ਕੋਰੋਨਾ ਨਾਲ ਜੰਗ ਦੌਰਾਨ ਏਮਜ਼ ਦੇ 5 ਹਜ਼ਾਰ ਨਰਸਿੰਗ ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ 'ਤੇ 

ਡਿਊਟੀ 'ਤੇ ਤਾਇਨਾਤ ਨਰਸਿੰਗ ਮੁਲਾਜ਼ਮ ਮਰੀਜ਼ਾਂ ਨੂੰ ਬੇਸਹਾਰਾ ਛੱਡ ਕੇ ਵਾਰਡ 'ਚੋਂ ਬਾਹਰ ਨਿਕਲ ਗਏ  

 ਮੁਸ਼ਕਲ ਸਮੇਂ 'ਚ ਤਨਖ਼ਾਹ ਵਾਧੇ ਦੀ ਮੰਗ  

 ਯੂਨੀਅਨ ਦਾ ਦੋਸ਼, ਮੰਗਾਂ ਨਹੀਂ ਹੋਈਆਂ ਪੂਰੀਆਂ  

ਨਵੀਂ ਦਿੱਲੀ ,ਦਸੰਬਰ  2020  -(ਏਜੰਸੀ )  

ਕੌਮਾਂਤਰੀ ਮਹਾਮਾਰੀ ਕੋਰੋਨਾ ਨਾਲ ਜੰਗ ਦੌਰਾਨ ਏਮਜ਼ ਨਰਸਿੰਗ ਯੂਨੀਅਨ ਨੇ ਤਨਖ਼ਾਹ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਏਮਜ਼ ਦੇ ਪੰਜ ਹਜ਼ਾਰ ਨਰਸਿੰਗ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਡਿਊਟੀ 'ਤੇ ਤਾਇਨਾਤ ਨਰਸਿੰਗ ਮੁਲਾਜ਼ਮ ਮਰੀਜ਼ਾਂ ਨੂੰ ਬੇਸਹਾਰਾ ਛੱਡ ਕੇ ਵਾਰਡ 'ਚੋਂ ਬਾਹਰ ਨਿਕਲ ਗਏ। ਇਸ ਨਾਲ ਏਮਜ਼ 'ਚ ਤਰਥੱਲੀ ਮੱਚ ਗਈ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਮਹਾਮਾਰੀ ਦੌਰਾਨ ਨਰਸਾਂ ਦੀ ਹੜਤਾਲ ਅਤੇ ਤਨਖ਼ਾਹ ਵਾਧੇ ਦੀ ਮੰਗ ਨੂੰ ਅਣਉੱਚਿਤ ਕਰਾਰ ਦਿੱਤਾ ਹੈ ਅਤੇ ਇਸ ਘਟਨਾ ਨੂੰ ਏਮਜ਼ ਲਈ ਸ਼ਰਮਸਾਰ ਕਰਨ ਵਾਲਾ ਕਰਾਰ ਦਿੱਤਾ ਹੈ।

 

ਡਾ. ਰਣਦੀਪ ਗੁਲੇਰੀਆ ਨੇ ਨਰਸਿੰਗ ਮੁਲਾਜ਼ਮਾਂ ਨੂੰ ਡਿਊਟੀ 'ਤੇ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਵੀਡੀਓ ਜਾਰੀ ਕਰਕੇ ਕਿਹਾ ਕਿ ਏਮਜ਼ ਦੇ ਸਾਰੇ ਮੁਲਾਜ਼ਮਾਂ ਨੇ ਕੋਰੋਨਾ ਦੇ ਸਮੇਂ 'ਚ ਬਿਹਤਰੀਨ ਕੰਮ ਕੀਤਾ ਹੈ। ਮਾੜੀ ਕਿਸਮਤ ਨਾਲ ਨਰਸਿੰਗ ਯੂਨੀਅਨ ਨੇ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ। ਵਿਸ਼ਵ ਸਿਹਤ ਸੰਗਠਨ ਨੇ ਸੰਨ 2020 ਨੂੰ ਨਰਸ ਤੇ ਏਐੱਨਐੱਮ ਦਾ ਸਾਲ ਐਲਾਨ ਕੀਤਾ ਹੈ। ਦੁਨੀਆ ਕੋਰੋਨਾ ਦੀ ਮਹਾਮਾਰੀ ਕਾਰਨ ਜੰਗ ਵਰਗੀ ਸਥਿਤੀ 'ਚੋਂ ਲੰਘ ਰਹੀ ਹੈ। ਨਰਸਾਂ ਨੇ ਵੀ ਮਰੀਜ਼ਾਂ ਦੀ ਸੇਵਾ ਲਈ ਦਿਨ-ਰਾਤ ਕੰਮ ਕੀਤੇ ਹਨ। ਅਸਲ 'ਚ ਨਰਸਿੰਗ ਮੁਲਾਜ਼ਮ ਆਪਣੇ ਮਰੀਜ਼ਾਂ ਤੇ ਕੋਰੋਨਾ ਤੋਂ ਪੀੜਤ ਸਿਹਤ ਮੁਲਾਜ਼ਮਾਂ ਨੂੰ ਵਾਰਡ 'ਚ ਬੇਸਹਾਰਾ ਛੱਡ ਕੇ ਹੜਤਾਲ ਨਹੀਂ ਕਰ ਸਕਦੇ। ਨਰਸਿੰਗ ਯੂਨੀਅਨ ਦੀਆਂ 23 ਮੰਗਾਂ ਸਨ। ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ, ਮੂਲ ਤਨਖ਼ਾਹ ਨਿਰਧਾਰਣ ਦੀ ਇਕ ਮੰਗ 'ਤੇ ਨਰਸਿੰਗ ਯੂਨੀਅਨ ਦਾ ਜ਼ੋਰ ਜ਼ਿਆਦਾ ਹੈ, ਉਸ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ। ਹੁਣ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਨਰਸਿੰਗ ਯੂਨੀਅਨ ਦੇ ਨਾਲ ਬੈਠਕ 'ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਵਿਆਖਿਆ ਸਹੀ ਨਹੀਂ ਹੈ। ਫਿਰ ਵੀ ਸਰਕਾਰ ਨੇ ਲੇਖਾ ਵਿਭਾਗ ਤੋਂ ਉਸ 'ਤੇ ਵਿਚਾਰ ਕਰਨ ਲਈ ਕਿਹਾ ਹੈ।

 

ਮੁਸ਼ਕਲ ਸਮੇਂ 'ਚ ਤਨਖ਼ਾਹ ਵਾਧੇ ਦੀ ਮੰਗ

ਡਾ. ਗੁਲੇਰੀਆ ਨੇ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਦੇਸ਼ ਲੋਕਾਂ ਦੀ ਜਾਨ ਬਚਾਉਣ ਲਈ ਮਹਾਮਾਰੀ ਨਾਲ ਲੜ ਰਿਹਾ ਹੈ। ਹੁਣ ਇਹ ਲੜਾਈ ਕੁਝ ਹੀ ਮਹੀਨਿਆਂ ਦੀ ਹੈ। ਕਿਉਂਕਿ ਕੋਰੋਨਾ ਦਾ ਟੀਕਾ ਆਉਣ ਵਾਲਾ ਹੈ, ਜੋ ਇਸ ਮਹਾਮਾਰੀ ਦਾ ਹੱਲ ਸਾਬਤ ਹੋਵੇਗਾ। ਅਜਿਹੇ ਮੁਸ਼ਕਲ ਸਮੇਂ 'ਚ ਯੂਨੀਅਨ ਨੇ ਹੜਤਾਲ ਕੀਤੀ ਹੈ। ਉਂਜ ਵੀ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਉੱਥੇ, ਨਰਸਿੰਗ ਯੂਨੀਅਨ ਤਨਖ਼ਾਹ ਵਧਾਉਣ ਦੀ ਮੰਗ ਕਰ ਰਹੀ ਹੈ।

ਯੂਨੀਅਨ ਦਾ ਦੋਸ਼, ਮੰਗਾਂ ਨਹੀਂ ਹੋਈਆਂ ਪੂਰੀਆਂ

ਨਰਸਿੰਗ ਯੂਨੀਅਨ ਦੇ ਪ੍ਰਧਾਨ ਹਰਿਸ਼ ਕਾਜਲਾ ਨੇ ਕਿਹਾ ਕਿ ਛੇਵੇਂ ਤਨਖ਼ਾਹ ਕਮਿਸ਼ਨ ਨਾਲ ਸਬੰਧਿਤ ਕੁਝ ਮੰਗਾਂ ਨੂੰ ਲੈ ਕੇ ਪਿਛਲੇ ਸਾਲ 16 ਅਕਤੂਬਰ ਨੂੰ ਕੇਂਦਰੀ ਸਿਹਤ ਮੰਤਰੀ ਨਾਲ ਬੈਠਕ ਹੋਈ ਸੀ। ਜਿਸ 'ਚ ਏਮਜ਼ ਦੇ ਡਾਇਰੈਕਟਰ ਵੀ ਸ਼ਾਮਲ ਸਨ। ਉਸ ਬੈਠਕ 'ਚ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਮਿਲਿਆ ਸੀ, ਜੋ ਹੁਣ ਤਕ ਪੂਰਾ ਨਹੀਂ ਹੋਇਆ। ਪਿਛਲੇ ਮਹੀਨੇ 13 ਨਵੰਬਰ ਨੂੰ ਏਮਜ਼ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਸੀ ਕਿ 16 ਦਸੰਬਰ ਤੋਂ ਨਰਸਿੰਗ ਮੁਲਾਜ਼ਮ ਹੜਤਾਲ ਕਰਨਗੇ। ਇਸ ਦੌਰਾਨ ਏਮਜ਼ ਨੇ ਨਿੱਜੀ ਕੰਪਨੀ ਰਾਹੀਂ ਠੇਕੇ 'ਤੇ ਨਰਸਾਂ ਦੀ ਨਿਯੁਕਤੀ ਸ਼ੁਰੂ ਕਰ ਦਿੱਤੀ। ਇਸ ਕਾਰ ਸੋਮਵਾਰ ਤੋਂ ਹੀ ਹੜਤਾਲ ਸ਼ੁਰੂ ਕਰ ਦਿੱਤੀ ਗਈ।