ਮਹਾਰਾਣੀ ਵਿਕਟੋਰੀਆ ਦੇ ਜਨਮ ਦਿਨ ਮੌਕੇ ਕਿੰਗਸਟਨ ਪੈਲੇਸ ਲੰਡਨ ਵਿਖੇ ਪ੍ਰਦਰਸ਼ਨੀ 'ਔਰਤ ਅਤੇ ਤਾਜ' ਭਾਰਤ 'ਤੇ ਕੇਂਦਰਿਤ ਰਹੇਗੀ

ਲੰਡਨ, ਮਈ ( ਜਨ ਸ਼ਕਤੀ ਨਿਊਜ਼)-  ਮਹਾਰਾਣੀ ਵਿਕਟੋਰੀਆ ਦੇ 200ਵੇਂ ਜਨਮ ਦੇ ਸਬੰਧੀ ਅਗਲੇ ਸ਼ੁੱਕਰਵਾਰ ਤੋਂ 'ਵਿਕਟੋਰੀਆ: ਔਰਤ ਅਤੇ ਤਾਜ' ਕਿੰਗਸਟਨ ਪੈਲੇਸ ਲੰਡਨ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਇਸ ਪ੍ਰਦਰਸ਼ਨੀ ਮੌਕੇ ਮਹਾਰਾਣੀ ਵਿਕਟੋਰੀਆ ਦੇ ਭਾਰਤ 'ਤੇ ਰਾਜ ਕਰਨ ਅਤੇ ਭਾਰਤ ਨਾਲ ਰਿਸ਼ਤਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਮੁੱਖ ਰੂਪ ਵਿਚ ਇਹ ਪ੍ਰਦਰਸ਼ਨੀ ਭਾਰਤ 'ਤੇ ਕੇਂਦਰਿਤ ਹੋਵੇਗੀ | ਜ਼ਿਕਰਯੋਗ ਹੈ ਕਿ ਮਹਾਰਾਣੀ ਵਿਕਟੋਰੀਆ ਦਾ ਜਨਮ 24 ਮਈ 1819 ਨੂੰ ਕਿੰਗਸਟਨ ਪੈਲੇਸ ਵਿਖੇ ਹੀ ਹੋਇਆ ਸੀ | ਇਸ ਮੌਕੇ ਮਹਾਰਾਜਾ ਦਲੀਪ ਸਿੰਘ 1850 ਤੋਂ ਲੈ ਕੇ ਮੁਨਸ਼ੀ ਅਬਦੁਲ ਕਰੀਮ 1888 ਤੱਕ ਮਹਾਰਾਣੀ ਦੇ ਭਾਰਤ ਸਬੰਧੀ ਸਨੇਹ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਸਿੱਖ ਰਾਜ ਦੇ ਆਖ਼ਰੀ ਬਾਦਸ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਮਹਾਰਾਣੀ ਵਿਕਟੋਰੀਆ ਨਾਲ ਬਕਿੰਘਮ ਪੈਲੇਸ ਵਿਖੇ ਮਿਲਾਇਆ ਗਿਆ ਸੀ | ਇਸ ਮੀਟਿੰਗ 'ਚ ਨੌਜਵਾਨ ਮਹਾਰਾਜਾ ਬਹੁਤ ਹੀ ਖੂਬਸੂਰਤ ਹੀਰੇ ਜੜੀ ਪੁਸ਼ਾਕ ਵਿਚ ਸੁੰਦਰ ਵਿਖਾਈ ਦਿੱਤੇ ਸਨ, ਜਿਸ ਦੀ ਮਹਾਰਾਣੀ ਵਲੋਂ ਖ਼ੂਬ ਤਾਰੀਫ਼ ਕੀਤੀ ਗਈ ਸੀ | ਮਹਾਰਾਜਾ ਦਲੀਪ ਸਿੰਘ ਦੀ ਸ਼ਾਨਦਾਰ ਅਲਮਾਰੀ ਪਹਿਲੀ ਵਾਰ ਲੋਕਾਂ ਦੇ ਰੂ-ਬਰੂ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਮਹਾਰਾਣੀ ਵਿਕਟੋਰੀਆ ਵਲੋਂ ਆਪਣੇ ਇਕ ਚਿੱਤਰਕਾਰ ਤੋਂ ਬਣਵਾਏ ਮਹਾਰਾਜਾ ਦਲੀਪ ਸਿੰਘ ਦੇ ਚਿੱਤਰ ਦੀ ਵੀ ਪ੍ਰਦਰਸ਼ਨੀ ਦਾ ਹਿੱਸਾ ਹੋਣਗੇ | ਇਸ ਮੌਕੇ ਭਾਰਤੀ ਮੂਲ ਮੁਨਸ਼ੀ ਅਬਦੁਲ ਕਰੀਮ ਨਾਲ ਸਬੰਧਿਤ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ, ਅਬਦੁਲ ਕਰੀਮ ਮਹਾਰਾਣੀ ਦਾ ਸਭ ਤੋਂ ਵੱਧ ਵਿਸ਼ਵਾਸਪਾਤਰ ਸੀ, ਜਿਸ ਤੋਂ ਮਹਾਰਾਣੀ ਨੇ ਉਰਦੂ ਵੀ ਸਿੱਖੀ ਸੀ |