ਮੋਦੀ ਸਰਕਾਰ ਆਪਣੇ ਹੰਕਾਰ ਨੂੰ ਛੱਡ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਵੱਲ ਧਿਆਨ ਦੇਵੇ । ਪ੍ਰਧਾਨ ਬਿੱਟੂ ਦੀਵਾਨਾ   

ਇਹ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਚੁੱਕਾ ਹੈ.....  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅਤੇ ਜ਼ਿਲ੍ਹਾ  ਸ਼ਹਿਰੀ ਪ੍ਰਧਾਨ (ਬਰਨਾਲਾ)  ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ 6 ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ `ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। 3 ਕਾਲੇ ਕਾਨੂੰਨਾਂ ਦਾ ਵਿਰੋਧ ਪੰਜਾਬ ਅਤੇ ਰਾਜਸਥਾਨ ਹੋਰ ਸਟੇਟਾਂ ਦੇ ਵਿਚ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਰੋਸ ਮਾਰਚ ਕਰਦੇ ਆ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਕਿਸਾਨ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਕਿਸਾਨਾਂ,ਮਜ਼ਦੂਰਾਂ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਅਖੀਰ ਦੇ ਵਿਚ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਬੀਬੀਆਂ ਦਾ ਇਸ ਕਿਸਾਨੀ ਸੰਘਰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ ਸਾਡੇ ਕਿਸਾਨ, ਮਜ਼ਦੂਰਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ।