ਸ਼੍ਰੀ ਗੁਰੁ ਅਰਜ਼ਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਮਲਕ ‘ਚ ਨਗਰ ਕੀਰਤਨ

ਗੁਰੁ ਗ੍ਰੰਥ ਸਾਹਿਬ ਦੀ ਪਾਲਕੀ ਮੋਢਿਆਂ ਤੇ ਰੱਖ ਗਲੀ-ਗਲੀ ਗਾਇਆ ਗੁਰੁ ਕਾ ਜਸ
ਜਗਰਾਉਂ:- 2021 ਜੂਨ-,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਨੇੜਲੇ ਪਿੰਡ ਮਲਕ ‘ਚ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ,ਨਗਰ ਨਿਵਾਸੀਆਂ ਅਤੇ ਦੋਵਾਂ ਪੰਚਾਇਤਾਂ ਅਤੇ ਦੂਸਰੇ ਗੁਰੁ ਘਰਾਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੁ ਅਰਜ਼ਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ । ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰੂ ਸਾਹਿਬ ਜੀ ਦੀ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਨੂੰ ਸਿੱਖੀ ਬਾਣੇ ‘ਚ ਸਜ਼ੇ ਸਿੰਘਾਂ ਨੇ ਆਪਣੇ ਮੋਢਿਆਂ ਤੇ ਰੱਖਿਆ ਹੋਇਆ ਸੀ । ਗੁਰੁ ਸਾਹਿਬ ਨੂੰ ਲੈ ਕੇ ਸਿੰਘ ਦੋਵਾਂ ਪਿੰਡਾਂ ਪੱਤੀ ਜਗਰਾਉਂ ਅਤੇ ਮਲਕ ਦੀ ਗਲੀ-ਗਲੀ  ਫੇਰਾ ਪੁਆਉਣ ਲਈ ਪੁੱਜ਼ੇ । ਕਿਸੇ ਵੀ ਸਾਧਨ ਤੋਂ ਵਗੈਰ ਤੱਪਦੀ ਧੁੱਪ ਅਤੇ ਤਪਦੀ ਗਰਮੀ ‘ਚ ਇਸ ਅਨੋਖੇ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਅਤੇ ਸਿੰਘਾਂ ਦਾ ਉਤਸ਼ਾਹ ਦੇਖਣਯੋਗ ਅਤੇ ਯਾਦਗਾਰੀ ਹੋ ਨਿਬੜਿਆ । ਨਗਰ ਕੀਰਤਨ ਦੇ ਰਸਤੇ ‘ਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ,ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਸਲਾਹੁਣਯੋਗ ਪ੍ਰਬੰਧ ਕੀਤਾ ਹੋਇਆ ਸੀ । ਸਵੇਰ 8 ਵਜ਼ੇ ਗੁਰੂ ਘਰ ਤੋਂ ਜੈਕਾਰਿਆਂ ਦੀ ਗੂੰਜ਼ ‘ਚ ਆਰੰਭ ਹੋਇਆ ਨਗਰ ਕੀਰਤਨ ਦੇਰ ਸ਼ਾਮ ਨੂੰ ਗੁਰੂ ਘਰ ਜਾ ਕੇ ਸਮਾਪਤ ਹੋਇਆ । ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਦੀ ਬਾਣੀ ਦਾ ਜਾਪ ਕਰਦੇ ਹੋਏ ਇਹ ਸਾਰਾ ਸਮਾਗਮ ਕੀਤਾ।