Covid-19 in Punjab : ਇਸ ਸਾਲ ਪਹਿਲੀ ਵਾਰੀ ਇਕ ਦਿਨ ’ਚ ਇਨਫੈਕਸ਼ਨ ਦੇ 4333 ਕੇਸ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਪੰਜਾਬ ’ਚ ਕੋਰੋਨਾ ਗ੍ਰਾਫ਼ ਨੇ ਵੀਰਵਾਰ ਨੂੰ ਵੱਡੀ ਛਾਲ ਮਾਰੀ। ਇਸ ਸਾਲ ਇਕ ਹੀ ਦਿਨ ’ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 4333 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਵੀ ਪਹਿਲੀ ਵਾਰੀ ਹੈ ਕਿ 13 ਜ਼ਿਲ੍ਹਿਆਂ ’ਚ ਇਕੱਠੇ 100 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹੋਣ। ਸਭ ਤੋਂ ਜ਼ਿਆਦਾ 860 ਕੇਸ ਸਿਹਤ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਐੱਸਬੀਐੱਸ ਨਗਰ (ਮੋਹਾਲੀ) ’ਚ ਸਾਹਮਣੇ ਆਏ ਹਨ। ਸੂਬੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 30033 ਹੋ ਗਈ ਹੈ। ਇਨ੍ਹਾਂ ’ਚੋਂ 374 ਮਰੀਜ਼ ਆਕਸੀਜ਼ਨ ਤੇ 40 ਵੈਂਟੀਲੇਟਰ ਸਪੋਰਟ ’ਤੇ ਹਨ। 2478 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।

ਇਸ ਸਾਲ ਪਹਿਲੀ ਤੋਂ 15 ਅਪ੍ਰੈਲ ਤਕ 576056 ਲੋਕਾਂ ਦੇ ਸੈਂਪਲਾਂ ਦੀ ਜਾਂਚ ’ਚ 47579 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਯਾਨੀ ਟੈਸਟ ਕਰਾਉਣ ਵਾਲਾ ਹਰ 12ਵਾਂ ਸ਼ਖ਼ਸ ਪਾਜ਼ੇਟਿਵ ਮਿਲਿਆ। ਇਸੇ ਦੌਰਾਨ ਕੋਰੋਨਾ ਦੇ ਕਾਰਨ 862 ਲੋਕਾਂ ਦੀ ਮੌਤ ਹੋਈ।

ਵੀਰਵਾਰ ਨੂੰ ਮੋਹਾਲੀ ’ਚ 860, ਲੁਧਿਆਣਾ ’ਚ 482, ਜਲੰਧਰ ’ਚ 399, ਅੰਮ੍ਰਿਤਸਰ ’ਚ 365, ਪਟਿਆਲਾ ’ਚ 353, ਬਠਿੰਡਾ ’ਚ 301, ਗੁਰਦਾਸਪੁਰ ’ਚ 194, ਤਰਨਤਾਰਨ ’ਚ 186, ਹੁਸ਼ਿਆਰਪੁਰ ’ਚ 153, ਕਪੂਰਥਲਾ ਤੇ ਫਿਰੋਜ਼ਪੁਰ ’ਚ 127-127, ਫਰੀਦਕੋਟ ’ਚ 110 ਤੇ ਰੂਪਨਗਰ ’ਚ 104 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ।

ਸਿਹਤ ਵਿਭਾਗ ਦੇ ਮੁਤਾਬਕ 24 ਘੰਟਿਆਂ ’ਚ ਅੰਮ੍ਰਿਤਸਰ ’ਚ 10, ਹੁਸ਼ਿਆਰਪੁਰ ’ਚ ਨੌਂ, ਲੁਧਿਆਣਾ ਤੇ ਗੁਰਦਾਸਪੁਰ ’ਚ ਛੇ-ਛੇ, ਪਟਿਆਲਾ ’ਚ ਪੰਜ, ਬਠਿੰਡਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਤੇ ਜਲੰਧਰ ’ਚ ਦੋ-ਦੋ ਤੇ ਤਰਨਤਾਰਨ, ਸੰਗਰੂਰ, ਪਠਾਨਕੋਟ, ਮੁਕਤਸਰ, ਮੋਹਾਲੀ, ਫਾਜ਼ਿਲਕਾ ਤੇ ਫਰੀਦਕੋਟ ’ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ।