ਕਿਸਾਨ ਆਗੂ ਗੁਰਨਾਮ ਸਿੰਘ ਛੀਨੀਵਾਲ ਕਲਾ ਨਹੀਂ ਰਹੇ

ਮਹਿਲ ਕਲਾਂ/ ਬਰਨਾਲਾ-7 ਨਵੰਬਰ- (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਬਕਾ ਪ੍ਰਧਾਨ ਸਵ: ਅਮਰ ਸਿੰਘ ਦੇ ਭਰਾ ਗੁਰਨਾਮ ਸਿੰਘ ਛੀਨੀਵਾਲ ਦੀ ਦੀਵਾਲੀ ਵਾਲੇ ਦਿਨ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਜੀਵਨ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਿਹਾ ਦਿੱਲੀ ਸਿੰਘੂ  ਬਾਰਡਰ ਤੇ ਉਹ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਛੀਨੀਵਾਲ ਕਲਾਂ ਵਿਖੇ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਕਿ ਗੁਰਨਾਮ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇੱਕ ਸੰਘਰਸ਼ੀ ਯੋਧਾ ਸਦਾ ਲਈ ਚਲੇ ਜਾਣ ਕਾਰਨ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਗੁਰਨਾਮ ਸਿੰਘ ਕਿਸਾਨੀ ਸੰਘਰਸ਼ ਦਾ ਉਹ ਯੋਧਾ ਸੀ ਜਿਸ ਨੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਕਿਸਾਨੀ ਘੋਲ ਨੂੰ ਪਹਿਲ ਦਿੱਤੀ।ਉਸ ਦੇ ਕੀਤੇ ਹੋਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਵੇਲੇ ਜਰਨਲ ਸੈਕਟਰੀ ਅਜਮੇਰ ਸਿੰਘ ਹੁੰਦਲ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ ਗਹਿਲ ਬਲਾਕ ਪ੍ਰਧਾਨ ਰਾਜੇਵਾਲ, ਪ੍ਰੀਤਮ ਸਿੰਘ ਹੈੱਡ ਗ੍ਰੰਥੀ ਛੀਨੀਵਾਲ ਆਦਿ ਅੰਤਿਮ ਅਰਦਾਸ ਵੇਲੇ ਹਾਜ਼ਰ ਸਨ ।