ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ ਕਲਮਕਾਰ ਹੋਣ ਕਰਕੇ ਸਾਹਿਤ ਦੇ ਖੇਤਰ ਅੰਦਰ ਵੀ ਮੱਲਾ ਮਾਰੀਆ ਹਨ। ਜੇ ਕਵਿਤਾ ਵੀ ਦੇਖੀਆ ਜਾਣ ਇਹ ਸਖਸ਼ੀਅਤ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਕਹਿੰਦੇਂ ਹਨ ਕਿ ਕਲਮ ਦਾ ਫੱਟ ਤਲਵਾਰ ਦੇ ਫੱਟ ਤੋਂ ਡੂੰਘਾਂ ਹੁੰਦਾ ਹੈ ਸ਼ਰਤ ਇੱਕ ਕਿ ਕਲਮ ਵਿਕਾਊ ਨਾ ਹੋਵੇ। ਇਹ ਸਭ ਕੁੱਝ ਜਸਵੰਤ ਕੌਰ ਕੰਗ ਜੀ ਨੇ ਆਪਣੀ ਕਲਮ ਨਾਲ ਸਮੇਂ ਦੀ ਹਿੱਕ ਤੇ ਸਵਾਰ ਹੋਕੇ ਸੱਚ ਲਿਖ ਵਖਾਇਆ ਹੈ ਜੋ ਸੇਧ ਦੇਣ ਦਾ ਕੰਮ ਕੀਤਾ ਹੈ। ਪੰਜਾਬੀ ਮਾਂ ਬੋਲੀ ਲਈ ਤਨਦੇਹੀ ਨਾਲ ਕੰਮ ਕਰ ਰਹੀ ਇਸ ਸ਼ਖਸ਼ੀਅਤ ਨੇ ਆਪਣੇ ਅਮੀਰ ਵਿਰਸੇ ਕਲਚਰ ਨੂੰ ਨਹੀ ਛੱਡਿਆ ਪੰਜਾਬੀ ਖਾਣਾ ਪੀਣਾ ਪਹਿਨਣਾ ਬੋਲਣਾ ਸਭ ਪਿਤਾ ਪੁਰਖੀ ਉਹੀ ਜੀਵਨ ਚ ਵਸਿਆ ਹੈ। ਬੋਲਣਾ ਤੇ ਸਭ ਜਾਣਦੇ ਹਨ ਪਰ ਕਦੋ ਕੀ ਬੋਲਣਾ ਇਹ Uk ਦੀ ਧਰਤੀ ਦੇ ਲੈਸਟਰ ਸ਼ਹਿਰ ਜਾ ਵਸੀ ਜਸਵੰਤ ਕੌਰ ਦੇ ਹਿੱਸੇ ਵੀ ਆਇਆ। ਮਿੱਠੀ ਬੋਲੀ ਤੇ ਮਿਲਾਪੜੇ ਸੁਭਾਅ ਦੀ ਮਾਲਕ ਇਹ ਸਤਿਕਾਰ ਯੋਗ ਸਖਸੀਅਤ ਝੱਟ ਹੀ ਮਿਲਣ ਸਾਰ ਆਪਣੇ ਉਚੇ ਕਿਰਦਾਰ ਵਾਲੇ ਗੁਣ ਵਿਖਾ ਦੇਦੀਂ ਹੈ । ਜੇ ਇਸ ਸਖਸ਼ੀਅਤ ਵਿੱਚ ਸਮਾਜਿਕ ਗੁਣ ਦੇਖੀਏ ਤਾਂ ਸਮਾਜ ਦੀ ਸੇਵਾ ਚ ਵੀ ਭਰਪੂਰ ਹੈ।ਆੳ ਇਸ ਸ਼ਖਸ਼ੀਅਤ ਦੇ ਜਿ਼ੰਦਗੀ ਦੇ ਸ਼ਫਰ ਤੇ ਝਾਤ ਪਾਈਏ।
ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ਦਾ ਪਿਛੋਕੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਹੁਤ ਹੀ ਖੂਬਸੂਰਤ ਕਸਬੇ ਕਿਲ੍ਹਾ ਖਮਾਣੋਂ (ਖਮਾਂਣੋਂ ਖੁਰਦ) ਦੇ ਸ਼ਾਹੀ ਠਾਠ-ਬਾਠ ਵਾਲੇ ਸਿੱਖ ਮਿਸਲਾਂ ਵਿੱਚੋਂ ਡੱਲ਼ੇਵਾਲ਼ੀਆ ਮਿਸਲ ਦੇ ਖ਼ਾਨਦਾਨ ਨਾਲ ਹੈ ਅਤੇ ਸਰਦਾਰ ਲਛਮਣ ਸਿੰਘ ਕੰਗ (ਜੋ ਆਪਣੀ ਡਾਕਟਰੀ ਯੋਗਤਾ ਅਤੇ ਰਹਿਮ-ਦਿਲੀ ਲਈ ਜਾਣੇ ਜਾਂਦੇ ਸਨ)ਜੋ ਗਰੀਬਾਂ ਦਾ ਮੁਫ਼ਤ ਵਿੱਚ ਇਲਾਜ ਕਰਦੇ ਸਨ, ਜੀ ਦੀ ਪੋਤਰੀ ਅਤੇ ਸ. ਸਰਦਾਰ ਨਵਨੀਤ ਸਿੰਘ ਕੰਗ ਸਾਬਕਾ ਸਰਪੰਚ ਖਮਾਣੋਂ ਖ਼ੁਰਦ ਦੀ ਸਪੁੱਤਰੀ ਜਸਵੰਤ ਕੌਰ ਬੈਂਸ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਅਜੋਕੇ ਯੁੱਗ ਦੀ ਘਾਤਕ ਬੀਮਾਰੀ 'ਮਾਨਸਿਕ-ਤਣਾਅ' ਦੀ ਸ਼ਿਕਾਰ ਮਾਨਵਤਾ ਦੀ ਹਰ ਮਰਜ਼ ਦੀ ਰਮਜ਼ ਪਛਾਣ ਕੇ, ਉਸ ਦਾ ਸਹੀ ਉਪਚਾਰ ਲੱਭ ਕੇ ਆਪਣੀਆਂ ਕਵਿਤਾਵਾਂ ਰਾਹੀਂ ਅਤੇ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਜਾਣਾ ਏ ਉਸ ਪਾਰ ਅਤੇ ਕਦੋਂ ਮਿਲੇਗੀ ਪਰਵਾਜ਼ ਜੋ ਕੋਵਿਡ-19 ਦੇ ਦਰਦ ਅਤੇ ਮਹਾਂਮਾਰੀ ਨੂੰ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸੰਗ੍ਰਹਿ ਜ਼ਰੀਏ ਬਿਆਨ ਕਰਦੀਆਂ ਹਨ। ਜਸਵੰਤ ਕੌਰ ਬੈਂਸ ਵੱਲੋਂ ਸੰਪਾਦਤ ਕੀਤਾ ‘ਰੂਹ ਦੀ ਚੀਖ’ ਸਾਂਝਾਂ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਕਹਾਣੀ ਲਿੱਖਣ ਲਈ ਉਤਸ਼ਾਹਿਤ ਕੀਤਾ ਹੈ। ਜਸਵੰਤ ਕੌਰ ਬੈਂਸ ਨੇ ਇੰਨਾਂ ਤਿੰਨੇ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਸੰਪਾਦਤ ਕਰ ਕੇ ਅਤੇ ਛਪਵਾ ਕੇ ਕਿਸੇ ਵੀ ਲੇਖਕ ਕੋਲ਼ੋਂ ਕੀਮਤ ਨਾ ਵਸੂਲ ਕਰਕੇ ਸੇਵਾ ਕੀਤੀ ਅਤੇ ਬਹੁਤ ਸਾਰੇ ਨਵੇਂ ਲੇਖਿਕਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰ ਕੇ ਉਨ੍ਹਾਂ ਦੇ ਦਿਲ ਅਤੇ ਰੂਹ ਤੇ ਹਿੰਮਤ ਅਤੇ ਹੌਸਲਿਆਂ ਦੀ ਮੱਲ੍ਹਮ-ਪੱਟੀ ਕਰਨ ਦੀ ਸੇਵਾ ਨਿਭਾ ਰਹੀ ਹੈ।
ਸ਼ਾਇਰਾ ਨੂੰ ਆਪਣੇ ਤਾਇਆ ਜੀ ਸ. ਹਰਮੀਤ ਸਿੰਘ ਕੰਗ (Renowned Industrial of 70s and 80s) ਅਤੇ ਪਿਤਾ ਸ. ਨਵਨੀਤ ਸਿੰਘ ਕੰਗ (Urdu Writer) ਕੋਲੋਂ ਸ਼ਾਇਰਾਨਾ ਅੰਦਾਜ਼ ਵਿਰਾਸਤ ਵਿੱਚ ਮਿਲਿਆ। ਜਸਵੰਤ ਦੇ ਤਾਇਆ ਜੀ ਜੋ ਬਹੁਤ ਵੱਡੀ ਮਿੱਲ ਮੰਡੀ ਗੋਬਿੰਦਗੜ੍ਹ ਵਿੱਚ “ਅੱਪ ਲਿੱਫਟ ਇੰਜਨੀਅਰਿੰਗ ਕੰਪਨੀ “ ਦੇ ਮਾਲਕ ਸਨ। ਜਿੱਥੇ ਕਣਕ ਕੁਤਰਨ ਵਾਲੇ ਥਰੈਸ਼ਰ, ਮੱਕੀ ਕੱਢਣ ਵਾਲੀਆਂ ਮਸ਼ੀਨਾਂ, ਸੀਡ ਡਰਿੱਲ, ਹੱਲ , ਤਵੀਆਂ ਵਾਹੀ ਦੇ ਸਾਰੇ ਸੰਦ ਬਣਦੇ ਸਨ। ਉਨ੍ਹਾਂ ਦੀ ਆਪਣੀ ਪ੍ਰਿੰਟਿੰਗ ਪ੍ਰੈੱਸ ਸੀ ਜਿੱਥੇ ਉੱਨਾਂ ਨੇ ਆਪਣੀ “ ਵਾਹੀਕਾਰ ਯੁੱਗ” ਮੈਗਜ਼ੀਨ ਸ਼ੁਰੂ ਕੀਤੀ । ਜੋ ਕਿਸਾਨਾਂ ਅਤੇ ਉਸ ਸਮੇਂ ਦੇ ਲੇਖਕਾਂ ਲਈ ਲਾਹੇਵੰਦ ਸੀ। ਜਸਵੰਤ ਦੇ ਦਾਦਾ ਜੀ ਸਰਦਾਰ ਲਛਮਣ ਸਿੰਘ ਕੰਗ ਜੋ ਮੋਰਿੰਡੇ ਸ਼ਹਿਰ ਵਿੱਚ ਆਪਣੇ ਸਮੇਂ ਵਿੱਚ Screw Mill ਦੇ ਮਸ਼ਹੂਰ ਬਿਜਨਿਸ ਮੈਨ ਸਨ। ਉਨਾਂ ਨੇ ਆਪਣੇ ਸਮੇਂ ਵਿੱਚ “ਸੱਚਾ ਭਾਈਚਾਰਾ” ਮੈਗਜ਼ੀਨ ਚਲਾਈ ਸੀ। ਜਸਵੰਤ ਕੌਰ ਦੇ ਪਿਤਾ ਜੋ ਉਰਦੂ ਦੇ ਲੇਖਕ ਸਨ। ਜਿਨਾਂ ਦੀ ਮਿਲ ਅਤੇ ਰਿਹਾਇਸ਼ ਖਮਾਣੋਂ ਮੰਡੀ ਵਿੱਚ ਸੀ ਜੋ ‘ ਅੱਪ ਲਿਫ਼ਟ ਫਲੋਰ ਮਿਲ’ ਦੇ ਮਾਲਕ ਸਨ। ਜੋ ਉਰਦੂ ਦੇ ਬਹੁਤ ਵਧੀਆ ਲੇਖਕ ਸਨ। ਜਿਨਾਂ ਦਾ ਲਿਖਿਆ ਸਫ਼ਰਨਾਮਾ ਉਰਦੂ ਦੇ ਅਖਬਾਰ ਹਿੰਦ ਸਮਾਚਾਰ ਵਿੱਚ ਲਗਾਤਾਰ ਕਈ ਮਹੀਨੇ ਛੱਪਿਆ। ਜਸਵੰਤ ਦੇ ਪਿਤਾ ਜੀ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਸਰਪੰਚ ਹੋਣ ਦੇ ਸਮੇਂ ਬਹੁਤ ਸਾਰੇ ਕਾਰਜ ਕਰਕੇ ਸਮਾਜਿਕ ਸੇਵਾ ਕੀਤੀ। ਉਨਾਂ ਨੇ ਆਪਣੀ ਸਰਪੰਚੀ ਸਮੇਂ ਪੱਕੀ ਸੜਕ ਬਣਵਾਈ ਜੋ ਰੇਤ ਦੇ ਟਿੱਬਿਆਂ ਵਿੱਚ ਆਉਣ ਜਾਣ ਦੇ ਲਈ ਵਧੀਆ ਸਾਧਨ ਬਣਿਆ। ਪਿੰਡ ਵਿੱਚ ਬਿਜਲੀ ਵੀ ਉੱਨਾਂ ਦੀ ਸਰਪੰਚੀ ਵੇਲੇ ਆਈ। ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਈਆਂ। ਉਨ੍ਹਾਂ ਨੇ ਪਿੰਡ ਦੀ ਪਾਣੀ ਦੀ ਟੈਂਕੀ ਲਈ ਤਿੰਨ ਵਿੱਘੇ ਜ਼ਮੀਨ ਛੱਡ ਦਿੱਤੀ ਸੀ ।ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ। ਉਹ ਹਮੇਸ਼ਾ ਦੂਜੇ ਦੀ ਸੇਵਾ ਕਰਨ ਵਿੱਚ ਤੱਤਪਰ ਰਹਿੰਦੇ ਸੀ। ਜਦੋਂ ਗੋਬਰ ਗੈਸ ਪਲਾਂਟ ਸਕੀਮ ਪੰਜਾਬ ਵਿੱਚ ਆਈ ਸਭ ਤੋਂ ਪਹਿਲਾਂ ਉਨਾਂ ਨੇ ਆਪ ਆਪਣੇ ਘਰ ਵਿੱਚ ਗੋਬਰ ਗੈਸ ਪਲਾਂਟ ਲਵਾ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਦਿਖਾਇਆ ਅਤੇ ਉਤਸ਼ਾਹਿਤ ਕੀਤਾ। ਜਿਸ ਨੂੰ ਫਿੱਟ ਕਰਨ ਵਾਸਤੇ ਬਹੁਤ ਖੁੱਲ੍ਹੀ ਡੁੱਲੀ ਜਗਾ ਚਾਹੀਦੀ ਸੀ। ਉਹ ਉੱਚੇ ਵਿਚਾਰਾਂ ਦੇ ਮਾਲਿਕ ਅਤੇ ਬਹੁਤ ਵਧੀਆ ਪਾਰਖੂ ਅਤੇ ਅਗਾਂਹਵਧੂ ਸੋਚ ਦੇ ਮਾਲਿਕ ਸਨ। ਬਹੁਤ ਵਧੀਆ ਸਲਾਹਕਾਰ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਮ ਉਨ੍ਹਾਂ ਕੋਲ ਸਲਾਹ ਮਸ਼ਵਰੇ ਲਈ ਆਉਂਦੇ ਸਨ। ਕਿਉਕਿ ਉਹ ਹਰ ਨਵੀਂ ਚੀਜ਼ ਨੂੰ ਬੜੇ ਚਾਉ ਨਾਲ ਆਪ ਦੇਖ ਕੇ ਪਰਖ ਕੇ ਵਰਤੋਂ ਵਿੱਚ ਲਿਆਉਂਦੇ। ਇਸ ਲਈ ਜਸਵੰਤ ਵਿੱਚ ਆਪਣੇ ਪਿਤਾ ਜੀ ਦੇ ਸਾਹਿਤਕ ਗੁਣ, ਅਤੇ ਸਮਾਜ ਸੇਵਾ ਦੇ ਗੁਣ ਆਪਣੇ ਵਿਰਸੇ ਵਿੱਚੋਂ ਹੀ ਬਜ਼ੁਰਗਾਂ ਤੋਂ ਮਿਲੇ ਹਨ।
ਪ੍ਰਮਾਤਮਾ ਦੀ ਇਬਾਦਤ ਅਤੇ ਗੁਰਬਾਣੀ ਪੜ੍ਹਨਾ ਆਪਣੇ ਬੀਜੀ ਰਵਿੰਦਰ ਕੌਰ ਕੰਗ ਦੀ ਛਤਰ ਛਾਇਆ ਵਿੱਚ ਸਿਖਿਆ। ਆਪਣੇ ਘਰ ਵਿੱਚ ਹੀ ਪਿਤਾ ਜੀ ਦੀ (ਜੋ ਕਿ ਕਿਲ੍ਹਾ ਖਮਾਣੋਂ ਦੇ ਸਰਪੰਚ ਸਨ) ਪੰਚਾਇਤ ਦੀ ਲਾਇਬ੍ਰੇਰੀ ਹੋਣ ਕਾਰਨ ਪੰਜਾਬੀ ਦੇ ਉੱਘੇ ਲੇਖਕ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਣ ਸਿੰਘ ਅਤੇ ਭਾਈ ਵੀਰ ਸਿੰਘ ਵਰਗੀਆਂ ਸਖਸ਼ੀਅਤਾਂ ਦੀਆਂ ਲਿਖਤਾਂ ਪੜ੍ਹ ਕੇ ਸ਼ਾਇਰਾ ਜਸਵੰਤ ਨੇ ਆਪਣੇ ਕਿਤਾਬੀ ਗਿਆਨ ਵਿੱਚ ਮੁਹਾਰਤ ਪਾਈ। ਫਿਰ ਮਹਾਨ ਕਵੀ ਕੁਲਵੰਤ ਜਗਰਾਓਂ ਜੀ (ਜੋ ਕਿ ਖਮਾਣੋਂ ਸਕੂਲ ਵਿੱਚ ਜਸਵੰਤ ਜੀ ਦੇ ਅਧਿਆਪਕ ਰਹਿ ਚੁੱਕੇ ਸਨ) ਦੀਆਂ ਕਵਿਤਾਵਾਂ ਨੇ ਵੀ ਇਨ੍ਹਾਂ ਦੀ ਲਿਖਣ ਦੀ ਕਲਾ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ।
ਜਸਵੰਤ ਕੌਰ ਬੈਂਸ ਨੇ ਆਪਣੀ ਮੁੱਢਲੀ ਵਿੱਦਿਆ ਪ੍ਰਾਇਮਰੀ ਸਕੂਲ ਖਮਾਣੋਂ ਖ਼ੁਰਦ ਤੋਂ ਹਾਸਲ ਕੀਤੀ।
ਫੇਰ ਗੌਰਮਿੰਟ ਹਾਈ ਸਕੂਲ ਖਮਾਣੋਂ ਮੰਡੀ ਤੋਂ ਦਸਵੀ ਪਾਸ ਕੀਤੀ। ਆਪਣੀ ਉਚੇਰੀ ਵਿਦਿਆ Guru Gobind Singh Khalsa College Jhar Sahib ਪੰਜਾਬ ਯੂਨੀਵਰਸਟੀ ਤੋਂ ਹਾਸਲ ਕੀਤੀ। ਯੂ ਕੇ ਆ ਕੇ ਵੀ ਜਸਵੰਤ ਕੌਰ ਨੇ ਆਪਣੀ ਪੜਾਈ ਜਾਰੀ ਰੱਖੀ। ਚਾਈਲਡ ਕੇਅਰ (Childcare) ਅਤੇ ਹੈਲਥ ਐਂਡ ਸੋਸ਼ਲ ਕੇਅਰ ( Health and Social Care )ਵਿੱਚ ਆਪਣੀ ਕੁਆਲੀਫਿਕੇਸ਼ਨ ਸੰਪੂਰਨ ਕਰਕੇ ਇੰਨਾਂ ਦੋਹੇ ਖੇਤਰਾਂ ਵਿੱਚ ਲੰਬੀ ਸਰਵਿਸ ਕਰ ਰਹੇ ਹਨ।ਪੰਜਾਬ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਲੋਂ ਆਪਣੇ ਪਲੇਠੇ ਕਾਵਿ- ਸੰਗ੍ਰਹਿ 'ਕਾਲੀ ਲੋਈ' ਲਈ 'ਪੰਜਾਬ ਦੀ ਖੁਸ਼ਬੂ' ਪੁਰਸਕਾਰ ਨਾਲ ਸਨਮਾਨਿਤ ਕਵਿਤਰੀ ਜਸਵੰਤ ਕੌਰ ਬੈਂਸ ਨੇ ਪੰਜਾਬੀ ਵਿਰਸਾ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾ ਕੇ ਸੰਨ -2004 ਵਿੱਚ ਸਾਹਿਤ ਦੀ ਦੁਨੀਆਂ ਵਿੱਚ ਆਪਣਾ ਪਹਿਲਾ ਕਦਮ ਰੱਖਿਆ। ਸੰਨ-2008 ਵਿੱਚ ਆਪਣੇ ਵਤਨ ਦੀ ਮਿੱਟੀ ਅਤੇ ਮਾਂ-ਬੋਲੀ ਨੂੰ ਸਮਰਪਿਤ ਆਪ ਜੀ ਦੇ ਦੂਜੇ ਕਾਵਿ- ਸੰਗ੍ਰਹਿ ' ਸੰਧੂਰੀ ਮਿੱਟੀ ਦੀ ਖੁਸ਼ਬੂ' ਲਈ ਆਪ ਨੂੰ 'ਪੰਜਾਬੀ ਸੱਭਿਆਚਾਰ ਦੀ ਆਰਤੀ' ਪੁਰਸਕਾਰ ਨਾਲ ਨਿਵਾਜਿਆ ਗਿਆ। 2009 ਵਿੱਚ ਆਪ ਜੀ ਦਾ ਤੀਜਾ ਕਾਵਿ - ਸੰਗ੍ਰਹਿ 'ਕਿਸ ਰਿਸ਼ਤੇ ਤੇ ਮਾਣ ਕਰਾਂ? ‘ਸ਼ਾਇਦ ਮਾਂ ਅਤੇ ਮਾਂ-ਬੋਲੀ ਤੋਂ ਹਟ ਕੇ ਬਾਕੀ ਦੇ ਖੋਖਲੇ ਹੋ ਰਹੇ ਸੰਸਾਰਿਕ ਰਿਸ਼ਤਿਆਂ ਵਿੱਚ ਸੁਆਰਥ ਦੀ ਬੂ ਆਉਣ ਦੀ ਉਪਜ ਸੀ। ਜਿਸ ਵਿੱਚ ਸ਼ਾਇਰਾ ਜਸਵੰਤ ਜੀ ਨੇ ਇਨ੍ਹਾਂ ਰਿਸ਼ਤਿਆਂ ਦੇ ਖੋਖਲੇਪਣ ਨੂੰ ਇੰਨੇ ਦਰਦਮਈ ਢੰਗ ਨਾਲ ਬਿਆਨ ਕੀਤਾ ਹੈ ਕਿ ਇੱਕ ਵਾਰ ਫਿਰ ਸਿਰਜਣਧਾਰਾ ਵਲੋਂ 'ਨੂਰ-ਏ-ਪੰਜਾਬ' ਪੁਰਸਕਾਰ ਆਪ ਦੀ ਝੋਲੀ ਵਿੱਚ ਆਇਆ। ਆਪਣੇ ਚੌਥੇ ਕਾਵਿ - ਸੰਗ੍ਰਹਿ 'ਮੈ ਵੱਸਦੀ ਹਾਂ ਤੇਰੇ ਸਾਹਾਂ ਵਿੱਚ' ਇਸ ਕਾਵਿ ਸੰਗ੍ਰਿਹ ਵਿੱਚ ਮੈਡਮ ਬੈਂਸ ਜੀ ਨੇ ਹਰ ਸ਼ਖਸ ਨੂੰ ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਵੱਸਦਾ ਹੋਵੇ, ਇਹ ਅਹਿਸਾਸ ਦਿਲਵਾ ਦਿੱਤਾ ਹੈ ਕਿ ਮਾਂ ਅਤੇ ਮਾਂ-ਬੋਲੀ ਤੋਂ ਉੱਤਮ ਦੁਨੀਆਂ ਦਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਜਾਂ ਇੰਝ ਕਹਿ ਲਵੋ ਕਿ ਸਾਡੇ ਸਵਾਸਾਂ ਦੀ ਡੋਰ ਦਾ ਪਹਿਲਾ ਮਣਕਾ ਸਾਡੀ ਮਾਂ-ਬੋਲੀ ਅਤੇ ਆਖਰੀ ਉਹ ਪਿਤਾ ਪ੍ਰਮੇਸ਼ਵਰ ਹੈ। ਇਸੇ ਕਰਕੇ ਤਾਂ ਇਹ ਸਾਡੇ ਸਵਾਸ-ਸਵਾਸ ਵਿੱਚ ਵੱਸ ਕੇ ਪਰਮਾਤਮਾ ਦਾ ਨਾਮ ਜਪਾਉੰਦੀ ਹੋਈ ਸਾਨੂੰ ਆਖਰੀ ਮਣਕੇ ਭਾਵ ਸਾਡੇ ਨਿੱਜ ਘਰ ਲੈ ਜਾਂਦੀ ਹੈ। ਇਨ੍ਹਾਂ ਦਾ ਪੰਜਵਾਂ ਕਾਵਿ ਸੰਗ੍ਰਹਿ “ ਹਨੇਰੇ ਪੰਧਾਂ ਦੀ ਲੋਅ” ਜੋ ਪਾਠਕਾਂ ਦੇ ਜ਼ਿੰਦਗੀ ਦੇ ਰਾਹਾਂ ਨੂੰ ਚਾਨਣ ਵਿਖੇਰਦਾ ਹੋਇਆ ਹਨੇਰਿਆਂ ਪੰਧਾਂ ਚੋਂ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ।
“ਰੂਹ ਦੀ ਚੀਖ “ ਸਾਂਝਾਂ ਕਹਾਣੀ ਸੰਗ੍ਰਹਿ ਜੋ ਜਸਵੰਤ ਕੌਰ ਬੈਂਸ ਵੱਲੋ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਹੈ। ਜੋ ਸਾਹਿਤਕ ਖੇਤਰ ਦੀ ਸੇਵਾ ਵਿੱਚ ਇਨ੍ਹਾਂ ਵੱਲੋਂ ਪੁੱਟਿਆ ਗਿਆ ਸ਼ਲਾਘਾਯੋਗ ਕਦਮ ਹੈ। ਜੋ ਆਪ ਖ਼ੁਦ ਵੀ ਬਹੁਤ ਅੱਛੇ ਲੇਖਿਕਾ ਹਨ। ਹੁਣ ਤੀਕ ਆਪਣੇ ਲਿਖੇ ਪੰਜ ਕਾਵਿ ਸੰਗ੍ਰਹਿ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ।
ਫਿਰ 30 ਸਾਲ ਬਾਅਦ ਆਪਣੇ ਉਸਤਾਦ ਮਹਾਨ ਕਵੀ ਕੁਲਵੰਤ ਜਗਰਾਓਂ ਜੀ ਦੀ ਤਲਾਸ਼, ਸਿਰਜਣਧਾਰਾ ਦੇ ਮੀਤ ਪ੍ਰਧਾਨ ਵਜੋਂ ਉਨ੍ਹਾਂ ਦਾ ਮਿਲਣਾ ਅਤੇ ਆਪਣੇ ਪਹਿਲੇ ਕਾਵਿ - ਸੰਗ੍ਰਹਿ 'ਕਾਲੀ ਲੋਈ' ਦਾ ਮੁੱਖ ਬੰਦ ਉਨ੍ਹਾਂ ਕੋਲੋਂ ਲਿਖਵਾਉਣਾ ਸਿਰਫ਼ ਔਰ ਸਿਰਫ਼ ਜਸਵੰਤ ਦਾ ਹੀ ਸੁਭਾਗ ਹੋ ਸਕਦਾ ਸੀ ।
ਸੰਨ 2004 ਵਿੱਚ ਲੁਧਿਆਣਾ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਿੱਖੇ ਉੱਘੇ ਲੇਖਕ ਕੁਲਵੰਤ ਜਗਰਾਂਉਂ ਜੀ, ਉੱਘੇ ਲੇਖਕ ਰਵਿੰਦਰ ਭੱਠਲ ਜੀ, ਮਹਾਨ ਲੇਖਕ ਗੁਰਭਜਨ ਗਿੱਲ ਜੀ, ਪੰਜਾਬ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ, ਗਜ਼ਲਾਂ ਦੇ ਮਾਹਿਰ ਗੁਰਚਰਨ ਕੋਚਰ ਜੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ: ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਹੇਠ ਜਸਵੰਤ ਕੌਰ ਬੈਂਸ ਦਾ ਕਾਵਿ ਸੰਗ੍ਰਹਿ ਕਾਲੀ ਲੋਈ ਲੋਕ ਅਰਪਣ ਕੀਤਾ ਗਿਆ ।
ਭਾਗ 3
ਪੰਜਾਬ ਲੁਧਿਆਣਾ ਦੇ ਨਾਮਵਰ ਗਜ਼ਲਗੋ ਮਹਾਨ ਹਸਤੀ ਮੈਡਮ ਗੁਰਚਰਨ ਕੌਰ ਕੋਚਰ ਜੀ ਕੋਲੋਂ ਲਿੱਖਤਾਂ ਵਿੱਚ ਹੋਰ ਪ੍ਰੇਰਨਾਂ ਅਤੇ ਭੈਣਾਂ ਵਰਗਾ ਪਿਆਰ ਵੀ ਜਸਵੰਤ ਨੂੰ ਮਿਲਿਆ। ਜਸਵੰਤ ਦੇ 3 ਕਾਵਿ ਸੰਗ੍ਰਹਿ ਜਿਨ੍ਹਾਂ ਦੇ ਖ਼ੂਬਸੂਰਤ ਮੁੱਖਬੰਦ ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਸੁੰਦਰ ਲਫਜ਼ਾਂ ਵਿੱਚ ਲਿੱਖ ਕੇ ਜਸਵੰਤ ਕੌਰ ਬੈਂਸ ਨੂੰ ਮਾਣ ਦਿੱਤਾ। ਲੁਧਿਆਣਾ ਤੋਂ ਪੰਜਾਬ ਦੀਆਂ ਸ਼ੂਗਰ ਮਿੱਲਾਂ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ ਪਿੰਡ ਖੰਟ ਮਾਨਪੁਰ ਦੇ ਵਸਨੀਕ ਹਨ ਨੇ ਕੋਚਰ ਮੈਡਮ ਨਾਲ ਜਸਵੰਤ ਦੇ ਦੂਸਰੇ ਕਾਵਿ ਸੰਗ੍ਰਹਿ ਸੰਧੂਰੀ ਮਿੱਟੀ ਦੀ ਖੁਸ਼ਬੋ ਨੂੰ ਪ੍ਰਸਿੱਧ ਲੇਖਕਾਂ ਦੀ ਪ੍ਰਧਾਨਗੀ ਮੰਡਲ ਹੇਠ 2008 ਵਿੱਚ ਲੋਕ ਅਰਪਣ ਕੀਤਾ। ਜੱਸੀ ਮਾਨ ਟੋਰਾਂਟੋਂ, ਕੈਨੇਡਾ ਤੋਂ ਪਿੰਡ ਖੰਟ ਮਾਨਪੁਰ ਪੰਜਾਬ ਦੇ ਵਸਨੀਕ ਨੇ ਸਾਹਿਤਕ ਖੇਤਰ ਵਿੱਚ ਜਸਵੰਤ ਕੌਰ ਬੈਂਸ ਦੇ ਸੰਪਾਦਕ ਕੀਤੀਆਂ ਦੋ ਕਿਤਾਬਾਂ ਨੂੰ ਸਪੌਂਸਰ ਕਰਕੇ ਕੇ ਜੋ
ਸਾਂਝੀਆਂ ਕਾਵਿ ਸੰਗ੍ਰਹਿ ਅਤੇ ਲੇਖ ਸੰਗ੍ਰਹਿ ਸਨ ਜਸਵੰਤ ਕੌਰ ਬੈਂਸ ਨੂੰ ਹੌਸਲਾ ਅਤੇ ਮਾਣ ਬਖ਼ਸ਼ਿਆ। ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜਿਨਾਂ ਦੇ ਸ਼ੁਭ ਹੱਥਾਂ ਨਾਲ ਜਸਵੰਤ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਗੁਰਚਰਨ ਕੌਰ ਕੋਚਰ ਮੈਡਮ ਅਤੇ ਬਹੁਤ ਸਾਰੇ ਹੋਰ ਉੱਘੇ ਲੇਖਕਾਂ ਸਾਹਿਤ ਘੁੰਡ ਚੁਕਾਈ ਦੀ ਰਸਮ ਕੀਤੀ ਗਈ। ਜਸਵੰਤ ਨੂੰ ਪ੍ਰਮਾਤਮਾ ਦੀ ਮਿਹਰ ਅਤੇ ਮਹਾਨ ਸਾਹਿਤਕਾਰਾਂ ਦਾ ਪਿਆਰ, ਅਸ਼ੀਰਵਾਦ ਸਾਹਿਤਕ ਖੇਤਰ ਵਿੱਚ ਮਿਲਦਾ ਰਿਹਾ। ਜਿਸਦੀ ਬਦੌਲਤ ਉਸਦੀ ਹਿੰਮਤ ਅਤੇ ਹੌਸਲਾ ਵੱਧਦਾ ਗਿਆ।ਸਾਹਿਤਕ ਸੇਵਾਵਾਂ ਲਈ ਜਸਵੰਤ ਕੌਰ ਬੈਂਸ ‘ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ’ ਗਰੁੱਪ 1, ਗਰੁੱਪ 2, ਗਰੁੱਪ 3 ਅਤੇ ‘ਸ਼ਾਇਰੀ ਦੇ ਅੰਗ-ਸੰਗ’ ਗਰੁੱਪ ਦੇ ਸੰਸਥਾਪਕ ਅਤੇ ਆਪਣੀ ਟੀਮ ਨਾਲ ਮਿਲ ਕੇ ਮੈਨੇਜਿੰਗ ਕਰ ਰਹੇ ਹਨ। ਜਿਸ ਵਿੱਚ ਔਨ ਲਾਈਨ ਕਵੀ ਦਰਬਾਰ ਕਰਾਏ ਜਾਂਦੇ ਹਨ। ਨਾਲ ਨਾਲ ਆਪਣੀ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਟੀਮ ਨਾਲ ਮਿਲ ਕੇ ਸਾਂਝੇ ਕਾਵਿ ਸੰਗ੍ਰਹਿ ਸੰਪਾਦਤ ਕਰ ਰਹੇ ਹਨ। ਪਿਛਲੇ ਸਾਲ ਜਸਵੰਤ ਕੌਰ ਬੈਂਸ ਨੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵਾਧਾ ਕਰਨ ਲਈ ਪੰਜਾਬ ਦੇ ਕਈ ਪਿੰਡਾਂ ਵਿੱਚ ਆਪਣੀ ਸਾਹਿਤਕ ਟੀਮ ਨਾਲ ਮਿਲ ਕੇ ਰੁੱਖ ਵੀ ਲਗਵਾਏ।
ਜਸਵੰਤ ਕੌਰ ਬੈਂਸ ਲੈਸਟਰ ਸ਼ਹਿਰ ਯੂ ਕੇ ਵਿੱਚ ਸਾਂਝਾਂ ਗਰੁੱਪ, ਮਿਲਾਪ ਗਰੁੱਪ, ਵਿਹੜੇ ਦੀਆਂ ਰੌਣਕਾਂ , ਸੁਨਹਿਰੇ ਲਫ਼ਜ਼ ਮਾਂ ਬੋਲੀ ਗਰੁੱਪ ਵਿੱਚ ਆਪਣਾ ਰੋਲ ਆਪਣੀ ਪੂਰੀ ਟੀਮ ਨਾਲ ਨਿਭਾ ਰਹੇ ਹਨ। ਜਿਨਾਂ ਵਿੱਚ ਧਾਰਮਿਕ, ਸਾਹਿਤਕ, ਸੱਭਿਆਚਾਰਿਕ , ਮਾਂ ਬੋਲੀ ਦੇ, ਦਿਨਾਂ ਤਿਉਹਾਰਾਂ ਤੇ ਰਲ ਮਿਲ ਕੇ ਸਾਂਝੇ ਪ੍ਰੋਗਰਾਮ ਕੀਤੇ ਜਾਂਦੇ ਹਨ। ਜਸਵੰਤ ਕੌਰ ਬੈਂਸ ਇੱਕ ਬਹੁਪੱਖੀ ਸਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਗੁਣ ਹਨ। ਜਿਨਾਂ ਨੂੰ ਉਹ ਹਮੇਸ਼ਾਂ ਆਪਣੀਆਂ ਸੇਵਾਵਾਂ ਦੇ ਜ਼ਰੀਏ ਵੰਡਦੀ ਰਹਿੰਦੀ ਹੈ। ਜਸਵੰਤ ਵਿੱਚ ਆਰਟ ਐਂਡ ਕਰਾਫਟ ਵਰਕ ਦੀਆਂ ਦਿਲਚਸਪ ਐਕਟੇਵਿਟੀਆਂ ਕਰਨ ਦੀ ਭਰਭੂਰ ਯੋਗਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਿਲਚਸਪ ਆਰਟ ਕਲਾ ਦਾ ਕੰਮ ਸਭ ਨਾਲ ਮਿਲ ਕੇ ਕਰ ਲੈੰਦੇ ਹਨ। ਜਿਸ ਵਿੱਚ ਕਲਰਿੰਗ, ਪੇਂਟਿੰਗ , ਕਾਰਡ ਮੇਕਿੰਗ, ਫਲਾਵਰ ਅਰੇਂਜਿੰਗ, ਡੈਕੋਰੇਟਿੰਗ , ਸਿੰਗ ਕਰਨਾ, ਐਕਟ ਕਰਨਾ, ਡਾਂਸ ਕਰਨਾ ਵਗੈਰਾ।
ਜਸਵੰਤ ਨੂੰ ਉੱਨਾਂ ਦੀਆਂ ਕੀਤੀਆਂ ਸੇਵਾਵਾਂ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਪੁਰਸਕਾਰ, ਮਾਨ ਸਨਮਾਨ, ਸਨਮਾਨ ਪੱਤਰ, ਸਰਟੀਫਿਕੇਟ, ਮੈਡਲ ਅਤੇ ਪਾਠਕਾਂ ਅਤੇ ਸਰੋਤਿਆਂ ਵੱਲੋ ਬੇਹੱਦ ਮੋਹ ਮਿਲਿਆ ਹੈ। ਲੁਧਿਆਣਾ ਸਾਹਿਤਕ ਅਕੈਡਮੀ ਸਿਰਜਣਧਾਰਾ ਵੱਲੋਂ ਜਸਵੰਤ ਨੂੰ 2004 ਵਿੱਚ ‘ਪੰਜਾਬ ਦੀ ਖੁਸ਼ਬੋ’ ,ਪੁਰਸਕਾਰ ਅਤੇ 2008 ਵਿੱਚ ‘ਪੰਜਾਬੀ ਸੱਭਿਆਚਾਰ ਦੀ ਆਰਤੀ ‘ਪੁਰਸਕਾਰ ਅਤੇ 2009 ਵਿੱਚ ਨੂਰ-ਏ- ਪੰਜਾਬ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਅਕੈਡਮੀ ਵੱਲੋਂ ਹਰ ਸਾਲ ਸਨਮਾਨ ਪੱਤਰ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। 2009 ਵਿੱਚ ਪੰਜਾਬੀ ਅਕੈਡਮੀ ਵੱਲੋਂ ਅਕੈਡਮੀ ਵਿੱਚ ਕੀਤੀ ਮਿਹਨਤ ਅਤੇ ਪਾਏ ਯੋਗਦਾਨ ਲਈ ਫੈਲੋਸ਼ਿੱਪ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਲੰਡਨ ਵਿੱਚ ਪੰਜਾਬੀ ਸੈਂਟਰ ,ਦੇਸੀ ਰੇਡੀਓ ਅਤੇ ਲੇਖਿਕਾ ਕੁਲਵੰਤ ਢਿੱਲੋਂ ਜੀ ਜੋ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਹਨ ,ਨੇ ਜਸਵੰਤ ਕੌਰ ਬੈਂਸ ਨੂੰ ਪੰਜਾਬੀ ਸਾਹਿਤ , ਪੰਜਾਬੀ ਮਾਂ ਬੋਲੀ ਅਤੇ ਵਿਰਸੇ ਅਤੇ ਸੱਭਿਆਚਾਰ ਦੀ ਪ੍ਰਫੁਲਤਾ ਲਈ ਯੂ ਕੇ ਵਿੱਚ ਪਾਏ ਯੋਗਦਾਨ ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮੇਂ ਸਮੇਂ ਤੇ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਖਾਲਸਾ ਐਜੂਕੇਸ਼ਨ ਸੈਂਟਰ ਵਿੱਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜਾਉਣ ਲਈ ਪਾਏ ਯੋਗਦਾਨ ਲਈ ਹਾਰ ਸਾਲ ਸਿਰਪਾਉ ,ਮਾਨ - ਸਨਮਾਨ, ਸਰਟੀਫਿਕੇਟ ,ਮੈਡਲ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਹੋਰ ਬਹੁਤ ਸੰਸਥਾਵਾਂ ਵੱਲੋਂ ਮਾਨ ਸਨਮਾਨ ਅਤੇ ਸਨਮਾਨ ਪੱਤਰ ਦਿੱਤੇ ਗਏ।
ਜਸਵੰਤ ਦੇ ਆਉਣ ਵਾਲੇ ਕਾਵਿ ਸੰਗ੍ਰਹਿ ਅਤੇ ਸ਼ਾਇਰੀ ਸੰਗ੍ਰਹਿ ਹਨ ‘ ਓੜ ਲਈ ਫੁਲਕਾਰੀ ਮੈਂ ‘ ਅਤੇ ‘ ਮਨਮੋਤੀ’ 2022-23 ਵਿੱਚ ਲੋਕ ਅਰਪਣ ਕੀਤੇ ਜਾਣਗੇ। ਇੱਕ ਆਧੁਨਿਕ ਲੋਕ ਬੋਲੀਆਂ ਦਾ ਸਾਂਝੀ ਕਿਤਾਬ ਜਿਸ ਨੂੰ ਜਸਵੰਤ ਕੌਰ ਬੈਂਸ ਅਤੇ ਮਾਸਟਰ ਲਖਵਿੰਦਰ ਸਿੰਘ ਸੰਪਾਦਤ ਕਰ ਰਹੇ ਹਨ, 2022-23 ਵਿੱਚ ਲੋਕ ਅਰਪਣ ਹੋਵੇਗੀ ਅਤੇ ਸਕੂਲਾਂ ਕਾਲਜਾਂ, ਵਿਆਹ ਸ਼ਾਦੀਆਂ ,ਤੀਆਂ ਤ੍ਰਿੰਝਣਾ ਅਤੇ ਗਿੱਧਿਆਂ ਦਾ ਸ਼ਿੰਗਾਰ ਬਣੇਗੀ। ਜਿਸ ਵਿੱਚ ਪ੍ਰੀਵਾਰਿਕ ਲੋਕ ਬੋਲੀਆਂ ਪਾਠਕਾਂ ਦੇ ਰੂ-ਬ-ਰੂ ਹੋਣਗੀਆਂ।
ਜਸਵੰਤ ਕੌਰ ਬੈਂਸ( ਕੰਗ)
ਲੈਸਟਰ ਯੂ ਕੇ
ਲੇਖਿਕਾ, ਰੇਡੀਓ ਪਰਜ਼ੈਂਟਰ, ਗਰੁੱਪ ਕੋਰਡੀਨੇਟਰ
ਵੱਲੋ ਧੰਨਵਾਦ ਸਾਹਿਤ
ਗੁਰਚਰਨ ਸਿੰਘ ਧੰਜ਼ੂ ਪਟਿਆਲਾ