ਮਹਿਲਕਲਾਂ ਸ਼ਹੀਦ ਕਿਰਨਜੀਤ ਕੌਰ ਦਾ 24 ਵਾਂ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਮਹਿਲਕਲਾਂ ਦੀ ਧਰਤੀ ਤੋਂ ਗੂੰਜੇਗੀ ਕਿਸਾਨ ਅੰਦੋਲਨ ਦੀ ਰੋਹਲੀ ਗਰਜ 

ਮਹਿਲਕਲਾਂ/ ਬਰਨਾਲਾ- 11 ਅਗਸਤ- (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਕਿਰਨਜੀਤ ਕੌਰ  ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਪੂਰੇ ਜਿਲ੍ਹੇ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦਾ ਬਰਸੀ ਸਮਾਗਮ "ਕਿਸਾਨ ਅੰਦੋਲਨ" ਨੂੰ ਸਮਰਪਿਤ ਹੋਣ ਕਰਕੇ ਪਿੰਡਾਂ ਵਿੱਚੋਂ 12 ਅਗਸਤ ਨੂੰ ਕਿਸਾਨ ਮਰਦ ਔਰਤਾਂ ਦੇ ਕਾਫ਼ਲੇ ਬੰਨ੍ਹ ਕੇ ਪੁੱਜਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਦਾਣਾ ਮੰਡੀ ਮਹਿਲਕਲਾਂ ਵਿਖੇ ਐਕਸ਼ਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਕੀਤਾ। ਐਕਸ਼ਨ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਗੁਰਮੇਲ ਠੁੱਲੀਵਾਲ, ਗੁਰਮੀਤ ਸੁਖਪੁਰਾ, ਜਰਨੈਲ ਚੰਨਣਵਾਲ, ਕੁਲਵੰਤ ਰਾਏ, ਗਰਦੇਵ ਸਿੰਘ ਸਹਿਜੜਾ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 100 ਪਿੰਡਾਂ ਵਿੱਚ ਰੈਲੀਆਂ/ਨੁੱਕੜ ਨਾਟਕਾਂ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ। ਅੱਜ ਸਾਰਾ ਦਿਨ ਪਿੰਡਾਂ ਵਿੱਚ ਘਰ-ਘਰ ਜਾਕੇ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਮੁਹਿੰਮ ਚਲਾਈ। ਔਰਤ ਕਿਸਾਨ ਔਰਤਾਂ ਦੀ ਇਸ ਵਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਲਾਮਿਸਾਲ ਹੋਵੇਗੀ। ਆਗੂਆਂ ਦੱਸਿਆ ਕਿ ਇਸ ਵਾਰ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਪਰਮੁੱਖ ਆਗੂ ਸ਼ਾਮਿਲ ਹੋਣਗੇ। ਸਨਮਾਨਿਤ ਕੀਤੀ ਜਾਣ ਵਾਲੀ ਸਖਸ਼ੀਅਤ ਵਜੋਂ ਡਾ ਸਵੈਮਾਨ ਸਿੰਘ ਦੀ ਚੋਣ ਕੀਤੀ ਗਈ ਹੈ। ਯਾਦ ਰਹੇ ਡਾ ਸਵੈਮਾਨ ਸਿੰਘ ਆਪਣੀ ਵਿਦੇਸ਼ੀ ਚੰਗੀ ਨੌਕਰੀ ਨੂੰ ਠੋਕਰ ਮਾਰ ਕੇ ਅੱਠ ਮਹੀਨਿਆਂ ਤੋਂ ਸਿੰਘੂ/ਟਿੱਕਰੀ ਬਾਰਡਰ ਤੇ ਕਿਸਾਨ ਕਾਫਲਿਆਂ ਸੰਗ ਡਟੇ ਹੋਏ ਹਨ। ਪਿੰਡਾਂ ਵਿਚਲੀ ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਆਗੂਆਂ ਕਿਹਾ ਲੋਕ ਸੱਥਾਂ ਵਿੱਚੋਂ ਮਿਲ ਰਹੇ ਹੁੰਗਾਰੇ ਤੋਂ ਉਮੀਦ ਹੈ ਕਿ 12 ਅਗਸਤ ਨੂੰ ਲੋਕਾਈ ਦਾ ਇਸ ਵਾਰ ਦਾ ਇਕੱਠ ਪਹਿਲਾਂ ਦੇ ਸਾਰੇ ਰਿਕਾਰਡ ਮਾਤ ਪਾ ਦੇਵੇਗਾ। ਵੱਡ ਅਕਾਰੀ ਪੰਡਾਲ ਲੱਗਣਾ ਸ਼ੁਰੂ ਹੋ ਗਿਆ ਹੈ। ਵੱਡੀ ਸਟੇਜ ਬਣਕੇ ਤਿਆਰ ਹੋ ਗਈ ਹੈ। ਆਗੂਆਂ ਸੁਰਿੰਦਰ ਜਲਾਲਦੀਵਾਲ,ਪਰੀਤਮ ਦਰਦੀ, ਗੁਰਦੇਵ ਮਾਂਗੇਵਾਲ, ਅਮਰਜੀਤ ਕੁੱਕੂ, ਨਰਾਇਣ ਦੱਤ, ਰਜਿੰਦਰ ਸਿੰਘ, ਮਾ ਦਰਸ਼ਨ ਸਿੰਘ, ਪਰਮਜੀਤ ਗਾਂਧੀ, ਹਰਪ੍ਰੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ। ਮਹਿਲਕਲਾਂ ਦੀ ਧਰਤੀ ਤੋਂ 24 ਸਾਲ ਪਹਿਲਾਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਰੋਹਲੀ ਗਰਜ ਸੁਣਾਈ ਦਿੱਤੀ ਸੀ। ਇਸ ਵਾਰ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਕਾਰਪੋਰੇਟੀ ਹੱਲੇ ਖਿਲਾਫ਼ ਮਹਿਲਕਲਾਂ ਦੀ ਧਰਤੀ ਤੋਂ ਉੱਠੀ ਜਨ ਆਵਾਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਦੇਵੇਗੀ। ਆਗੂਆਂ ਨੇ 12 ਅਗਸਤ ਨੂੰ ਸਮੂਹ ਮਿਹਨਤਕਸ਼ ਲੋਕਾਂ ਨੂੰ ਕਾਫਲੇ ਬੰਨ੍ਹ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਅਪੀਲ ਕੀਤੀ।