Kishan protest ; ਨੌਦੀਪ ਕੌਰ ਤੇ ਦਿਸ਼ਾ ਰਵੀ ਦੀ ਰਿਹਾਈ ਦੀ ਮੰਗ -VIDEO  

ਸੂਬੇ ਭਰ 'ਚ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ

 

ਚੰਡੀਗੜ੍ਹ,ਫਰਵਰੀ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੋਮਵਾਰ ਨੂੰ ਪੰਜਾਬ ਭਰ 'ਚ 7 ਜ਼ਿਲ੍ਹਿਆਂ ਵਿਚ 32 ਥਾਵਾਂ 'ਤੇ ਮਜ਼ਦੂਰ ਦਲਿਤ ਕਾਰਕੁਨ ਨੌਦੀਪ ਗੰਧੜ, ਦਿਸ਼ਾ ਰਵੀ ਦੀ ਬਿਨਾਂ ਸ਼ਰਤ ਰਿਹਾਈ ਅਤੇ ਨੌਦੀਪ 'ਤੇ ਜਬਰ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਫਾਸ਼ੀਵਾਦੀ ਕੇਂਦਰ ਤੇ ਹਰਿਆਣਾ ਸਰਕਾਰਾਂ ਦੇ ਪੁਤਲੇ ਫੂਕੇ ਗਏ ਅਤੇ ਮੁਜ਼ਾਹਰੇ ਕੀਤੇ ਗਏ। ਯੂਨੀਅਨ ਨੇ ਪੰਜਾਬ ਭਰ ਵਿਚ 15 ਫਰਵਰੀ ਤੋਂ 22 ਫਰਵਰੀ ਤਕ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜ਼ਿਲ੍ਹਾ ਕੇਂਦਰਾਂ 'ਤੇ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਸੀ।

ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕੇਂਦਰੀ ਸਰਕਾਰ ਹਲਕੇ ਦਰਜੇ ਦੀ ਸਿਆਸਤ 'ਤੇ ਉੱਤਰ ਆਈ ਹੈ। ਇਹ ਹਰ ਉਸ ਆਵਾਜ਼ ਨੂੰ ਝੂਠੇ ਪਰਚਿਆਂ ਰਾਹੀਂ ਦੱਬਣ ਦੀ ਕੋਸ਼ਿਸ਼ 'ਚ ਹੈ, ਜੋ ਇਸ ਦੀ ਹਕੂਮਤ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਉੱਠ ਰਹੀ ਹੈ ਜਾਂ ਦਿੱਲੀ ਜਨ ਅੰਦੋਲਨ ਦੇ ਹੱਕ ਵਿਚ ਉੱਠ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਤਾਵਰਨ ਨੂੰ ਬਚਾਉਣ ਦੇ ਹੱਕ ਵਿਚ ਬੋਲਣ ਵਾਲੀ ਗਰੇਟਾ ਥਨਵਰਗ 'ਤੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਕਰਕੇ ਪਰਚਾ ਦਰਜ ਕਰਨਾ, ਫਿਰ ਨੌਦੀਪ ਕੌਰ ਗੰਧੜ ਤੇ ਹੁਣ ਦਿਸ਼ਾ ਰਵੀ ਦੀ ਗਿ੍ਫ਼ਤਾਰੀ ਵੀ ਇਸੇ ਦਿਸ਼ਾ ਦੀ ਕੜੀ ਹੈ ਤਾਂ ਜੋ ਫਾਸ਼ੀਵਾਦੀ ਹਮਲਿਆਂ ਰਾਹੀਂ ਦਿੱਲੀ ਜਨ ਅੰਦੋਲਨ ਨੂੰ ਆਮ ਲੋਕਾਂ ਦੀ ਮਿਲ ਰਹੀ ਹਮਾਇਤ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ, ਕੇਂਦਰ ਸਰਕਾਰ ਤੇ ਸਰਕਾਰੀ ਏਜੰਸੀਆਂ ਹਰ ਸੰਘਰਸ਼ ਨੂੰ ਦਬਾਉਣ ਲਈ ਇਸ ਤੋਂ ਦੇਸ਼ ਨੂੰ ਖਤਰਾ ਦੱਸ ਕੇ ਸਾਜ਼ਿਸ਼ੀ ਰੱਚਦੀਆਂ ਹਨ। ਝੂਠੇ ਕੇਸਾਂ 'ਚ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਦਲਿਤਾਂ, ਲੋਕ ਲੀਡਰਾਂ ਨੂੰ ਫਸਾਉਣ ਦੀਆਂ ਚਾਲਾਂ ਚੱਲਦੀਆਂ ਰਹੀਆਂ ਹਨ। ਭਾਜਪਾ ਦੇ ਮੰਤਰੀਆਂ ਵੱਲੋਂ ਹੀ ਭੜਕਾਊ ਭਾਸ਼ਣ ਦੇ ਕੇ ਭੀੜ ਨੂੰ ਉਕਸਾਉਣਾ ਅਤੇ ਦਰਜਨਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਸ਼ਰ੍ਹੇਆਮ ਘੁੰਮ ਰਹੇ ਹਨ। ਦੂਜੇ ਪਾਸੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਕਾਰਕੁਨ ਝੂਠੇ ਕੇਸਾਂ 'ਚ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਹਨ।