ਪਹਿਰੇਦਾਰ ਦੀ ਖ਼ਬਰ ਤੋਂ ਬਾਅਦ ਸਿੱਖ ਤੇ ਹਿੰਦੂ ਜਥੇਬੰਦੀਆਂ ਵਿਚਾਲੇ ਜਗਰਾਉਂ ’ਚ ਬਣਿਆ ਤਣਾਅ ਖ਼ਤਮ

ਪੁਲਿਸ ਵੱਲੋਂ ਦੋਵਾਂ ਧਿਰਾਂ ਦੀ ਲੰਮੀ ਮੀਟਿੰਗ ’ਚ ਕਰਵਾਈ ਸਹਿਮਤੀ

ਅਦਾਰਾ ਪਹਿਰੇਦਾਰ ਗੁਰੂ ਸਾਹਿਬ ਦੇ ਫਲਸਫ਼ੇ ਅਨੁਸਾਰ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਦੂਸਰੇ ਧਰਮਾਂ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ - ਜਸਪਾਲ ਸਿੰਘ ਹੇਰਾਂ

ਜਗਰਾਉਂ, 12 ਅਕਤੂਬਰ ( ਅਮਿਤ ਖੰਨਾ /ਪੱਪੂ / ਸਤਪਾਲ ਸਿੰਘ ਦੇਹਡ਼ਕਾ ) ਪਹਿਰੇਦਾਰ ਅਖ਼ਬਾਰ ’ਚ ਸ ਸੁਖਬੀਰ ਸਿੰਘ ਬਾਦਲ ਵੱਲੋਂ ਚਿੰਤਪੁਰਨੀ ਮੰਦਿਰ ਦੀ ਫੇਰੀ ਤੋਂ ਬਾਅਦ ਵਿਰੋਧ ’ਚ ਛੱਪੀ  ਖ਼ਬਰ ਨੂੰ ਲੈ ਕੇ ਜਗਰਾਉਂ ’ਚ ਸਿੱਖ ਤੇ ਹਿੰਦੂ ਜਥਬੰਦੀਆਂ ਦੇ ਆਹਮੋ-ਸਾਹਮਣੇ ਹੋ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਸ਼ਾਂਤ ਕਰਨ ਨੂੰ ਲੈ ਕੇ ਅੱਜ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਰਿਹਾ । ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਗੁਰਦਿਆਲ ਸਿੰਘ ਵੱਲੋਂ ਡੀ.ਐਸ.ਪੀ. ਸਿਟੀ ਦਲਜੀਤ ਸਿੰਘ ਖੱਖ ਦੀ ਡਿਊਟੀ ਲਾ ਕੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਅਤੇ ਜਗਰਾਉਂ ਦੇ ਪੱਤਰਕਾਰਾਂ ਦੀ ਇੱਕ ਮੀਟਿੰਗ ’ਚ ਇਸ ਮੁੱਦੇ ’ਤੇ ਲੰਬੀ ਵਿਚਾਰ ਤੋਂ ਬਾਅਦ ਜਗਰਾਉਂ ਸ਼ਹਿਰ ’ਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਦੀ ਸਹਿਮਤੀ ਬਣਾਈ ਗਈ । ਇਸ ਸਹਿਮਤੀ ’ਚ ਪੱਤਰਕਾਰਾਂ ਵੱਲੋਂ ਵੀ ਰੋਲ ਨਿਭਾਉਂਦਿਆਂ ਇਸ ਮਾਮਲੇ ਨੂੰ ਰਾਜਸੀ ਧਿਰਾਂ ਵੱਲੋਂ ਆਪਣੇ ਹਿੱਤਾਂ ਲਈ ਵਰਤ ਕੇੇ ਜਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਲਾਹਾ ਖੱਟਣ ਨੂੰ ਰੋਕਿਆ। ਇਸੇ ਦੌਰਾਨ ਹੀ ਇੱਕ ਨਿੱਜੀ ਚੈਨਲ ਵੱਲੋਂ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਕੀਤੀ ਇੱਕ ਵਿਸ਼ੇਸ਼ ਇੰਟਰਵਿਊ ਪੇਸ਼ ਕੀਤੀ ਗਈ । ਜਿਸ ’ਚ ਜਸਪਾਲ ਸਿੰਘ ਹੇਰਾਂ ਵੱਲੋਂ ਕਿਹਾ ਗਿਆ ਕਿ ਉਨਾ ਦੀ ਮਨਸ਼ਾ ਕਦੇ ਕਿਸੇ ਦਾ ਨਿਰਾਦਰ ਕਰਨ ਦੀ ਨਹੀਂ ਰਹੀ ਸਗੋਂ ਉਨਾ ਗੁਰੂ ਸਾਹਿਬ ਦੇ ਫਲਸਫ਼ੇ ਦੀ ਗੱਲ ਕਰਦਿਆ ਇਹ ਵੀ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਸਾਂਝੀਵਾਲਤਾ ਦੇ ਪ੍ਰਤੀਕ ਹਨ । ਉਨਾ ਇਹ ਵੀ ਕਿਹਾ ਕਿ ਹਰ ਵਿਅਕਤੀ ਆਪਣੇ ਧਰਮ ’ਚ ਪਰਪੱਖ ਹੋਣਾ ਚਾਹੀਦਾ ਹੈ । ਉਨਾ ਇਸ ਮੁੱਦੇ ਨੂੰ ਲੈ ਕੇ ਕਈ ਰਾਜਨੀਤਕ ਆਗੂਆਂ ਵੱਲੋਂ ਫੈਲਾਏ ਗਲਤ ਪ੍ਰਚਾਰ ਦੌਰਾਨ ਇਸ ਗੱਲ ’ਤੇ ਅਫਸੋਸ ਵੀ ਪ੍ਰਗਟਾਇਆ ਕਿ ਕਈ ਲੋਕ ਅਦਾਰਾ ਪਹਿਰੇਦਾਰ ਅਤੇ ਉਨਾ ਵੱਲੋਂ ਕਹੇ ਲਫ਼ਜ਼ਾਂ ਨੂੰ ਕਿਸੇ ਧਰਮ ਦੇ ਖਿਲਾਫ਼ ਕਿਉਂ ਵਰਤ ਰਹੇ ਹਨ? ਅੱਜ ਦੀ ਲੰਮੀ ਚੱਲੀ ਇਸ ਮੀਟਿੰਗ ’ਚ ਜ਼ਿਲਾ ਪੁਲਿਸ ਮੁਖੀ ਐੱਸ.ਐੱਸ.ਪੀ ਗੁਰਦਿਆਲ ਸਿੰਘ ਅਤੇ ਡੀ.ਐਸ.ਪੀ ਸਿਟੀ ਦਲਜੀਤ ਸਿੰਘ ਖੱਖ ਨੇ ਬਹੁਤ ਹੀ ਸੁਖਾਵੇਂ ਤੇ ਸ਼ਾਂਤ ਮਾਹੌਲ ’ਚ ਹੋਈ ਇਸ ਮੀਟਿੰਗ ’ਚ ਸ਼ਹਿਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਅੱਜ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਚੇਤਵਨੀ ਵੀ ਦਿੱਤੀ ਕਿ ਜਗਰਾਉਂ ਸ਼ਹਿਰ ’ਚ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਸ ਮੀਟਿੰਗ ’ਚ ਪਹਿਰੇਦਾਰ ਵੱਲੋਂ ਬਿਊਰੋ ਚੀਫ਼ ਚਰਨਜੀਤ ਸਿੰਘ ਸਰਨਾ, ਜ਼ਿਲਾ ਇੰਚਾਰਜ ਪ੍ਰਤਾਪ ਸਿੰਘ ਤੋਂ ਇਲਾਵਾ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ, ਸੰਜੀਵ ਗੁਪਤਾ, ਪਰਮਜੀਤ ਸਿੰਘ ਗਰੇਵਾਲ, ਸਤਪਾਲ ਸਿੰਘ ਦੇਹੜਕਾ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਗੌਰਵ ਖੁੱਲਰ, ਰਾਜ ਭਾਰਦਵਾਜ, ਸੰਜੀਵ ਮਲਹੋਤਰਾ ਰਿੰਪੀ, ਗੋਪੀ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਹਰਵਿੰਦਰ ਬਾਂਸਲ, ਕਪਿਲ ਬਾਂਸਲ, ਅਮਰਜੀਤ ਪੰਡਿਤ, ਸੁਰਿੰਦਰ ਖੰਨਾ, ਅਮਿਤ ਸ਼ਰਮਾ ਅਤੇ ਹਨੀ ਗੋਇਲ, ਡਿੰਪਲ ਆਦਿ ਹਾਜ਼ਰ ਸਨ । ਸਾਰੇ ਸੂਝਵਾਨ ਤੇ ਚੰਗੇ ਹਿੰਦੂ ਭਰਾਵਾਂ ਦਾ ਬਹੁਤ ਧੰਨਵਾਦ ਜਿਨ੍ਹਾ ਦੂਰਅੰਦੇਸ਼ੀ ਨਾਲ ਫੈਸਲੇ ਕੀਤੇ ।