ਅਮਰੀਕਾ 'ਚ ਸਿੱਖ ਨੂੰ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਤੋਂ ਰੋਕਿਆ

ਨਿਊਯਾਰਕ, ਮਈ-(ਜਨ ਸ਼ਕਤੀ ਨਿਊਜ਼)  ਆਪਣੇ ਦੋਸਤਾਂ ਨੂੰ ਅੱਧੀ ਰਾਤ ਤੋਂ ਬਾਅਦ ਰੈਸਟੋਰੈਂਟ ’ਚ ਮਿਲਣ ਗਏ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਅੰਦਰ ਨਹੀਂ ਦਾਖ਼ਲ ਹੋਣ ਦਿੱਤਾ ਗਿਆ। ਗੁਰਵਿੰਦਰ ਸਿੰਘ ਗਰੇਵਾਲ ਪੋਰਟ ਜੈਫਰਸਨ ਦੇ ਹਾਰਬਰ ਗਰਿੱਲ ਰੈਸਟੋਰੈਂਟ ’ਚ ਸ਼ਨਿਚਰਵਾਰ ਨੂੰ ਅੱਧੀ ਰਾਤ ਮਗਰੋਂ ਗਿਆ ਸੀ ਪਰ ਰੈਸਟੋਰੈਂਟ ਦੇ ਸੁਰੱਖਿਆ ਕਰਮੀਆਂ ਨੇ ਸਿਰ ’ਤੇ ਦਸਤਾਰ ਬੰਨ੍ਹੀ ਹੋਣ ਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਆਪਣੇ ਰੈਸਟੋਰੈਂਟ ਦੀ ਨਵੀਂ ਨੀਤੀ ਦਾ ਹਵਾਲਾ ਦਿੱਤਾ। ਸਟੋਨੀ ਬਰੁੱਕ ਯੂਨੀਵਰਸਿਟੀ ਤੋਂ ਗਰੈਜੂਏਟ ਗਰੇਵਾਲ ਨੇ ਕਿਹਾ,‘‘ਮੈਂ ਸਦਮੇ ’ਚ ਹਾਂ ਅਤੇ ਮੈਨੂੰ ਠੇਸ ਪੁੱਜੀ ਹੈ। ਮੈਨੂੰ ਪਹਿਲਾਂ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਜਿਥੇ ਮੈਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਰੈਸਟੋਰੈਂਟ ਅੰਦਰ ਸਰਵਿਸ ਤੋਂ ਇਨਕਾਰ ਕੀਤਾ ਗਿਆ ਜਾਂ ਦਾਖ਼ਲ ਨਹੀਂ ਹੋਣ ਦਿੱਤਾ ਗਿਆ।’’ ਨਿਊਯਾਰਕ ਪੋਸਟ ਮੁਤਾਬਕ ਉਸ ਨੇ ਹਾਰਬਰ ਗਰਿੱਲ ਰੈਸਟੋਰੈਂਟ ਦੇ ਮੈਨੇਜਰ ਨੂੰ ਸਿੱਖ ਧਰਮ ’ਚ ਦਸਤਾਰ ਦੀ ਅਹਿਮੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਨਵੀਂ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਰਾਤ ਨੂੰ 10 ਵਜੇ ਤੋਂ ਬਾਅਦ ਡਰੈੱਸ ਕੋਡ ਸਖ਼ਤੀ ਨਾਲ ਲਾਗੂ ਹੁੰਦਾ ਹੈ ਜਿਸ ’ਚ ਸਿਰ ਢੱਕ ਕੇ ਰੱਖਣ ’ਤੇ ਪਾਬੰਦੀ ਹੈ। ਲੋਕਾਂ ਵੱਲੋਂ ਨਾਰਾਜ਼ਗੀ ਜਤਾਏ ਜਾਣ ਮਗਰੋਂ ਰੈਸਟੋਰੈਂਟ ਨੇ ਫੇਸਬੁੱਕ ਪੋਸਟ ’ਚ ਲਿਿਖਆ ਕਿ ਗੁਰਵਿੰਦਰ ਸਿੰਘ ਗਰੇਵਾਲ ਨੇ ਰਵਾਇਤੀ ਦਸਤਾਰ ਨਹੀਂ ਬੰਨ੍ਹੇ ਹੋਣ ਦੀ ਬਜਾਏ ਸਿਰ ’ਤੇ ਕੱਪਡ਼ਾ ਬੰਨ੍ਹਿਆ ਹੋਇਆ ਸੀ। ਰੈਸਟੋਰੈਂਟ ਨੇ ਕਿਹਾ ਕਿ ਉਹ ਟੋਪੀ ਆਦਿ ਪਹਿਨੇ ਵਿਅਕਤੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਜੋ ਰੈਸਟੋਰੈਂਟ ਦੇ ਅੰਦਰ ਆਉਣ ਵਾਲੇ ਵਿਅਕਤੀ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ। ਉਨ੍ਹਾਂ ਘਟਨਾ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਨਾਲ ਵੀ ਫਿਰਕੇ ਜਾਂ ਰੰਗ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦੇ ਹਨ। ਉਧਰ ਗਰੇਵਾਲ ਨੇ ਕਿਹਾ ਕਿ ਪੋਰਟ ਜੈਫਰਸਨ ਦੇ ਮੇਅਰ ਮਾਰਗਟ ਗਰੈਂਟ ਨੇ ਮੁਆਫ਼ੀ ਮੰਗਦਿਆਂ ਉਸ ਤੋਂ ਕਾਰਵਾਈ ਲਈ ਸਲਾਹ ਮੰਗੀ ਹੈ। ਉਸ ਨੇ ਪੁਲੀਸ ’ਚ ਰਿਪੋਰਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਦੱਸਿਆ ਗਿਆ ਕਿ ਇਹ ਫ਼ੌਜਦਾਰੀ ਮਾਮਲਾ ਨਹੀਂ ਹੈ ਅਤੇ ਸਿਵਲ ਅਟਾਰਨੀ ਨੂੰ ਸੰਪਰਕ ਕੀਤਾ ਜਾਵੇ।