ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ✍️  ਹਰਨਰਾਇਣ ਸਿੰਘ ਮੱਲੇਆਣਾ  

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸ਼ਾਹ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ  ਗੁਰੂ ਕੇ ਮਹਿਲ ਸਨ 1621 ਈਸਵੀ ਦਿਨ ਸ਼ੁੱਕਰਵਾਰ ਨੂੰ ਹੋਇਆ । ਪੰਜਵੇਂ ਬੇਟੇ ਦੇ ਜਨਮ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਬਿਰਾਜਮਾਨ ਸਨ, ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ  ।ਦੀਵਾਨ ਦੀ ਸਮਾਪਤੀ ਉਪਰੰਤ ਬੱਚੇ ਨੂੰ ਅਸੀਸ ਦੇਣ ਲਈ ਪਹੁੰਚੇ ਪਰ ਹਰਿਗੋਬਿੰਦ ਸਾਹਿਬ ਜੀ ਨੇ ਬੱਚੇ ਨੂੰ ਨਮਸਕਾਰ ਕੀਤੀ ਅਤੇ ਫਰਮਾਇਆ ਆਪਣੇ ਦਾਦੇ ਗੁਰੂ ਅਰਜਨ ਦੇਵ ਵਾਂਗ ਮਹਾਨ ਕੁਰਬਾਨੀ ਦੇਵੇਗਾ ਅਤੇ ਧਰਮ ਅਤੇ ਦੀਨ ਦੁਨੀਆਂ ਦੀ ਰੱਖਿਆ ਕਰੇਗਾ ।ਬੱਚੇ ਦੇ ਜਨਮ ਸਮੇਂ ਬਹੁਤ ਦਾਨ ਪੁੰਨ ਕੀਤਾ ਗਿਆ। ਮਾਤਾ ਨਾਨਕੀ ਜੀ ਨੇ ਬੜੇ ਚਾਅ ਮਲ੍ਹਾਰਾਂ ਨਾਲ ਬੱਚੇ ਦਾ ਪਾਲਣ ਪੋਸ਼ਣ ਕੀਤਾ ਅਤੇ ਮਨ ਵਿੱਚ ਆਸ਼ਾ ਉਮੀਦਾਂ ਦਾ ਸੰਸਾਰ ਉਪਜਦੇ , ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਖੇਡਾਂ ਵਿੱਚ ਬਹੁਤੀ ਦਿਲਚਸਪੀ ਨਹੀ  ਸੀ ।ਆਪ ਇਕਾਂਤ ਵਿਚ ਰਹਿਣਾ ਪਸੰਦ ਕਰਦੇ ਸਨ।  ਬਾਲਪਨ ਵਿਚੋਂ ਲੰਘਦਿਆਂ ਹੀ ਆਪ ਜੀ ਦਾ ਸ਼ੁੱਭ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਕਰ ਦਿੱਤਾ ਗਿਆ।  ਤੇਗ ਬਹਾਦਰ ਜੀ ਦੀ ਉਮਰ ਤੇਈ ਸਾਲ ਦੀ ਸੀ। ਜਦ ਉਨ੍ਹਾਂ ਦੇ ਪਿਤਾ ਜੋਤੀ ਜੋਤ ਸਮਾ ਗਏ  ।ਪਿਤਾ ਜੀ ਦੇ ਹੁਕਮ ਅਨੁਸਾਰ ਆਪ ਕੀਰਤਪੁਰ ਤੋਂ ਮਾਤਾ ਨਾਨਕੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਬੇ ਬਕਾਲੇ ਆ ਗਤੇ ਇੱਥੇ 26ਸਾਲ ਤੋਂ ਵੱਧ ਸਮਾਂ ਭਗਤੀ ਕੀਤੀ ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਜੀ ਨੂੰ ਦੇ ਦਿੱਤੀ  । ਸ੍ਰੀ ਗੁਰੂ ਹਰਿ ਰਾਇ ਜੀ  ਤੀਹ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਜੀ  ਨੂੰ ਦੇ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕੇਵਲ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਅਤੇ ਸੰਗਤਾਂ ਦੇ ਪੁੱਛਣ ਤੇ ਨਵੇਂ ਸਤਿਗੁਰੂ ਦਾ ਬਾਬੇ ਬਕਾਲੇ ਹੋਣ ਦਾ ਸੁਨੇਹਾ ਦੇ ਗਏ ।ਉਨ੍ਹਾਂ ਦੇ ਕਹਿਣ ਤੋਂ ਭਾਵ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ ਗੱਦੀ ਦੇ ਵਾਰਸ ਹੋਣਗੇ  ।

ਅੱਠਵੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਾਲਚ ਵਿੱਚ ਗ੍ਰਸਤ ਸੋਢੀਆਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਸੱਚੇ ਗੁਰੂ ਦੀ ਤਲਾਸ਼ ਵਿਚ ਸੰਗਤਾਂ ਬੇਚੈਨ ਰਹਿਣ ਲੱਗੀਆਂ ।ਕੁਝ ਦਿਨਾਂ ਬਾਅਦ ਮੱਖਣ ਸ਼ਾਹ ਲੁਬਾਣਾ ਜੋ ਇੱਕ ਅਮੀਰ ਸੌਦਾਗਰ ਸੀ। ਜਿਸਦਾ ਜਹਾਜ਼ ਤੂਫ਼ਾਨ  ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਸੀ। ਉਸ ਨੇ ਜਹਾਜ਼ ਨੂੰ ਮੰਜ਼ਿਲ  ਤੱਕ ਪਹੁੰਚਾਉਣ ਲਈ ਅਰਦਾਸ ਕੀਤੀ ਅਤੇ ਪੰਜ ਸੌ ਮੋਹਰਾਂ  ਦੇਣ ਦਾ ਵਾਅਦਾ ਕੀਤਾ ।ਅਰਦਾਸ ਪੂਰੀ ਹੋਈ ਜਹਾਜ਼ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪੁੱਜ ਗਿਆ। ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚਿਆ ।ਬਾਬੇ ਬਕਾਲੇ ਬਾਈ ਗੁਰੂ  ਆਪੋ ਆਪਣੇ ਸਥਾਨ ਤੇ ਬੈਠੇ ਸਨ ।ਸੱਚੇ ਗੁਰੂ ਦੀ ਤਲਾਸ਼ ਵਿੱਚ ਇੱਕ ਫੁਰਨਾ ਫੁਰਿਆ ਕਿ ਬਾਈ ਗੁਰਾਂ ਦੀ ਸੇਵਾ ਵਿਚ ਹਾਜ਼ਰ ਹੋਵਾਂਗਾ ਮੋਹਰਾਂ ਹਰ ਅੱਗੇ  ਭੇਂਟ ਕਰੇਗਾ ਜਿਹੜਾ ਉਨ੍ਹਾਂ ਵਿਚੋਂ ਸੱਚਾ ਗੁਰੂ ਹੋਵੇਗਾ ਮਨ ਦੀ ਜਾਣ ਲਵੇਗਾ ਅਤੇ ਸੁੱਖਣਾ ਯਾਦ ਕਰਵਾ ਦੇਵੇਗਾ ।ਅਗਲੀ ਸਵੇਰ ਮੱਖਣ ਸ਼ਾਹ ਵੱਖ ਵੱਖ ਗੁਰੂਆਂ ਅੱਗੇ  ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਪੰਜ ਪੰਜ ਮੋਹਰਾਂ ਸਭ ਨੂੰ ਭੇਂਟ ਕੀਤੀਆਂ ।ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਮਣੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ  ਅਰਦਾਸ ਤਾਂ ਪੰਜ ਸੌ ਮੁਹਰਾ ਦੀ ਕੀਤੀ ਸੀ ।ਬਾਕੀ ਦੀਆ ਮੁਹਰਾ ਯਾਦ ਕਰਵਾ ਦਿੱਤੀਆਂ ।ਖ਼ੁਸ਼ੀ ਵਿੱਚ ਬੇਸੁੱਧ ਹੋਏ ਮੱਖਣ ਸ਼ਾਹ ਨੇ ਮੁਹਰਾਂ ਵਾਲੀ ਥੈਲੀ ਹਾਜ਼ਰ ਕਰ ਦਿੱਤੀ ਅਤੇ ਛੱਤ ਤੇ ਜਾ ਪਹੁੰਚਿਆ ਉੱਚੀ ਉੱਚੀ ਕੂਕਣ ਲੱਗਿਆ "ਗੁਰੂ ਲਾਧੋ ਰੇ ,ਗੁਰੂ ਲਾਧੋ ਰੇ,।

 ਸੋਢੀ ਸ਼ਰੀਕੇ ਵਿੱਚ ਈਰਖਾ ਪੈਦਾ ਹੋਣ ਲੱਗੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ  ਦੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਸੱਦੇ ਤੇ ਸ੍ਰੀ  ਗੁਰੂ ਤੇਗ਼ ਬਹਾਦਰ ਜੀ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਅਤੇ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਲੈ ਲਿਆ । ਇਸ ਉਦੇਸ਼ ਦੀ ਪੂਰਤੀ ਲਈ ਬਿਲਾਸਪੁਰ ਦੇ ਰਾਜੇ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਖਰੀਦ ਕੇ ਇਕ ਨਵਾਂ ਪਿੰਡ ਵਸਾਇਆ ਜਿਸਦਾ ਨਾਂ ਚੱਕ ਨਾਨਕੀ  ਰੱਖਿਆ ।ਇਸ ਤੋਂ ਬਾਅਦ ਇਸ ਨਗਰ ਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ।ਔਰੰਗਜ਼ੇਬ ਜਿਸ ਦੇ ਅੱਖਰੀ ਅਰਥ ਤਖ਼ਤ ਦਾ ਸ਼ਿੰਗਾਰ  ਦੇ ਮਨ ਦਾ ਫੁਰਨਾ ਸੀ ਕਿ ਵੱਧ ਤੋਂ ਵੱਧ ਜਨਤਾ ਨੂੰ ਮੁਸਲਮਾਨ ਬਣਾਇਆ ਜਾਵੇ  ।ਇਸ ਹੁਕਮ ਦਾ ਜਦੋਂ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਨ੍ਹਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ।ਜਿਹੜਾ  ਹਿੰਦੂ ਮੁਸਲਮਾਨ ਨਾ ਬਣਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਅਤੇ ਇਸ ਫੈਸਲੇ ਬਾਰੇ ਕਸ਼ਮੀਰੀ ਪੰਡਤਾਂ ਨੂੰ ਸੂਚਨਾ ਦਿੱਤੀ ਗਈ ।ਕਸ਼ਮੀਰੀ ਪੰਡਤਾਂ ਨੇ  ਕੁਝ ਸਮਾਂ ਲੈ ਕੇ ਇਕ ਬਹੁਤ ਵੱਡਾ ਇਕੱਠ ਕੀਤਾ ਕਾਫ਼ੀ ਹਵਨ ਯੱਗ ਅਤੇ ਆਪਸੀ ਸੋਚ ਵਿਚਾਰ ਤੋਂ ਬਾਅਦ ਆਨੰਦਪੁਰ ਦਾ  ਰਾਹ ਹੀ ਇੱਕ  ਬਚਾਅ ਦਾ ਹੱਲ ਨਿਕਲਿਆ । ਉਨ੍ਹਾਂ ਆਨੰਦਪੁਰ ਸਾਹਿਬ ਗੁਰੂ ਦਰਬਾਰ ਪਹੁੰਚ ਤੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਡੀ ਅਤੇ ਸਾਡੇ ਧਰਮ ਦੀ ਰੱਖਿਆ ਕਰੋ ਅਤੇ ਪਵਿੱਤਰ ਆਤਮਾ ਦੀ  ਕੁਰਬਾਨੀ ਦੀ ਲੋੜ ਹੈ।  ਸਾਰੀ ਸੰਗਤ ਵਿਚ ਨਮੋਸ਼ੀ ਛਾ ਗਈ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ  )ਨੇ ਪਿਤਾ ਜੀ ਦੀ ਖਾਮੋਸ਼ੀ ਦਾ ਕਾਰਨ ਪੁੱਛਿਆ ਅਤੇ ਝੱਟ ਬੋਲ ਪਏ ਪਿਤਾ ਜੀ ਇਸ ਵਿਚ ਚਿੰਤਾ ਵਾਲੀ ਕੀ ਗੱਲ ਹੈ  ?ਆਪ ਤੋਂ ਵੱਧ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਕਿੱਥੇ ਮਿਲੇਗੀ? ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਅਨੰਦਪੁਰ  ਦੀ ਸੰਗਤ ਤੋਂ ਦਿੱਲੀ ਜਾਣ ਦੀ  ਆਗਿਆ ਲਈ ਅਤੇ ਆਪਣੇ ਨਾਲ ਪੰਜ ਸਿੱਖ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੁਰੂ ਜੀ ਨੂੰ  ਆਗਰੇ ਤੋਂ ਦਿੱਲੀ ਲਿਆਂਦਾ ਗਿਆ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਈ ਡਰਾਵੇ  ਅਤੇ ਤਸੀਹੇ ਦਿੱਤੇ ਅਤੇ ਮੁਸਲਮਾਨ ਧਰਮ ਕਬੂਲ ਕਰਨ ਲਈ ਕਿਹਾ ਗਿਆ । ਗੁਰੂ ਜੀ ਨੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ।ਗੁਰੂ ਜੀ ਨਾਲ  ਗਏ ਸਿੰਘਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ   । ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ  ਪਾਣੀ  ਨਾਲ  ਸ਼ਹੀਦ ਕੀਤਾ ਗਿਆ   । ਇਸ ਤੋਂ ਬਾਅਦ ਭਾਈ ਮਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ  । ਅੰਤ ਸਨ1675 ਈਸਵੀ ਮੁਤਾਬਕ ਸੰਮਤ 1732ਬਿਕਰਮੀ ਦੇ ਮੱਘਰ ਦੀ ਪੰਚਮੀ ਦਾ ਅਭਾਗਾ ਦਿਨ ਚੜ੍ਹਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ  । ਕਾਜ਼ੀ  ਨੇ ਬੇਅੰਤ ਲੋਕਾਂ ਦੇ ਇਕੱਠ ਵਿੱਚ ਇਹ ਫਤਵਾ ਪੜ੍ਹ ਕੇ ਸੁਣਾਇਆ "ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ।"ਤਲਵਾਰ ਨਾਲ ਸਿਰ ਧੜ ਤੋਂ ਅਲੱਗ ਹੁੰਦਿਆਂ ਹੀ  ਜਨਤਾ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਭਾਈ ਜੀਵਨ ਸਿੰਘ ਜੀ ਨੇ ਸੀਸ ਸਤਿਕਾਰ ਨਾਲ ਚੁੱਕਿਆ ਅਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ  ।ਇਸ ਹਨ੍ਹੇਰੀ ਵਿੱਚ ਹੀ ਸ਼ਾਹੀ ਸਾਮਾਨ ਦਾ ਕਾਫਲਾ ਲਾਲ ਕਿਲੇ ਤੋਂ ਪਾਸੇ ਹੋ ਜਾਓ ਪਾਸੇ ਹੋ ਜਾੁਵੋ ਹੁਕਮ ਦਿੰਦਾ ਜਾ ਰਿਹਾ ਸੀ ਇਸ ਕਾਫ਼ਲੇ ਵਿਚ  ਭਾਈ ਲੱਖੀ ਅਤੇ ਉਸ ਦਾ ਪੁੱਤਰ ਭਾਈ ਨਗਾਹੀਆ ਸ਼ਾਹੀ ਸ਼ਾਨ ਪਿੰਡ ਰਾਏਸੀਨਾ ਸ਼ਾਹੀ ਸਾਮਾਨ ਲਿਜਾ ਰਹੇ ਸਨ।  ਪਿਓ ਪੁੱਤ ਦਾ ਗੱਡਾ ਉਥੋਂ ਲੰਘਿਆ ਤਾਂ ਉਨ੍ਹਾਂ ਦੀ ਨਜ਼ਰ ਮਹਾ ਰਾਜਾ ਦੇ ਸਰੀਰ ਤੇ ਪਈ ਉਨ੍ਹਾਂ ਨੇ ਸਰੀਰ ਗੱਡੇ ਤੇ ਰੱਖ ਲਿਆ ਅਤੇ ਰਾਏਸੀਨਾ ਪਹੁੰਚ ਗਏ  ਅਤੇ ਘਰ ਨੂੰ ਬਾਹਰੋਂ ਅੱਗ ਲਗਾ ਦਿੱਤੀ ਉਨ੍ਹਾਂ ਦਾ ਘਰ ਸੜ ਕੇ ਸਵਾਹ ਹੋ ਗਿਆ ਪਰ ਸਰੀਰ ਦਾ ਸਸਕਾਰ ਹੋ ਗਿਆ ਇਸ ਥਾਂ ਤੇ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ।

ਦਿਨ ਰਾਤ ਮੰਜ਼ਿਲਾਂ ਤੈਅ ਕਰਦੇ ਹੋਏ ਭਾਈ ਜੀਵਨ ਸਿੰਘ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਜੀ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਪੁੱਜ ਗਏ ਉਨ੍ਹਾਂ ਨੇ ਪਿਤਾ ਜੀ ਦੇ  ਪਵਿੱਤਰ ਸੀਸ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਭਾਈ ਜੀਵਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ ਅਤੇ ਵੱਰ ਦਿੱਤਾ" ਰੰਗਰੇਟੇ ਗੁਰੂ ਕੇ ਬੇਟੇ  "ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਬੜੇ ਸਤਿਕਾਰ ਨਾਲ ਚੰਦਨ ਦੀ ਚਿਖਾ ਚਿਨ ਕੇ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ  ਵਿਰੁੱਧ ਲੜਨ ਦਾ ਪ੍ਰਬਲ ਜਜ਼ਬਾ ਪੈਦਾ ਕਰਦੀ ਹੈ। ਔਰੰਗਜ਼ੇਬ ਦੀ ਨੀਤੀ ਢਾਹੂ ਅਤੇ ਕੁਦਰਤ ਦੇ ਵਿਰੋਧ ਵਿੱਚ ਸੀ ।ਇਸ ਲਈ ਉਹ ਅਸਫ਼ਲ ਹੋਇਆ ਗੁਰੂ ਜੀ ਦੀ ਸੱਚ ਦੇ ਖੋਜੀ ਸਨ  ਤੇ ਰੱਬ ਦੇ ਹੁਕਮ ਵਿੱਚ  ਚੱਲ ਰਹੇ ਸਨ ।ਸ੍ਰੀ ਗੁਰੂ ਤੇਗ ਬਹਾਦਰ ਜੀ  ਨੌਵੇਂ ਪਾਤਸ਼ਾਹ ਸਫਲ ਹੋਏ ਤੇ ਇਕ ਅਜਿਹੀ ਕੌਮ ਹੋਂਦ ਵਿੱਚ ਆ ਗਈ ਜਿਸ ਦਾ ਹਰੇਕ ਜੀਅ ਜਬਰ ਵਿਰੁੱਧ ਲੜਨ ਲਈ ਤਿਆਰ ਰਹਿੰਦਾ ਹੈ ।

ਹਵਾਲਾ ਪੁਸਤਕਾਂ : ਇਤ ਜਿਨਿ ਕਰੀ ,ਡਾ ਸਤਿਬੀਰ ਸਿੰਘ .  ਜੀਵਨ ਦਸ ਪਾਤਸ਼ਾਹੀਆਂ  ਲੇਖਕ ਮੁਖਤਿਆਰ ਸਿੰਘ ਗੁਰਾਇਆ  ।

ਖਿਮਾ ਦੇ ਜਾਚਕ  ਹਰਨਰਾਇਣ ਸਿੰਘ ਮੱਲੇਆਣਾ