ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਬਾਗੀ ਭੰਗੂ ਦਾ ਗੀਤ ‘ਕਿਸਾਨ ਮਨ’ ਹੋਇਆ ਰਿਲੀਜ਼ ✍️ ਹਰਜਿੰਦਰ ਸਿੰਘ ਜਵੰਦਾ

ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ। ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਕਰਕੇ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਸਕਦਾ। ਪਰ ਮਨ ਦੇ ਵਲਵਲੇ ਭਲਾ ਕਿਵੇਂ ਸ਼ਾਂਤ ਹੋਣ। ਇਸੇ ਦੁਵਿਧਾ ਨੂੰ ਹੱਲ ਕਰਦਾ ਇੱਕ ਗੀਤ ‘ਕਿਸਾਨ ਮਨ’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਇਹ ਸੰਕੇਤਿਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੰਦੋਲਨਕਾਰੀ ਕਿਤੇ ਵੀ ਹੋਵੇ, ਕਿਸੇ ਵੀ ਕਿੱਤੇ ਚ ਕਿਓਂ ਨਾ ਹੋਵੇ ਉਹ ਕਿਸਾਨੀ ਅੰਦੋਲਨ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਸਕਦਾ ਹੈ।

ਬਾਗੀ ਭੰਗੂ ਦੇ ਗਾਏ ਇਸ ਗੀਤ ਵਿੱਚ ਚਰਚਿਤ ਕਲਾਕਾਰ ਗੁਰਪ੍ਰੀਤ ਭੰਗੂ ਅਤੇ ਗੁਰਪ੍ਰੀਤ ਬਠਿੰਡਾ ਨੇ ਅਹਿਮ ਭੂਮਿਕਾ ਨਿਭਾਈ ਹੈ। ਗੀਤ ਦਾ ਨਿਰਦੇਸ਼ਨ ਇਸ ਤਰਾਂ ਕੀਤਾ ਗਿਆ ਹੈ ਕਿ ਬੰਦੇ ਕੋਲ ਭਾਵੇਂ ਬਹੁਤ ਹੀਲੇ ਵਸੀਲੇ ਨਾ ਵੀ ਹੋਣ ਫੇਰ ਵੀ ਉਹ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦਾ ਹੈ।ਅਸਲ ਵਿੱਚ ਰੋਸ ਦਿਲ ਵਿੱਚ ਨਹੀਂ ਹਾਕਮਾਂ ਦੇ ਮੂਹਰੇ ਨਿਕਲਣਾ ਚਾਹੀਦਾ ਹੈ। ਜਦ ਪਿੰਡ-ਪਿੰਡ, ਗਲੀ-ਗਲੀ ਰੋਸ ਪ੍ਰਦਰਸ਼ਨ ਦੀ ਆਵਾਜ਼ ਚੁੱਕੀ ਜਾਵੇਗੀ ਤਾਂ ਹੰਕਾਰ ਭਰੀ ਸਰਕਾਰ ਵੀ ਢਹਿ ਢੇਰੀ ਹੋ ਜਾਵੇਗੀ। ਰੋਸ ਜਤਾਉਣ ਦੇ ਬਹੁਤ ਤਰੀਕੇ ਹੁੰਦੇ ਹਨ ਪਰ ਅਹਿੰਸਾਵਾਦੀ ਤਰੀਕਾ ਹੀ ਸਭ ਤੋਂ ਜ਼ਿਆਦਾ ਕਾਰਗਰ ਹੁੰਦਾ ਹੈ। ਜਾਨੀ ਮਾਲੀ ਨੁਕਸਾਨ ਦੋਹਾਂ ਧਿਰਾਂ ਲਈ ਮਾੜਾ ਹੀ ਹੁੰਦਾ ਹੈ। ਇਸੇ ਲਈ ਗੀਤ ਦੇ ਵੀਡੀਓ ਤੋਂ ਸਮਾਜ ਨੂੰ ਇੱਕ ਮਿਸਾਲ ਮਿਲਦੀ ਹੈ ਕਿ ਰੋਸ ਆਪਣੀ ਹੱਦ ਵਿੱਚ ਰਹਿ ਕੇ ਵੀ ਸ਼ਾਨਦਾਰ ਤਰੀਕੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਹਰਜਿੰਦਰ ਜੋਹਲ ਦੇ ਲਿਖੇ ਇਸ ਗਾਣੇ ਦੇ ਕੱਲੇ ਕੱਲੇ ਸ਼ਬਦ ਵਿੱਚ ਵਜ਼ਨ ਹੈ, ਉਮੀਦ ਹੈ, ਧਰਵਾਸ ਹੈ। ਗਾਇਕ ਗਾ ਕੇ, ਲਿਖਾਰੀ ਲਿਖ ਕੇ ਅਤੇ ਹੋਰ ਕਿੱਤੇ ਵਾਲੇ ਆਪਣੇ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਕਰ ਸਕਦੇ ਹਨ। ਗੀਤ ਵਿੱਚ ਕਿਸਾਨ ਇੱਕ ਪੇਂਟਰ ਦੇ ਤੌਰ ਤੇ ਵੀ ਦਿਖਾਇਆ ਗਿਆ ਹੈ ਜੋ ਚੱਲ ਰਹੇ ਪ੍ਰਸੰਗ ਵਿੱਚ ਇੱਕ ਅਜਿਹੀ ਤਸਵੀਰ ਉਕੇਰਦਾ ਹੈ ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਿਸ ਤਰਾਂ ਨਿਰਦੋਸ਼ ਕਿਸਾਨਾਂ ਦੇ ਰਾਹਾਂ ਵਿੱਚ ਕੰਡੇ ਬੀਜ ਰਹੀਆਂ ਹਨ ਅਤੇ ਦੂਜੇ ਪਾਸੇ ਕਿਸਾਨ ਦੁਨੀਆ ਦਾ ਢਿੱਡ ਭਰਨ ਲਈ ਅੰਨ ਉਗਾ ਰਹੇ ਹਨ ਅਤੇ ਇਹ ਸਭ ਜਾਲਮ ਹਾਕਮ ਦੇਖ ਰਿਹਾ ਹੈ। ਉਮੀਦ ਹੈ ਇਸ ਸਬਕ ਤੋਂ ਸਾਡੇ ਨੌਜਵਾਨ ਕੁਝ ਪਹਿਲਕਦਮੀ ਕਰਣਗੇ ਅਤੇ ਰੋਸ ਪ੍ਰਦਰਸ਼ਨ ਨੂੰ ਇੱਕ ਨਵਾਂ ਮੋੜ ਦੇਣਗੇ। ਅਜਿਹੇ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਵੀ ਇੱਕ ਤਰਾਂ ਅੰਦੋਲਨ ਵਿੱਚ ਹਿੱਸਾ ਲੈਣ ਦੇ ਬਰਾਬਰ ਹੀ ਹੈ। ਅਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਅਗਾਹਾਂ ਵਧਾਉਣਾ ਚਾਹੀਦਾ ਹੈ ਤਾਂ ਜੋ ਸੰਘਰਸ਼ ਹੋਰ ਤੇਜ ਹੋ ਸਕੇ ਅਤੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਮਿਲਦੀ ਰਹੇ।

ਹਰਜਿੰਦਰ ਸਿੰਘ ਜਵੰਦਾ 9463828000