ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾਂ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਰਜ਼ ਕੀਤੀ ਜਾਵੇਗੀ ਐਫ.ਆਈ.ਆਰ. - ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ

ਉਲੰਘਣਾ ਹੋਣ ਦੀ ਸੂਰਤ 'ਚ ਨਾ ਸਿਰਫ ਪ੍ਰਬੰਧਕਾਂ ਵਿਰੁੱਧ, ਬਲਕਿ ਜਾਇਦਾਦ ਦੇ ਮਾਲਕ ਖ਼ਿਲਾਫ਼ ਵੀ ਦਰਜ ਕੀਤੀ ਜਾਵੇਗੀ ਐਫ.ਆਈ.ਆਰ.

 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਮਿਕ ਸੰਸਥਾਨਾਂ ਦੇ ਮੁਖੀਆਂ ਨੂੰ ਜ਼ਿਲ੍ਹੇ ਵਿੱਚ ਕੋਵਿਡ-19 ਪ੍ਰਬੰਧਨ ਲਈ ਸਹਿਯੋਗ ਦੀ ਅਪੀਲ

 

ਡਿਪਟੀ ਕਮਿਸ਼ਨਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੌਜੂਦਾ ਕੋਵਿਡ ਬੈਡਾਂ ਦਾ 80 ਫੀਸਦ ਹਿੱਸਾ ਤਿਆਰ ਕਰਨ ਦੇ ਦਿੱਤੇ ਨਿਰਦੇਸ਼

 

ਰਾਤ ਦਾ ਕਰਫਿਊ ਲਗਾਉਣ ਦੀ ਸੰਭਾਵਨਾ ਬਾਰੇ ਵੀ ਕੀਤੇ ਵਿਚਾਰ ਵਟਾਂਦਰੇ

 

ਪ੍ਰਮੁੱਖ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਧਾਰਮਿਕ ਮੁਖੀਆਂ ਨਾਲ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੀ ਪੁਲਿਸ ਲਾਈਨਜ਼ ਵਿਖੇ ਮੀਟਿੰਗ ਆਯੋਜਿਤ

 

ਲੁਧਿਆਣਾ, ਮਾਰਚ 2021 -(ਸੱਤਪਾਲ ਸਿੰਘ ਦੇਹੜਕਾ ਮਨਜਿੰਦਰ ਗਿੱਲ )

 ਜ਼ਿਲੇ ਵਿਚ ਕੋਵਿਡ-19 ਮਾਮਲਿਆਂ ਵਿਚ ਚਿੰਤਾਜਨਕ ਵਾਧਾ ਵੇਖਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਿਲੇ ਵਿਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਕੇਸਾਂ ਦੀ ਗਿਣਤੀ ਪਿਛਲੇ ਦਿਨਾਂ ਤੋਂ ਵੱਧ ਰਹੀ ਹੈ ਅਤੇ ਹੁਣ ਤੋਂ ਜ਼ਿਲ੍ਹਾ ਲੁਧਿਆਣਾ ਵਿੱਚ ਸਖਤੀ ਨਾਲ ਅਮਲ ਕੀਤਾ ਜਾਵੇਗਾ।

 

ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਧਾਰਮਿਕ ਸੰਸਥਾਨਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਜੁਆਇੰਟ ਕਮਿਸ਼ਨਰ ਪੁਲਿਸ ਸ੍ਰੀ ਦੀਪਕ ਪਾਰੀਕ, ਡੀ.ਸੀ.ਪੀ. ਪੁਲਿਸ ਸ੍ਰੀ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 

ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਹਰੀ ਇਕੱਠਾਂ ਲਈ 200 ਅਤੇ ਅੰਦਰੂਨੀ ਇਕੱਠਾਂ ਲਈ 100 ਦੀ ਹੱਦ ਪਹਿਲਾਂ ਹੀ ਲਾਗੂ ਕਰ ਦਿੱਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ ਤਹਿਤ ਐਫ.ਆਈ.ਆਰ. ਨਾ ਸਿਰਫ ਪ੍ਰਬੰਧਕਾਂ ਵਿਰੁੱਧ, ਬਲਕਿ ਜਾਇਦਾਦ ਦੇ ਮਾਲਕ ਖ਼ਿਲਾਫ਼ ਵੀ ਦਰਜ ਕੀਤੀ ਜਾਵੇਗੀ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਵੱਡੇ ਹਿੱਤ ਵਿੱਚ ਕੋਵਿਡ-19 ਸੰਬੰਧੀ ਕੋਈ ਨਿਯਮ ਨਾ ਤੋੜਨ।

 

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਖਤੀ ਨਾਲ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਕੋਵਿਡ-19 ਨਾਲ ਸਬੰਧਤ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਇਹ ਸਖਤ ਉਪਾਅ ਅਪਣਾਏ ਜਾਣੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੋਟਲ, ਮੈਰਿਜ ਪੈਲੇਸਾਂ, ਰੈਸਟੋਰੈਂਟਾਂ ਆਦਿ ਦੀ ਅਚਨਚੇਤ ਚੈਕਿੰਗ ਨਿਯਮਤ ਅਧਾਰ 'ਤੇ ਕੀਤੀ ਜਾਵੇਗੀ।

 

ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਕੋਵਿਡ-19 ਪੋਜ਼ਟਿਵ ਮਾਮਲਿਆਂ ਦੀ ਗਿਣਤੀ ਪਿਛਲੇ ਦਿਨਾਂ ਤੋਂ ਵੱਧ ਰਹੀ ਹੈ ਅਤੇ ਅੱਜ ਵੀ ਲੁਧਿਆਣਾ ਜ਼ਿਲ੍ਹੇ ਦੀਆਂ 125 ਵਸਨੀਕ ਪੋਜ਼ਟਿਵ ਪਾਏ ਗਏ ਹਨ, ਜਦਕਿ 13 ਵਿਅਕਤੀ ਸਿਵਲ ਹਸਪਤਾਲ ਅਤੇ 149 ਵਿਅਕਤੀ ਲੁਧਿਆਣਾ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ਼ ਅਧੀਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗਿਣਤੀ ਕਾਫੀ ਘੱਟ ਗਈ ਸੀ, ਪਰ ਕੁਝ ਲੋਕਾਂ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਕਰਕੇ ਕੋਵਿਡ ਕੇਸ ਵੱਧ ਰਹੇ ਹਨ।

 

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ-19 ਪੋਜਟਿਵ ਮਰੀਜ਼ਾਂ ਦੇ ਇਲਾਜ ਲਈ ਆਪਣੇ ਮੌਜੂਦਾ ਕੋਵਿਡ-19 ਬਿਸਤਰਿਆਂ ਵਿੱਚ 80 ਫੀਸਦ (ਜੋ ਉਨ੍ਹਾਂ ਮਹਾਂਮਾਰੀ ਦੇ ਸਿਖਰ ਦੌਰਾਨ ਰੱਖੇ ਸਨ) ਤਿਆਰ ਰੱਖਣ। ਉਦਾਹਰਣ ਵਜੋਂ, ਜੇ ਕਿਸੇ ਹਸਪਤਾਲ ਨੇ ਇਸ ਮਹਾਂਮਾਰੀ ਦੇ ਸਿਖਰ ਦੌਰਾਨ 100 ਬਿਸਤਰੇ ਰੱਖੇ ਸਨ, ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਹਸਪਤਾਲ ਵਿਚ 80 ਬਿਸਤਰਿਆਂ ਨੂੰ ਤਿਆਰ ਰੱਖਣਾ ਲਾਜ਼ਮੀ ਹੈ।

 

ਉਨ੍ਹਾਂ ਧਾਰਮਿਕ ਸੰਸਥਾਨਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੈਰੋਕਾਰਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕਰਨ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਵਿਖੇ ਪਾਠ-ਪੂਜਾ ਕਰਨੀ ਚਾਹੀਦੀ ਹੈ।

 

ਉਨ੍ਹਾਂ ਜ਼ਿਲ੍ਹੇ ਵਿੱਚ ਰਾਤ ਦਾ ਕਰਫਿਊ ਲਗਾਉਣ ਦੀ ਸੰਭਾਵਨਾ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਅਤੇ ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੇ ਸੁਝਾਅ ਵੀ ਲਏ।

 

ਡਿਪਟੀ ਕਮਿਸ਼ਨਰ ਨੇ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੱਲ ਰਹੀ ਕੋਵਿਡ-19 ਮਹਾਂਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕਰਨਾ ਉਨ੍ਹਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵਿਰੁੱਧ ਲੜਾਈ ਵਿੱਚ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

 

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਸਪਤਾਲ ਦੇ ਬੈੱਡ ਪ੍ਰਬੰਧਨ ਪੋਰਟਲ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਪੂਰਤੀ ਸਪੁਰਦ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ 60 ਸਾਲ ਤੋਂ ਵੱਧ ਉਮਰ ਦੇ ਵਸਨੀਕਾਂ, ਅਤੇ ਸਹਿ-ਬਿਮਾਰੀ ਵਾਲੇ 45-59 ਸਾਲ ਦੇ ਵਿਚਕਾਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਰੂ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣਾ ਚਾਹੁੰਦੇ ਹਨ ਤਾਂ ਕੋਵਿਡ-19 ਟੀਕੇ ਦਾ ਟੀਕਾ ਲਗਵਾਉਣ।