You are here

ਭਾਰਤ

ਮੋਦੀ ਨੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ: ਚੋਣ ਕਮਿਸ਼ਨ

ਨਵੀਂ ਦਿੱਲੀ, ਮਈ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਟਨ ਵਿਚ ਦਿੱਤੇ ਭਾਸ਼ਣ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਜਾਂ ਇਸਦੀ ਐਡਵਾਈਜ਼ਰੀ ਦੀ ਉਲੰਘਣਾ ਨਹੀਂ ਕੀਤੀ। ਦੱਸਣਯੋਗ ਹੈ ਕਿ ਇਸ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਆਈਏਐੱਫ ਪਾਇਲਟ ਅਭਿਨੰਦਨ ਦੀ ਸੁਰੱਖਿਅਤ ਰਿਹਾਈ ਤੱਕ ਪਾਕਿਸਤਾਨ ਉੱਤੇ ਦਬਾਅ ਬਣਾਈ ਰੱਖਿਆ ਸੀ। ਇਹ ਪ੍ਰਧਾਨ ਮੰਤਰੀ ਦਾ ਛੇਵਾਂ ਭਾਸ਼ਣ ਹੈ ਜਿਸਨੂੰ ਚੋਣ ਕਮਿਸ਼ਨ ਵਲੋਂ ਕਲੀਨ ਚਿੱਟ ਦਿੱਤੀ ਗਈ ਹੈ।

ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ- ਹੰਸ

ਨਵੀਂ ਦਿੱਲੀ, ਮਈ(ਜਨ ਸ਼ਕਤੀ ਨਿਊਜ) ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਤੇ ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣਗੇ ਕਿਉਂਕਿ ਉਨ੍ਹਾਂ ਨੇ ਬੇਤੁਕੇ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਤੇ ਦਿਨੀਂ ਆਪ ਦੇ ਆਗੂਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਹੰਸ ਬਾਰੇ ਤਿੱਖੀਆਂ ਟਿੱਪਣੀਆਂ

ਕੀਤੀਆਂ ਗਈਆਂ ਸਨ। ‘ਆਪ’ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਹੰਸਰਾਜ ਹੰਸ ਨੇ 2014 ਵਿੱਚ ਇਸਲਾਮ ਧਰਮ ਕਬੂਲ ਲਿਆ ਸੀ, ਜਿਸ ਕਰਕੇ ਉਹ ਉੱਤਰ-ਪੱਛਮੀ ਲੋਕ ਸਭਾ (ਰਾਖਵਾਂ) ਹਲਕੇ ਤੋਂ ਚੋਣ ਨਹੀਂ ਲੜ ਸਕਦੇ।
ਭਾਜਪਾ ਦੇ ਸੂਬਾਈ ਦਫ਼ਤਰ ਵਿੱਚ ਮੀਡੀਆ ਕਾਨਫਰੰਸ ਦੌਰਾਨ ਸ੍ਰੀ ਹੰਸਰਾਜ ਨੇ ਕਿਹਾ ਕਿ ਉਹ ‘ਆਪ’ ਆਗੂਆਂ ਸਮੇਤ ਸ੍ਰੀ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ‘ਝੂਠੀਆਂ’ ਖ਼ਬਰਾਂ ਘੜ੍ਹਨ ਦੇ ਮਾਹਰ ਹਨ ਜੋ ਮੀਡੀਆ ਦੀਆਂ ਸੁਰਖ਼ੀਆਂ ਵੀ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਨ੍ਹਾਂ ਦੀ ਵਿਸ਼ਵ ਵਿੱਚ ਪਛਾਣ ਹੈ ਤੇ ਇਸ ’ਤੇ ਉਨ੍ਹਾਂ ਨੂੰ ਫਖ਼ਰ ਹੈ। ਉਨ੍ਹਾਂ ਕਿਹਾ ਕਿ ਉਹ ਵਾਲਮੀਕਿ ਸਮਾਜ ਤੋਂ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਤੇ ਜਾਤੀ ਉੱਤੇ ਫਖ਼ਰ ਹੈ। ਸ੍ਰੀ ਹੰਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਖ਼ੁਦ ਵਾਲਮੀਕਿ ਸਮਾਜ ਨੂੰ ਸਾਲਾਂ ਤੋਂ ਠੱਗ ਰਹੇ ਹਨ। ਉਹ ਤਾਂ ਆਪਣੇ ਗੁਰੂ ਅੰਨਾ ਹਜ਼ਾਰੇ ਦੇ ਵੀ ਸਕੇ ਨਹੀਂ ਹੋਏ, ਜਿਸ ਕਰਕੇ ਅੰਨਾ ਹਜ਼ਾਰੇ ਨੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਦਲਿਤ ਵਿਰੋਧੀ ਦੱਸਿਆ ਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਵਾਲਮੀਕਿ ਸਮਾਜ ਲਈ ਕੁੱਝ ਨਹੀਂ ਕੀਤਾ ਤੇ ਇਸੇ ਲਈ ਡਰੇ ਹੋਏ ਹਨ।

ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣੀਆਂ ਵੀ ਦੇਸ਼ ਪ੍ਰੇਮ- ਪ੍ਰਿਯੰਕਾ

ਰਾਏ ਬਰੇਲੀ, ਮਈ (ਜਨ ਸ਼ਕਤੀ ਨਿਊਜ) ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੀ ਰੱਖਿਆ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ। ਪ੍ਰਿਯੰਕਾ ਇਥੇ ਆਪਣੀ ਮਾਂ ਤੇ ਰਾਏ ਬਰੇਲੀ ਸੰਸਦੀ ਹਲਕੇ ਤੋਂ ਉਮੀਦਵਾਰ ਸੋਨੀਆ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਤੁਸੀਂ ਲੋਕਾਂ ਨੂੰ ਪਾਕਿਸਤਾਨ ਦੇ ਹਮਲਿਆਂ ਤੋਂ ਬਚਾਅ ਰਹੇ ਹੋ। ਇਹ ਇਕ ਵੱਡੀ ਪ੍ਰਾਪਤੀ ਹੈ। ਹਰ ਕੋਈ ਖ਼ੁਸ਼ ਹੈ। ਪਰ ਤੁਹਾਨੂੰ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ। ਇਹ ਕੰਮ ਵੀ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ।’ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਕਿਹਾ, ‘ਲੋਕਾਂ ਨੂੰ ਪਿਆਰ ਕਰਨ ਤੋਂ ਭਾਵ ਉਨ੍ਹਾਂ ਦਾ ਮਾਣ ਸਤਿਕਾਰ ਕਰਨਾ ਵੀ ਹੈ। ਜੇਕਰ ਉਹ ਕੁਝ ਕਹਿੰਦੇ ਹਨ, ਤਾਂ ਤੁਹਾਨੂੰ (ਪ੍ਰਧਾਨ ਮੰਤਰੀ) ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿਉਂਕਿ ਇਹ ਜਮਹੂਰੀਅਤ ਦੀ ਆਵਾਜ਼ ਹੈ। ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਅਣਗੌਲਿਆਂ ਕਰਨਾ ਕਿਹੋ ਜਿਹਾ ਰਾਸ਼ਟਰਵਾਦ ਹੈ?।’

‘ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ’

ਰਾਏ ਬਰੇਲੀ: ਬੱਚਿਆਂ ਦੇ ਹੱਕਾਂ ਬਾਰੇ ਕੌਮੀ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਇਕ ਦਿਨ ਮਗਰੋਂ ਪ੍ਰਿਯੰਕਾ ਨੇ ਅੱਜ ਕਿਹਾ ਕਿ ਉਸ ਨੇ ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ ਸੀ। ਉਨ੍ਹਾਂ ਕਿਹਾ, ‘ਕੁਝ ਬੱਚੇ ਆਪਸ ਵਿੱਚ ਖੇਡ ਰਹੇ ਸਨ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਈ ਤਾਂ ਉਨ੍ਹਾਂ ਕੁਝ ਨਾਅਰੇ ਲਾਏ। ਜਿਵੇਂ ਹੀ ਉਨ੍ਹਾਂ ਕੁਝ ਗ਼ਲਤ ਨਾਅਰੇ ਲਾਏ ਤਾਂ ਮੈਂ ਉਨ੍ਹਾਂ ਨੂੰ ਰੋਕਿਆ ਤੇ ਇਹਦੀ ਥਾਂ ਚੰਗੇ ਨਾਅਰੇ ਲਾਉਣ ਲਈ ਕਿਹਾ।’ ਕਮਿਸ਼ਨ ਨੇ ਚੋਣ ਮੁਹਿੰਮ ਦੌਰਾਨ ਬੱਚਿਆਂ ਦੀ ਕਥਿਤ ਵਰਤੋਂ ਬਾਰੇ ਸ਼ਿਕਾਇਤ ਮਿਲਣ ਮਗਰੋਂ ਪ੍ਰਿਯੰਕਾ ਨੂੰ ਨੋਟਿਸ ਜਾਰੀ ਕੀਤਾ ਸੀ।

ਬਸਪਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ: ਮਾਇਆਵਤੀ

ਲਖਨਊ, ਅਪਰੈਲ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮਾਮਲੇ ’ਚ ਕਾਂਗਰਸ ਭਾਜਪਾ ਤੋਂ ਘੱਟ ਨਹੀਂ ਹੈ। ਮਾਇਆਵਤੀ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਮੱਧ ਪ੍ਰਦੇਸ਼ ਦੀ ਗੁਨਾ ਲੋਕ ਸਭਾ ਸੀਟ ’ਤੇ ਬਸਪਾ ਦੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੇ ਡਰਾ-ਧਮਕਾ ਕੇ ਬਿਠਾ ਦਿੱਤਾ, ਪਰ ਬਸਪਾ ਇੱਥੇ ਆਪਣੇ ਚੋਣ ਚਿੰਨ੍ਹ ’ਤੇ ਹੀ ਲੜ ਕੇ ਇਸ ਦਾ ਜਵਾਬ ਦੇਵੇਗੀ ਤੇ ਹੁਣ ਕਾਂਗਰਸ ਸਰਕਾਰ ਨੂੰ ਆਪਣਾ ਸਮਰਥਨ ਜਾਰੀ ਰੱਖਣ ’ਤੇ ਵੀ ਮੁੜ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ, ਮੱਧ ਪ੍ਰਦੇਸ਼ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਕਾਂਗਰਸ ਉੱਥੇ ਭਾਜਪਾ ਨਾਲ ਘੱਟ ਤੇ ਬਸਪਾ ਨਾਲ ਜ਼ਿਆਦਾ ਲੜ ਰਹੀ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਇਸ ਤਰ੍ਹਾਂ ਭਾਜਪਾ ’ਤੇ ਤਾਂ ਕਾਫ਼ੀ ਮਿਹਰਬਾਨ ਜਾਪਦੀ ਹੈ ਪਰ ਬਸਪਾ ਦੇ ਲੋਕਾਂ ’ਤੇ ਫ਼ਰਜ਼ੀ ਮੁਕੱਦਮੇ ਆਦਿ ਦਰਜ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਡਰਾ-ਧਮਕਾ ਕੇ ਤੇ ਲਾਲਚ ਦੇ ਕੇ ਤੋੜ ਕੇ ਬਸਪਾ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਦੋਗਲਾ ਚਿਹਰਾ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਇਹ ਸਾਜ਼ਿਸ਼ ਉਸ ਵੇਲੇ ਕਰ ਰਹੀ ਹੈ ਜਦ ਬਸਪਾ ਨੇ ਭਾਜਪਾ ਖ਼ਿਲਾਫ਼, ਕਾਂਗਰਸ ਨੂੰ ਇੱਥੋਂ ਬਾਹਰ ਤੋਂ ਆਪਣਾ ਸਮਰਥਨ ਦੇ ਦਿੱਤਾ ਹੈ। ਮਾਇਆਵਤੀ ਨੇ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪੁਰਾਣਾ ਰਵੱਈਆ ਛੱਡਣ ਲਈ ਤਿਆਰ ਨਹੀਂ।

ਭਾਰਤੀ ਫੌਜ ਨੇ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਮਿਲਣ ਦਾ ਦਾਅਵਾ ਕੀਤਾ

ਨਵੀਂ ਦਿੱਲੀ, ਅਪਰੈਲ ਨੇਪਾਲ ਵਿੱਚ ਇਕ ਚੋਟੀ ਨੂੰ ਸਰ ਕਰਨ ਦੀ ਮੁਹਿੰਮ ’ਤੇ ਨਿਕਲੇ ਭਾਰਤੀ ਫ਼ੌਜ ਦੇ ਪਰਬਤਾਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਿਮ ਮਾਨਵ, ਜਿਸ ਨੂੰ ਪੌਰਾਣਿਕ ਕਥਾਵਾਂ ਵਿੱਚ ਯੇਤੀ ਕਿਹਾ ਜਾਂਦਾ ਹੈ, ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ। ਭਾਰਤੀ ਫ਼ੌਜ ਦੇ ਏਡੀਜੀਪੀਆਈ ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵਿਗਿਆਨਕ ਭਾਈਚਾਰਾ ਹਾਲਾਂਕਿ ਯੇਤੀ ਸਬੰਧੀ ਪੁਰਾਣਕ ਕਥਾਵਾਂ ਨੂੰ ਮਿੱਥ ਮੰਨਦਾ ਹੈ। ਯੇਤੀ ਅਸਲ ਵਿੱਚ ਨੇਪਾਲੀ ਲੋਕ-ਕਥਾਵਾਂ ਦਾ ਹਿੱਸਾ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਹਿਮ ਮਾਨਵ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਉੱਚੀਆਂ ਟੀਸੀਆਂ ’ਤੇ ਰਹਿੰਦਾ ਹੈ।
ਦੱਸਿਆ ਗਿਆ ਹੈ ਕਿ ਮੇਜਰ ਮਨੋਜ ਜੋਸ਼ੀ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਫ਼ੌਜ ਦੀ ਪਰਬਤਾਰੋਹੀਆਂ ਦੀ ਮੁਹਿੰਮ ਟੀਮ ਨੇ 9 ਅਪਰੈਲ ਨੂੰ ਮਾਊਂਟ ਮਕਾਲੂ ਨੇੜਲੇ ਬੇਸ ਕੈਂਪ ਕੋਲ 32X15 ਇੰਚ ਦੇ ਨਾਪ ਦੇ ਪੌਰਾਣਿਕ ਜਾਨਵਰ ਯੇਤੀ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ। ਵੱਡ ਅਕਾਰੀ ਪੈਰਾਂ ਦੇ ਇਹ ਨਿਸ਼ਾਨ ਪੂਰਬੀ ਨੇਪਾਲ ਦੇ ਹਿੱਸੇ ਕੋਲ ਦੇਖੇ ਗਏ ਹਨ। ਫੌਜ ਵੱਲੋਂ ਇਨ੍ਹਾਂ ਨਿਸ਼ਾਨਾਂ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵੱਡੇ ਆਕਾਰ ਦੇ ਪੈਰਾਂ ਦੇ ਨਿਸ਼ਾਨ ਇਕ ਕਤਾਰ ਵਿੱਚ ਸਿੱਧੇ ਇਕ ਪਾਸੇ ਜਾ ਰਹੇ ਹਨ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਇਨ੍ਹਾਂ ਤਸਵੀਰਾਂ ਨੂੰ ਸਬੰਧਤ ਮਾਹਿਰਾਂ ਨਾਲ ਸਾਂਝਿਆਂ ਕਰੇਗੀ। ਟੀਮ ਨੇ ਸੈਟੇਲਾਈਟ ਕਮਿਊਨੀਕੇਸ਼ਨ ਜ਼ਰੀਏ ਇਹ ਤਸਵੀਰਾਂ ਭੇਜੀਆਂ ਹਨ। ਮਕਾਲੂ ਵਿਸ਼ਵ ਦੀ ਪੰਜਵੀ ਸਭ ਤੋਂ ਉੱਚੀ ਚੋਟੀ ਹੈ, ਜਿਸ ਦੀ ਉਚਾਈ ਲਗਪਗ 8485 ਮੀਟਰ ਹੈ। ਪਿਛਲੇ ਸਮੇਂ ਵਿੱਚ ਇਸ ਰਹੱਸਮਈ ਹਿਮ ਮਾਨਵ ਨੂੰ ਮਕਾਲੂ-ਬਾਰੂਨ ਨੈਸ਼ਨਲ ਪਾਰਕ ਨੇੜੇ ਵੇਖੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਯੇਤੀ ਬਾਰੇ ਕਈ ਪੌਰਾਣਿਕ ਲੋਕ ਕਥਾਵਾਂ ਪ੍ਰਚੱਲਿਤ ਹਨ ਕਿ ਉਹ ਨੇਪਾਲ ਤੇ ਤਿੱਬਤ ਦੇ ਹਿਮਾਲਿਆਈ ਖੇਤਰ ਵਿੱਚ ਰਹਿੰਦਾ ਹੈ।

ਸਿੱਖ ਕਤਲੇਆਮ: ਸੁਪਰੀਮ ਕੋਰਟ ਵੱਲੋਂ 15 ਬਰੀ

ਨਵੀਂ ਦਿੱਲੀ, ਅਪਰੈਲ ਸੰਨ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਮਾਰੇ ਗਏ 95 ਸਿੱਖਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 15 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਕੋਈ ਸਿੱਧਾ ਸਬੂਤ ਨਹੀਂ ਹੈ ਤੇ ਇਨ੍ਹਾਂ ਦੀ ਗਵਾਹਾਂ ਨੇ ਵੀ ਸ਼ਨਾਖ਼ਤ ਨਹੀਂ ਕੀਤੀ ਸੀ, ਇਸ ਲਈ ਇਨ੍ਹਾਂ ਨੂੰ ਬਰੀ ਕੀਤਾ ਜਾਵੇ। ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਪੂਰਬੀ ਦਿੱਲੀ ਵਿਚ ਹੋਏ ਕਤਲੇਆਮ ਸਬੰਧੀ ਦਾਇਰ ਕੇਸ ਦੀ ਸੁਣਵਾਈ 28 ਨਵੰਬਰ 2018 ਨੂੰ ਕੀਤੀ ਸੀ। ਹਾਈ ਕੋਰਟ ਨੇ 88 ਦੋਸ਼ੀਆਂ ਬਾਰੇ ਦੰਗਾ ਕਰਨ ਅਤੇ ਕਈ ਥਾਈਂ ਅੱਗ ਲਾਉਣ ਦੇ ਹੇਠਲੀ ਅਦਾਲਤ ਵੱਲੋਂ 1996 ਵਿੱਚ ਕੀਤੇ ਗਏ ਫ਼ੈਸਲੇ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੂੰ ਮਿਲੀ 5-5 ਸਾਲ ਦੀ ਕੈਦ ਬਰਕਰਾਰ ਰੱਖੀ ਸੀ। ਦੋਸ਼ੀਆਂ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅੱਜ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਉਲਟਾ ਦਿੱਤਾ।
ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੇਸ਼ ਦੇ ਹੋਰ ਹਿੱਸਿਆਂ ਸਮੇਤ ਰਾਜਧਾਨੀ ਦਿੱਲੀ ਵਿਚ ਭੜਕੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਪੁਲੀਸ ਨੇ ਤ੍ਰਿਲੋਕਪੁਰੀ ਵਿਚ 95 ਸਿੱਖਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਤ੍ਰਿਲੋਕਪੁਰੀ ਦੀਆਂ ਕੁਝ ਗਲੀਆਂ ਨੂੰ ਘੇਰ ਕੇ ਦੰਗਾਕਾਰੀਆਂ ਨੇ ਸਿੱਖਾਂ ਨੂੰ ਜਿਊਂਦੇ ਸਾੜਿਆ ਸੀ ਤੇ ਉਨ੍ਹਾਂ ਦੇ 100 ਤੋਂ ਵਧ ਘਰਾਂ ਨੂੰ ਅੱਗ ਲਾ ਦਿੱਤੀ ਸੀ। ਹੇਠਲੀ ਅਦਾਲਤ ਨੇ 1996 ਵਿੱਚ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ ਪਰ ਕਿਸੇ ਵੀ ਦੋਸ਼ੀ ਨੂੰ ਕਤਲ ਦੀਆਂ ਧਾਰਾਵਾਂ ਹੇਠ ਸਜ਼ਾ ਨਹੀਂ ਦਿੱਤੀ ਸੀ। ਉਨ੍ਹਾਂ ਖ਼ਿਲਾਫ਼ ਕਰਫਿਊ ਦੀ ਉਲੰਘਣਾ ਕਰਨ ਅਤੇ ਹਿੰਸਾ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਇਸ ਇਲਾਕੇ ਵਿੱਚ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸੀ।

ਚੋਣ ਜ਼ਾਬਤਾ: ਮੋਦੀ ਨੂੰ ਕਲੀਨ ਚਿੱਟ

ਨਵੀਂ ਦਿੱਲੀ, ਅਪਰੈਲ  ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਧਾ ਵਿੱਚ ਚੋਣ ਰੈਲੀ ਦੌਰਾਨ ਕੀਤੀ ਤਕਰੀਰ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਮੋਦੀ ਦੀ ਇਸ ਤਕਰੀਰ ਨੂੰ ਆਦਰਸ਼ ਚੋਣ ਜ਼ਾਬਤੇ ਦਾ ਉਲੰਘਣ ਦੱਸਿਆ ਸੀ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਵਰਧਾ ਵਿੱਚ ਪਹਿਲੀ ਅਪਰੈਲ ਨੂੰ ਕੀਤੀ ਤਕਰੀਰ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਸੀ। ਸ੍ਰੀ ਮੋਦੀ ਨੇ ਤਕਰੀਰ ਦੌਰਾਨ ਵਇਆਨਾਡ ਤੋਂ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕਰਦਿਆਂ ‘ਇਸ਼ਾਰਾ’ ਕੀਤਾ ਸੀ ਕਿ ਕੇਰਲਾ ਸੰਸਦੀ ਹਲਕੇ ਵਿੱਚ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਵੱਧ ਹੈ।
ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘ਆਦਰਸ਼ ਚੋਣ ਜ਼ਾਬਤੇ ਤੇ ਲੋਕ ਨੁਮਾਇੰਦਗੀ ਐਕਟ ਦੇ ਦਿਸ਼ਾ-ਨਿਰਦੇਸ਼ਾਂ/ਵਿਵਸਥਾਵਾਂ ਤੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਮੁਤਾਬਕ ਇਸ ਸਾਰੇ ਮੁੱਦੇ ਦੀ ਤਫ਼ਸੀਲ ’ਚ ਕੀਤੀ ਜਾਂਚ ਮਗਰੋਂ ਕਮਿਸ਼ਨ ਦਾ ਇਹ ਵਿਚਾਰ ਹੈ ਕਿ ਇਸ ਮਾਮਲੇ (ਵਰਧਾ ਵਿੱਚ ਕੀਤੀ ਤਕਰੀਰ ਦੌਰਾਨ) ਵਿਚ ਕਿਸੇ ਤਰ੍ਹਾਂ ਵੀ ਉਲੰਘਣਾ ਨਹੀਂ ਹੋਈ।’ ਕਾਂਗਰਸ ਨੇ ਇਸ

ਮਹੀਨੇ ਦੀ ਸ਼ੁਰੂਆਤ ਵਿੱਚ ਚੋਣ ਕਮਿਸ਼ਨ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ‘ਵੰਡਪਾਊ’ ਤਕਰੀਰਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਕਾਂਗਰਸ ਨੇ ਚੋਣ ਪੈਨਲ ਕੋਲ ਰਸਾਈ ਕਰਦਿਆਂ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀਆਂ ਚੋਣ ਰੈਲੀਆਂ ਦੌਰਾਨ ਬਾਲਾਕੋਟ ਹਵਾਈ ਹਮਲਿਆਂ ਤੇ ਪੁਲਵਾਮਾ ਦਹਿਸ਼ਤੀ ਹਮਲੇ ਜਿਹੇ ਮੁੱਦਿਆਂ ਨੂੰ ਉਭਾਰ ਕੇ ਦੇਸ਼ ਦੀ ਫ਼ੌਜ ਦੀ ਚੋਣ ਮੰਤਵਾਂ ਲਈ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

ਸ੍ਰੀਨਗਰ-ਲੇਹ ਮਾਰਗ ਚਾਰ ਮਹੀਨਿਆਂ ਬਾਅਦ ਖੁੱਲ੍ਹਿਆ

ਜ਼ੋਜੀਲਾ (ਜੰਮੂ-ਕਸ਼ਮੀਰ),  ਅਪਰੈਲ  ਕਸ਼ਮੀਰ ਵਾਦੀ ਨੂੰ ਲੱਦਾਖ ਖੇਤਰ ਨਾਲ ਜੋੜਨ ਵਾਲਾ 434 ਕਿਲੋਮੀਟਰ ਲੰਬਾ ਸ੍ਰੀਨਗਰ-ਲੇਹ ਸ਼ਾਹਰਾਹ, ਚਾਰ ਮਹੀਨਿਆਂ ਬਾਅਦ ਅੱਜ ਆਵਾਜਾਈ ਲਈ ਖੁੱਲ੍ਹ ਗਿਆ। ਭਾਰੀ ਬਰਫ਼ਬਾਰੀ ਕਾਰਨ ਇਹ ਮਾਰਗ ਬੰਦ ਹੋ ਗਿਆ ਸੀ। ਇੱਥੇ ਜ਼ੀਰੋ ਪੁਆਇੰਟ ’ਤੇ ਹੋਏ ਇਕ ਸਮਾਰੋਹ ਦੌਰਾਨ ਭਾਰਤੀ ਫ਼ੌਜ ਦੀ 15 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਹੋਰ ਅਧਿਕਾਰੀਆਂ ਦੇ ਨਾਲ ਸ਼ਾਹਰਾਹ ਨੂੰ ਮੁੜ ਖੋਲ੍ਹਿਆ। ਇਹ ਸ਼ਾਹਰਾਹ ਲੰਘੇ ਸਾਲ ਦਸੰਬਰ ਮਹੀਨੇ ਦੇ ਅੱਧ ਵਿੱਚ ਗੰਦਰਬਲ ਜ਼ਿਲ੍ਹੇ ’ਚ ਗਗਨਗੀਰ ਤੋਂ ਲੈ ਕੇ ਕਾਰਗਿਲ ਜ਼ਿਲ੍ਹੇ ’ਚ ਦਰਾਸ ਤੱਕ ਹੋਈ ਭਾਰੀ ਬਰਫ਼ਬਾਰੀ ਕਾਰਨ ਬੰਦ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਗਗਨਗੀਰ ਤੋਂ ਜ਼ੀਰੋ ਪੁਆਇੰਟ ਤੱਕ ਬਰਫ਼ ਹਟਾਉਣ ਦਾ ਕੰਮ ਸੀਮਾ ਸੜਕ ਸੰਗਠਨ ਵੱਲੋਂ ਪ੍ਰਾਜੈਕਟ ਬੈਕਨ ਤਹਿਤ ਕੀਤਾ ਗਿਆ, ਜਦੋਂਕਿ ਦਰਾਸ ਤੋਂ ਜ਼ੀਰੋ ਪੁਆਇੰਟ ਤੱਕ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਪ੍ਰਾਜੈਕਟ ਵਿਨਾਇਕ ਅਧੀਨ ਕੀਤਾ ਗਿਆ। ਪ੍ਰਾਜੈਕਟ ਬੈਕਨ 14 ਅਪਰੈਲ ਨੂੰ ਪ੍ਰਾਜੈਕਟ ਵਿਨਾਇਕ ਤੋਂ ਇਕ ਦਿਨ ਪਹਿਲਾਂ ਪੂਰਾ ਹੋ ਗਿਆ ਸੀ। ਦੋਵੇਂ ਅਪਰੇਸ਼ਨ 5 ਮਾਰਚ ਨੂੰ ਸ਼ੁਰੂ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨ ਲਈ ਡੋਜ਼ਰਜ਼, ਅਰਥਮੂਵਰਜ਼, ਵ੍ਹੀਲ ਲੋਡਰਜ਼, ਸਨੋਅ ਕਟਰਜ਼ ਅਤੇ ਹੋਰ ਸਰੋਤਾਂ ਦਾ ਇਸਤੇਮਾਲ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਵਿੱਚ ਬਰਫ਼ ਦੀਆਂ ਢਿੱਗਾਂ ਡਿੱਗਣ, ਬੇਹੱਦ ਖ਼ਰਾਬ ਮੌਸਮ ਅਤੇ ਕਈ ਥਾਵਾਂ ’ਤੇ 30 ਤੋਂ 40 ਫੁੱਟ ਬਰਫ਼ਬਾਰੀ ਹੋਣ ਵਰਗੀਆਂ ਸਮੱਸਿਆਵਾਂ ਸਨ। ਇਸ ਦੇ ਨਾਲ ਹੀ ਘੱਟ ਤਾਪਮਾਨ ਕਾਰਨ ਪਾਣੀ ਜੰਮਣ ਦਾ ਖ਼ਤਰਾ ਵੀ ਸੀ। ਉਨ੍ਹਾਂ ਕਿਹਾ ਕਿ ਬਰਫ਼ ਹਟਾਉਣ ਦਾ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਪੂਰਾ ਕੀਤਾ ਗਿਆ ਪਰ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਲੇ ਵਿਅਕਤੀਆਂ ਦੀ ਸ਼ਲਾਘਾ ਕਰਨੀ ਬਣਦੀ ਹੈ।

ਕੇਜਰੀਵਾਲ ਤੇ ਹੋਰਨਾਂ ਖ਼ਿਲਾਫ਼ ਗੈਰਜ਼ਮਾਨਤੀ ਵਾਰੰਟ

ਨਵੀਂ ਦਿੱਲੀ-  ਦਿੱਲੀ ਦੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗੇਂਦਰ ਯਾਦਵ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੇ ਮਾਮਲੇ ’ਚ ਪੇਸ਼ ਹੋਣ ਵਿੱਚ ਨਾਕਾਮ ਰਹਿਣ ’ਤੇ ਗ਼ੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਚੀਫ ਜਸਟਿਸ ਖ਼ਿਲਾਫ਼ ਸਾਜ਼ਿਸ਼ ਰਚੇ ਜਾਣ ਦਾ ਦਾਅਵਾ

ਚੀਫ ਜਸਟਿਸ ਖਿ਼ਲਾਫ਼ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਮੰਗੀ

ਚੀਫ ਜਸਟਿਸ ਦਾ ਆਪਣੇ ਖਿ਼ਲਾਫ਼ ਕੇਸ ਦੀ ਸੁਣਵਾਈ ਕਰਨਾ ਗਲਤ- ਹੇਗੜੇ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਵਕੀਲ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਨੇ ਦਾਅਵਾ ਕੀਤਾ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਦੇ ਝੂਠੇ ਮਾਮਲੇ ’ਚ ਫਸਾ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਚੀਫ ਜਸਟਿਸ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਜਸਟਿਸ ਐੱਸਏ ਬੋਬੜੇ ਕਰਨਗੇ।
ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐੱਫ ਨਰੀਮਨ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ‘ਨਿਆਂ ਪਾਲਿਕਾ ਦੀ ਆਜ਼ਾਦੀ ਨਾਲ ਸਬੰਧਤ ਸਭ ਤੋਂ ਅਹਿਮ ਜਨਤਕ ਮਾਮਲਾ’ ਦੇ ਸਿਰਲੇਖ ਹੇਠ ਸੂਚੀਬੱਧ ਮਾਮਲੇ ਦੀ ਸੁਣਵਾਈ ਕਰਦਿਆਂ ਵਕੀਲ ਉਤਸਵ ਬੈਂਸ ਨੂੰ ਨੋਟਿਸ ਜਾਰੀ ਕਰਕੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਸ ਮਾਮਲੇ ’ਤੇ 24 ਅਪਰੈਲ ਨੂੰ ਸਵੇਰੇ ਸਾਢੇ ਦਸ ਵਜੇ ਮੁੜ ਸੁਣਵਾਈ ਹੋਵੇਗੀ। ਉਤਸਵ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਕਰਮਚਾਰੀ ਦੀ ਅਗਵਾਈ ਕਰਨ ਅਤੇ ਚੀਫ ਜਸਟਿਸ ਖ਼ਿਲਾਫ਼ ਪ੍ਰੈੱਸ ਕਲੱਬ ਆਫ ਇੰਡੀਆ ’ਚ ਪ੍ਰੈੱਸ ਕਾਨਫਰੰਸ ਕਰਨ ਲਈ ਡੇਢ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਉਤਸਵ ਬੈਂਸ ਨੇ ਸ਼ਨਿਚਰਵਾਰ ਨੂੰ ਵਾਪਰੇ ਘਟਨਾਕ੍ਰਮ ਬਾਰੇ ਬੀਤੇ ਦਿਨ ਅਦਾਲਤ ’ਚ ਹਲਫਨਾਮਾ ਦਾਇਰ ਕੀਤਾ ਸੀ। ਸ਼ਨਿਚਰਵਾਰ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ ਸੀ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅਤੇ ਉਹ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ ਲਈ ਏਨਾ ਹੇਠਾਂ ਨਹੀਂ ਜਾਣਗੇ।
ਬੈਂਸ ਨੇ ਹਲਫਨਾਮੇ ’ਚ ਕਿਹਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਬਾਰੇ ਸੁਣ ਕੇ ਹੈਰਾਨ ਸੀ ਅਤੇ ਉਹ ਸ਼ਿਕਾਇਤਕਰਤਾ ਦੀ ਅਗਵਾਈ ਕਰਨਾ ਚਾਹੁੰਦਾ ਸੀ ਪਰ ਜਦੋਂ ਅਜੈ ਨੇ ਪੂਰੀ ਘਟਨਾ ਤੇ ਤੱਥਾਂ ਦਾ ਸਿਲਸਿਲੇਵਾਰ ਜ਼ਿਕਰ ਕੀਤਾ ਤਾਂ ਉਹ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਤੇ ਉਸ ਨੂੰ ਅਜੈ ਦੀ ਕਹਾਣੀ ’ਚ ਕਈ ਕਮੀਆਂ ਨਜ਼ਰ ਆਈਆਂ।
ਹਲਫਨਾਮੇ ਮੁਤਾਬਕ ਉਸ ਨੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਸ਼ਿਕਾਇਤਕਰਤਾ ਨਾਲ ਗੱਲਬਾਤ ਕਰਨੀ ਚਾਹੀ ਪਰ ਅਜੈ ਨੇ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸ ਦਾ ਸ਼ੱਕ ਵੱਧ ਗਿਆ। ਉਸ ਨੇ ਕਿਹਾ ਕਿ ਜਦੋਂ ਚੀਫ ਜਸਟਿਸ ਨੂੰ ਫਸਾਉਣ ਲਈ ਉਕਤ ਅਜੈ ਵੱਲੋਂ ਕੀਤੀ 50 ਲੱਖ ਰੁਪਏ ਦੀ ਪੇਸ਼ਕਸ਼ ਨਾਮਨਜ਼ੂਰ ਕਰ ਦਿੱਤੀ ਤਾਂ ਉਸ ਨੇ ਫੀਸ ਵਧਾ ਕੇ ਡੇਢ ਕਰੋੜ ਰੁਪਏ ਕਰ ਦਿੱਤੀ। ਇਸ ਮਗਰੋਂ ਉਸ ਨੇ ਉਸ ਵਿਅਕਤੀ ਨੂੰ ਤੁਰੰਤ ਆਪਣੇ ਦਫ਼ਤਰ ’ਚੋਂ ਚਲੇ ਜਾਣ ਲਈ ਕਿਹਾ। ਹਲਫਨਾਮੇ ’ਚ ਦਾਅਵਾ ਕੀਤਾ ਗਿਆ ਹੈ, ‘ਉਸ ਦੇ ਭਰੋਸੇਯੋਗ ਸੂਤਰਾਂ ਨੇ ਚੋਣਵੇਂ ‘ਦਲਾਲਾਂ’ ਬਾਰੇ ਦੱਸਿਆ ਸੀ ਜੋ ਗੈਰਕਾਨੂੰਨੀ ਢੰਗ ਨਾਲ ਪੈਸਾ ਲੈ ਕੇ ਫ਼ੈਸਲੇ ਕਰਵਾਉਣ ਦੇ ਕਾਰੋਬਾਰ ’ਚ ਸ਼ਾਮਲ ਸਨ ਅਤੇ ਚੀਫ ਜਸਟਿਸ ਨੇ ਅਜਿਹੇ ਦਲਾਲਾਂ ਖ਼ਿਲਾਫ਼ ਮੁਹਿੰਮ ਚਲਾ ਰੱਖੀ ਸੀ।’ 

ਚੀਫ ਜਸਟਿਸ ਖਿ਼ਲਾਫ਼ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਮੰਗੀ
ਨਵੀਂ ਦਿੱਲੀ: ਚੀਫ ਜਸਟਿਸ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਦੀ ਮੰਗ ਕਰਦਿਆਂ ਪ੍ਰਸ਼ਾਂਤ ਭੂਸ਼ਨ ਤੇ ਅਰੁਣਾ ਰੌਇ ਸਮੇਤ ਕੁਝ ਸਮਾਜਿਕ ਕਾਰਕੁਨਾਂ ਨੇ ਕਿਹਾ ਕਿ ਜੇਕਰ ਇਸ ਚੁਣੌਤੀ ਨਾਲ ਸੁਪਰੀਮ ਕੋਰਟ ਭਰੋਸੇਯੋਗਤਾ ਨਾਲ ਨਹੀਂ ਨਜਿੱਠਦਾ ਤਾਂ ਜਨਤਾ ਦਾ ਨਿਆਂਪਾਲਿਕਾ ’ਚ ਭਰੋਸਾ ਘਟ ਜਾਵੇਗਾ। ਮੇਧਾ ਪਟਕਰ, ਅਰੁੰਧਤੀ ਰੌਇ, ਪੱਤਰਕਾਰ ਪੀ ਸਾਈਨਾਥ, ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਤੇ ਸੀਪੀਆਈ ਆਗੂ ਐਨੀ ਰਾਜਾ ਸਮੇਤ ਕਈ ਹੋਰ ਸਮਾਜਿਕ ਕਾਰਕੁਨਾਂ ਤੇ ਲੇਖਕਾਂ ਨੇ ਵੀ ਮੰਗ ਕੀਤੀ ਹੈ ਕਿ ਜਸਟਿਸ ਗੋਗੋਈ ਖ਼ਿਲਾਫ਼ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। 

ਚੀਫ ਜਸਟਿਸ ਦਾ ਆਪਣੇ ਖਿ਼ਲਾਫ਼ ਕੇਸ ਦੀ ਸੁਣਵਾਈ ਕਰਨਾ ਗਲਤ- ਹੇਗੜੇ
ਹੈਦਰਾਬਾਦ: ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਨ ਸੰਤੋਸ਼ ਹੇਗੜੇ ਨੇ ਕਿਹਾ ਕਿ ਚੀਫ ਜਸਟਿਸ ਰੰਜਨ ਗੋਗੋਈ ਵੱਲੋਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਨਾ ਪੂਰੀ ਤਰ੍ਹਾਂ ਕਾਨੂੰਨ ਦੇ ਖ਼ਿਲਾਫ਼ ਤੇ ਨੈਤਿਕਤਾ ਤੋਂ ਉਲਟ ਹੈ। ਹਾਲਾਂਕਿ ਉਨ੍ਹਾਂ ਜਸਟਿਸ ਗੋਗੋਈ ’ਤੇ ਲੱਗੇ ਦੋਸ਼ਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਚੀਫ ਜਸਟਿਸ ਦਾ ਇਸ ਕੇਸ ਦੀ ਸੁਣਵਾਈ ਕਰਨ ਨਿਯਮਾਂ ਦੇ ਖ਼ਿਲਾਫ਼ ਹੈ।

ਸ੍ਰੀਲੰਕਾ ’ਚ ਲੜੀਵਾਰ ਧਮਾਕੇ; ਤਿੰਨ ਭਾਰਤੀਆਂ ਸਣੇ 215 ਹਲਾਕ

ਕੋਲੰਬੋ, ਅਪਰੈਲ    ਸ੍ਰੀਲੰਕਾ ਵਿੱਚ ਈਸਟਰ ਮੌਕੇ ਅੱਜ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 215 ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿੱਚ ਹੋਏ। ਇਨ੍ਹਾਂ ਧਮਾਕਿਆਂ ਨੇ ਲਿੱਟੇ ਨਾਲ ਘਰੇਲੂ ਜੰਗ ਦੇ ਖਾਤਮੇ ਬਾਅਦ ਇਕ ਦਹਾਕੇ ਤੋਂ ਚੱਲੀ ਆ ਰਹੀ ਸ਼ਾਂਤੀ ਭੰਗ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ। ਇਹ ਧਮਾਕੇ ਕੋਲੰਬੋ ਸਥਿਤ ਸੇਂਟ ਐਂਥਨੀਜ਼ ਚਰਚ, ਨਿਗੋਂਬੋ ਦੇ ਪੱਛਮੀ ਤੱਟੀ ਸ਼ਹਿਰ ਦੀ ਸੇਂਟ ਸੇਬੈਸਟੀਅਨਜ਼ ਚਰਚ ਅਤੇ ਬੱਟੀਕਲੋਆ ਦੇ ਪੂਰਬੀ ਸ਼ਹਿਰ ਵਿਚਲੇ ਚਰਚ ਵਿੱਚ ਐਤਵਾਰ ਨੂੰ ਸਵੇਰੇ 8.45 ਵਜੇ ਉਦੋਂ ਹੋਏ ਈਸਟਰ ਸਭਾ ਚੱਲ ਰਹੀ ਸੀ। ਪੁਲੀਸ ਦੇ ਤਰਜਮਾਨ ਰੁਵਾਨ ਗੁਨਾਸੇਕੇਰਾ ਨੇ ਦੱਸਿਆ ਕਿ ਤਿੰਨ ਪੰਜ ਤਾਰਾ ਹੋਟਲਾਂ ਵਿੱਚ ਵੀ ਧਮਾਕੇ ਹੋਣ ਦੀਆਂ ਖ਼ਬਰਾਂ ਹਨ। ਇਨ੍ਹਾਂ ਹੋਟਲਾਂ ਵਿੱਚ ਕੋਲੰਬੋ ਸਥਿਤ ਸ਼ਾਂਗਰੀ-ਲਾ, ਦਿ ਸਿਨੇਮਨ ਗਰੈਂਡ ਅਤੇ ਕਿੰਗਜ਼ਬਰੀ ਸ਼ਾਮਲ ਹਨ। ਰੁਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 215 ਲੋਕ ਮਾਰੇ ਗਏ ਹਨ। ਐਤਵਾਰ ਨੂੰ ਹੋਏ ਧਮਾਕਿਆਂ ਦੀ ਕਿਸੇ ਵੀ ਧੜੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਇਕ ਅਣਪਛਾਤੇ ਅਧਿਕਾਰੀ ਨੇ ਦੱਸਿਆ ਕਿ ਸਿਨੇਮਨ ਗਰੈਂਡ ਹੋਟਲ ਦੇ ਰੈਸਤਰਾਂ ਵਿੱਚ ਇਕ ਫਿਦਾਈਨ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ਸ਼ੱਕ ਦੇ ਅਧਾਰ ’ਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦੇਸ਼ ਸਕੱਤਰ ਰਵੀਨਾਥ ਅਰੀਆਸਿੰਘੇ ਨੇ ਦੱਸਿਆ ਕਿ ਧਮਾਕਿਆਂ ਵਿੱਚ 27 ਵਿਦੇਸ਼ੀ ਮਾਰੇ ਗਏ ਹਨ। ਪੁਲੀਸ ਅਨੁਸਾਰ ਧਮਾਕਿਆਂ ਵਿੱਚ 500 ਵਿਅਕਤੀ ਜ਼ਖ਼ਮੀ ਹੋਏ ਹਨ। ਨੈਸ਼ਨਲ ਹਸਪਤਾਲ ਦੇ ਡਾਇਰੈਕਟਰ ਡਾ. ਅਨਿਲ ਜੈਸਿੰਘ ਨੇ ਕਿਹਾ ਕਿ ਮਾਰੇ ਗਏ 27 ਵਿਦੇਸ਼ੀ ਨਾਗਰਿਕਾਂ ਵੱਲੋਂ 11 ਦੀ ਸ਼ਨਾਖਤ ਕਰ ਲਈ ਗਈ ਹੈ। ਇਨ੍ਹਾਂ ਵਿੱਚ ਤਿੰਨ ਭਾਰਤੀ, ਦੋ ਚੀਨੀ ਅਤੇ ਇਕ ਇਕ ਪੋਲੈਂਡ, ਡੈਨਮਾਰਕ, ਜਾਪਾਨ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹਨ। ਮਰਨ ਵਾਲੇ ਭਾਰਤੀਆਂ ਦੀ ਪਛਾਣ ਲਕਸ਼ਮੀ, ਨਾਰਾਇਣ ਚੰਦਰ ਸ਼ੇਖਰ ਅਤੇ ਰਮੇਸ਼ ਵਜੋਂ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ ਦੇ ਸੈਲਾਨੀ ਧਮਾਕਿਆਂ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਕੋਲੰਬੋ ਚਿੜੀਆਘਰ ਨੇੜੇ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿੱਚ ਦੋ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਦੀ ਟੀਮ ਇਕ ਘਰ ਦੀ ਤਲਾਸ਼ੀ ਲਈ ਦਾਖਲ ਹੋਈ ਤਾਂ ਇਕ ਫਿਦਾਈਨ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਨਾਲ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਕਾਰਨ ਤਿੰਨ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਅੱਠਵਾਂ ਬੰਬ ਧਮਾਕਾ ਸੀ। ਸਰਕਾਰ ਨੇ ਕਰਫਿਊ ਲਗਾ ਦਿੱਤਾ ਹੈ। ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਛੁੱਟੀ ’ਤੇ ਚੱਲ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੂੰ ਕੰਮ ’ਤੇ ਪਰਤਣ ਲਈ ਕਿਹਾ ਗਿਆ ਹੈ। ਸਰਕਾਰੀ ਸਕੂਲ ਸੋਮਵਾਰ ਅਤੇ ਮੰਗਲਵਾਰ ਲਈ ਬੰਦ ਕਰ ਦਿੱਤੇ ਗਏ ਹੈ। ਕਾਰਡੀਨਲ ਮੈਲਕੌਮ ਰਣਜੀਤ ਨੇ ਕਿਹਾ ਕਿ ਈਸਟਰ ਸਬੰਧੀ ਸਾਰੀਆਂ ਸਭਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ , ‘‘ ਅਚਾਨਕ ਵਾਪਰੀਆਂ ਘਟਨਾਵਾਂ ਤੋਂ ਮੈਨੂੰ ਸਦਮਾ ਲੱਗਾ ਹੈ। ਸੁਰੱਖਿਆ ਬਲਾਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।’’ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਟਵੀਟ ਕਰਕੇ ਇਨ੍ਹਾਂ ਧਮਾਕਿਆਂ ਨੂੰ ‘ਕਾਇਰਾਨਾ ਹਮਲੇ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਕਾਬੂ ਵਿੱਚ ਰੱਖਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸ੍ਰੀਲੰਕਾ ਵਾਸੀਆਂ ਨੂੰ ਅਜਿਹੇ ਸਮੇਂ ਵਿੱਚ ਇਕੱਠੇ ਅਤੇ ਮਜ਼ਬੂਤ ਰਹਿਣ ਦਾ ਸੱਦਾ ਦਿੱਤਾ। ਧਾਰਮਿਕ ਥਾਵਾਂ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰ ਨੇ ਆਰਜ਼ੀ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਹਨ। ਭਾਰਤ ਨੇ ਹਮਲੇ ਦੀ ਨਿਖੇਧੀ ਕਰਦਿਆਂ ਦਹਿਸ਼ਤਗਰਦੀ ਦੇ ਖਾਤਮੇ ਲਈ ਮਜ਼ਬੂਤ ਆਲਮੀ ਕਾਰਵਾਈ ਕਰਨ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਹਾਲਾਤ ’ਤੇ ਨੇੜਿਓਂ ਨਿਗ੍ਹਾ ਰੱਖ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਹਮਲੇ ਨੂੰ ‘ਵਹਿਸ਼ੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ,‘‘ਅਸੀਂ ਆਪਣੀ ਸਰਹੱਦ ਵਿੱਚ ਇਕ ਵਾਰ ਮੁੜ ਅਜਿਹੀਆਂ ਹਿੰਸਕ, ਦਹਿਸ਼ਤੀ ਅਤੇ ਕਾਇਰਾਨਾ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਕੱਠੇ ਇਕ ਆਵਾਜ਼ ਵਿੱਚ ਇਸ ਖ਼ਿਲਾਫ਼ ਖੜ੍ਹੇ ਹਾਂ। ਅਸੀਂ ਮੁਲਕ ਵਜੋਂ ਪੂਰੀ ਤਰ੍ਹਾਂ ਇਕਮੁੱਠ ਹਾਂ। ’’ ਪੋਪ ਫਰਾਂਸਿਸ ਨੇ ਘਟਨਾ ਨੂੰ ‘ਬੇਰਹਿਮ ਹਿੰਸਾ’ ਗਰਦਾਨਿਆ ਹੈ।

ਰਾਫ਼ਾਲ ਸੌਦਾ: ਮੋਦੀ ਸਰਕਾਰ ਨੂੰ ਝਟਕਾ

ਨਵੀਂ ਦਿੱਲੀ,  ਅਪਰੈਲ  ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਅੱਜ ਕੇਂਦਰ ਸਰਕਾਰ ਨੂੰ ਝਟਕਾ ਦਿੰਦਿਆਂ ਰਾਫ਼ਾਲ ਕਰਾਰ ਮਾਮਲੇ ਵਿੱਚ ਆਪਣੇ ਹੀ ਫੈਸਲੇ ’ਤੇ ਨਜ਼ਰਸਾਨੀ ਲਈ ਪਟੀਸ਼ਨਰਾਂ ਵੱਲੋਂ ਦਾਇਰ ਸੱਜਰੇ (ਲੀਕ) ਦਸਤਾਵੇਜ਼ਾਂ ਨੂੰ ਆਧਾਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਇਨ੍ਹਾਂ ਦਸਤਾਵੇਜ਼ਾਂ ’ਤੇ ‘ਵਿਸ਼ੇਸ਼ ਅਧਿਕਾਰ’ ਸਬੰਧੀ ਕੇਂਦਰ ਸਰਕਾਰ ਦੇ ਮੁੱਢਲੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ। ਉਂਜ ਸਿਖਰਲੀ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਨਜ਼ਰਸਾਨੀ ਦੀ ਮੰਗ ਕਰਦੀਆਂ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਬੈਂਚ ਨਾ ਸਿਰਫ਼ ਰਾਫ਼ਾਲ ਜੈੱਟ ਦੀ ਕੀਮਤ ਬਲਕਿ ਰਾਫ਼ਾਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਦਾਸੋ ਦੇ ਭਾਰਤੀ ਔਫਸੈੱਟ ਭਾਈਵਾਲ ਵਜੋਂ ਚੋਣ ਦੇ ਮੁੱਦੇ ਦੀ ਵੀ ਪੜਤਾਲ ਕਰੇਗਾ।
ਕੇਂਦਰ ਨੇ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਸੀ ਕਿ ਪਟੀਸ਼ਨਰਾਂ ਨੇ ਵਿਸ਼ੇਸ਼ ਅਧਿਕਾਰੀ ਵਾਲੇ ਦਸਤਾਵੇਜ਼ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੇ ਸਨ ਤੇ ਸਿਖਰਲੀ ਅਦਾਲਤ ਦੇ 14 ਦਸੰਬਰ 2018 ਦੇ ਫੈਸਲੇ ਖ਼ਿਲਾਫ਼ ਦਾਇਰ ਆਪਣੀ ਨਜ਼ਰਸਾਨੀ ਪਟੀਸ਼ਨਾਂ ਦੀ ਹਮਾਇਤ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ। ਸੁਪਰੀਮ ਕੋਰਟ ਨੇ ਆਪਣੇ ਉਸ ਫੈਸਲੇ ਵਿੱਚ ਫਰਾਂਸ ਤੋਂ 36 ਰਾਫਾਲ ਜੈੱਟਾਂ ਦੀ ਖਰੀਦ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ।
ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.ਕੇ.ਕੌਲ ਤੇ ਜਸਟਿਸ ਕੇ.ਐੱਮ.ਜੋਜ਼ੇਫ਼ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਅਸੀਂ ਨਜ਼ਰਸਾਨੀ ਪਟੀਸ਼ਨਾਂ ’ਤੇ ਵਿਚਾਰ ਬਾਰੇ ਉਜਰ ਕਰਦੇ ਕੇਂਦਰ ਸਰਕਾਰ ਦੇ ਮੁੱਢਲੇ ਇਤਰਾਜ਼ਾਂ ਨੂੰ ਖਾਰਜ ਕਰਦੇ ਹਾਂ।’ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਪਟੀਸ਼ਨਰਾਂ ਵੱਲੋਂ ਪੇਸ਼ ਸੱਜਰੇ ਦਸਤਾਵੇਜ਼ਾਂ ਦੇ ਆਧਾਰ ’ਤੇ ਨਜ਼ਰਸਾਨੀ ਪਟੀਸ਼ਨ ’ਤੇ ਅੱਗੇ ਸੁਣਵਾਈ ਕਰੇਗੀ। ਚੀਫ਼ ਜਸਟਿਸ ਨੇ ਆਪਣੇ ਤੇ ਜਸਟਿਸ ਐਸ.ਕੇ.ਕੌਲ ਵੱਲੋਂ ਫੈਸਲਾ ਸੁਣਾਇਆ। ਦੂਜਾ ਸਹਿਮਤੀ ਵਾਲਾ ਫੈਸਲਾ ਜਸਟਿਸ ਕੇ.ਐੱਮ.ਜੋਜ਼ੇਫ਼ ਨੇ ਸੁਣਾਇਆ। ਉਨ੍ਹਾਂ ਕਿਹਾ ਕਿ ਉਹ ਚੀਫ਼ ਜਸਟਿਸ ਵੱਲੋਂ ਸੁਣਾਏ ਫੈਸਲੇ ਨਾਲ ਇਤਫ਼ਾਕ ਰੱਖਦੇ ਹਨ ਹਾਲਾਂਕਿ ਉਨ੍ਹਾਂ ਆਪਣੇ ਵੱਲੋਂ ਵੱਖਰੇ ਕਾਰਨ ਗਿਣਾਏ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਆਪਣੇ 14 ਦਸੰਬਰ ਦੇ ਫੈਸਲੇ ’ਤੇ ਨਜ਼ਰਸਾਨੀ ਲਈ ਦਾਇਰ ਪਟੀਸ਼ਨਾਂ ’ਤੇ ਗੁਣ-ਦੋਸ਼ ਦੇ ਆਧਾਰ ’ਤੇ ਫੈਸਲਾ ਕਰੇਗੀ। ਉਂਜ ਅਦਾਲਤ ਨੇ ਕਿਹਾ ਕਿ ਉਹ ਸੁਣਵਾਈ ਲਈ ਤਰੀਕ ਤੈਅ ਕਰੇਗੀ।

ਭਾਜਪਾ ਦੀ ਜਿੱਤ ਨਾਲ ਸ਼ਾਂਤੀ ਵਾਰਤਾ ਦੀ ਸੰਭਾਵਨਾ ਵੱਧ: ਇਮਰਾਨ

ਇਸਲਾਮਾਬਾਦ, ਅਪਰੈਲ  ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੇ ਜਿੱਤਣ ਮਗਰੋਂ ਭਾਰਤ ਨਾਲ ਸ਼ਾਂਤੀ ਵਾਰਤਾ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਵਿਦੇਸ਼ੀ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ,‘‘ਜੇਕਰ ਭਾਜਪਾ ਜਿੱਤੀ ਤਾਂ ਕਸ਼ਮੀਰ ’ਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ਕਸ਼ਮੀਰ ਮੁੱਦੇ ’ਤੇ ਸਮਝੌਤਾ ਕਰਨ ਦੇ ਮਾਮਲੇ ’ਚ ਸੱਜੇ ਪੱਖੀ ਧਿਰਾਂ ਦੇ ਪ੍ਰਤੀਕਰਮ ਦਾ ਖ਼ੌਫ਼ ਰਹੇਗਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਕਸ਼ਮੀਰ ਇਕ ਮੁੱਖ ਮੁੱਦਾ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਜੈਸ਼ ਸਮੇਤ ਸਾਰੀਆਂ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ,‘‘ਅਸੀਂ ਅਜਿਹੀਆਂ ਜਥੇਬੰਦੀਆਂ ਦੇ ਮਦਰਸਿਆਂ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ। ਦਹਿਸ਼ਤੀ ਜਥੇਬੰਦੀਆਂ ਨੂੰ ਨਿਹੱਥਾ ਕਰਨ ਲਈ ਸੰਜੀਦਾ ਕਦਮ ਉਠਾਏ ਜਾ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਆਲਮੀ ਭਾਈਚਾਰੇ ਨੇ ਕਾਰਵਾਈ ਕਰਨ ਲਈ ਪਾਕਿਸਤਾਨ ਨੂੰ ਮਜਬੂਰ ਕੀਤਾ ਹੈ।

ਮੋਦੀ ਨੇ ਬਾਲਾਕੋਟ ਕਾਰਵਾਈ ਬਦਲੇ ਮੰਗੀਆਂ ਵੋਟਾਂ

ਔਸਾ (ਮਹਾਰਾਸ਼ਟਰ),  ਅਪਰੈਲ  ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਾਂਗਰਸ ’ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਨੇਤਾਵਾਂ ਨੇ ਸਮਝਦਾਰੀ ਨਾਲ ਕੰਮ ਲਿਆ ਹੁੰਦਾ ਤਾਂ ਪਾਕਿਸਤਾਨ ਨਾ ਬਣਦਾ। ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਹਿਲੀ ਵਾਰ ਮਤਦਾਨ ਕਰਨ ਵਾਲੇ ਵੋਟਰਾਂ ਤੋਂ ਬਾਲਾਕੋਟ ਦੇ ਨਾਂ ’ਤੇ ਵੋਟ ਮੰਗ ਕੇ ਮੋਦੀ ਆਦਰਸ਼ ਚੋਣ ਜ਼ਾਬਤੇ ਦੇ ਦਾਇਰੇ ਵਿੱਚ ਵੀ ਜਾਂਦੇ ਨਜ਼ਰ ਆਏ। ਮੋਦੀ ਨੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਲੋਕਾਂ ਨੂੰ ਕਿਹਾ, ‘‘ ਕੀ ਤੁਹਾਡੀ ਪਹਿਲੀ ਵੋਟ ਹਵਾਈ ਹਮਲਾ ਕਰਨ ਵਾਲੇ ਲੋਕਾਂ ਲਈ ਹੋ ਸਕਦੀ ਹੈ। ’’ ਮੋਦੀ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੇ ਜੇ ਸਮਝਦਾਰੀ ਦਿਖਾਈ ਹੁੰਦੀ ਤਾਂ 1947 ਵਿੱਚ ਪਾਕਿਸਤਾਨ ਨਾ ਬਣਦਾ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਪਾਕਿਸਤਾਨ ਦੀ ਭਾਸ਼ਾ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਮੋਦੀ ਨੇ ਕਾਂਗਰਸ ਅਤੇ ਉਨ੍ਹਾਂ ਦੇ ਭਾਈਵਾਲ ਰਾਸ਼ਟਰੀ ਕਾਂਗਰਸ ਪਾਰਟੀ ਪ੍ਰਮੁੱਖ ਸ਼ਰਦ ਪਵਾਰ ’ਤੇ ਹਮਲਾ ਕਰਦਿਆਂ ਮੋਦੀ ਨੇ ਪੁੱਛਿਆ ਕਿ ਕੀ ਮਰਾਠਾ ਤਾਕਤਵਰ ਨੂੰ ਅਜਿਹੇ ਵਿਚਾਰ ਵਾਲੀ ਪਾਰਟੀ ਦਾ ਸਾਥ ਦੇਣਾ ਸੋਭਾ ਦਿੰਦਾ ਹੈ।
ਦੂਜੇ ਪਾਸੇ ਮੋਦੀ ਨੇ ਕਿਹਾ ਕਿ ਭਾਜਪਾ ਅਨੁਸਾਰ ਨਵੇਂ ਭਾਰਤ ਦੀ ਨੀਤੀ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਵੜ੍ਹ ਕੇ ਮਾਰਨ ਦੀ ਹੈ। ਮੋਦੀ ਨੇ ਕਿਹਾ, ‘‘ ਤੁਹਾਡਾ ਭਰੋਸਾ ਪਿਛਲੇ ਪੰਜ ਸਾਲਾਂ ਵਿੱਚ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ। ’’ ਮੋਦੀ ਨਾਲ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਿਆਂ ਠਾਕਰੇ ਨੇ ਭਾਜਪਾ ਦੇ ਐਲਾਨਨਾਮੇ ਦਾ ਸਵਾਗਤ ਕੀਤਾ। ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਮੋਦੀ ਮੰਚ ’ਤੇ ਠਾਕਰੇ ਨਾਲ ਪੁੱਜੇ।

ਨਨਕਾਣਾ ਸਾਹਿਬ ਲਈ ਰੇਲਵੇ ਸਟੇਸ਼ਨ ਮਨਜ਼ੂਰ

ਇਸਲਾਮਾਬਾਦ,  ਅਪਰੈਲ  ਪਾਕਿਸਤਾਨ ਕੈਬਨਿਟ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿੱਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਕੈਬਨਿਟ ਨੇ ਸਟੇਸ਼ਨ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਸ ਸ਼ਹਿਰ ਦੀ ਬਹੁਤ ਇਤਿਹਾਸਕ ਅਤੇ ਧਾਰਮਿਕ ਅਹਿਮੀਅਤ ਹੈ ਅਤੇ ਪੂਰੀ ਦੁਨੀਆਂ ਦੇ ਸਿੱਖ ਸ਼ਰਧਾਲੂਆਂ ਵਿੱਚ ਇਹ ਪ੍ਰਸਿੱਧ ਧਾਰਮਿਕ ਸਥਲ ਹੈ। ਸੂਚਨਾ ਮੰਤਰੀ ਫੱਵਾਦ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਕੈਬਨਿਟ ਨੇ ਪੰਜਾਬ ਵਿੱਚ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਦਾ ਨਾਂ ਬਾਬਾ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।’’ ਪਿਛਲੇ ਵਰ੍ਹੇ ਨਵੰਬਰ ਵਿੱਚ ਭਾਰਤ ਅਤੇ ਪਾਕਿਸਤਾਨ, ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿਚਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਧਾਰਮਿਕ ਸਥਲ ਨਾਲ ਸੜਕ ਮਾਰਗ ਰਾਹੀਂ ਜੋੜਨ ਲਈ ਸਹਿਮਤ ਹੋਏ ਸਨ। ਕਰਤਾਰਪੁਰ ਸਾਹਿਬ ਰਾਵੀ ਨਦੀ ਕੰਢੇ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ ਦੇ ਨਿਰਮਾਣ ਲਈ ਜ਼ਮੀਨ ਵੀ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਚੋਣਾਂ ਦੌਰਾਨ ਕੀਤੇ ਮੁੱਖ ਵਾਅਦੇ ਤਹਿਤ ਪਾਕਿਸਤਾਨ ਕੈਬਨਿਟ ਨੇ ਬੇਘਰ ਅਤੇ ਸਰਕਾਰੀ ਮੁਲਾਜ਼ਮਾਂ ਲਈ 135000 ਅਪਰਾਟਮੈਂਟਾਂ ਦੇ ਨਿਰਮਾਣ ਨੂੰ ਵੀ ਹਰੀ ਝੰਡੀ ਦਿੱਤੀ ਹੈ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਾਰਨ ਖਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਨਵਾਂ ਪਾਕਿਸਤਾਨ ਹਾਊਸਿੰਗ ਅਥਾਰਟੀ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ 135000 ਅਪਾਰਟਮੈਂਟ ਬਣਾਏ ਜਾਣਗੇ ਅਤੇ ਪ੍ਰਧਾਨ ਮੰਤਰੀ 17 ਅਪਰੈਲ ਨੂੰ ਇਸਲਾਮਾਬਾਦ ਵਿੱਚ ਇਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ ਜਿਥੇ 25000 ਅਪਾਰਟਮੈਂਟਾਂ ਦੀ ਉਸਾਰੀ ਕੀਤੀ ਜਾਵੇਗੀ। 110000 ਅਪਾਰਟਮੈਂਟ ਤਟਵਰਤੀ ਸ਼ਹਿਰਾਂ ਬਲੋਚਿਸਤਾਨ ਵਿੱਚ ਗਵਾਦਰ ਵਿੱਚ ਬਣਾਏ ਜਾਣਗੇ।

ਭਾਜਪਾ ਵੱਲੋਂ ਚੋਣ ਕਮਿਸ਼ਨ ਕੋਲ ‘ਆਪ’ ਦੀ ਸ਼ਿਕਾਇਤ

ਨਵੀਂ ਦਿੱਲੀ,  ਦਿੱਲੀ ਦੀ ਭਾਜਪਾ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਤੇ ਉਸ ਵਿੱਚ ਅਜਿਹੇ ਇਸ਼ਤਿਹਾਰਾਂ ਨੂੰ ਝੂਠੇ ਕਰਾਰ ਦਿੱਤਾ ਗਿਆ ਹੈ। ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਜੈ ਪ੍ਰਕਾਸ਼ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਆਪ’ ਨੇ ਦਿੱਲੀ ਵਿੱਚ ਥਾਂ-ਥਾਂ ਬੋਰਡ ਲਾਏ ਹੋਏ ਹਨ ਜਿਨ੍ਹਾਂ ਉਪਰ ਜੋ ਵਾਅਦੇ ਦਰਸਾਏ ਗਏ ਹਨ, ਉਹ ਝੂਠੇ ਹਨ ਤੇ ਭਰਮਾਊ ਹਨ ਜੋ ਚੋਣ ਜ਼ਾਬਤੇ ਦੀ ਉਲੰਘਣਾ ਹਨ। ਦਰਅਸਲ ‘ਆਪ’ ਵੱਲੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਮੁੱਖ ਵਾਅਦਾ ਕੀਤਾ ਜਾ ਰਿਹਾ ਹੈ ਤੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਆਪ’ ਨੂੰ ਜਿਤਾਉਣ ਤਾਂ ਜੋ ਰਾਜਧਾਨੀ ਨੂੰ ਪੂਰਨ ਰਾਜ (ਐਨਡੀਐਮਸੀ ਖੇਤਰ ਛੱਡ ਕੇ) ਦਾ ਦਰਜਾ ਦਿਵਾਇਆ ਜਾ ਸਕੇ। ਇਸ ਦਰਜੇ ਦੀ ਪ੍ਰਾਪਤੀ ਮਗਰੋਂ ਦਿੱਲੀ ਸਰਕਾਰ ਹਰੇਕ ਲਈ ਘਰ ਦੇ ਸਕਦੀ ਹੈ ਤੇ ਦਿੱਲੀ ਦੇ ਵਿਦਿਆਰਥੀਆਂ ਦੇ ਕਾਲਜਾਂ ਵਿੱਚ ਦਾਖ਼ਲੇ ਸੌਖੇ ਹੋ ਸਕਣਗੇ। ਇਹ ਮੰਗ ਕਦੇ ਭਾਜਪਾ ਦੇ ਆਗੂ ਵਿਜੈ ਗੋਇਲ ਵੀ ਕਰ ਚੁੱਕੇ ਹਨ ਤੇ ਭਾਜਪਾ ਸਮੇਤ ਕਾਂਗਰਸ ਵੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਚੁੱਕੀ ਹੈ। ‘ਆਪ’ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਵਾਅਦੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲਣ ਮਗਰੋਂ ਹੀ ਪੂਰੇ ਕੀਤੇ ਜਾ ਸਕਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਦਿੱਲੀ ਕੇਂਦਰ ਅਧੀਨ ਆਉਂਦਾ ਹੋਣ ਕਰਕੇ ਮੁੱਖ ਮੰਤਰੀ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ। ਉਧਰ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਹੀ ਝੂਠੇ ਵਾਅਦੇ ਕੀਤੇ ਹਨ ਤੇ 15 ਲੱਖ ਰੁਪਏ ਦੇਣ, ਹਰ ਸਾਲ 2 ਕਰੋੜ ਨੌਕਰੀਆਂ ਦੇਣ ਤੇ ਹੋਰ ਵਾਅਦੇ ਕੀਤੇ ਜੋ ਪੂਰੇ ਨਹੀਂ ਕੀਤੇ ਜਾ ਸਕੇ। ਵਿਧਾਇਕ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ 2015 ਦੇ ਚੋਣ ਮਨੋਰਥ ਪੱਤਰ ਦੇ ਮੁੱਖ ਵਾਅਦੇ ਪੂਰੇ ਕੀਤੇ ਹਨ ਤੇ ਅੱਗੋਂ ਵੀ ਪ੍ਰਕਿਰਿਆ ਜਾਰੀ ਹੈ।

ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਰਜ਼ੀ ਲਾਂਘਾ ਖੋਲ੍ਹਿਆ

ਨਵੀਂ ਦਿੱਲੀ, ਪਾਕਿਸਤਾਨ ਨੇ ਆਪਣੇ 11 ਹਵਾਈ ਰਸਤਿਆਂ ਵਿੱਚੋਂ ਇਕ ਨੂੰ ਭਾਰਤ ਤੋਂ ਪੱਛਮੀ ਮੁਲਕਾਂ ਨੂੰ ਜਾਣ ਵਾਲੀਆਂ ਉਡਾਣਾਂ ਲਈ ਖੋਲ੍ਹ ਦਿੱਤਾ ਹੈ। ਸਰਕਾਰ ਦੇ ਸਿਖਰਲੇ ਅਧਿਕਾਰੀ ਨੇ ਅੱਜ ਦੱਸਿਆ ਕਿ ਏਅਰ ਇੰਡੀਆ ਤੇ ਤੁਰਕੀ ਏਅਰਲਾਈਨਜ਼ ਜਿਹੀਆਂ ਹਵਾਈ ਕੰਪਨੀਆਂ ਨੇ ਇਸ ਹਵਾਈ ਰਸਤੇ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਆਰਜ਼ੀ ਤੌਰ ’ਤੇ ਆਪਣੇ ਹਵਾਈ ਖੇਤਰਾਂ ਨੂੰ ਖੋਲ੍ਹਣ ਲੱਗਾ ਹੈ। ਗੁਆਂਢੀ ਮੁਲਕ ਨੇ ਵੀਰਵਾਰ ਨੂੰ ਪੱਛਮ ਵੱਲੋਂ ਆਉਣ ਵਾਲੀਆਂ ਉਡਾਣਾਂ ਲਈ 11 ਹਵਾਈ ਰਸਤਿਆਂ ’ਚੋਂ ਇਕ ਨੂੰ ਖੋਲ੍ਹ ਦਿੱਤਾ ਸੀ। ਉਧਰ ਪੀ518 ਹਵਾਈ ਰਸਤਾ ਖੁੱਲ੍ਹਣ ਦੇ ਬਾਵਜੂਦ ਅਮਰੀਕੀ ਏਅਰਲਾਈਨ ਕੰਪਨੀ ਯੂਨਾਈਟਿਡ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਕੀਤੇ ਐਲਾਨ ਮੁਤਾਬਕ ਨੇਵਾਰਕ ਹਵਾਈ ਅੱਡੇ ਤੇ ਦਿੱਲੀ ਹਵਾਈ ਅੱਡੇ ਤਕ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਦੋ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਵਿਚਲੇ ਦਹਿਸ਼ਤੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲੇ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹਾਲਾਂਕਿ ਗੁਆਂਢੀ ਮੁਲਕ ਨੇ 27 ਮਾਰਚ ਨੂੰ ਬੈਂਕਾਕ, ਨਵੀਂ ਦਿੱਲੀ ਤੇ ਕੁਆਲਾਲੰਪੁਰ ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਸੀ। ਅਧਿਕਾਰੀ ਨੇ ਕਿਹਾ, ‘ਪੀ518 ਰਾਹ ਦੱਖਣੀ ਪਾਕਿਸਤਾਨ ਦੇ ਉਪਰੋਂ ਦੀ ਲੰਘਦਾ ਹੈ ਇਸ ਲਈ ਦਿੱਲੀ ਤੋਂ ਪੱਛਮ ਵੱਲ ਜਾਣ ਵਾਲੀਆਂ ਉਡਾਣਾਂ ਦਾ ਸਮਾਂ ਵਿਹਾਰਕ ਰੂਪ ’ਚ ਨਹੀਂ ਘਟੇਗਾ।’ ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਕੀਤੇ ਜਾਣ ਮਗਰੋਂ ਕਈ ਵਿਦੇਸ਼ੀ ਏਅਰਲਾਈਨਜ਼ ਨੇ ਦਿੱਲੀ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਲਈ ਮੁੰਬਈ ਹਵਾਈ ਖੇਤਰ ਤੋਂ ਲੰਮਾ ਰਾਹ ਲੈਣਾ ਵਪਾਰਕ ਨਜ਼ਰੀਏ ਤੋਂ ਵਿਹਾਰਕ ਨਹੀਂ ਸੀ।

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ,  ਅਪਰੈਲ ਚੋਣ ਕਮਿਸ਼ਨ ਨੇ ਅੱਜ ਚੌਥੇ ਪੜਾਅ ਦੀਆਂ 29 ਅਪਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਚੋਣਾਂ ਨੌਂ ਸੂਬਿਆਂ ਦੀਆਂ 71 ਲੋਕ ਸਭਾ ਸੀਟਾਂ ਲਈ ਕਰਵਾਈਆਂ ਜਾਣਗੀਆਂ। 29 ਅਪਰੈਲ ਨੂੰ ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਛੇ, ਮਹਾਰਾਸ਼ਟਰ ਦੀਆਂ 17, ਉੜੀਸਾ ਦੀਆਂ ਛੇ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਅਤੇ ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ’ਤੇ ਚੋਣਾਂ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀ ਕਾਗਜ਼ ਅੱਜ ਤੋਂ 9 ਅਪਰੈਲ ਤੱਕ ਭਰੇ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 10 ਅਪਰੈਲ ਨੂੰ ਹੋਵੇਗੀ ਅਤੇ 12 ਅਪਰੈਲ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।

ਕਾਂਗਰਸ ਦਾ ਵੱਡੇ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ

ਨਵੀਂ ਦਿੱਲੀ, ਅਪਰੈਲ ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਪਾਰਟੀ ਨੇ ਸੱਤਾ ਵਿੱਚ ਆਉਣ ’ਤੇ ਦੇਸ਼-ਧ੍ਰੋਹ ਨਾਲ ਸਬੰਧਤ ਕਾਨੂੰਨ ਰੱਦ ਕਰਨ ਅਤੇ ਸਾਰੇ ਕਾਨੂੰਨਾਂ, ਨੇਮਾਂ ਤੇ ਪ੍ਰਬੰਧਾਂ ’ਤੇ ਵਿਸਥਾਰਤ ਨਜ਼ਰਸਾਨੀ ਕਰਦਿਆਂ ਇਨ੍ਹਾਂ ਨੂੰ ਸੰਵਿਧਾਨਕ ਮੁੱਲਾਂ ਤੇ ਜਮਹੂਰੀਅਤ ਦੇ ਘੇਰੇ ਵਿੱਚ ਲਿਆਉਣ ਦਾ ਵਾਅਦਾ ਕੀਤਾ। ਕਾਂਗਰਸ ਨੇ ਕਿਹਾ ਕਿ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਜੂਮੀ ਹਿੰਸਾ ਜਿਹੇ ਨਫ਼ਰਤੀ ਹਮਲਿਆਂ ਨੂੰ ਰੋਕਣ ਤੇ ਸਜ਼ਾਵਾਂ ਦਿਵਾਉਣ, ਮਾਣਹਾਨੀ ਨੂੰ ਸਿਵਲ ਅਪਰਾਧ ’ਚ ਸ਼ਾਮਲ ਕਰਨ, ਜੱਜਾਂ ਦੀ ਚੋਣ ਲਈ ਕੌਮੀ ਜੁਡੀਸ਼ਲ ਕਮਿਸ਼ਨ (ਐਨਸੀਜੇ) ਸਥਾਪਤ ਕਰਨ ਤੇ ਤਸ਼ੱਦਦ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਂਦਾ ਜਾਵੇਗਾ। ਮੈਨੀਫੈਸਟੋ ਵਿੱਚ ਗਰੀਬ ਪਰਿਵਾਰਾਂ ਨੂੰ ‘ਨਿਆਏ’ ਸਕੀਮ ਤਹਿਤ ਸਾਲਾਨਾ 72000 ਰੁਪਏ ਦੇਣ, 22 ਲੱਖ ਸਰਕਾਰੀ ਅਹੁਦਿਆਂ ’ਤੇ ਨਿਯੁਕਤੀਆਂ, ਰੇਲ ਬਜਟ ਦੀ ਤਰਜ਼ ’ਤੇ ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਤੇ ਪੂਰੇ ਮੁਲਕ ਵਿੱਚ ਜੀਐਸਟੀ ਦੀ ਇਕੋ ਸੰਤੁਲਤ ਦਰ ਲਾਗੂ ਕਰਨ ਜਿਹੇ ਵੱਡੇ ਵਾਅਦੇ ਕੀਤੇ ਗਏ ਹਨ। ਕਾਂਗਰਸ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਜੰਮੂ ਕਸ਼ਮੀਰ ’ਚ ਹਥਿਆਰਬੰਦ ਫੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ ‘ਅਫਸਪਾ’ ਉੱਤੇ ਨਜ਼ਰਸਾਨੀ ਕੀਤੀ ਜਾਵੇਗੀ। ਉਂਜ ਪਾਰਟੀ ਨੇ ਸਾਫ਼ ਕਰ ਦਿੱਤਾ ਜੰਮੂ ਕਸ਼ਮੀਰ ਨੂੰ ਸੰਵਿਧਾਨ ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ (ਧਾਰਾ 370) ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਪਾਰਟੀ ਨੇ ਵਾਅਦਾ ਕੀਤਾ ਕਿ ਜੰਮੂ ਕਸ਼ਮੀਰ ’ਚ ਸਬੰਧਤ ਧਿਰਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਕਾਂਗਰਸ ਨੇ ਵਾਅਦਾ ਕੀਤਾ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਫੌਰੀ ਵਾਪਸ ਲਏਗੀ। 55 ਸਫ਼ਿਆਂ ਤੇ ‘ਹਮ ਨਿਭਾਏਂਗੇ’ (ਅਸੀਂ ਵਾਅਦੇ ਪੂਰੇ ਕਰਕੇ ਵਿਖਾਵਾਂਗੇ) ਸਿਰਲੇਖ ਵਾਲੇ ਇਸ ਚੋਣ ਮੈਨੀਫੈਸਟੋ ਨੂੰ ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਔਰਤਾਂ ਦੀ ਸੁਰੱਖਿਆ ਤੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਉੱਤੇ ਸਾਰਾ ਧਿਆਨ ਕੇਂਦਰਤ ਕੀਤਾ ਗਿਆ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਮੈਨੀਫੈਸਟੋ ਨੂੰ ਰਿਲੀਜ਼ ਕਰਨ ਦੀ ਰਸਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਆਦਿ ਨੇ ਨਿਭਾਈ। ਕਾਂਗਰਸ ਨੇ ਕਿਸਾਨੀ ਨੂੰ ਸੰਕਟ ’ਚੋਂ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਕਰਜ਼ ਮੁਆਫ਼ੀ ਤੋਂ ਕਰਜ਼ ਮੁਕਤੀ ਦੇ ਰਾਹ ਪਾਏਗੀ। ਅਜਿਹਾ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇ ਕੇ ਤੇ ਲਾਗਤ ਖਰਚਿਆਂ ਨੂੰ ਘਟਾ ਕੇ ਕੀਤਾ ਜਾਵੇਗਾ। ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਹਰ ਸਾਲ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਾਲਾਨਾ ਬਜਟ ਵਿੱਚ ਜੀਡੀਪੀ ਦਾ 6 ਫੀਸਦ ਸਿੱਖਿਆ, ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਤੇ ਗਰੀਬਾਂ ਦੀ ਉੱਚ ਮਿਆਰੀ ਸਿਹਤ ਸੇਵਾਵਾਂ ਤਕ ਰਸਾਈ ਸੰਭਵ ਬਣਾਉਣ ਲਈ ਖਰਚੇਗੀ। ਪਾਰਟੀ ਨੇ ਸਿਹਤ ਸੰਭਾਲ ਐਕਟ ਦੇ ਹੱਕ ਸਬੰਧੀ ਕਾਨੂੰਨ ਬਣਾਉਣ ਦਾ ਵੀ ਵਾਅਦਾ ਕੀਤਾ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਫ਼ਰਤ ਦੇ ਪਾਸਾਰ ਦੇ ਨਾਲ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਪਾਰਟੀ ਮੁਲਕ ਦੇ ਲੋਕਾਂ ਨੂੰ ਇਕਜੁਟ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ, ‘ਸਾਡਾ ਮੈਨੀਫੈਸਟੋ ਭਵਿੱਖੀ ਨਜ਼ਰੀਏ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਛਾਵਾਂ ਹੈ। ਇਹ ‘ਮਨ ਕੀ ਬਾਤ’ ਨਹੀਂ ਬਲਕਿ ਲੱਖਾਂ ਲੋਕਾਂ ਵੱਲੋਂ ਇਕਸੁਰ ਹੋ ਕੇ ਦਿੱਤੀ ਆਵਾਜ਼ ਹੈ।
ਮੈਨੀਫੈਸਟੋ ਵਿੱਚ ਕਾਂਗਰਸ ਨੇ ਨੌਕਰੀਆਂ/ਰੁਜ਼ਗਾਰ ਨੂੰ ਸਿਖਰਲੀ ਤਰਜੀਹ ਬਣਾਉਣ ਦੀ ਸਹੁੰ ਵੀ ਖਾਧੀ। ਪਾਰਟੀ ਨੇ ਵਾਅਦਾ ਕੀਤਾ ਕਿ ਉਹ ਮਾਰਚ 2020 ਤੋਂ ਪਹਿਲਾਂ ਸਰਕਾਰੀ ਖੇਤਰ ’ਚ 34 ਲੱਖ ਨੌਕਰੀਆਂ ਨੂੰ ਯਕੀਨੀ ਬਣਾਉਣ ਦੇ ਨਾਲ ਕੇਂਦਰ ਸਰਕਾਰ ਦੀਆਂ ਸਾਰੀਆਂ 4 ਲੱਖ ਵਕੈਂਸੀਆਂ ਨੂੰ ਭਰੇਗੀ। ਜੀਐਸਟੀ ਪ੍ਰਬੰਧ ਦੀ ਗੱਲ ਕਰਦਿਆਂ ਮੈਨੀਫੈਸਟੋ ਵਿੱਚ ਇਸ ਟੈਕਸ ਪ੍ਰਬੰਧ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਨੇ ਜੀਐਸਟੀ ਮਾਲੀਏ ’ਚੋਂ ਪੰਚਾਇਤਾਂ ਤੇ ਨਗਰ ਨਿਗਮਾਂ ਨੂੰ ਵੀ ਹਿੱਸਾ ਦਿਵਾਉਣ ਦਾ ਭਰੋੋਸਾ ਦਿੱਤਾ। ਕਾਂਗਰਸ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਸਿੱਖਿਆ ਨੂੰ ਲਾਜ਼ਮੀ ਤੇ ਬਿਲਕੁਲ ਮੁਫ਼ਤ ਕੀਤੇ ਜਾਣ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ ਔਰਤਾਂ ਨੂੰ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ 33 ਫੀਸਦ ਰਾਖਵਾਂਕਰਨ ਨਾਲ ਸਬੰਧਤ ਬਿਲ ਪਾਸ ਕਰਨ ਦਾ ਵੀ ਭਰੋੋਸਾ ਦਿੱਤਾ। ਇਹ ਨਹੀਂ ਕਾਂਗਰਸ ਨੇ ਮੈਨੀਫੈਸਟੋ ’ਚ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਪੋਸਟਾਂ/ਵਕੈਂਸੀਆਂ ’ਚ 33 ਫੀਸਦ ਰਾਖਵਾਂਕਰਨ ਦੇਣ ਦੀ ਗੱਲ ਵੀ ਕਹੀ ਹੈ।

ਕੇਰਲ ਤੋਂ ਵੀ ਚੋਣ ਲੜਨਗੇ ਰਾਹੁਲ

ਨਵੀਂ ਦਿੱਲੀ, ਮਾਰਚ ਦੱਖਣੀ ਭਾਰਤ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਆਪਣੇ ਰਵਾਇਤੀ ਹਲਕੇ ਅਤੇ ਕਾਂਗਰਸ ਦੇ ਗੜ੍ਹ ਅਮੇਠੀ (ਯੂਪੀ) ਤੋਂ ਵੀ ਉਹ ਚੋਣ ਲੜਨਗੇ। ਇਸ ਦਾ ਐਲਾਨ ਸਾਬਕਾ ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਕੀਤਾ। ਐਂਟਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਸੂਬਾਈ ਇਕਾਈ ਨੇ ਚੋਣ ਲੜਨ ਦੀ ਬੇਨਤੀ ਕੀਤੀ ਜੋ ਉਨ੍ਹਾਂ ਸਵੀਕਾਰ ਲਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੱਖਣੀ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਨੂੰ ਉਹ ਕਦੇ ਨਹੀਂ ਛੱਡਣਗੇ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੂੰ ਖੱਬੇ ਪੱਖੀਆਂ ਖ਼ਿਲਾਫ਼ ਜੰਗ ਗਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਭਾਜਪਾ ਖ਼ਿਲਾਫ਼ ਸਾਂਝੇ ਸੰਘਰਸ਼ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿਚ ਸਿੱਧਾ ਮੁਕਾਬਲਾ ਐੱਲਡੀਐੱਫ ਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐੱਫ ਵਿਚਾਲੇ ਹੈ, ਪਰ ਕਾਂਗਰਸ ਪ੍ਰਧਾਨ ਦੇ ਚੋਣ ਲੜਨ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ।