ਜ਼ਖਮੀ ਪਿਆਰ ✍️ ਰਮੇਸ਼ ਕੁਮਾਰ ਜਾਨੂੰ

---  ਜ਼ਖਮੀ ਪਿਆਰ  ----
----------------
ਇਸ ਪਿਆਰ ਦੀ ਨਜ਼ਰ ਉਤਾਰ ਦਿਓ
    ਇਹਦੇ ਸਿਰ ਤੋਂ ਮਿਰਚਾਂ ਵਾਰ ਦਿਓ
ਕੋਈ ਪਿਆਰ ਦੀ ਤੱਪਦੀ ਦੇਹ ਉੱਤੇ
    ਜਰਾ ਠੰਢੀਆਂ ਫੂਕਾਂ ਮਾਰ ਦਿਓ ।।
ਇਹਨੂੰ ਕਾਲਾ ਟਿੱਕਾ ਲਾ ਦਿਓ
    ਪੀਰਾਂ ਦਾ ਧਾਗਾ ਪਾ ਦਿਓ
ਸਾਰਾ ਜੱਗ ਪਿਆਰ ਦਾ ਵੈਰੀ ਏ
    ਇਹਨੂੰ ਬੁੱਕਲ ਵਿੱਚ ਲੁਕਾ ਲਿਓ।
ਪਿਆਰ ਵੀ ਸਾਡੇ ਪਿਆਰ ਦਾ ਭੁੱਖਾ
ਇਸ ਪਿਆਰ ਨੂੰ ਲੋਕੋ ਪਿਆਰ ਦਿਓ
          ਕੋਈ ਪਿਆਰ ਦੀ ਤੱਪਦੀ,,,,,,,,,,।।
ਇਹ ਜਿੱਤ ਕੇ ਬਾਜ਼ੀ ਹਰ ਜਾਂਦਾ
    ਤੇ ਹਰ ਕੇ ਯਾਰੋ ਮਰ ਜਾਂਦਾ
ਏ ਹਨੇਰਿਆਂ ਦੇ ਵਿੱਚ ਲੁਕ ਜਾਂਦਾ
    ਤੇ ਚਾਨਣ ਕੋਲੋਂ ਡਰ ਜਾਂਦਾ।
ਇਹ ਇਸ਼ਕ,ਹੁਸਨ ਦਾ ਜੰਮਿਆ ਏ
ਇਹਨੂੰ ਖ਼ੁਸ਼ੀਆਂ ਦਾ ਉਪਹਾਰ ਦਿਓ
          ਕੋਈ ਪਿਆਰ ਦੀ ਤੱਪਦੀ,,,,,,,,,,।।
ਮੈਂ ਪਿਆਰ ਬਿਨਾਂ ਨਹੀਂ ਰਹਿ ਸਕਦਾ
    ਨਾ ਪਿਆਰ ਦੇ ਦੁੱਖ ਨੂੰ ਸਹਿ ਸਕਦਾ
ਇਸ ਪਿਆਰ ਦੀ ਦਰਦ ਕਹਾਣੀ ਨੂੰ
    ਮੈਂ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ।
'ਰਮੇਸ਼' ਦੇ ਸਹਿਮੇ ਗੀਤਾਂ ਨੂੰ
'ਜਾਨੂੰ' ਕੁੱਝ ਸ਼ਬਦ ਉਧਾਰ ਦਿਓ
           ਕੋਈ ਪਿਆਰ ਦੀ ਤੱਪਦੀ,,,,,,,,,,।।
                           ਲੇਖਕ-ਰਮੇਸ਼ ਕੁਮਾਰ ਜਾਨੂੰ
                         ਫੋਨ ਨੰ:-98153-20080