ ਸ੍ਰੀ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਹਮੇਸ਼ਾਂ ਹੀ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਖੜੇ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਸਖ਼ਤ ਸਟੈਂਡ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ। ਇਹ ਟਰੈਕਟਰ ਰੈਲੀ ਜਿਨ੍ਹਾਂ ਪਿੰਡਾਂ ਵਿੱਚੋਂ ਵੀ ਲੰਘੀ, ਲੋਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ ਖਾਸ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨੇ ਖਾਸਾ ਉਤਸ਼ਾਹ ਵਿਖਾਇਆ। ਕਈ ਥਾਂਵਾਂ 'ਤੇ ਲੋਕਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੁਣ ਕਿਸਾਨੀ ਦਾ ਰਾਖਾ ਬਣੂੰਗਾ।' ਲੋਪੋਂ ਪਿੰਡ ਵਿਚ ਰਾਹੁਲ ਗਾਂਧੀ ਨੂੰ ਸੰਤ ਦਰਬਾਰ ਸੰਪਰਦਾਏ ਵੱਲੋਂ ਸਿਰੋਪਾ ਦਿੱਤਾ ਗਿਆ। ਮਾਣੂੰਕੇ ਪਿੰਡ ਵਿਚ ਰਾਹੁਲ ਮੱਕੀ ਕਾਸ਼ਤਕਾਰਾਂ ਭੁਪਿੰਦਰ ਸਿੰਘ ਪੱਪੂ ਅਤੇ ਰਣਜੀਤ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਕਿਸਾਨਾਂ ਤਰਫੋਂ ਰਾਹੁਲ ਦਾ ਧੰਨਵਾਦ ਪ੍ਰਗਟਾਉਣ ਲਈ ਉਸ ਨੂੰ ਛੱਲੀ ਭੇਟ ਕੀਤੀ। ਆੜ੍ਹਤੀ ਐਸੋਸੀਏਸ਼ਨ ਤਰਫੋਂ ਵਿਜੇ ਕਾਲੜਾ ਨੇ ਰਾਹੁਲ ਗਾਂਧੀ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਬਤ ਦੱਸਿਆ ਅਤੇ ਰਾਹੁਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਨ੍ਹਾਂ ਬਰਬਰ ਕਾਨੂੰਨਾਂ ਖਿਲਾਫ ਦੀ ਪੂਰੇ ਜ਼ੋਰਦਾਰ ਤਰੀਕੇ ਨਾਲ ਮੁਖਾਲਫਤ ਕਰੇਗੀ। ਟਰੈਕਟਰਾਂ ਦਾ ਇਹ ਕਾਫਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਦੀਪੇਂਦਰ ਹੂਡਾ ਦੀ ਅਗਵਾਈ ਵਿਚ ਸੀ ਅਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨਾਲ ਟਰੈਕਟਰ 'ਤੇ ਬੈਠੇ ਸਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਕੇਸੀ ਵੇਨੂਗੋਪਾਲ, ਪੰਜਾਬ ਦੇ ਕੈਬਨਿਟ ਮੰਤਰੀ, ਐਮ.ਪੀਜ਼, ਵਿਧਾਇਕ ਅਤੇ ਹੋਰ ਆਗੂ ਬਾਕੀ ਟਰੈਕਟਰਾਂ 'ਤੇ ਉਨ੍ਹਾਂ ਪਿੱਛੇ ਚੱਲ ਰਹੇ ਸਨ। mਇਸ ਮੌਕੇ ਹਾਜ਼ਰ ਪ੍ਰੁਮੁੱਖ ਸ਼ਖਸੀਅਤਾਂ 'ਚ ਵਿਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰ. ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਸੰਦੀਪ ਸਿੰਘ ਸੰਧੂ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸ੍ਰ.ਕੁਲਜੀਤ ਸਿੰਘ ਨਾਗਰਾ, ਸ੍ਰ. ਗੁਰਕੀਰਤ ਸਿੰਘ ਕੋਟਲੀ, ਸ੍ਰ. ਲੱਖਵੀਰ ਸਿੰਘ ਲੱਖਾ, ਸ੍ਰ.ਗੁਰਪ੍ਰੀਤ ਸਿੰਘ ਜੀ.ਪੀ., ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਿਆਲੀ, ਸ੍ਰ. ਜਗਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ।