ਵੈਸੇ ਤਾਂ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ! ਹਰਨਰਾਇਣ ਸਿੰਘ ਮੱਲੇਆਣਾ  

ਸਕੂਲ ਦੇ ਦਿਨਾਂ ਵਿਚ ਇਮਤਿਹਾਨ ਦਾ ਸਭ ਤੋਂ ਆਮ ਲੇਖ ਸੀ' ਮੇਰਾ ਭਾਰਤ' ਇਸ ਲੇਖ ਦੀ ਪਹਿਲੀ ਸਤਰ ਸ਼ੁਰੂ ਹੀ ਇੱਥੋਂ ਹੁੰਦੀ ਸੀ ਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਸਾਡੀ ਚੇਤਨਾ ਵਿੱਚ ਸ਼ੁਰੂ ਤੋਂ ਇਹ ਗੱਲ ਵੱਸੀ ਹੈ ਕਿ ਭਾਰਤ ਦੀ ਅਸਲ ਆਤਮਾ ਪਿੰਡਾਂ ਵਿਚ ਵਸਦੀ ਹੈ। ਮਹਾਤਮਾ ਗਾਂਧੀ ਵੀ ਕਹਿੰਦੇ ਸਨ ਪਿੰਡ ਭਾਰਤ ਦੀ ਮੂਲ ਇਕਾਈ ਹਨ। ਉਹਨਾਂ ਨੇ ਪੰਚਾਇਤੀ ਰਾਜ ਦੇ ਬਹੁਤ ਜ਼ੋਰ ਦਿੱਤਾ। 

 

ਪਿੰਡਾਂ ਦੀ ਇਹੋ ਜਿਹੀ ਮੁਹੱਬਤ ਸਿਨੇਮੇ ਵਿੱਚ  ਕਹਾਣੀ ਦੀ ਪੇਸ਼ਕਾਰੀ ਦੀ ਜ਼ਮੀਨ ਰਹੀ ਹੈ। 1971 ਦੀ ਆਈ ਫਿਲਮ 'ਮੇਲਾ' ਫਿਰੋਜ਼ ਖਾਨ ਅਤੇ ਸੰਜੇ ਖਾਨ ਦੀ ਹੈ । ਨਵੀਆਂ 'ਚੋਂ ਸ਼ਾਹਰੁਖ ਖਾਨ ਦੀ ਫਿਲਮ ਸਵਦੇਸ ਦਾ ਨਾਇਕ ਅਮਰੀਕਾ ਤੋਂ ਪਿੰਡ ਮੁੜਦਾ ਹੈ।

 

ਠੀਕ ਜਿਵੇਂ ਮੇਲਾ ਫਿਲਮ ਦਾ ਨਾਇਕ ਸ਼ਹਿਰ ਤੋਂ ਪਿੰਡ ਠਿਕਾਣਾ ਬਣਾਉਂਦਾ ਹੈ । ਜ਼ਮੀਨ ਖਰੀਦਦਾ ਹੈ,ਵਾਹੀ ਕਰਦਾ ਹੈ । ਹੁਣ ਨਾ ਸਿਨੇਮਾ 'ਚ ਪਿੰਡ ਨੇ,ਨਾ ਨਾਇਕ ਸ਼ਹਿਰਾਂ ਤੋਂ ਪਿੰਡ ਨੂੰ ਪਰਤਦੇ ਨੇ । ਪਿੰਡ ਸ਼ਹਿਰਾਂ ਨੂੰ ਦੋੜ ਰਹੇ ਨੇ । ਆਪਣੇ ਦਾਅਵੇ ਛੱਡ ਪਿੰਡ ਸ਼ਹਿਰ ਹੋ ਜਾਣਾ ਚਾਹੁੰਦੇ ਨੇ। 

 

ਸ਼ਹਿਰ ਬੁੱਢੇ ਢੱਗੇ ਦੀ ਤਰ੍ਹਾਂ ਚੋਖਾ ਭਾਰ ਲੱਧੀ ਦਮਾ ਕਰਵਾਈ ਬੈਠਾ ਹੈ। ਜਾਪਦਾ ਹੈ ਇਸ ਤਰੱਕੀ ਦਾ ਵਰ ਨਹੀਂ ਮਿਲਿਆ ਸਾਨੂੰ ਸਰਾਪ ਮਿਲਿਆ ਹੈ। ਇਹ ਤਿੰਨ ਖੇਤੀਬਾੜੀ ਦੇ ਕਾਨੂੰਨ ਸਰਾਪ ਹੀ ਤਾਂ ਹਨ। 

 

1990 ਤੋਂ ਬਾਅਦ ਉਧਾਰੀਕਰਨ ਨੇ 'ਖੇਤੀਬਾੜੀ ਪ੍ਰਧਾਨ ਦੇਸ਼', agrarian economy, ਪੇਂਡੂ ਅਰਥਚਾਰਾ  ਵਰਗੀਆਂ ਗੱਲਾਂ ਨਿਰੰਤਰ ਅਲੋਪ ਹੀ ਕਰ ਦਿੱਤੀਆਂ। ਹੁਣ ਭਾਰਤ ਦੀ ਆਤਮਾ ਪਿੰਡਾਂ ਵਿੱਚ ਨਹੀਂ ਵਸਦੀ। ਸਾਨੂੰ ਨਵੀਂ ਧਾਰਨਾ Urban India ਜਚਾਈ ਗਈ। ਸ਼ਹਿਰੀਕਰਨ ਤੇ ਜ਼ੋਰ ਦਿੱਤਾ ਗਿਆ। 

 

ਪਹਿਲਾਂ ਬਨੂੜ ਤੋਂ ਮੁਹਾਲੀ ਚੰਡੀਗੜ੍ਹ ਦੂਰ ਲਗਦਾ ਸੀ। ਹੁਣ ਚੰਡੀਗੜ੍ਹ ਪੰਚਕੂਲਾ ਡੇਰਾਬੱਸੀ ਜੀਰਕਪੁਰ ਬਨੂੜ ਲਾਂਡਰਾਂ ਕੁਰਾਲੀ ਖਰੜ ਮੋਰਿੰਡਾ ਇਕ ਹੋ ਗਏ ਹਨ। ਐਕਵਾਇਰ ਹੋਈਆਂ ਜ਼ਮੀਨਾਂ 'ਤੇ ਦੈਂਤਨੁੰਮਾ ਰਹਿਣ ਬਸੇਰੇ ਬਣ ਗਏ ਹਨ। ਆਲੇ ਦੁਆਲੇ ਪਲਾਟਾਂ ਅਤੇ ਫਲੈਟਾਂ ਦੇ ਦਰਮਿਆਨ ਸੁੰਨੀਆਂ ਬੰਬੀਆਂ ਮਿਲ ਜਾਣਗੀਆਂ। ਇੱਕਾ-ਦੁੱਕਾ ਥਾਵਾਂ ਤੇ ਸਿਧੀਆਂ ਖਿੱਚੀਆਂ ਸੜਕਾਂ ਦੇ ਵਿਚਕਾਰ ਦੋ-ਚਾਰ ਕਿੱਲੇ ਵਾਲੀਆਂ ਥਾਵਾਂ ਡੱਟੀਆਂ ਹੋਈਆਂ ਹਨ। ਉਹ ਕਦੋਂ ਤੱਕ ਅੜੇ ਰਹਿਣਗੇ ? ਜਾਂ ਤਾਂ ਉਹ ਹਾਰ ਜਾਣਗੇ ਜਾਂ ਉਨ੍ਹਾਂ ਦੀ ਲੋੜ ਬਣ ਜਾਵੇਗੀ।

 

ਦਿਬਾਕਰ ਬੈਨਰਜੀ ਦੀ ਫ਼ਿਲਮ ਸ਼ੰਗਾਈ ਦਾ ਦ੍ਰਿਸ਼ ਹੈ। ਉਹ ਬਾਰ ਬਾਰ ਮਹਾਂਨਗਰਾਂ ਦੇ ਬਣੇ ਫਲੈਟਾਂ ਦੇ ਬਾਹਰ ਗੇਟ ਤੇ ਖੜ੍ਹਾ ਚੌਂਕੀਦਾਰ ਵਿਖਾਉਂਦਾ ਹੈ। ਉਹ ਸਵੀਮਿੰਗ ਪੂਲ ਨੂੰ ਸਾਫ਼ ਕਰਦਾ ਬੰਦਾ ਵਿਖਾਉਂਦਾ ਹੈ। ਇਹ ਬੰਦੇ ਇਨ੍ਹਾਂ ਹੀ ਫਲੈਟਾਂ ਦੇ ਹੇਠਲੀਆਂ ਜ਼ਮੀਨਾਂ ਦੇ ਮਾਲਕ ਸਨ ਅਤੇ ਇਹੋ ਬੰਦੇ ਆਪਣੀਆਂ ਹੀ ਜ਼ਮੀਨਾਂ ਉੱਤੇ ਬਣੇ ਹੋਏ ਫਲੈਟਾਂ ਦੇ ਚੌਂਕੀਦਾਰ ਹਨ। 

 

ਯਮੁਨਾ ਐਕਸਪ੍ਰੈਸ ਹਾਈਵੇ ਦੀਆਂ ਐਕਵਾਈਰ ਕੀਤੀਆਂ ਜ਼ਮੀਨਾਂ ਦੇ ਮਾਲਕ ਦੱਸਦੇ ਹਨ ਕਿ ਉਨ੍ਹਾਂ ਨੂੰ ਮਿਲੇ ਜ਼ਮੀਨਾਂ ਬਦਲੇ ਕਰੋੜਾਂ ਰੁਪਇਆਂ ਨੂੰ ਕਿੰਝ ਵਰਤਣਾ ਹੈ ਉਨ੍ਹਾਂ ਨੂੰ ਨਹੀਂ ਪਤਾ। ਪਿੰਡਾਂ ਦੇ ਸਾਦ ਮੁਰਾਦੇ ਬੰਦੇ ਤਾਂ ਸਿਰਫ ਖੇਤੀ ਹੀ ਜਾਣਦੇ ਸਨ।

 

ਕਮਜ਼ੋਰ ਪਿੰਡ ਨੂੰ ਚੰਗਾ ਪਿੰਡ ਬਣਾਓ। ਪਿੰਡ ਨੂੰ ਸ਼ਹਿਰ ਨਾ ਬਣਾਓ। ਪਿੰਡ ਅਤੇ ਸ਼ਹਿਰਾਂ ਦੀ ਆਪੋ ਆਪਣੀ ਲੋੜ ਹੈ। ਇਹਨਾਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸਿਰਫ਼ ਜ਼ਮੀਨ ਅਤੇ ਪਿੰਡ ਬਚਾਉਣ ਦਾ ਹੰਭਲਾ ਨਹੀਂ ਹੈ। ਇਹ ਜੱਦੋ ਜਹਿਦ ਹੈ ਆਪਣੀ ਦਿਲ ਅੰਦਰ ਵਸਦੇ ਪਿੰਡ ਨੂੰ ਬਚਾਉਣ ਦੀ.....

 

ਤਸਵੀਰ : ਸ਼ਹਿਰ ਮੁਹਾਲੀ ਦੀ ਉਹ ਥਾਂ ਜੋ ਕਦੀ ਪਿੰਡ ਸੀ। ਮਨਮੋਹਕ ਤਸਵੀਰ ਵਿਚ ਇੱਕਲੀ ਬੇਆਬ ਖੜ੍ਹੀ ਬੰਬੀ