ਭੈਣੀ ਸਾਹਿਬ ਖੇਡ ਮਾਡਲ ਦੇ ਆਧਾਰ 'ਤੇ ਸੂਬੇ ਭਰ 'ਚ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ - ਮੁੱਖ ਮੰਤਰੀ ਚੰਨੀ

ਨਾਮਧਾਰੀ ਸੰਪਰਦਾ ਦੇ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਵਿਕਾਸ ਲਈ ਸਤਿਗੁਰੂ ਉਦੈ ਸਿੰਘ ਦਾ ਲਿਆ ਆਸ਼ੀਰਵਾਦ

ਭੈਣੀ ਸਾਹਿਬ/ਲੁਧਿਆਣਾ, 20 ਨਵੰਬਰ  - ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਅੱਜ ਭੈਣੀ ਸਾਹਿਬ ਦੇ ਖੇਡ ਮਾਡਲ ਦੇ ਆਧਾਰ 'ਤੇ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ।

ਅੱਜ ਜ਼ਿਲ੍ਹੇ ਦੇ ਸ੍ਰੀ ਭੈਣੀ ਸਾਹਿਬ ਵਿਖੇ ਆਪਣੀ ਪਹਿਲੀ ਫੇਰੀ ਮੌਕੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਨਾਲ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਐਚ.ਐਸ.ਹੰਸਪਾਲ, ਸਮਰਾਲਾ ਦੇ ਵਿਧਾਇਕ ਸ.ਅਮਰੀਕ ਸਿੰਘ ਢਿੱਲੋਂ, ਸੁਲਤਾਨਪੁਰ ਲੋਧੀ ਦੇ ਵਿਧਾਇਕ ਸ.ਨਵਤੇਜ ਸਿੰਘ ਚੀਮਾ, ਹਲਕਾ ਗਿੱਲ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਸ.ਕੁਲਦੀਪ ਸਿੰਘ ਵੈਦ ਨੇ ਸ਼੍ਰੀ ਭੈਣੀ ਸਾਹਿਬ ਵਿਖੇ ਐਸਟਰੋਟਰਫ ਦਾ ਨਿਰੀਖਣ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਅਜਿਹੇ ਐਸਟ੍ਰੋਟਰਫ ਅਤੇ ਖੇਡ ਮੈਦਾਨ ਵਿਕਸਤ ਕਰੇਗੀ।

ਖਿਡਾਰੀਆਂ ਨੂੰ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਆਧੁਨਿਕ ਖੇਡ ਮੈਦਾਨ ਖਿਡਾਰੀਆਂ ਨੂੰ ਓਲੰਪਿਕ ਅਤੇ ਹੋਰ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ।

ਉਨ੍ਹਾਂ ਕਿਹਾ ਕਿ ਅਧਿਕਾਰੀ ਜਲਦ ਹੀ ਸ੍ਰੀ ਭੈਣੀ ਸਾਹਿਬ ਦੇ ਪ੍ਰਬੰਧਕਾਂ ਨਾਲ ਸਲਾਹ ਕਰਕੇ ਅਜਿਹੇ ਐਸਟ੍ਰੋਟਰਫ ਅਤੇ ਫੁੱਟਬਾਲ ਗਰਾਊਂਡ ਨੂੰ ਵਿਕਸਤ ਕਰਨ ਲਈ ਇੱਕ ਖਾਕਾ ਤਿਆਰ ਕਰਨਗੇ ਤਾਂ ਜੋ ਖਿਡਾਰੀ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਪੇਸ਼ੇਵਰ ਤਰੀਕੇ ਨਾਲ ਅਭਿਆਸ ਕਰ ਸਕਣ ਅਤੇ ਭਰੋਸਾ ਦਿਵਾਇਆ ਕਿ ਇਸ ਮੰਤਵ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਲਈ ਵੱਧ ਤੋਂ ਵੱਧ ਖਿਡਾਰੀ ਭੇਜਣ ਵਿੱਚ ਸੂਬੇ ਦੀ ਅਗਵਾਈ ਕਰੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਸਤਿਗੁਰੂ ਉਦੈ ਸਿੰਘ ਜੀ ਤੋਂ ਆਸ਼ੀਰਵਾਦ ਲਿਆ।

ਇਸ ਦੌਰਾਨ ਸਤਿਗੁਰੂ ਉਦੈ ਸਿੰਘ, ਜੋ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰਾਜੈਕਟ ਦੀ ਟਾਸਕ ਫੋਰਸ ਦੇ ਮੁਖੀ ਵੀ ਹਨ, ਨੇ ਸ.ਚਰਨਜੀਤ ਸਿੰਘ ਚੰਨੀ ਨਾਲ ਇਸ ਪ੍ਰਾਜੈਕਟ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜੋ ਵੀ ਹੁਕਮ ਲਾਉਣਗੇੇ, ਉਸਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇਗਾ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਸ.ਵਿਕਰਮ ਸਿੰਘ ਬਾਜਵਾ, ਸਰਪੰਚ ਸ.ਗੁਰਦੀਪ ਸਿੰਘ, ਸ.ਕਰਨਵੀਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪਲਿਸ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਭੁੱਲਰ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ.ਜਤਿੰਦਰ ਜੋੜਵਾਲ, ਐਸ.ਡੀ.ਐਮ. ਡਾ. ਵਿਨੀਤ ਕੁਮਾਰ ਅਤੇ ਹੋਰ ਹਾਜ਼ਰ ਸਨ।