You are here

ਲੁਧਿਆਣਾ

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ - ਚੰਦਰ ਗੈਂਦ  

ਲੁਧਿਆਣਾ, 09 ਅਪ੍ਰੈਲ (ਰਣਜੀਤ ਸਿੱਧਵਾਂ) - ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਸੂਬੇ ਦੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਬਿਜਾਈ ਲਈ ਰਵਾਇਤੀ ਢੰਗ ਨਾਲ ਬਿਜਾਈ ਕਰਨ ਦੀ ਬਜਾਏ ਵੱਟਾਂ ਪਾ ਕੇ ਸਿੱਧੀ ਬਿਜਾਈ ਵਾਲੀ ਤਕਨੀਕ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਲੱਖਾਂ ਲੀਟਰ ਪਾਣੀ ਦੀ ਬੱਚਤ ਹੋਵੇਗੀ, ਸਗੋਂ ਝਾੜ ਵਧਾਉਣ ਅਤੇ ਲਾਗਤ ਖਰਚੇ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਇਹ ਗੱਲ ਉਨ੍ਹਾਂ ਅੱਜ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਫ਼ਤਰ ਵਿੱਚ ਲਗਾਏ ਗਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਐਵਾਰਡੀ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਜੋ ਪਿਛਲੇ ਸਾਲਾਂ ਤੋਂ ਇਸ ਤਕਨੀਕ ਦੀ ਸਫਲਤਾਪੂਰਵਕ ਵਰਤੋਂ ਕਰ ਰਹੇ ਹਨ, ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪਟਿਆਲਾ ਡਵੀਜ਼ਨ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਸੁਰਜੀਤ ਸਿੰਘ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ਨੇ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਪਾਣੀ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਬਚਾਉਣ ਦੇ ਸਾਧਨ ਅਤੇ ਤਰੀਕੇ ਦੱਸੇ। ਸੁਰਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਹੋਣ ਦੇ ਨਾਤੇ ਅਜਿਹੀਆਂ ਖੇਤੀ ਤਕਨੀਕਾਂ ਦਾ ਸਹਾਰਾ ਲੈ ਰਿਹਾ ਹੈ ਜਿਸ ਨਾਲ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਬੱਚਤ ਹੁੰਦੀ ਹੈ। ਸ੍ਰੀ ਗੈਂਦ ਨੇ ਦੱਸਿਆ ਕਿ ਕਿਸਾਨ ਸੁਰਜੀਤ ਸਿੰਘ ਨੇ ਸਿੱਧੀ ਬਿਜਾਈ ਦਾ ਸੰਕਲਪ ਲਿਆ ਹੈ ਜਿਸਦੇ ਤਹਿਤ ਖੇਤਾਂ ਵਿੱਚ ਪਾਣੀ ਖੜ੍ਹਾ ਕੀਤੇ ਬਿਨਾਂ ਝੋਨੇ ਦੀ ਸਿੱਧੀ ਬਿਜਾਈ ਖੇਤਾਂ ਵਿੱਚ ਕੀਤੀ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਇਹ ਤਕਨੀਕ ਝੋਨੇ ਦੀ ਕਾਸ਼ਤ ਲਈ ਲੋੜੀਂਦੇ ਪਾਣੀ ਦੀ ਮਾਤਰਾ ਨੂੰ ਮਹੱਤਵਪੂਰਣ ਰੂਪ ਵਿੱਚ ਘਟਾਉਂਦੀ ਹੈ ਅਤੇ ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਪ੍ਰਥਾਵਾਂ ਨੂੰ ਵੀ ਖਤਮ ਕਰਦੀ ਹੈ, ਇਸ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਸਮਾਗਮ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਦੀ ਵੀਡੀਓ ਵੀ ਦਿਖਾਈ ਗਈ। ਡਿਵੀਜ਼ਨਲ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਾਂਹਵਧੂ ਕਿਸਾਨਾਂ ਵੱਲੋਂ ਅਪਣਾਏ ਗਏ ਇਨ-ਸੀਟੂ ਪ੍ਰਬੰਧਨ ਅਭਿਆਸਾਂ ਨੂੰ ਪਟਿਆਲਾ ਡਵੀਜ਼ਨ ਅਧੀਨ ਆਉਂਦੇ ਸਾਰੇ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਵਿੱਚ ਵੱਡੀਆਂ ਡਿਸਪਲੇ ਸਕਰੀਨਾਂ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਇਨ੍ਹਾਂ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਦਾ ਉਦੇਸ਼ ਕਿਸਾਨਾਂ ਨੂੰ ਅਗਾਂਹਵਧੂ ਕਿਸਾਨਾਂ ਦੇ ਮਾਰਗ 'ਤੇ ਚੱਲਣ ਲਈ ਜਾਗਰੂਕ ਕਰਨਾ ਹੈ, ਜਿਸ ਨਾਲ ਪਾਣੀ ਦੀ ਸੰਭਾਲ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਸੂਬੇ ਵਿੱਚ ਮੌਜੂਦਾ ਪਾਣੀ ਦੇ ਪੱਧਰ 'ਤੇ ਚਾਨਣਾ ਪਾਉਂਦਿਆਂ ਸ੍ਰੀ ਗੈਂਦ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਸਬੰਧ ਵਿੱਚ ਰਾਜ ਦੇ ਕਈ ਵਿਕਾਸ ਬਲਾਕਾਂ ਨੂੰ ਡਾਰਕ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਲਈ ਇਨ੍ਹਾਂ ਅਭਿਆਸਾਂ ਰਾਹੀਂ ਪਾਣੀ ਦੀ ਸੰਭਾਲ ਵੱਲ ਗੰਭੀਰਤਾ ਨਾਲ ਕਦਮ ਚੁੱਕਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਸੁਰਜੀਤ ਸਿੰਘ ਸਾਧੂਗੜ੍ਹ ਵਰਗੇ ਕਿਸਾਨਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜੋ ਉੱਨਤ ਖੇਤੀ ਵਿਧੀਆਂ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਪਾਣੀ ਦੀ ਸੰਭਾਲ ਲਈ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਸਮੂਹ ਕਿਸਾਨ ਭਾਈਚਾਰੇ ਨੂੰ ਅੱਗੇ ਆਉਣ ਅਤੇ ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਆਪਕ ਜਾਗਰੂਕਤਾ ਮੁਹਿੰਮਾਂ ਰਾਹੀਂ ਕਿਸਾਨਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ। ਜਾਗਰੂਕਤਾ ਕੈਂਪ ਦਾ ਦੌਰਾ ਕਰਦਿਆਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਖੁਲਾਸਾ ਕੀਤਾ ਕਿ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਿੱਚ ਸਹਾਈ ਹੋਣ ਵਾਲੀਆਂ ਖੇਤੀ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਅਤੇ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਭਲਾਈ ਅਤੇ ਕੁਦਰਤੀ ਸੋਮਿਆਂ ਨੂੰ ਸੰਵਾਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੇਲੇ ਦਾ ਆਯੋਜਨ ਕਿਸਾਨਾਂ ਨੂੰ ਸਿੱਧੀ ਬਿਜਾਈ ਅਤੇ ਖਾਸ ਕਰਕੇ ਝੋਨੇ ਦੀ ਪਨੀਰੀ ਨੂੰ ਖੇਤਾਂ ਵਿੱਚ ਵਾਹੁਦਿਆਂ ਦੀ ਬਿਜਾਈ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਵਚਨਬੱਧ ਟੀਮ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ। ਕਿਸਾਨ ਸੁਰਜੀਤ ਸਿੰਘ ਅਤੇ ਉਸਦੇ ਸਪੁੱਤਰ ਅਮਰਿੰਦਰ ਸਿੰਘ ਨੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਇਸ ਤਕਨੀਕ ਨਾਲ ਝਾੜ ਵਧਾਉਣ ਦੀ ਗਾਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਕਨੀਕ ਇੱਕ ਬੇਹੱਦ ਲਾਹੇਵੰਦ ਹੈ ਜੋ ਪਾਣੀ ਦੀ ਖਪਤ ਅਤੇ ਲਾਗਤ ਖਰਚਿਆਂ ਨੂੰ ਘਟਾਏਗੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਸਹਾਈ ਹੋਵੇਗੀ।

ਰਾਮਨਵਮੀ ਦੇ ਤਿਉਹਾਰ ਸਬੰਧੀ ਕਰਵਾਏ ਗਏ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਝੰਡੇ ਦੀ ਰਸਮ ਨਾਲ ਹੋਈ

ਜਗਰਾਉਂ,(ਅਮਿਤ ਖੰਨਾ ) ਸਥਾਨਕ ਮਹਾਵੀਰ ਚੌਕ ਸਥਿਤ ਪ੍ਰਾਚੀਨ ਸ਼੍ਰੀ ਸਿੱਧ ਹਨੂੰਮਾਨ ਮੰਦਿਰ ਵਿਖੇ ਸ਼੍ਰੀ ਰਾਮ ਨੌਮੀ ਦੇ ਤਿਉਹਾਰ ਮੌਕੇ ਕਰਵਾਏ ਗਏ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਚੜ੍ਹਾਉਣ ਦੀ ਰਸਮ ਨਾਲ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਮਲ ਵਰਮਾ ਨੇ ਦੱਸਿਆ ਕਿ ਸ੍ਰੀ ਰਾਮਨਵਮੀ ਮੌਕੇ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਦੋ ਰੋਜ਼ਾ ਸਮਾਗਮ ਮੰਦਿਰ ਵਿੱਚ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਅੱਜ ਮੰਦਰ ਵਿੱਚ ਝੰਡੇ ਦੀ ਰਸਮ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਵਿੰਗ ਦੇ ਜਨਰਲ ਸਕੱਤਰ ਗੋਪੀ ਸ਼ਰਮਾ ਅਦਾ ਕੀਤੀ ਗਈ ।  ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਨੌਮੀ ਦੇ ਮੌਕੇ 'ਅੱਜ ਐਤਵਾਰ ਨੂੰ ਸਵੇਰੇ 8 ਵਜੇ ਮੰਦਰ ਪਰਿਸਰ 'ਚ ਮਹਾ ਹਵਨ ਯੱਗ ਕਰਵਾਇਆ ਜਾਵੇਗਾ, ਜਿਸ ਤੋਂ  ਉਪਰੰਤ ਸਵੇਰੇ 10 ਵਜੇ ਸ਼੍ਰੀ ਰਾਮਾਇਣ ਪਾਠ ਦੇ ਭੋਗ ਅਤੇ ਸੰਕੀਰਤਨ ਦਾ ਪ੍ਰੋਗਰਾਮ ਹੋਵੇਗਾ ਉਨ੍ਹਾਂ ਦੱਸਿਆ ਕਿ ਸੰਕੀਰਤਨ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕ ਕਮੇਟੀ ਵਲੋਂ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ।  ਇਸ ਭੰਡਾਰੇ ਦੀ ਸ਼ੁਰੂਆਤ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਕਰਨਗੇ।ਇਸ ਮੌਕੇ  ਨੀਨੂ ਸ਼ਰਮਾ, ਰਮਨ ਗਰਗ, ਰਾਜੂ ਲੂੰਬਾ, ਗੋਪੀ ਸ਼ਰਮਾ, ਰਮਨ ਗੌੜ, ਵਰਿੰਦਰ ਗਰਗ, ਰਾਜਕੁਮਾਰ ਗੁਪਤਾ, ਡਾ: ਵਿਨੋਦ, ਸਚਿਨ ਲੂੰਬਾ, ਅਮਿਤ ਗਰਗ, ਨਵੀਨ ਸ਼ਰਮਾ, ਵਿਨੈ ਸ਼ਰਮਾ, ਸੁਮਿਤ ਸ਼ਾਸਤਰੀ, ਵਿੱਕੀ ਸ਼ਰਮਾ, ਕਮਲ ਰਾਜਪੂਤ,  ਗੌਰਵ ਕਪੂਰ, ਗੁਰਪ੍ਰੀਤ ਗੋਰਾ, ਰਾਜੂ ਹਾਂਡਾ, ਕੀਮਤੀ ਲਾਲ, ਡਾ: ਸੂਰੀਆ ਕਾਂਤ ਸਿੰਗਲਾ, ਡਾ. ਸੁਰਿੰਦਰ ਵਿੱਜ, ਦੇਵਵਰਤ ਸ਼ਰਮਾ, ਸ਼ਕਤੀ ਸ਼ਰਮਾ, ਸਾਹਿਲ ਕੁਮਾਰ, ਸੁਨੀਲ ਕੁਮਾਰ, ਗੌਰਵ ਧੀਰ, ਦਿਨੇਸ਼ ਪਾਠਕ, ਨੇਸ਼ੂ ਸ਼ਰਮਾ ਆਦਿ ਹਾਜ਼ਰ ਸਨ।
  ਫੋਟੋ ਕੈਪਸ਼ਨ :-ਮੰਦਰ ਕੰਪਲੈਕਸ ਵਿੱਚ ਝੰਡੇ ਦੀ ਰਸਮ ਅਦਾ ਕਰਦੇ ਹੋਏ ਗੋਪੀ ਸ਼ਰਮਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ।

ਆੜ੍ਹਤੀਆਂ ਵੱਲੋਂ ਮੰਡੀਆਂ 'ਚ ਕਣਕ ਸਟੋਰੇਜ ਤੋਂ ਕੋਰਾ ਜਵਾਬ

ਜਗਰਾਉ 9 ਅਪ੍ਰੈਲ (ਅਮਿਤਖੰਨਾ)ਕੇਂਦਰੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਇਸ ਵਾਰ 30 ਜੂਨ ਤਕ ਕਣਕ ਦੀ ਸਟੋਰੇਜ ਮੰਡੀਆਂ 'ਚ ਕਰਨ ਦੇ ਜਾਰੀ ਕੀਤੇ ਫਰਮਾਨ ਨੂੰ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਨੇ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਡੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇੜਕੇ ਵਾਲਾ ਕਰਾਰ ਦਿੱਤਾ ਤੇ ਐਲਾਨ ਕੀਤਾ ਕਿ ਇਹ ਫੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀ ਮੰਡੀਆਂ ਬੰਦ ਕਰਕੇ ਹੜਤਾਲ ਕਰਨਗੇ।ਸ਼ੁੱਕਰਵਾਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਬਾਂਕਾ ਗੁਪਤਾ ਸਮੇਤ ਪ੍ਰਮੁੱਖ ਅਹੁਦੇਦਾਰਾਂ ਸੁਰਜੀਤ ਕਲੇਰ, ਅੰਮਿ੍ਤ ਲਾਲ ਗੁਪਤਾ, ਨਰਿੰਦਰ ਸਿਆਲ, ਨੰਨੂ ਸਿੰਗਲਾ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲ ਕੇ ਸਰਕਾਰ ਦੇ ਇਸ ਫਰਮਾਨ 'ਤੇ ਕਿਹਾ ਕਿ 15 ਮਈ ਤਕ ਮੰਡੀਆਂ 'ਚ ਕਣਕ ਦਾ ਸੀਜ਼ਨ ਮੁਕੰਮਲ ਹੋ ਜਾਂਦਾ ਹੈ ਤੇ ਇਸ ਦੌਰਾਨ ਕੱਚੀ ਲੇਬਰ ਆਪਣੇ ਸੂਬਿਆਂ ਨੂੰ ਪਰਤ ਜਾਂਦੀ ਹੈ।ਇਸ ਤੋਂ ਬਾਅਦ ਡੇਢ ਮਹੀਨਾ ਕਣਕ ਨੂੰ ਮੰਡੀਆਂ 'ਚ ਹੀ ਸਟੋਰੇਜ ਕਰਨਾ ਕੋਈ ਆਸਾਨ ਨਹੀਂ, ਕਿਉਂਕਿ ਇੰਨੇ ਵੱਡੇ ਪੱਧਰ 'ਤੇ ਕਣਕ ਦੀ ਰਾਖੀ ਹੀ ਇੱਕ ਵੱਡੀ ਚੁਣੋਤੀ ਹੈ, ਕਿਉਂਕਿ ਸਰਗਰਮ ਅਨਾਜ ਚੋਰ ਗਿਰੋਹ ਚੱਲਦੇ ਸੀਜਨ 'ਚ ਜਦੋਂ ਮੰਡੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਆੜ੍ਹਤੀ, ਕਿਸਾਨ, ਮਜ਼ਦੂਰ, ਟਰੱਕ ਅਪਰੇਟਰ ਤੇ ਹੋਰ ਲੋਕ ਮੌਜੂਦ ਹੁੰਦੇ ਹਨ ਦੇ ਬਾਵਜੂਦ ਅਨਾਜ ਚੋਰੀ ਕਰ ਲੈਂਦੇ ਹਨ। ਸੀਜਨ ਖਤਮ ਹੋਣ 'ਤੇ ਸੁੰਨਸਾਨ ਹੋ ਜਾਂਦੀਆਂ ਮੰਡੀਆਂ 'ਚ ਕਣਕ ਦੀ ਰਾਖੀ ਸੰਭਵ ਹੀ ਨਹੀਂ। ਇਥੇ ਹੀ ਬਸ ਨਹੀਂ ਮੰਡੀਆਂ 'ਚ ਸਟੋਰੇਜ ਇਸ ਕਣਕ ਨੂੰ ਆਵਾਰਾ ਪਸ਼ੂਆਂ ਦੀ ਭਰਮਾਰ ਤੋਂ ਬਚਾਉਣਾ ਨਾਮੁਮਕਿਨ ਹੈ, ਉਥੇ ਇਸ ਸਮੇਂ 'ਚ ਪੈਣ ਵਾਲੀ ਬਰਸਾਤ 'ਚ ਹੋਣ ਵਾਲੇ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੋਵੇਗਾ। ਸਰਕਾਰ ਆਪਣੇ ਇੱਕ ਫੈਸਲੇ ਰਾਹੀਂ ਆੜ੍ਹਤੀਆਂ ਨੂੰ ਵੱਡੇ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿਚ ਹੈ, ਜਿਸ ਨੂੰ ਜਗਰਾਓਂ ਹੀ ਨਹੀਂ, ਪੰਜਾਬ ਭਰ ਦੇ ਆੜ੍ਹਤੀ ਮਨਜੂਰ ਨਹੀਂ ਕਰਦੇ।

ਕ੍ਰਿਸ਼ੀ ਬੰਧਨ ਸੁਸਾਇਟੀ ਵੱਲੋਂ ਜੀ.ਐਚ. ਜੀ.ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਦਾ ਸਨਮਾਨ  

ਜਗਰਾਉ 9 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ , ਕੋਠੇ ਬੱਗੂ, ਜਗਰਾਉਂ  ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਨੂੰ  ਕ੍ਰਿਸ਼ੀ ਬੰਧਨ ਸੁਸਾਇਟੀ  ਦੇ ਪ੍ਰਧਾਨ ਸੁਧਿਪਤਾ ਪਾਲ  ਵੱਲੋਂ ਸਨਮਾਨਿਤ ਕੀਤਾ ਗਿਆ ।ਪ੍ਰਧਾਨ ਸੁਧਿਪਤਾ ਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਿਸ਼ੀ ਬੰਧਨ ਸੁਸਾਇਟੀ ਜੋ ਪਿਛਲੇ ਲੰਬੇ ਸਮੇਂ ਤੋਂ ਬੰਗਲੌਰ ਵਿਖੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ  ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਇਸ ਸੁਸਾਇਟੀ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।ਉਨ੍ਹਾਂ ਨੇ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਦੇ ਨਿਮਰਤਾ ਭਰੇ ਸੁਭਾਅ ਦੀ ਪ੍ਰਸੰਸਾ ਕਰਦਿਆਂ  ਕਿਹਾ ਕਿ ਅੱਜ ਦੇ ਯੁੱਗ ਵਿੱਚ ਇਸ ਸਮਾਜ ਨੂੰ ਇਹੋ ਜਿਹੀਆਂ ਸ਼ਖ਼ਸੀਅਤਾਂ  ਦੀ ਬਹੁਤ ਜ਼ਰੂਰਤ ਹੈ।ਇਸ ਮੌਕੇ ਤੇ ਜੀ.ਐਚ.ਜੀ ਅਕੈਡਮੀ ਦੇ  ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਅਤੇ ਮੈਨੇਜਰ ਸਰਦਾਰ ਸ਼ਰਨਜੀਤ ਸਿੰਘ ਵੀ ਮੌਜੂਦ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 47ਵਾ ਦਿਨ 

ਸਾਨੂੰ ਇਕਜੁੱਟ ਹੋ ਕੇ ਲੜਨਾ ਪਊ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ   ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ : ਕਮਲਜੀਤ ਸਿੰਘ ਬਰਾੜ  

ਮੁੱਲਾਂਪੁਰ ਦਾਖਾ 8 ਅਪ੍ਰੈਲ   ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ  ਤੋਂ ਗਦਰ ਪਾਰਟੀ ਦੇ ਬਾਲਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ , ਸ਼ਹੀਦ ਸਰਾਭਾ ਚੌਂਕ ਵਿਖੇ ਬੁੱਤ ਦੇ ਸਾਹਮਣੇ ਪੰਥਕ ਮੋਰਚਾ ਭੁੱਖ ਹੜਤਾਲ ‘ਤੇ ਬੈਠਾ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’, ਸਹਿਯੋਗੀ ਸਾਥੀਆਂ ਕੈਪਟਨ ਰਾਮਲੋਕ ਸਿੰਘ ਸਰਾਭਾ, ਅਵਤਾਰ ਸਿੰਘ ਸਰਾਭਾ, ਪਰਮਿੰਦਰ ਸਿੰਘ ਬਿੱਟੂ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ, ਨਾਲ ਅੱਜ 47ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠਾ । ਅੱਜ ਹਾਜ਼ਰੀ ਲਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਨਿਧੜਕ ਬੁਲਾਰਾ  ਸ. ਕਮਲਜੀਤ ਸਿੰਘ ਬਰਾੜ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਵਡਭਾਗੇ ਹਾਂ ਜਿਨਾਂ ਨੂੰ ਗ਼ਦਰ ਪਾਰਟੀ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਥਕ ਮੋਰਚੇ 'ਚ ਹਾਜ਼ਰੀ ਲਵਾਉਣ ਦੇ ਭਾਗ ਪ੍ਰਾਪਤ ਹੋਏ ਉੱਥੇ ਹੀ ਅਸੀਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਕੌਮ ਦੇ ਇਸ ਵੱਡੇ ਮਸਲੇ ਉੱਪਰ ਸਾਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ । ਉੱਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਉਨ੍ਹਾਂ ਨੇ ਅੱਗੇ ਆਖਿਆ ਕਿ ਪਿੰਡ ਸਰਾਭੇ ਦੇ ਵਾਸੀਓ ਤੁਸੀਂ ਤਾਂ ਬੜੇ ਹੀ ਕਿਸਮਤ ਵਾਲੇ ਹੋ ਜਿਸ ਪਿੰਡ ਵਿੱਚ ਜਨਮ ਲੈ ਕੇ ਉਸ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਉਹ ਕੰਮ ਕਰਕੇ ਵਿਖਾ ਦਿੱਤੇ ਜੋ ਅੱਜ ਦੇ ਨੌਜਵਾਨ ਸੋਚ ਵੀ ਨਹੀਂ ਸਕਦੇ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਜੋ ਲੜੀਏ ਉਨ੍ਹਾਂ ਵੱਡੇ ਵੀਰਾਂ ਲਈ ਜੋ ਸਾਡੇ ਲਈ ਅੱਜ ਜੇਲ੍ਹਾਂ ਵਿੱਚ ਬੰਦ ਨੇ ਜੋ ਆਪਣੀਆਂ ਸਜ਼ਾਵਾਂ ਤੋਂ ਵੀ ਦੁੱਗਣੀਆਂ ,ਤਿੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਨ੍ਹਾਂ ਵੀਰਾਂ ਦੀਆਂ ਮਾਵਾਂ ਦੇ ਅੱਖਾਂ ਦੇ ਪਾਣੀ ਨਾਲ ਨਿਗ੍ਹਾ ਵੀ ਚਲੀ ਗਈ ਪਰ ਉਨ੍ਹਾਂ ਦੀ ਉਡੀਕ ਨਾ ਮੁੱਕੀ ਸੋ ਸਾਨੂੰ ਉਨ੍ਹਾਂ ਯੋਧਿਆਂ ਲਈ ਇਕੱਠੇ ਹੋ ਕੇ ਹੱਕਾਂ ਲਈ ਲੜਨਾ ਪਾਓ ਤਾਂ ਜੋ ਆਪਣੇ ਪਰਿਵਾਰ ਵਿੱਚ ਆ ਕੇ ਆਪਣੀ ਰਹਿੰਦੀ ਜ਼ਿੰਦਗੀ ਖ਼ੁਸ਼ੀ ਖ਼ੁਸ਼ੀ ਗੁਜ਼ਾਰ ਕਰ ਸਕਣ ।ਉਨ੍ਹਾਂ ਆਖ਼ਰ ਵਿੱਚ ਆਖਿਆ ਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਲੱਗੇ ਇਸ ਮੋਰਚੇ ਤੇ ਵਿੱਚ ਹਫ਼ਤੇ ਬਾਅਦ ਜ਼ਰੂਰ ਹਾਜ਼ਰੀ ਲਵਾਇਆ ਕਰਾਂਗੇ ਤਾਂ ਜੋ ਕੌਮ ਦੇ ਕੋਹੇਨੂਰ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ ।ਇਸ ਸਮੇਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਪੂਰੇ ਪੰਜਾਬ ਦੇ ਫ਼ਿਕਰਮੰਦ ਜੁਝਾਰੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਪੰਥਕ ਮੋਰਚਾ ਭੁੱਖ ਹਡ਼ਤਾਲ ਚ ਜ਼ਰੂਰ ਹਾਜ਼ਰੀ ਲਵਾਉਣ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦਿਵਾਈ ਜਾਵੇ । ਉੱਥੇ ਹੀ ਆਪਣੇ ਉਧਮ, ਭਗਤ, ਸਰਾਭੇ ਗ਼ਦਰੀ ਬਾਬਿਆਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਵੀ ਦਿਵਾਇਆ ਜਾ ਸਕੇ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸ਼ਹਿਜ਼ਾਦ,ਜਸਵਿੰਦਰ ਸਿੰਘ ਕਾਲਖ, ਗੁਰਸਰਨ ਸਿੰਘ ਝਾਂਡੇ, ਲਖਵੀਰ ਸਿੰਘ ਸਰਾਭਾ, ਅਵਤਾਰ ਸਿੰਘ ਸਰਾਭਾ ,ਭੁਪਿੰਦਰ ਸਿੰਘ ਬਿਲੂ ਸਰਾਭਾ, ਤੀਰਥ ਸਿੰਘ ਸਰਾਭਾ, ਮਨਜਿੰਦਰ ਸਿੰਘ ਸਰਾਭਾ,ਸਿਕੰਦਰ ਸਿੰਘ ਸਿੱਧੂ ਰੱਤੋਵਾਲ ,ਤੁਲਸੀ ਸਿੰਘ ਸਰਾਭਾ ,ਹਰਬੰਸ ਸਿੰਘ ਹਿੱਸੋਵਾਲ,ਹਰਦੀਪ ਸਿੰਘ ,ਅਮਿਤੋਜ ਸਿੰਘ ਸਰਾਭਾ ,ਬਲੌਰ ਸਿੰਘ ਸਰਾਭਾ,ਆਦਿ ਹਾਜ਼ਰੀ ਭਰੀ  ।

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜ਼ੇਲਾਂ ’ਚ ਸਾੜੇ ਜਾ ਰਹੇ ਕਾਰਕੁੰਨਾਂ ਦੀ ਰਿਹਾਈ ਲਈ ਪ੍ਰਦਰਸ਼ਨ

ਜਗਰਾਓਂ, 8 ਅਪ੍ਰੈਲ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) – ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਰਕੁੰਨਾ ਨੇ ਖੱਬੇ ਪੱਖੀ ਇਨਕਲਾਬੀ ਬੁੱਧਜੀਵੀਆਂ, ਧਾਰਮਕ ਘੱਟ ਗਿਣਤੀ, ਸਿੱਖ ਅਤੇ ਮੁਸਲਮ ਕਾਰਕੁੰਨਾ ਆਗੂਆਂ ਜੋ ਲੰਮੇ ਸਮੇਂ ਤੋਂ ਕੇਂਦਰ ਦੀ ਹਕੂਮਤ ਨੇ ਕਾਲਕੋਠੜੀਆਂ ’ਚ ਡੱਕ ਹੋਏ ਹਨ ਦੀ ਰਿਹਾਈ ਲਈ ਬੱਸ ਸਟੈਂਡ ’ਤੇ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਸੰਬੋਧਨ ਕਰਦਿਆਂ ਤਿਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਹੁਕਮਰਾਜ ਦੇਹੜਕਾ ਜਮਰੂਹੀ ਕਿਸਾਨ ਸਰਕਾਰਾਂ ਵਲੋਂ ਵੱਖ ਵੱਖ ਸਿਆਸੀ ਵਿਚਾਰਾਂ ਦੇ ਕਾਰਕੁੰਨਾਂ ਨੂੰ ਸਜਾਵਾਂ ਭੁਗਤਣ ਦੇ ਬਾਵਜੂਦ ਜੇਲਾਂ ’ਚ ਸਾੜਿਆ ਜਾ ਰਿਹਾ ਹੈ। ਪ੍ਰੋ. ਸਾਈਂ ਬਾਬਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਜਮਾਨਤ ਦੇਣ ਥਾਂ ਅਣਮਨੁੱਖੀ ਵਰਤਾਓ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਹੋਰ ਵੀ ਬੁੱਧੀਜੀਵਿਆਂ ਅਤੇ ਕਾਰਕੁੰਨਾਂ ਨੂੰ ਰਿਹਾ ਕੀਤਾ ਜਾਵੇ। ਇਸ ਮੌਕੇ ਮਨੋਹਰ ਸਿੰਘ ਝੋਰੜਾਂ, ਜਗਰੂਪ ਸਿੰਘ ਗਿਲ, ਸਾਧੂ ਸਿੰਘ, ਅੱਚਰਵਾਲ ਆਦਿ ਹਾਜ਼ਰ ਸਨ।

ਦੀਪਕ ਹਿਲੋਰੀ ਹੋਣਗੇ ਜਗਰਾਓ ਦੇ ਨਵੇ ਐਸ ਐਸ ਪੀ 

ਜਗਰਾਉਂ, 08 ਐਪ੍ਰਲ ( ਅਮਿਤ ਖੰਨਾ ) ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਪਾਟਿਲ ketan ਬਲਿਰਾਮ ਜੀ ਦਾ ਤਬਾਦਲਾ ਹੋ ਗਿਆ ਉਨ੍ਹਾਂ ਦੀ ਜਗ੍ਹਾ ਹੁਣ ਦੀਪਕ ਹਿਲੋਰੀ ਹੋਣਗੇ ਲੁਧਿਆਣਾ ਦਿਹਾਤੀ ਦੇ ਨਵੇਂ ਐੱਸਐੱਸਪੀ  ।

5 ਗ੍ਰਾਮ ਹੈਰੋਇਨ ਸਮੇਤ ਦੋ ਗਿਰਫਤਾਰ 

ਜਗਰਾਓਂ,  08 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) – ਥਾਣਾ ਸਿਟੀ ਜਗਰਾਓਂ ਪੁਲਸ ਨੇ 5 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਅਤੇ ਉਸਦੇ ਸਾਥੀ ਨੂੰ ਗਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਏ.ਐੱਸ.ਆਈ ਰਾਜਧੀਮ ਨੇ ਦੱਸਿਆ ਕਿ ਗਸ਼ਤ ਦੌਰਾਨ ਅੱਡਾ ਰਾਏਕੋਟ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਮਨਦੀਪ ਕੌਰ ਉਰਫ ਰਮਨ ਅਤੇ ਸੁਖਦਰਸ਼ਨ ਉਰਫ ਸੁੱਖਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਐਕਟਿਵਾ ਸਕੂਟਰੀ ਪੀ.ਬੀ 25 ਐੱਚ-5665 ’ਤੇ ਸਵਾਰ ਹੋ ਕੇ ਗਾਹਕਾਂ ਨੂੰ ਕੋਠੇ ਖੰਜੂਰਾ ਤੋਂ ਅਲੀਗੜ੍ਹ ਵੱਲ ਨੂੰ ਜਾ ਰਹੇ ਹਨ। ਜਿਸ ’ਤੇ ਪੁਲਸ ਨੇ ਮੁਸਤੈਦੀ ਨਾਲ ਦੋਵੇਂ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਅੱਜ ਬਿਜਲੀ ਬੰਦ ਰਹੇਗੀ 

ਜਗਰਾਓਂ, 08 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) – ਮੁਰੰਮਤ ਦੇ ਚੱਲਦੇ ਸਿਟੀ-2, ਸਿਟੀ-4, ਮਿੱਲ-1 ਅਤੇ ਬੋਦਲਵਾਲ 11 ਕੇ.ਵੀ ਫੀਡਰ ਅੱਜ ਬੰਦ ਰਹਿਣਗੇ। ਜਿਸ ਕਾਰਨ ਤਹਿਸੀਲ ਰੋਡ, ਪੁਲਸ ਕੰਪਲੈਕਸ, ਹੀਰਾ ਬਾਗ, ਮੁਹੱਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ, ਰਾਣੀ ਝਾਂਸੀ ਚੌਕ, ਗ੍ਰੀਨ ਸਿਟੀ, ਕੋਰਟ ਕੰਪਲੈਕਸ, ਦਸਮੇਸ਼ ਨਗਰ, ਕੱਚਾ ਮਿਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਕੋਠੇ ਸ੍ਰੀ ਜੰਗ, ਕੋਠੇ ਫਤਿਹਦੀਨ, ਕੋਠੇ ਜੀਵਾ, ਕੋਠੇ ਬੱਗੂ, ਸ਼ੇਰਗੜ੍ਹ ਰੋਡ, ਬੋਦਲਵਾਲਾ, ਸਵੱਦੀ ਖੁਰਦ, ਤੱਪੜ ਹਰਨੀਆ, ਰਾਮਗੜ੍ਹ ਭੁੱਲਰ, ਚੀਮਨਾ, ਮਲਸੀਆ ਭਾਈ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

 

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਮਹਾਨ ਕੀਰਤਨ ਦਰਬਾਰ  

ਜਗਰਾਉਂ , 08 ਅਪ੍ਰੈਲ (ਬਲਦੇਵ ਸਿੰਘ ਜਗਰਾਉਂ ) 

ਗੁਰਦੁਆਰਾ ਸ੍ਰੀ ਭਜਨਗਡ਼੍ਹ ਸਾਹਿਬ ਮੋਤੀਬਾਗ ਕੱਚਾ ਮਲਕ ਰੋਡ ਗਲੀ ਨੰਬਰ ਤਿੱਨ ਜਗਰਾਉਂ ਵਿਖੇ  ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਵੱਲੋਂ 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਰਾਤ 7 ਵਜੇ ਤੋਂ 9.30 ਮਿੰਟ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ  । ਜਿਸ ਵਿੱਚ ਭਾਈ ਅਮਰਜੀਤ ਸਿੰਘ ਜੀ ਗਾਲਿਬ ਖੁਰਦ ਵਾਲੇ , ਭਾਈ ਹਰਨੇਕ ਸਿੰਘ ਜੀ ਹਜੂਰੀ ਰਾਗੀ ਜਥਾ  ਅਤੇ ਸਟੇਜ ਦੀ ਸੇਵਾ ਸਹਿਜਪ੍ਰੀਤ ਸਿੰਘ ਦੌਧਰ ਸੈਕਟਰੀ ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਨਿਭਾਉਣਗੇ  । ਇਲਾਕਾ ਭਰਦੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਹੁੰਮ ਹੁਮਾ ਕੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ  ।  ਗੁਰੂ ਕਾ ਲੰਗਰ ਅਤੁੱਟ ਵਰਤੇਗਾ ।  ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ  ।