ਗੁਰੂ ਸਾਹਿਬ ਨੇ ਸੰਗਤਾਂ ਨੂੰ ਨਿਰਭਉ ਤੇ ਨਿਰਵੈਰ ਦੇ ਸੰਕਲਪ ਨਾਲ ਜੋੜਿਆ- ਭੁਪਿੰਦਰ ਸਿੰਘ
ਲੁਧਿਆਣਾ,23 ਜੂਨ (ਕਰਨੈਲ ਸਿੰਘ ਐੱਮ.ਏ. ) ਉੱਚੇ ਆਦਰਸ਼ਾਂ ਦੇ ਧਾਰਨੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ 'ਤੇ ਸ਼ਕਤੀ ਦੇ ਸੰਕਲਪ ਨੂੰ ਸਿਧਾਂਤਕ ਤੌਰ ਤੇ ਪ੍ਰਵਾਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਅਤੇ ਖਾਲਸਾਈ ਫੌਜ਼ ਦਾ ਗਠਨ ਕਰਕੇ ਜਬਰ ਤੇ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਕੀਰਤਨੀਏ ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫ਼ਤਾਵਾਰੀ ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਦੌਰਾਨ ਭਾਈ ਨਰਿੰਦਰ ਸਿੰਘ ਜੀ ਦੇ ਕੀਰਤਨੀ ਜੱਥੇ ਨੇ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ ਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਫਲਾਸਫੀ ਸਮੁੱਚੀ ਲੋਕਾਈ ਨੂੰ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਰਣਾ ਦਿੰਦੀ ਹੈ।ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਭਗਤੀ ਤੇ ਸ਼ਕਤੀ ਦੇ ਸੰਕਲਪ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ । ਸਮਾਗਮ ਦੀ ਸਮਾਪਤੀ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੇ ਸਾਂਝੇ ਰੂਪ ਵਿੱਚ ਕੀਰਤਨੀ ਜੱਥੇ ਦੇ ਮੈਂਬਰਾਂ ਨੂੰ ਸਿਰੋਪਾਓ ਬਖਸ਼ਿਸ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤਾਵਾਰੀ ਸਮਾਗਮ ਵਿੱਚ ਭਾਈ ਕੰਵਲਜੀਤ ਸਿੰਘ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਪੰਜੋਖਰਾ ਸਾਹਿਬ ਅੰਬਾਲੇ ਵਾਲਿਆਂ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ। ਸਮਾਗਮ ਦੌਰਾਨ
ਸ੍ਰ: ਇੰਦਰਜੀਤ ਸਿੰਘ ਮੱਕੜ ਪ੍ਰਧਾਨ, ਸ੍ਰ: ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਪ੍ਰਿਤਪਾਲ ਸਿੰਘ, ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰਪਾਲ ਸਿੰਘ ਮੱਕੜ, ਮਨਜੀਤ ਸਿੰਘ ਟੋਨੀ, ਭੁਪਿੰਦਰਪਾਲ ਸਿੰਘ ਧਵਨ, ਬਲਜੀਤ ਸਿੰਘ ਦੂਆ (ਨਵਦੀਪ ਰੀਜ਼ੋਰਟ), ਜਸਪਾਲ ਸਿੰਘ ਪਿੰਕੀ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਜੀਤ ਸਿੰਘ, ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ, ਸਰਪੰਚ ਗੁਰਚਰਨ ਸਿੰਘ, ਮਨਮੋਹਨ ਸਿੰਘ ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।