You are here

ਸਾਹਿਤ

ਹਿਜਾਬ ✍️ ਸਲੇਮਪੁਰੀ ਦੀ ਚੂੰਢੀ

 

-ਅੱਜ ਉਨ੍ਹਾਂ ਦੇ ਮੂੰਹ
ਵਿੰਗੇ ਹੋ ਗਏ ਨੇ,
ਜੁਬਾਨ ਖੜ੍ਹ ਗਈ ਆ
ਜਿਵੇਂ ਲਕਵਾ ਹੋ ਗਿਆ ਹੋਵੇ!
ਉਂਝ ਉਹ ਰੋਜ
ਉੱਚੀ ਉੱਚੀ
ਟਾਹਰਾਂ ਮਾਰਦੇ
 ਕੰਨ ਪਾੜਦੇ!
ਆਖਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਅੱਜ ਦੇਸ਼ ਭਗਤਾਂ ਨੂੰ
ਪਾਕਿ - ਚੀਨ ਨਹੀਂ,
'ਹਿਜਾਬ'
ਦੁਸ਼ਮਣ ਜਾਪਦੈ!
ਬੁੱਧੀਜੀਵੀਆਂ ਦੀ
 ਫੀਤੀ ਲਗਾਕੇ,
ਪੁਰਸਕਾਰ ਪਾ ਕੇ,
ਵੱਡੀਆਂ ਹਸਤੀਆਂ
ਕਹਾਉਣ ਵਾਲੇ
ਅੱਖੋਂ ਅੰਨ੍ਹੇ!
ਕੰਨੋੰ ਬੋਲ੍ਹੇ ਹੋ ਕੇ
ਰਹਿ ਗਏ ਨੇ!
ਪਾਣੀ ਦੀ ਝੱਗ ਵਾਂਗੂੰ
ਬਹਿ ਗਏ ਨੇ!
ਫਿੱਟ ਲਾਹਣਤ
 ਟੀ ਵੀ ਚੈਨਲਾਂ ਦੇ
ਜਿਹੜੇ
 ਏਕਤਾ ਦਾ ਪਾਠ
ਪੜ੍ਹਾਉਂਦੇ ਨਹੀਂ ਥੱਕਦੇ!
ਧਰਮ ਦੇ ਨਾਂ 'ਤੇ
ਕਹਿਰ ਢਾਹੁਣ ਵਾਲਿਆਂ ਵਿਰੁੱਧ
ਹੁਣ ਅਵਾਜ ਕਿਉਂ ਨ੍ਹੀਂ
 ਚੱਕਦੇ!
ਉਹ -
ਪਹਿਨਣ-ਖਾਣ ,
 ਮੂੰਹ ਖੋਲ੍ਹਣ ,  
ਘੁੰਮਣ - ਘੁੰਮਾਉਣ ਦਾ
ਹੱਕ ਖੋਹਣ ਨੂੰ
ਸੰਵਿਧਾਨ ਮਰਿਆਦਾ
 ਨੂੰ
ਲੀਰੋ ਲੀਰ
ਕਰਨ ਨੂੰ
 ਆਪਣਾ ਧਰਮ
ਸਮਝਦੇ ਨੇ!
ਤੇ ਹੋਕਾ ਦਿੰਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਏਕਤਾ ਬਣਾਓ!
ਦੇਸ਼ ਬਚਾਓ!
ਤੇ ਉਹ ਖੁਦ
ਸ਼ਰੇਆਮ ਸ਼ਤਰੰਜ ਖੇਡਦੇ ਨੇ
ਕਦੀ ਧਰਮ ਦੇ ਨਾਂ 'ਤੇ,
ਕਦੀ ਜਾਤ ਦੇ ਨਾਂ 'ਤੇ।
ਵੋਟਾਂ ਬਟੋਰਨ ਲਈ!
ਕੁਰਸੀ ਹਥਿਆਉਣ ਲਈ!
ਗਰੀਬੀ,
ਭੁੱਖਮਰੀ,
ਬੇਰੁਜ਼ਗਾਰੀ,
 ਸਮੱਸਿਆਵਾਂ ਤੋਂ
ਧਿਆਨ ਹਟਾਉਣ ਲਈ ,
ਲੋਕਾਂ ਨੂੰ ਲੜਾਉਣ ਲਈ ,
ਮਜਲੂਮਾਂ ਨੂੰ ਸਤਾਉਣ ਲਈ,
ਹਿਜਾਬ ਤੋਂ ਰੋਕਣਾ!
ਘੋੜੀ ਚੜ੍ਹਨੋੰ ਟੋਕਣਾ!
ਉਨ੍ਹਾਂ ਦੀ ਬਿਮਾਰ ਮਾਨਸਿਕਤਾ
ਤੇ
ਕੋਝੀ ਸ਼ਰਾਰਤ
ਦਾ ਪ੍ਰਤੀਕ ਆ!
- ਸੁਖਦੇਵ ਸਲੇਮਪੁਰੀ
09780620233
9 ਫਰਵਰੀ, 2022.

ਚੋਣ ਕਮਿਸ਼ਨ ਡੋਲ ਨਾ ਜਾਵੀਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਲਗਾਮ ਖਿੱਚ ਕੇ ਰੱਖੀੰ!
ਤੇਰੀ ਲਗਾਮ ਨੇ
 ਖਰਚੇ ਘਟਾਉਣੇ ਨੇ!
ਜੇ ਉਮੀਦਵਾਰਾਂ ਦੇ ਖਰਚਿਆਂ 'ਤੇ
ਵਿਸਰਾਮ ਚਿੰਨ੍ਹ ਲੱਗੇਗਾ
ਤਾਂ ਉਹ-
ਨਾ ਲੋਕਾਂ ਦਾ ਗਲਾ
ਵੱਢਣਗੇ!
ਨਾ ਸਰਕਾਰੀ ਖਜ਼ਾਨਾ
ਚੱਟਣਗੇ!
ਤੂੰ ਬਣਕੇ ਰਹੀਂ ਲੋਕ ਪੱਖੀ!
ਲਾਜ ਫਰਜਾਂ ਦੀ ਰੱਖੀੰ !
ਧਨਾਢਾਂ 'ਤੇ
ਬਾਜ ਅੱਖ ਰੱਖੀੰ!
ਉਹ ਦਾਰੂ, ਭੁੱਕੀ ਵੰਡਣਗੇ!
  ਨਾਲੇ 'ਚਿੱਟਾ' ਥਾਂ ਥਾਂ ਸੁੱਟਣਗੇ!
ਗ੍ਰੰਥਾਂ 'ਤੇ
ਹੱਥ ਰਖਾਕੇ!
ਸਹੁੰਆਂ ਖੁਆਕੇ
ਦੁੱਕੀ, ਤਿੱਕੀ ਵੰਡਣਗੇ!
 ਕਾਣੇ ਕਰਕੇ ਰੱਖਣਗੇ!
 ਜੁੱਤੀ ਥੱਲੇ ਰੱਖਣਗੇ!
ਪਸ਼ੂਆਂ ਵਾਂਗੂੰ ਹੱਕਣਗੇ!
ਵੇਖੀਂ ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਤੇਰੇ 'ਤੇ ਦਬਾਅ ਪਵੇਗਾ!
ਬਚਾ ਲੈ ਲੋਕਾਂ ਨੂੰ!
ਬਚਾ ਲੈ ਦੇਸ਼ ਨੂੰ!
 ਉਹ -
ਵਿਧਾਇਕ ਬਣਕੇ,
ਐਮ ਪੀ ਬਣਕੇ,
ਮੰਤਰੀ ਬਣਕੇ,
ਐਸ਼ ਪ੍ਰਸਤੀ ਕਰਦੇ ਨੇ!
ਨਾਲੇ ਲੁੱਟਦੇ ਨੇ ,
 ਗਾਲ੍ਹਾਂ ਕੱਢਦੇ ਨੇ!
ਚੋਣ ਕਮਿਸ਼ਨ
ਤਕੜਾ ਹੋ ਕੇ ਰਹੀਂ!
ਕਿਤੇ ਡੋਲ ਨਾ ਜਾਵੀਂ!
ਚੋਣ ਕਮਿਸ਼ਨ -
ਨਵਿਆਂ ਨੂੰ
ਨਸ਼ਿਆਂ ਦੀ ਦਲਦਲ 'ਚੋਂ
ਗਰਕਣੋੰ ਬਚਾ ਲੈ!
 ਚੋਣਾਂ ਦੇ ਚੱਲਦਿਆਂ
ਸ਼ਰੇਆਮ ਵਗਦੀ
 ਨਸ਼ਿਆਂ ਦੀ ਹਨੇਰੀ
ਕਈਆਂ ਦੇ ਘਰ-ਬਾਰ
ਉਡਾਉਂਦੀ ਆ!
ਬੇ-ਮੌਸਮੇ ਸੱਥਰ ਵਿਛਾਉੰਦੀ ਆ!
ਗੋਲੀਆਂ ਚਲਦੀਆਂ ਨੇ!
ਸਿਰ ਪਾਟ ਦੇ ਨੇ!
 ਥਾਣਿਆਂ, ਕਚਹਿਰੀਆਂ 'ਚ
 ਉਮਰਾਂ ਗਾਲ਼ਦੇ ਨੇ!
ਫਿਰ ਮੱਥੇ 'ਤੇ ਹੱਥ ਮਾਰਦੇ ਨੇ,
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਫਿਰ ਪਛਤਾਉਂਦੇ ਨੇ
 ਮੱਥੇ 'ਤੇ ਹੱਥ ਮਾਰ ਦੇ ਨੇ!
- ਸੁਖਦੇਵ ਸਲੇਮਪੁਰੀ
09780620233
1 ਫਰਵਰੀ, 2022

ਕੁਲਵੰਤ ਸੈਦੋਕੇ ਦਾ ਪਲੇਠਾ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਛਪ ਕੇ ਲੋਕਾਂ ਦੀ ਕਚਹਿਰੀ ਚ ✍️ ਸ਼ਿਵਨਾਥ ਦਰਦੀ

'ਮਹਿਕਦੇ ਗੀਤ' ਕਾਵਿ ਸੰਗ੍ਰਹਿ       

         ਲੇਖਕ :- ਕੁਲਵੰਤ ਸੈਦੋਕੇ

         ਸੰਪਰਕ :- 7889172043

         ਮੁੱਲ :- 220 ਰੁਪਏ, ਸਫ਼ੇ :- 132

        ਜ਼ੋਹਰਾ ਪਬਲੀਕੇਸ਼ਨਜ਼ ਪਟਿਆਲਾ ( ਪੰਜਾਬ )

     'ਮਹਿਕਦੇ ਗੀਤ' ਕਾਵਿ ਸੰਗ੍ਰਹਿ , ਲੇਖਕ 'ਕੁਲਵੰਤ ਸੈਦੋਕੇ' ਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ । ਇਸ ਕਾਵਿ-ਸੰਗ੍ਰਹਿ ਵਿਚ 'ਸੈਦੋਕੇ ਜੀ' ਨੇ , ਆਪਣੀ ਗੀਤਕਾਰੀ ਰਾਹੀਂ , ਬਹੁਰੰਗੀ ਜ਼ਿੰਦਗੀ ਦੇ ਰੰਗ ,  ਆਪਣੇ ਅਮੋਲਕ ਅਲਫਾਜਾਂ ਰਾਹੀਂ ਦਰਸਾਏ । 'ਸੈਦੋਕੇ ਜੀ' , ਇੱਕ ਸੰਵੇਦਨਸ਼ੀਲ , ਭਾਵਪੂਰਕ ਤੇ ਸਥਾਪਿਤ ਗੀਤਕਾਰ ਹੈ । 'ਸੈਦੋਕੇ ਜੀ' ਪੰਜਾਬ ਦੇ ਸਮਾਜਿਕ , ਸੱਭਿਆਚਾਰਕ ਅਤੇ ਰਾਜਨੀਤਕ ਮਾਹੌਲ ਤੋਂ ਬਾਖੂਬੀ ਵਾਕਿਫ਼ ਹਨ । 'ਕੁਲਵੰਤ ਸੈਦੋਕੇ ਜੀ' ਅਸੱਭਿਅਕ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਹੈ । ਗੀਤਕਾਰੀ ਕਰਨਾ , ਹਰ ਲੇਖਕ ਦੇ ਵੱਸ ਦੀ ਨਹੀਂ । ਗੀਤਕਾਰੀ ਕਰਦੇ ਸਮੇਂ ਲੈਅ ਬੱਧਤਾ , ਤੁਕਾਂਤ ਮੇਲ , ਬੰਦਸ਼ ਤੇ ਵਜ਼ਨ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ , ਤਾਂ ਕਿ ਸੰਗੀਤਕਾਰ ਨੂੰ , ਸੰਗੀਤ ਤਿਆਰ ਕਰਨ , ਆਸਾਨੀ ਹੋਵੇ । ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ , ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਂਚ ਬਾਰੇ ਜਾਣਕਾਰੀ ਹੈ । ਓਨਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ , ਜਿਨ੍ਹਾਂ ਗੀਤਾਂ ਨੂੰ ਲੋਕਾਈ ਨੂੰ ਸਾਹਮਣੇ ਰੱਖ , ਗੀਤਾਂ ਦਾ ਰੂਪ ਦਿੱਤਾ ਜਾਵੇ । ਇਸੇ ਤਰ੍ਹਾਂ 'ਸੈਦੋਕੇ ਜੀ' ਨੇ ਬਹੁਤ ਸਾਰੀਆਂ ਰਚਨਾਵਾਂ , ਪਿਆਰ ਮੁਹੱਬਤ , ਬਿਰਹੋਂ , ਰਿਸ਼ਤਿਆਂ ਚ ਆ ਰਹੀ ਗਿਰਾਵਟ , ਕਿਸਾਨੀ ਸੰਘਰਸ਼ , ਕਿਰਤੀਆਂ ਦੀ ਲੁੱਟ , ਧੀਆਂ ਦੇ ਦੁੱਖ-ਸੁੱਖ , ਰਾਜਨੀਤਕ ਲੋਕਾਂ ਵੱਲੋ ਲੁੱਟ ਖਸੁੱਟ , ਫੌਜੀ ਵੀਰਾਂ ਦੀ ਪਰਿਵਾਰ ਤੋਂ ਦੂਰੀ , ਅਧਿਆਪਕ ਦੇ ਸਨਮਾਨ ਤੇ ਗੀਤਕਾਰੀ ਕਰ ਵਾਹ ਵਾਹ ਖੱਟੀ ਹੈ ।

        'ਕੁਲਵੰਤ ਸੈਦੋਕੇ ਜੀ' ਦੇ ਗੀਤ ਪਿਆਰ ਮੁਹੱਬਤ ਬਾਤ ਪਾਉਂਦੇ ਤੇ ਨੀਲੇ ਅੰਬਰਾਂ ਨੂੰ ਛੂੰਹਦੇ ਹਨ  । ਓਹ ਲਿਖਦੇ ਹਨ :- 

              ਇਹ ਗੀਤਾਂ ਦੀ ਅਜ਼ਬ ਕਹਾਣੀ ,

              ਬਾਤ ਪਿਆਰ ਦੀ ਪਾਉਂਦੀ ਐ ।

              ਧਰਤੀ ਤੋ ਨੀਲੇ ਅੰਬਰਾਂ ਦੇ ਵਿਚ ,

              ਉੱਚਾ ਉਡਣਾ ਚਹੁੰਦੀ ਐ ।

       ਜਦੋਂ ਤੱਕ ਗੀਤਕਾਰੀ ਵਿਚ , ਪਿਆਰ ਮੁਹੱਬਤ ਚ' ਬਿਰਹੋਂ ਨਹੀਂ ਹੁੰਦੀ , ਉਦੋਂ ਤੱਕ ਸਾਰਥਕ ਗੀਤਕਾਰੀ ਅਧੂਰੀ ਲੱਗਦੀ ਹੈ । 'ਸੈਦੋਕੇ ਜੀ '  ਬਿਰਹੋਂ ਦਾ ਜ਼ਿਕਰ ਕਰਦੇ ਲਿਖਦੇ ਹਨ ‌‌- :

                ਬਿਰਹੋਂ ਵਿਛੋੜਾ ਕਸਕ ਦਿਲਾਂ ਦੀ ,

                ਭਰ ਜੋਬਨ ਵਿੱਚ ਸਹਿੰਦੇ ਆ ।

                ਹੰਝੂਆਂ ਦੇ ਹੜ੍ਹ ਵਿਚ ਬੇਸ਼ਕੀਮਤੀ ,

                ਖ਼ਿਆਲ ਤੈਰਦੇ ਰਹਿੰਦੇ ਆ ।

       ਦੇਸ਼ ਦੀ ਰਖਵਾਲੀ ਕਰਦੇ , ਫੌਜੀ ਵੀਰਾਂ ਦਾ ਦਿਲ ਜਿੱਤਿਆ ਹੈ , 'ਸੈਦੋਕੇ ਜੀ' ਨੇ , ਲਿਖਦੇ ਹਨ :- 

                ਨਾ ਕੋਈ ਫ਼ੋਨ ਤੇ ਨਾ ਹੀ ਕੋਈ ਖ਼ਤ ਪਾਇਆ ,

                ਭੁੱਲ ਗਿਓ ਸਾਡਾ ਤੂੰ ਖਿਆਲ ਫੌਜੀਆਂ ।

                ਵੇ ਜੇ ਤੂੰ ਛੁੱਟੀ ਨਹੀਂ ਆਉਣਾ ਲੈ ਜਾ ਨਾਲ ਫੌਜੀਆਂ ।

       ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲਿਖ , ਸਰਹੱਦਾਂ ਤੇ ਬੈਠੇ , ਫੌਜੀ ਵੀਰਾਂ ਦੇ ਹੌਸਲੇ ਬੁਲੰਦ ਕੀਤੇ , ਓਨਾਂ ਦੀ ਦੇਸ਼ ਭਗਤੀ ਗੀਤਾਂ ਵਿਚ ਝਲਕਦੀ ਹੈ । 'ਸੈਦੋਕੇ ਜੀ ' ਖੁਦ ਭਾਰਤੀ ਫੌਜ ਚ' ਸੇਵਾ ਕਰ , ਸਰਹੱਦਾਂ ਦੇ ਸੇਕ  , ਰਾਤਾਂ ਦੇ ਉਨੀਂਦਰੇ ਝੱਲ , ਪਿੰਡੇ ਤੇ ਗਰਮ ਸਰਦ ਮੌਸਮ ਹੰਢਾ ਕੇ , ਅੱਜ ਪ੍ਰਪੱਕ ਗੀਤਾਂ ਨੂੰ ਜਨਮ ਦੇ ਰਿਹਾ ਹੈ ।

       'ਕੁਲਵੰਤ ਸੈਦੋਕੇ ਜੀ' ਪਿੰਡ ਚ' ਰਹਿ , ਕਿਸਾਨ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੈ । ਤਿੰਨ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ , ਲਿਖਦਾ ਹੈ :- 

                ਤੈਥੋਂ ਬਾਦਸ਼ਾਹੀ ਨਹੀਂ ਸੰਭਦੀ ,

                ਹੁਣ ਫਿਰਦੀ ਥਰ ਥਰ ਕੰਬਦੀ ,

                ਦੇਖ ਲਿਆ ਅਸੀਂ ਤੈਨੂੰ ਅਜ਼ਮਾ ਕੇ ,

                ਪੁੱਠਾ ਪੰਗਾ ਲੈ ਲਿਆ ਦਿੱਲੀਏ ,

                ਤੂੰ ਪੰਜਾਬ ਨਾਲ ਸਿੱਧਾ ਮੱਥਾ ਲਾ ਕੇ ।

      ਸਮਾਜ ਵਿੱਚ ਉੱਚਾ ਸੁੱਚਾ ਸਥਾਨ ਰੱਖਦੇ , ਸਾਡੇ ਟੀਚਰ,  ਅਧਿਆਪਕ । ਸਾਨੂੰ ਸਮਾਜ ਵਿਚ , ਅੱਗੇ ਵਧਣ ਲਈ , ਸਾਨੂੰ ਸ਼ਬਦ ਭੰਡਾਰ ਦਿੰਦੇ ਹਨ । ਅਸੀਂ ਚੰਗੀ ਸਿੱਖਿਆ ਲੈ , ਸਮਾਜ ਰਹਿਣ ਦਾ ਸਲੀਕਾ ਸਿਖਦੇ ਹਾਂ । ਸਨਮਾਨਯੋਗ , ਟੀਚਰਾਂ ਆਧਿਆਪਕਾਂ ਲਈ 'ਸੈਦੋਕੇ ਜੀ' ਲਿਖਦੇ ਹਨ :- 

                 ਅਧਿਆਪਕ ਰਾਹ ਦਸੇਰੇ ਹੁੰਦੇ ,

                 ਜੀਵਨ ਜਾਚ ਸਿਖਾਣ ।

                 ਭਰ ਭਰ ਮੁੱਠੀਆਂ ਚਾਨਣ ਵੰਡਣ ,

                 ਟੀਚਰ ਹੁੰਦੇ ਮਹਾਨ ।

       'ਸੈਦੋਕੇ ਜੀ' ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਵਿਚ ਸਰਲ ਤੇ ਅਰਥ ਭਰਪੂਰ ਸ਼ਬਾਦਵਲੀ ਗੀਤਕਾਰੀ ਨੂੰ ਚਾਰ ਚੰਨ ਲਾਏ । ਇਸ ਕਾਵਿ-ਸੰਗ੍ਰਹਿ ਵਿਚ ਚ' 'ਸੈਦੋਕੇ ਜੀ' ਨੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪੇਸ਼ ਕੀਤਾ ਤੇ ਸਮਾਜ ਵਿਰੋਧੀ ਤਾਕਤਾਂ ਦਾ ਖੰਡਨ ਕੀਤਾ । ਪੂਰੀ ਲੋਕਾਈ ਨੂੰ , ਇੱਕ ਬੰਧਣ ਵਿਚ ਬੰਨਣ ਲਈ ਲਿਖਦਾ ਹੈ :- 

                 ਕਿਉਂ ਕਰਦਾ ਏਂ ਮੇਰੀਆਂ ਤੇਰੀਆਂ ,

                 ਹੋ ਜਾਣ ਮਿੱਟੀ ਦੀਆਂ ਢੇਰੀਆਂ ।

                 ਤੂੰ ਛੇੜਦਾ ਕਿਉਂ ਜੰਗ ਬੰਦਿਆਂ ।

                 ਜਿਹੜਾ ਸਭ ਦੀਆਂ ਨਾੜਾਂ ਵਿਚ ਦੌੜੇ ,

                 ਲਹੂ ਦਾ ਇੱਕੋ ਰੰਗ ਬੰਦਿਆਂ ।

     'ਕੁਲਵੰਤ ਸੈਦੋਕੇ ਜੀ' ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਹਮੇਸ਼ਾ ਮਹਿਕਦੇ ਰਹਿਣ । ਪਾਠਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ । ਮੇਰੀਆਂ ਦੁਆਵਾਂ, ਪਾਠਕਾਂ ਵੱਲੋਂ 'ਮਹਿਕਦੇ ਗੀਤ' ਕਾਵਿ ਸੰਗ੍ਰਹਿ ਨੂੰ ਅਥਾਹ ਪਿਆਰ ਮਿਲੇ । ਆਸ ਹੈ ਕਿ ਆਉਣ ਵਾਲੇ ਸਮੇਂ ਚ' , 'ਕੁਲਵੰਤ ਸੈਦੋਕੇ ਜੀ' ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ , ਪਾਠਕਾਂ ਦੀ ਝੋਲੀ ਪਾਉਣਗੇ । ਆਮੀਨ

                                    ਸ਼ਿਵਨਾਥ ਦਰਦੀ 

                                  ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਅਕਲ ਦੀ ਕੁਰਸੀ ✍️ ਰਮੇਸ਼ ਕੁਮਾਰ ਜਾਨੂੰ

ਖਾਲੀ ਖਾਨੇ,ਖਾਨੇ ਦੇ ਵਿੱਚ
     ਗੱਲ ਮੈਂ ਪਾਉਣੀ ਚਾਹੁੰਦਾ ਹਾਂ
ਮੂੰਹ ਛੋਟਾ ਗੱਲ ਵੱਡੀ
     ਪਰ ਸਮਝਾਉਣੀ ਚਾਹੁੰਦਾ ਹਾਂ।।

ਮੈਂ ਤੇ ਮੈਂ ਵਿੱਚ ਚੋਣਾਂ ਕਰੀਏ
     ਆਪਣੇ ਅੰਦਰ ਵੋਟਾਂ ਪਾਈਏ
ਆਪਣੀ ਅਕਲ ਦੀ ਕੁਰਸੀ ਉੱਤੇ
     ਸੂਝਵਾਨ ਇਨਸਾਨ ਬਿਠਾਈਏ।।

ਮੂੰਹ ਹਨ੍ਹੇਰੇ ਲਾ ਸਪੀਕਰ
     ਜਿਹੜੇ ਮੈਨੂੰ ਸੌਣ ਨਹੀਂ ਦਿੰਦੇ
ਮੈਨੂੰ ਕਹਿੰਦੇ ਰੱਬ ਮਲਾਈਏ
     ਆਪਣੇ ਨੇੜੇ ਆਉਣ ਨਹੀਂ ਦਿੰਦੇ।।

ਰੱਬ ਨੂੰ ਬੰਦਿਆ ਨੌਕਰ ਸਮਝੇਂ
     ਨਾਲ ਤੂੰ ਖੜਕੇ ਕਰੇਂ ਗਰਾਈਂਆਂ
ਸੋਹਣੀ ਗੱਡੀ, ਰੱਬ ਦੇ ਪੱਠੇ
      ਪਿੱਛੇ-ਪਿੱਛੇ ਭੇਡਾਂ ਆਈਆਂ।।

ਤੂੰ ਦਰ-ਦਰ ਜਾ ਕੇ ਲੱਭਦਾ ਏਂ
     ਪਰ ਚੈਣ ਤਾਂ ਘਰ ਵਿੱਚ ਮਿਲਦਾ ਏ
ਮੱਥਾ ਆਪਣੇ ਬੂਹੇ ਟੇਕਿਆ ਕਰ
     ਕਿਉਂ ਹੋਰ ਕਿਤੇ ਜਾ ਵਿਲਦਾ ਏਂ।।

ਬਾਹਰ ਚੀਖ-ਚਿਹਾੜਾ ਇਹਨਾਂ
     ਨਾ ਸੁਣੀ ਆਵਾਜ਼ ਮੈਂ ਅੰਦਰ ਦੀ
ਓਵੀ ਰੱਬ ਦੀ ਅੱਖ ਤੋਂ ਓਹਲੇ
     ਜੋ ਪੋੜੀ ਬੈਠੇ ਮੰਦਿਰ ਦੀ।।

ਰਮੇਸ਼ ਵੇ ਦਿਲ ਦਾ ਦਰਦ ਨਾ ਮਿਟਿਆ
     ਜੀਉਂਦੀ ਜਾਨੇ ਨਰਕ ਹੰਢਾਵਾਂ
ਮਰਨ ਪਿੱਛੋਂ ਜੇ ਮਿਲਦਾ ਜਾਨੂੰ
     ਐਸੇ ਸਵਰਗ ਨੂੰ ਚੁੱਲ੍ਹੇ ਡਾਵਾਂ।।

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080

ਗਣਤੰਤਰ ਦਿਵਸ ✍️ ਸਲੇਮਪੁਰੀ ਦੀ ਚੂੰਢੀ

ਗਣਤੰਤਰ ਦਿਵਸ ਦੇ ਅਰਥ
ਲੱਭਦਿਆਂ ਲੱਭਦਿਆਂ,
ਜਿੰਦਗੀ ਦੇ ਅਰਥ
ਗੁਆਚ ਗਏ ਨੇ!
ਸੁਫਨਾ ਲਿਆ ਸੀ ਕਿ-
ਸਾਡਾ ਸੰਵਿਧਾਨ ਹੋਵੇਗਾ!
ਸਾਡਾ ਕਾਨੂੰਨ ਹੋਵੇਗਾ!
ਸੱਭ ਦੀ ਰਾਖੀ ਕਰੇਗਾ!
ਸੱਭ ਖੁਸ਼ਹਾਲ ਹੋਣਗੇ!
ਪਰ ਵੇਖਿਆ ਤਾਂ ਪਤਾ ਲੱਗਾ ਕਿ -
ਸਾਡਾ ਸੰਵਿਧਾਨ!
ਸਾਡਾ ਕਾਨੂੰਨ!
ਤਾਂ ਧਨਾਢਾਂ ਨੇ ਮੁੱਠੀ ਵਿੱਚ
ਬੰਦ ਕਰਕੇ ਰੱਖ ਲਿਐ!
ਤੇ ਸਿਆਸਤ ਦੀ
ਕੱਠ-ਪੁਤਲੀ ਬਣ ਕੇ ਰਹਿ ਗਿਐ!
ਅਸੀਂ ਤਾਂ ਬਸ-
26 ਜਨਵਰੀ ਨੂੰ ਝੰਡਾ ਚੜ੍ਹਾਉਣ ਸਮੇਂ
ਇਕੱਠੀ ਕੀਤੀ ਭੀੜ ਹਾਂ!
ਸ਼ਾਇਦ ਅੰਬੇਦਕਰ
 ਵੇਖ ਕੇ
ਹੰਝੂ ਕੇਰਦਾ ਹੋਵੇਗਾ ਕਿ-
ਜਿਹੜੇ ਸੁਫਨੇ ਲੈ ਕੇ
ਸੰਵਿਧਾਨ ਸਿਰਜਿਆ ਸੀ,
ਅੱਜ ਛਲਣੀ ਛਲਣੀ
ਹੋ ਕੇ ਰਹਿ ਗਿਐ!
 ਵੇ ਲੋਕਾ-
ਯਾਦ ਰੱਖੀੰ
 ਦੇਸ਼ ਦਾ
'ਪਵਿੱਤਰ ਗ੍ਰੰਥ'
ਸੰਵਿਧਾਨ ਮਰਿਆ ਨਹੀਂ,
ਜਿਉਂਦਾ!
ਇਸ ਦੀ ਤੜਫਦੀ ਰੂਹ
 ਠਾਰਨ ਲਈ
ਲਤਾੜਿਆਂ ਵਿਚ,
ਢਾਰਿਆਂ ਵਿਚ,
ਇਨਕਲਾਬ ਦੀ ਚਿਣਗ
ਜਵਾਲਾ ਬਣਕੇ ਉੱਠੇਗੀ!
ਫਿਰ -
ਦੇਸ਼ ਦੀ ਤਸਵੀਰ!
ਲੋਕਾਂ ਦੀ ਤਕਦੀਰ!
ਸੂਰਜ ਬਣਕੇ ਉਭਰੇਗੀ!
-ਸੁਖਦੇਵ ਸਲੇਮਪੁਰੀ
09780620233
26 ਜਨਵਰੀ, 2022.

ਬੇਗਾਨੀ ਖੁਰਲੀ ਦੇ ਪੱਠੇ! ✍️ ਸਲੇਮਪੁਰੀ ਦੀ ਚੂੰਢੀ

-  ਕੁੱਝ ਬੰਦਿਆਂ ਦੀ ਬਿਰਤੀ
ਪਸ਼ੂਆਂ
 ਵਰਗੀ ਹੁੰਦੀ ਐ,
 ਆਪਣੇ ਪੱਠੇ
ਖਾ ਕੇ,
ਬੇਗਾਨੀ ਖੁਰਲੀ
 'ਤੇ ਜਾ ਕੇ
ਮੂੰਹ ਮਾਰਦੇ ਨੇ
 ਉਥੇ ਜਿਵੇਂ ਵੜੇਵੇਂ ਹੋਣ!
ਖਾਣ ਲਈ ਮੇਵੇ ਹੋਣ!
ਕੁੱਝ ਬੰਦੇ ਤਾਂ
ਰੱਜਦੇ ਈ ਨ੍ਹੀਂ,
ਪੱਠੇ ਖਾ ਕੇ,
ਮੂੰਹ ਲਮਕਾ ਕੇ,
ਰੱਸਾ ਚੱਬਣ ਲੱਗ ਜਾਂਦੇ ਨੇ!
ਕੁੱਝ
ਰੱਸਾ ਤੁੜਾਕੇ,
 ਪਿੱਠ ਘੁੰਮਾਕੇ,
ਬੇਗਾਨੀ ਖੁਰਲੀ
ਚੱਟ ਕੇ
ਮੱਛੀ ਵਾਂਗੂੰ
ਪੱਥਰ ਚੱਟ ਕੇ
ਵਾਪਸ ਆਉਂਦੇ ਨੇ!
ਕੁੱਝ ਕਈ ਖੁਰਲੀਆਂ
  ਟੱਪ ਦੇ ਨੇ!
ਸੁਆਦਲੇ ਪੱਠੇ ਲੱਭਦੇ ਨੇ,
 ਕੀਲਾ ਛੱਡ ਕੇ ਭੱਜਦੇ ਨੇ!
ਕੁੱਝ ਸਿੰਙ ਮਾਰਦੇ ਮਾਲਕ ਦੇ!
ਸਿਰ ਗਲੀਆਂ ਕਰਦੇ ਪਾਲਕ ਦੇ!
 ਕੁੱਝ ਪਸ਼ੂਆਂ ਵਾਗੂੰ ਵਿਕਦੇ ਨੇ!
ਫਿਰ ਵੀ ਚੰਗੇ ਦਿਸਦੇ ਨੇ!
ਕੁੱਝ ਸ਼ੇਰਾਂ ਵਰਗੇ ਹੁੰਦੇ ਨੇ!
 ਘਾਹ ਨਹੀਂ ਮਾਸ ਖਾਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਮਰਿਆ ਸ਼ਿਕਾਰ ਨਾ ਮੂੰਹ ਨੂੰ ਲਾਉਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਬਸ, ਅਣਖ ਨਾਲ ਜਿਉਂਦੇ ਨੇ!!
-ਸੁਖਦੇਵ ਸਲੇਮਪੁਰੀ
09780620233
15 ਜਨਵਰੀ, 2022.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਖੁਸ਼ੀਆਂ ਭਰਿਆ ਨਵਾਂ ਸਾਲ 2022

ਖੁਸ਼ੀਆਂ ਭਰਿਆ ਨਵਾਂ ਸਾਲ ਲੈ ਕੇ ਆਵੀਂ ਮੇਰੇ ਮਾਲਕਾਂ ।
ਹਰੇਕ ਵਿਹੜੇ ਦੇ ਵਿੱਚ ਦੀਵੇ ਖੁਸ਼ੀ ਦੇ ਜਗਾਵੀਂ ਮੇਰੇ ਮਾਲਕਾਂ ।

ਹੋਵੇ ਨਾ ਕੋਈ ਖੂਨ ਖਰਾਬਾ ਹਰ ਪਾਸੇ ਪਿਆਰ ਹੋਵੇ ।
ਧੀਆਂ ਪੁੱਤਰਾਂ ਦੀ ਜਨਨੀ ਦਾ ਇੱਥੇ ਪੂਰਾ ਸਤਿਕਾਰ ਹੋਵੇ ।
ਦਹੇਜ ਦੇ ਲੋਭੀਆਂ ਤੋਂ ਨਿਰਦੋਸ਼ਾ ਦੀ ਜਾਨ ਬਚਾਈ ਮੇਰੇ ਮਾਲਕਾਂ 
ਖੁਸ਼ੀਆਂ ******

ਗਰੀਬੀ ਬੀਮਾਰੀ ਨਾ ਨਸ਼ਿਆਂ ਦਾ ਕੋਈ ਸ਼ਿਕਾਰ ਹੋਵੇ ।
ਕਿਸੇ ਦਾ ਜਵਾਨ ਪੁੱਤ ਨਾ ਮਰੇ ਦੁੱਖੀਂ ਨਾ ਕੋਈ ਪਰਿਵਾਰ ਹੋਵੇ ।
ਸਾਰਿਆ ਤੇ ਮੇਹਰ ਤੂੰ ਕਮਾਈ ਮੇਰੇ ਮਾਲਕਾਂ 
ਖੁਸ਼ੀਆਂ *******

ਰਾਖੀ ਜੋ ਦੇਸ਼ ਦੀ ਕਰਦੇ ਉਨ੍ਹਾਂ ਦਾ ਵੀ ਖਿਆਲ ਰੱਖੀਂ ।
ਪੁੱਤ ਜਿੰਨਾਂ ਦੇ ਫੌਜੀ ਉਨ੍ਹਾਂ ਦੇ ਵਿਹੜੇ ਖੁਸ਼ਹਾਲ ਰੱਖੀਂ ।
ਦੇਸ਼ ਪ੍ਰਤੀ ਫਰਜ਼ ਤੋਂ ਨਾ ਉਨ੍ਹਾਂ ਨੂੰ ਡੁਲਾਵੀ ਮੇਰੇ 
ਖੁਸ਼ੀਆਂ *****
ਹੋਵੇ ਨਾ ਕਿਸੇਨੂੰ ਗਮੀ ਬੱਸ ਖਿੜੀ ਗੁਲਜ਼ਾਰ ਰਵੇ ।
ਬੱਸ ਹਰੇਕ ਦੇ ਮੁੱਖੜੇ ਤੇ ਤੇਰਾ ਹੀ ਸਤਿਕਾਰ ਰਵੇ ।
"ਸ਼ਾਇਰ " ਤੋਂ ਸਦਾ ਹੀ ਸੱਚ ਲਿਖਾਈ ਮੇਰੇ ਮਾਲਕਾਂ 
ਖੁਸ਼ੀਆਂ *******

2) ਜ਼ਿਆਦਾ 

ਚੁੱਭ ਗਈ ਨੇ ਨਜ਼ਰਾ ਉਹ ਕਟਾਰਾਂ ਤੋ ਜ਼ਿਆਦਾ।
ਤੇਰੀ ਜ਼ੁਲਫਾ ਬੇਹੋਸ਼ ਕੀਤੇ ਨੇ ਹਜ਼ਾਰਾਂ ਤੋਂ ਜ਼ਿਆਦਾ ।

ਜਿੱਧਰ ਵੀ ਜਾਵੇ ਮਹਿਕਾਂ ਹੀ ਮਹਿਕਾਂ ਖਿਲਾਰ ਦੇਵੇਂ
ਹੁਸਨ ਤੇਰੇ ਤੇ ਚੜਿਆ ਸੱਜਣਾਂ ਬਹਾਰਾ ਤੋਂ ਜ਼ਿਆਦਾ ।

ਜਦੋਂ ਤੂੰ ਹੱਸਦੀ ਤਾਂ ਪੂਰੀ ਕਾਇਨਾਤ ਖਿੱਲੇ ਉੱਠਦੀ 
ਸੱਜਣਾ ਤੇਰੀ ਅੱਖ ਦੀ ਮਾਰ ਹਥਿਆਰਾਂ ਤੋਂ ਜ਼ਿਆਦਾ ।

ਤੇਰਾ ਦੀਦਾਰ ਵੀ ਰੱਬ ਦੇ ਦੀਦਾਰ ਤੋਂ ਘੱਟ ਨਹੀਉਂ 
ਇਕ ਤੇਰੀ ਜਿੱਤ ਦੀ ਖੁਸ਼ੀ ਮੈਨੂੰ ਹਾਰਾਂ ਤੋਂ ਜ਼ਿਆਦਾ ।

ਜਦ ਵੀ ਕੋਈ ਜ਼ਖ਼ਮ ਮੇਰਾ ਦਰਦ ਕਰਦਾ ਏ" ਸ਼ਾਇਰ "
ਮੈਂ ਫੁੱਲਾਂ ਨੂੰ ਸਲਾਮ ਆਖਦਾ ਖ਼ਾਰਾਂ ਤੋਂ ਜ਼ਿਆਦਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਦਲ-ਬਦਲੂ ✍️ ਸਲੇਮਪੁਰੀ ਦੀ ਚੂੰਢੀ

ਨਾ ਦੇਸ਼ ਦੀ,
ਨਾ ਸੂਬੇ ਦੀ,
ਨਾ ਲੋਕਾਂ ਦੀ
ਕੋਈ ਪ੍ਰਵਾਹ!
ਮਨ ਵਿਚ ਵਸਿਆ
 ਇੱਕੋ ਚਾਅ!
ਬਸ, ਕੁਰਸੀ ਬਚਾਅ!
ਕੁਰਸੀ ਬਚਾਅ !
ਭਾਵੇਂ ਇੱਧਰ ਆ!
ਭਾਵੇਂ ਓਧਰ ਜਾਹ!
ਪਰ, ਕੁਰਸੀ ਬਚਾਅ!
ਕੁਰਸੀ ਬਚਾਅ!!
-ਸੁਖਦੇਵ ਸਲੇਮਪੁਰੀ
09780620233
11 ਜਨਵਰੀ, 2022.

ਭਰੋਸਾ ਤੇ ਵਾਅਦਾ ✍️ ਸਲੇਮਪੁਰੀ ਦੀ ਚੂੰਢੀ

-ਦੋਸਤੋ!
ਦਿੱਤਾ ਭਰੋਸਾ
 ਕੀਤਾ ਵਾਅਦਾ
 ਪੂਰੇ ਹੋ ਜਾਣ ਤਾਂ
 ਜਿੰਦਗੀ
ਰੰਗੀਨ ਬਣ ਜਾਂਦੀ ਐ !
ਜੇ  ਟੁੱਟ ਜਾਣ
ਤਾਂ ਆਸਾਂ ਦੀ ਤੰਦ
ਮਲੀਨ ਬਣ ਜਾਂਦੀ ਐ!
ਇਸ ਲਈ-
ਸੋਚ ਕੇ ਵਾਅਦਾ ਕਰਨਾ !
ਝੂਠਾ ਭਰੋਸਾ ਨਾ
ਪਰੋਸ ਕੇ ਧਰਨਾ !
ਦੋਸਤੋ!
ਜਿੰਦਗੀ ਭਰੋਸਿਆਂ 'ਤੇ
ਚੱਲਦੀ ਐ!
ਦਿੱਤੇ ਭਰੋਸੇ,
ਕੀਤੇ ਵਾਅਦੇ,
 ਦਾ ਕਤਲ ਨਾ ਕਰਨਾ!
-ਸੁਖਦੇਵ ਸਲੇਮਪੁਰੀ
09780620233
10 ਜਨਵਰੀ, 2022 !

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022

ਲੋਹੜੀ ਦਾ ਤਿਉਹਾਰ ✍️ ਹਰਮੇਸ਼ ਕੌਰ ਯੋਧੇ

ਲੋਹੜੀ ਦਾ ਜੇ ਆਇਆ ਤਿਉਹਾਰ,
ਭੈਣਾਂ-ਭਰਾਵਾਂ ਦਾ ਵਧਾਵੇ ਪਿਆਰ।
ਸਹੁਰੇ ਬੈਠੀ ਭੈਣ ਨੂੰ ਸੁਪਨਾ ਆਇਆ,
ਵੀਰਾ ਮੇਰਾ ਜੇ ਸੰਧਾਰਾ ਲਿਅਇਆ।
ਸੰਧਾਰੇ ਵਿੱਚ ਪਿੰਨੀਆਂ ਆਈਆਂ ਜੋ,
ਗਲੀ ਗਲੀ ਵਰਤਾਈਆਂ ਓਹ।
ਓਧਰ ਵਣਜ਼ਾਰਾ ਆਇਅ ਜੇ,
ਵੰਙਾਂ ਕਲਿੱਪ ਲਿਅਇਆ ਜੇ।
ਤਾਈ ਸੰਤੀ ਨੇ ਅਵਾਜ਼ ਮਾਰ ਬਿਠਾਇਆ ਏ,
ਸਭ ਨੇ ਵੰਙਾਂ ਚੜ੍ਹਾ ਕੇ ਚਾਅ ਲਾਇਆ ਏ।
ਮੁੰਡੇ ਲੋਹੜੀ ਮੰਗਣ ਆਉਂਦੇ ਨੇ,
ਸੁੰਦਰ-ਮੁੰਦਰੀ ਦਾ ਗੀਤ ਗਾਉਂਦੇ ਨੇ।
ਕੁੜੀਆਂ ਲੋਹੜੀ ਮੰਗਣ ਜਾਂਦੀਆਂ ਨੇ,
ਕਈ ਗੀਤ ਲੋਹੜੀ ਦੇ ਗਾਂਦੀਆਂ ਨੇ।
ਲੰਬੜਾਂ ਦੇ ਨਵੀਂ ਵਹੁਟੀ ਆਈ ਜੇ,
ਮੁੰਗਫਲੀ ਗਲੀ ਗਲੀ ਵਰਤਾਈ ਜੇ।
ਮਿੱਠੂ ਘਰੇ ਕਾਕਾ ਆਇਆ ਜੇ,
ਉਹਨਾਂ ਨੇ ਭੁੱਗਾ ਲਾਇਆ ਜੇ।
ਸ਼ਰੀਕਾ ਭੁੱਗਾ ਸੇਕਣ ਆਇਆ ਏ,
ਸਭਨੇ ਕਾਕਾ ਨੂੰ ਸ਼ਗਨ ਪਾਇਆ ਏ।
ਵੀਰੇ ਨੇ ਡੀ.ਜੇ. ਮੰਗਾ ਲਿਆ,
ਸਭਨੂੰ ਨੱਚਣ ਲਾ ਲਿਆ।
ਕੁੜੀਆਂ ਨੇ ਗਿੱਧਾ ਖ਼ੂਬ ਮਚਾਇਆ ਏ,
ਨੱਚ-ਨੱਚ ਕੇ ਧਰਤ ਨੂੰ ਹਿਲਾਇਆ ਏ।
‘ਯੋਧੇ’ ਯਾਦਾਂ ਦੁੱਲੇ ਭੱਟੀ ਦੀਆਂ ਆਈਆਂ ਨੇ,
ਜਿੰਨ੍ਹੇ ਧੀਆਂ ਦੀਆਂ ਇੱਜ਼ਤਾਂ  ਬਚਾਈਆਂ ਨੇ।
      ਹਰਮੇਸ਼ ਕੌਰ ਯੋਧੇ -ਮਦਰ ਟਰੇਸਾ ਅਵਾਰਡੀ

ਚੋਣ ਬੋਲੀਆਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਬੋਲੀਆਂ
-ਕੋਈ ਨਿਤਰੂ ਵੜੇਵੇਂ ਖਾਣੀ
ਚੋਣਾਂ ਦਾ ਐਲਾਨ ਹੋ ਗਿਆ!
ਦਾਰੂ ਪੀ ਕੇ ਵੋਟ ਨਾ ਪਾਇਓ
ਸਾਹ ਥੋਡਾ ਰਹੂ ਘੁੱਟਿਆ!
ਅਕਾਲੀ - ਬਸਪਾ ਪੱਟਾਂ 'ਤੇ ਥਾਪੀਆਂ ਮਾਰਦੇ, 

ਕਾਂਗਰਸ ਨੇ ਲੰਗੋਟਾ ਕੱਸਿਆ!
ਫੁੱਲ ਕਮਲ ਦਾ ਢੀਂਡਸਾ ਵੇਖਦਾ, ਕੈਪਟਨ ਸੁੰਘਦਾ ਫਿਰੇ!
ਆਪ ਖੜ੍ਹ ਗਈ ਮੈਦਾਨ ਵਿਚ ਆ ਕੇ, ਹੱਥਾਂ ਨੂੰ ਥੁੱਕ ਲਾਵੇ ਕਿਸਾਨ ਮੋਰਚਾ!
ਲੋਕ ਵੇਖਦੇ ਕਿਧਰ ਨੂੰ ਜਾਈਏ , 

ਕੌਣ ਸਾਡੀ ਬਾਂਹ ਫੜੂਗਾ?

-ਸੁਖਦੇਵ ਸਲੇਮਪੁਰੀ
09780620233
8 ਜਨਵਰੀ, 2022.

ਨੈਣ ਨੈਣਾਂ ਨਾਲ ✍️. ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,

ਸਭ ਜਾਣ ਜਾਏਗਾ ,

ਕੌਣ ਆਪਣੇ ਬੇਗਾਨੇ ,

ਸਭ ਪਹਿਚਾਣ ਜਾਏਗਾ ।

ਜਦੋਂ ਮਿਲਦੇ ਨੇ ਨੈਣ ,

ਨਾ ਪੈਂਦਾ ,ਦਿਲ ਨੂੰ ਚੈਨ 

ਉਦੋਂ ਬਣਦਾ ਕਿਵੇਂ ,

ਇਸ਼ਕ ਮਹਾਨ ਜਾਏਗਾ ।

ਨੈਣ ਨੈਣਾਂ ਨਾਲ ______

ਕੀ , ਏਨਾਂ ਦੀ ਪਰਿਭਾਸ਼ਾ

ਜਗਾਉਦੇ , ਦਿਲ ਵਿਚ ਆਸਾ 

ਬਣਦੇ ਪਿਆਰ ਵਾਲੇ , ਕਿਵੇਂ

ਸਭ ਮਕਾਨ ਜਾਏਗਾ ।

ਨੈਣ ਨੈਣਾਂ ਨਾਲ ________

ਰੋਂਦੇ ਸਾਰੀ ਸਾਰੀ ਰਾਤ ,

ਪਾਉਂਦੇ ਤਾਰਿਆਂ ਨਾਲ ਬਾਤ ,

ਚੜ੍ਹਦੀ ਬਿਰਹੋਂ ਦੀ 'ਦਰਦੀ',

ਰੂਹ ਨੂੰ ਪਾਣ ਜਾਏਗਾ ।

ਨੈਣ ਨੈਣਾਂ ਨਾਲ _________

ਨਾ ਰੰਗ ਰੂਪ , ਇਹ ਦੇਖਣ 

ਬਸ ,ਇਸ਼ਕ ਦੀ ਅੱਗ ਸੇਕਣ 

ਲੱਗ , ਏਨਾਂ ਪਿਛੇ 'ਸ਼ਿਵ'

ਕਫ਼ਨ ਤੂੰ ਤਾਣ ਜਾਏਗਾ ।

ਨੈਣ ਨੈਣਾਂ ਨਾਲ __________

              ਸ਼ਿਵਨਾਥ ਦਰਦੀ

       ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਬਹੁਤ ਕੁੱਝ ਬਦਲੇਗਾ! 
ਕੁੱਝ ਵੀ ਨ੍ਹੀਂ ਬਦਲੇਗਾ!
ਹਾਂ, ਜੇ ਬਦਲੇਗਾ ਤਾਂ 
ਕੰਧ ਨਾਲ ਲਟਕ ਦੇ 
ਕਲੰਡਰ ਉਪਰ ਸਾਲ ਬਦਲੇਗਾ! 
 ਲੋਕਾਂ ਨੂੰ 
ਫਸਾਉਣ ਲਈ ਜੰਜਾਲ ਬਦਲੇਗਾ! 
ਸਰਮਾਏਦਾਰਾਂ ਦੀ 
ਆਮਦਨ ਦੇ ਅੰਕੜੇ 
ਬਦਲਣਗੇ! 
ਮਿਹਨਤਕਸ਼ਾਂ ਦੀਆਂ ਜੇਬਾਂ 'ਚ 
ਬਸ, ਭਾਨ ਦੇ ਪੈਸੇ ਖੜਕਣਗੇ! 
ਨੇਤਾਵਾਂ ਦੀ ਸੋਚ 
ਨਹੀਂ ਬਦਲੇਗੀ 
 ਗੁਲਾਮ ਬਣਾ ਕੇ ਰੱਖਣ ਦੀ! 
ਦੇਸ਼ ਨੂੰ ਲੁੱਟਣ ਦੀ! 
ਮਾਸੂਮਾਂ ਨੂੰ ਕੁੱਟਣ ਦੀ! 
ਖੁਦਕੁਸ਼ੀਆਂ  ਦਾ ਦੌਰ 
ਚੱਲਦਾ ਰਹੇਗਾ? 
ਲੁਟੇਰਾ ਫਲਦਾ ਰਹੇਗਾ! 
ਵਿਹੜੇ ਵਾਲੀਆਂ 
 ਘਾਹ ਖੋਤਣ ਤੁਰੀਆਂ ਰਹਿਣਗੀਆਂ!
ਬਾਲਣ ਚੁਗਦੀਆਂ ਰਹਿਣਗੀਆਂ ! 
 ਪੈਰਾਂ 'ਚ 
ਸੂਲਾਂ ਚੁੱਭਦੀਆਂ ਰਹਿਣਗੀਆਂ! 
 ਨਸ਼ਿਆਂ ਦਾ ਦੌਰ 
ਚਲਦਾ ਰਹੇਗਾ! 
ਸਿਵਾ ਬਲਦਾ ਰਹੇਗਾ! 
ਗੱਭਰੂ ਡਮਰੂ ਬਣਕੇ 
ਖੜਕਦੇ ਰਹਿਣਗੇ! 
ਪੁਲਿਸ ਵਾਲਿਆਂ 
ਦੀਆਂ ਅੱਖਾਂ 'ਚ 
ਰੜਕਦੇ ਰਹਿਣਗੇ! 
ਕੰਮੀਆਂ ਦੇ ਕੋਠੇ 
ਚੋਂਦੇ ਰਹਿਣਗੇ! 
 ਬੱਚੇ ਕਲਫੀ ਨੂੰ 
ਰੋਂਦੇ ਰਹਿਣਗੇ! 
ਪੀੜ੍ਹੀ ਸਿਰ ਪੀੜ੍ਹੀ 
ਕਰਜਾ ਚੜ੍ਹਦਾ ਰਹੇਗਾ! 
ਪੁੱਤ, ਪੋਤਾ 
ਭਰਦਾ ਰਹੇਗਾ! 
ਦਾਲ - ਆਟਾ ਸਕੀਮ 
ਚੱਲਦੀ ਰਹੇਗੀ। 
ਮੁਫਤ ਬਿਜਲੀ
 ਬਲਦੀ ਰਹੇਗੀ! 
ਲੋਕਾਂ ਦੀ ਕਿਸਮਤ 
ਸੜਦੀ ਰਹੇਗੀ! 
ਸਿਆਸਤ ਦੀ ਖੇਡ 
ਚੱਲਦੀ ਰਹੇਗੀ!
ਪੈਰਾਂ ਦੀਆਂ ਬਿਆਈਆਂ! 
 ਅੱਟਣਾਂ ਦੀਆਂ ਦੁਹਾਈਆਂ ! 
ਅੱਖਾਂ ਦੀ ਗਿੱਡ! 
ਭੁੱਖੇ ਢਿੱਡ! 
 ਨਹੀਂ ਬਦਲਣਗੇ? 
ਪਰ - 
ਬਦਲ ਲਈ ਤਾਂਘ 
ਕਰਦੇ ਰਹਿਣਗੇ! 
ਆਪਣੇ ਹੱਕਾਂ ਲਈ 
ਲੜਦੇ ਰਹਿਣਗੇ! 
ਇਸੇ ਲਈ - 
ਨਵਾਂ ਵਰ੍ਹਾ ਮੁਬਾਰਕ ਹੋਵੇ! 
-ਸੁਖਦੇਵ ਸਲੇਮਪੁਰੀ
09780620233
1 ਜਨਵਰੀ, 2022

ਫਰਕ ✍️ ਵਤਨਵੀਰ ਜ਼ਖ਼ਮੀ

ਬੰਦੇ ਅਤੇ ਮੈਨ ਵਿੱਚ
ਪੱਖੇ ਅਤੇ ਫੈਨ ਵਿੱਚ
ਕੜੀ ਅਤੇ ਚੇਨ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਬੱਲੇ ਅਤੇ ਬੈਂਚ ਵਿੱਚ
ਉਹ ਅਤੇ ਦੈਟ ਵਿੱਚ
ਚੂਹੇ ਅਤੇ ਰੈਂਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਵੇਚਣ ਅਤੇ ਸੇਲ ਵਿੱਚ
ਪੂਛ ਅਤੇ ਟੇਲ ਵਿੱਚ
ਕੈਦ ਅਤੇ ਜੇਲ੍ਹ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੰਦ ਅਤੇ ਟੀਥ ਵਿੱਚ
ਮਾਸ ਅਤੇ ਮੀਟ ਵਿੱਤ
ਧੋਖੇ ਅਤੇ ਚੀਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਖਾਲ਼ੀ ਅਤੇ ਡੈਸ਼ ਵਿੱਚ
ਪੈਸੇ ਅਤੇ ਕੈਸ਼ ਵਿੱਚ
ਟੌਹਰ ਅਤੇ ਡੈਹਸ਼ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੌੜ ਅਤੇ ਰੇਸ ਵਿੱਚ
ਵਤਨ ਅਤੇ ਦੇਸ਼ ਵਿੱਚ
ਬਲੈਂਕਿਟ ਅਤੇ ਖੇਸ ਵਿੱਚ
ਕੋਈ ਫਰਕ ਨਹੀਂ ਮਿੱਤਰੋ ਕੋਈ ਫਰਕ ਨਹੀਂ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ

ਵਤਨਵੀਰ ਜ਼ਖ਼ਮੀ

ਨਵਾਂ ਸਾਲ ✍️ ਦਿਲਸ਼ਾਨ ਲੰਡੇ ( ਮੋਗਾ )

ਨਵਾਂ ਸਾਲ ਨਵੇਂ-ਨਵੇਂ ਰੰਗ ਲੈ ਕੇ ਆ ਗਿਆ,                                         

ਖੁਸ਼ੀਆਂ ਤੇ ਖੇੜੇ ਖ਼ੁਦ ਸੰਗ ਲੈ ਕੇ ਆ ਗਿਆ ,                                         

ਫੁੱਲਾਂ ਵਾਲ਼ੀ ਖਿੜੀ ਗੁਲਜ਼ਾਰ ਵਾਂਗਰਾਂ,        

ਜ਼ਿੰਦਗੀ ਜਿਉਣ ਦੀ ਉਮੰਗ ਲੈ ਕੇ ਆ ਗਿਆ ,                                         

ਵੱਖਰੀ ਹੀ ਲੋਰ ਜਿਹੀ ਜਾਪੇ ਚੜ੍ਹਦੀ,        

ਹਾਸਿਆਂ ਦੇ ਵਾਲ਼ੀ ਜਿਵੇਂ ਭੰਗ ਲੈ ਕੇ ਆ ਗਿਆ ,                                          

ਕਿਰਦੇ ਫੁੱਲਾਂ ਦਾ ਅਹਿਸਾਸ ਹੋਈ ਜਾਵੇ,                                                

 ਮਹਿਕਦੀਆਂ ਕਲੀਆਂ ਦੀ ਸੁਗੰਧ ਲੈ ਕੇ ਆ ਗਿਆ,                                     

ਨਵੀਆਂ ਕਹਾਣੀਆਂ ਨੂੰ ਸਿਰਜਣ ਵਾਲ਼ਾ ਕੋਈ,                                         

ਸਾਡੇ ਤਾਂਈਂ ਪਹੁੰਚਾਉਣ ਕੋਈ ਪ੍ਰਸੰਗ ਲੈ ਕੇ ਆ ਗਿਆ ,                                 

ਕੰਨਾਂ ਵਿੱਚ ਲੱਗੇ ਕੋਈ ਮਿਠਾਸ ਘੁਲ਼ਦੀ,                                        

ਵੱਖਰੀ ਜਿਹੀ ਧੁਨ ਤੇ ਤਰੰਗ ਲੈ ਕੇ ਆ ਗਿਆ ,                                            

ਜਾਪੇ 'ਦਿਲਸ਼ਾਨ' ਤਾਂਈਂ ਮੌਸਮ ਸੁਹਾਵਣਾ,                                     

ਬਹਾਰਾਂ ਨਾਲ਼ ਜਿਵੇਂ ਕੋਈ ਸਬੰਧ ਲੈ ਕੇ ਆ ਗਿਆ ---

 

ਦਿਲਸ਼ਾਨ ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ 9914304172

 

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ , ਤੇ ਆ ਰਿਹਾ ਦੋ ਹਜ਼ਾਰ ਬਾਈ ✍️. ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ ,  ਭੈਣਾਂ ਦੇ  ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ...................
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ  ,  ਝਗੜੇ  ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ   ਦੂਜੇ   ਦੇ   ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ...................... 
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾਦੇ ,
ਸਮਝੇ , ਹਰ ਬੰਦਾ  ਬੰਦੇ  ਨੂੰ
ਕੋਈ , ਐਸਾ ਜਾਮ ਪਿਆਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ.......................
                     ਸ਼ਿਵਨਾਥ ਦਰਦੀ
              ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਨਵੇਂ ਵਰ੍ਹੇ ਦੀ
ਦਹਿਲੀਜ਼ ਉੱਤੇ,
ਪੈਰ ਰਾਹੀ ਨੇ ਧਰਿਆ!
ਨਵੇਂ ਵਰ੍ਹੇ ਦੀਆਂ
ਨਵੀਂਆਂ ਸੋਚਾਂ,
ਨਵਾਂ ਸੂਰਜ ਹੈ ਚੜ੍ਹਿਆ!
ਵੇਖ ਪੈਰਾਂ ਦੀਆਂ
ਪਾਟੀਆਂ ਬਿਆਈਆਂ,
ਕਿਤੇ ਡੋਲ ਨਾ ਜਾਵੀਂ ਅੜਿਆ!
ਕਿਤੇ ਡੋਲ ਨਾ ਜਾਵੀਂ
ਅੜਿਆ!!

-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021

ਮਾਸੂਮ ਜਿੰਦਾਂ ਦੀ ਕਹਾਣੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਹੀਦੀ ਪਾ ਅਮਰ ਹੋ ਗਏ
ਜਿੰਨਾਂ ਮੌਜ ਨਾ ਕੋਈ ਮਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਝੁਕ ਜਾਣਗੇ ਉਹ ਛੋਟਾ ਦਰਵਾਜਾ ਸੀ ਕਰਵਾਇਆਂ
ਭੌਰਾ ਮਨ ਵੀ ਡੋਲਿਆ ਨਾ ਜਾ ਫ਼ਤਿਹ ਜੈਕਾਰਾ ਲਾਇਆ
ਜਿੱਤ ਹੁੰਦੀ ਉਹਨਾਂ ਦੀ ਜੋ ਬਣਦੇ ਸਮੇਂ ਦੇ ਹਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਹੱਥ ਕੜੀਆਂ ਜਿੰਨਾਂ ਦੇ ਤੁਰੇ ਜਾਂਦੇ ਕੌਮ ਦੇ ਹੀਰੇ
ਕਿਓ ਵੈਰੀ ਬਣ ਝੁੱਲ ਗਈ ਏ ਮੱਥੇ ਦੀਏ ਤਕਦੀਰੇ
ਦਿਲ ‘ਤੇ ਪੱਥਰ ਧਰ ਤੱਕਦੀ ਰਹੀ
ਦਾਦੀ ਦੀ ਚੀਸ ਕਿਸੇ ਨਾ ਜਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਮੋਹਰਾਂ ਦੇਖ ਮਚਲ ਗਿਆ ਪਾਪੀ ਗੰਗੂਆਂ ਮਨ ਤੇਰਾ
ਠੰਢੇ ਬੁਰਜ ‘ਚ ਕੈਦ ਰਹੇ ਦੇਖ ਬੱਚਿਆਂ ਦਾ ਜੇਰਾ
ਜਿੱਤ ਪਾਉਣੀ ਸੂਬੇ ‘ਤੇ ਦਿਲ ਵਿੱਚ ਇਹੋ ਠਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਨਿੱਕੀਆਂ ਜ਼ਿੰਦਾਂ ‘ਤੇ ਝੁੱਲੀ ਬੜੀ ਹਨ੍ਹੇਰੀ
ਫਿੱਟੇ ਮੂੰਹ (ਲੱਖ ਲਾਹਨਤਾਂ )ਜਾਲਮਾਂ ਓਏ ਕਿਵੇਂ ਚੱਲੀ ਕਰਾਂਡੀ ਤੇਰੀ
ਸੂਬੇ ਨੀਂਹਾਂ ਵਿੱਚ ਚਿਣਵਾ ਦਿੱਤੇ
ਧਾਲੀਵਾਲ ਤਾਂ ਵੀ ਜਪੀ ਜਾਣ ਗੁਰਬਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਗਗਨਦੀਪ ਕੌਰ ਧਾਲੀਵਾਲ ।

ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ ✍️ ਗਗਨਦੀਪ ਕੌਰ ਧਾਲੀਵਾਲ

ਦੇਸ਼ ਦੀ ਤਾਕਤ ਮਨੀਸ਼ ,ਜਸਵੰਤ ਪੁੱਤ ਜੋ ਅੱਖਾਂ ਦਾ ਨੂਰ ਏ
ਅੱਜ ਟੈਂਕੀਆਂ ਉੱਪਰ ਚੜਨ ਲਈ ਮਜਬੂਰ ਏ
ਹੱਕਾਂ ਦੀ ਖ਼ਾਤਿਰ ਗਰਮੀ ਸੜਦੇ ਪਾਲੇ ਠਰਦੇ
ਨਾ ਲਵੇ ਕੋਈ ਸਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੜ-ਲਿਖ ਕੇ ਦੇਸ਼ ਦਾ ਨਾਮ ਜੋ ਚਮਕਾਉਣ
ਓਹੀਓ ਸੜਕਾਂ ਉੱਪਰ ਕੁਰਲਾਉਣ
ਅਧਿਆਪਕ ਤਾਂ ਇੱਕ ਜਗਦੀ ਜੋਤ ਨੇ ਹੁੰਦੇ
ਕਿਓ ਲਾਠੀਆਂ ਪੈਣ ਹਜ਼ਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੱਗਾਂ ਵੀ ਲੱਥੀਆ ,ਚੁੰਨੀਆਂ ਵੀ ਹੋਈਆਂ ਲੀਰਾਂ
ਮੂੰਹ ਵੀ ਨੱਪੇ ਪਰ ਹਾਰੀਆਂ ਨਹੀਂ ਤਕਦੀਰਾਂ
ਆਤਮ ਹੱਤਿਆ ਲਈ ਪੀੜੀ ਮਜਬੂਰ ਹੋਈ
ਦੇਖ ਮਾੜੀ ਨੀਤੀਆਂ ਦੀਆਂ ਮਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਮਰ ਗਈਆਂ ਜਮੀਰਾਂ
ਨਾ ਬਚਿਆ ਕੁੱਝ ਬਾਕੀ ਏ
ਗਗਨ ਭੈਣ ਤੇ ਜੱਗੀ ਵੀਰ ਦੇ ਹੌਸਲੇ ਬੁਲੰਦ
ਅੱਜ ਜੋ ਨਾਲ ਖੜਿਆ ਓਹੀ ਸਾਥੀ ਏ
ਹੌਸਲਿਆਂ ਦੇ ਨਾਲ ਜੋ ਬੰਨੀਆਂ ਟੁੱਟਣ ਨਾ ਕਦੇ ਉਹ ਉਡਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਹਰ ਇੱਕ ਨੇ ਦੇਸ਼ ਨੂੰ ਲੁੱਟਣ ਦੀ ਵਾਹ ਤਾਹ ਲਾਈ ਏ
ਤਾਹੀਓ ਤਾਂ ਸੋਨੇ ਦੀ ਚਿੜੀ ਹੱਥੋਂ ਗਵਾਈ ਏ
ਹੱਥੀ ਚੁਣ ਕੇ ਦੇਸ਼ ਦੇ ਭਵਿੱਖ ਨੂੰ
ਗਗਨ ਓਹੀ ਪਾਉਣ ਹੁਣ ਵੰਗਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ
ਗਗਨਦੀਪ ਕੌਰ ਧਾਲੀਵਾਲ ।

ਗਗਨਦੀਪ ਕੌਰ ਧਾਲੀਵਾਲ