You are here

ਲੁਧਿਆਣਾ

ਲੋਕ ਸਭਾ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੋਕ ਸਭਾ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਸਦੀਵੀ ਵਿਛੋੜਾ ਦੇ ਗਏ ਪੁਲਿਸ ਅਧਿਕਾਰੀ ਸ੍ਰੀ ਅਨਿਲ ਕੋਹਲੀ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਇਸ ਘਾਟੇ ਨੂੰ ਪੰਜਾਬ ਪੁਲਿਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਇਸ ਦੌਰਾਨ ਸਵਰਗੀ ਅਨਿਲ ਕੋਹਲੀ ਦੀ ਮ੍ਰਿਤਕ ਦੇਹ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਕਈ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ। ਰਵਨੀਤ ਸਿੰਘ ਬਿੱਟੂ, ਤਲਵਾੜ ਅਤੇ ਹੋਰਾਂ ਨੇ ਕੋਹਲੀ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਕੋਹਲੀ ਦੇ ਅਕਾਲ ਚਲਾਣੇ ਦੀ ਖ਼ਬਰ ਮੀਡੀਆ ਨਾਲ ਸਾਂਝੀ ਕਰਦਿਆਂ ਅਗਰਵਾਲ ਨੇ ਕਿਹਾ ਕਿ ਕੋਹਲੀ ਇੱਕ ਇਮਾਨਦਾਰ ਅਤੇ ਦ੍ਰਿੜਤਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਇਸ ਬਿਮਾਰੀ ਦੇ ਚੱਲਦਿਆਂ ਉਨਾਂ ਨੂੰ ਜੋ ਵੀ ਡਿਊਟੀ ਸੌਂਪੀ ਗਈ, ਉਹ ਉਨਾਂ ਪੂਰੀ ਸ਼ਿੱਦਤ ਨਾਲ ਪੂਰੀ ਕੀਤੀ। ਉਨਾਂ ਲੁਧਿਆਣਾ ਪੁਲਿਸ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕੋਹਲੀ ਦੀ ਇਸ ਸ਼ਹੀਦੀ ਨੂੰ ਆਪਣੇ ਜ਼ਿਹਨ ਵਿੱਚ ਰੱਖਣ ਅਤੇ ਇਸ ਲੜਾਈ ਨੂੰ ਜਿੱਤਣ ਲਈ ਹੋਰ ਤਕੜੇ ਹੋ ਕੇ ਕੰਮ ਕਰਨ। ਉਨਾਂ ਕਿਹਾ ਪੰਜਾਬ ਪੁਲਿਸ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਹੈ। ਉਨਂ ਕਿਹਾ ਕਿ ਉਨਾਂ ਨੂੰ ਲੁਧਿਆਣਾ ਪੁਲਿਸ 'ਤੇ ਪੂਰਾ ਮਾਣ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਇਸ ਸਥਿਤੀ ਵਿੱਚ ਡਿਊਟੀ ਕਰਦਿਆਂ ਅਧਿਕਾਰੀ ਅਤੇ ਮੁਲਾਜ਼ਮ ਨਿੱਜੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਡਿਊਟੀ ਦੌਰਾਨ ਸਮਾਜਿਕ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਣਾ, ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਯਕੀਨੀ ਤੌਰ 'ਤੇ ਕੀਤੀ ਜਾਵੇ।

ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਮੁੱਖ ਮੰਡੀ ਜਗਰਾਂਉ ਅਤੇ ਹਠੂਰ ਵਿੱਚ ਖਰੀਦ ਕਾਰਜ ਸ਼ੁਰੂ ਕਰਵਾਏ

ਪੰਜਾਬ ਸਰਕਾਰ ਵੱਲੋਂ ਸੁਚੱਜੇ ਖਰੀਦ ਕਾਰਜਾਂ ਲਈ ਪੁਖ਼ਤਾ ਪ੍ਰਬੰਧ ਕੀਤੇ, -ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਫਸਲ ਮੰਡੀਆਂ ਵਿੱਚ ਲਿਆਉਣ-ਦਾਖਾ

ਹਠੂਰ/ਜਗਰਾਂਉ/ਲੁਧਿਆਣਾ,ਅਪ੍ਰੈਲ 2020 (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅੱਜ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਜਗਰਾਂਉ ਅਤੇ ਹਠੂਰ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨਾਂ ਨਾਲ ਜ਼ਿਲਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ, ਸੈਕਟਰੀ ਗੁਰਮਤਪਾਲ ਸਿੰਘ ਗਿੱਲ, ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਿਲਾ ਪ੍ਰਧਾਨ  ਰਾਜ ਕੁਮਾਰ ਭੱਲਾ, ਏ. ਐੱਫ. ਐੱਸ. ਓ. ਬੇਅੰਤ ਸਿੰਘ, ਮਨੀ ਗਰਗ, ਅਵਤਾਰ ਸਿੰਘ, ਕੁਲਦੀਪ ਸਿੰਘ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਦਾਖਾ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਹਦਾਇਤਾਂ ਦੀ ਪਾਲਣਾ ਹਿੱਤ ਪ੍ਰਸਾਸ਼ਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਟੋਕਨ ਪਾਸ ਜਾਰੀ ਕੀਤੇ ਜਾ ਰਹੇ ਹਨ। ਉਸ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਰਹੇ ਹਨ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾ ਰਹੇ ਹਨ। ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਗਈ ਹੈ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਆੜਤੀਆਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਨਾ ਘਬਰਾਉਣ, ਪੰਜਾਬ ਸਰਕਾਰ ਵੱਲੋਂ ਉਨਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਹਰੇਕ ਮੰਡੀ ਵਿੱਚ ਖਰੀਦ ਕਾਰਜਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਾਅਦ ਉਨਾਂ ਨੇ ਹੋਰ ਮੰਡੀਆਂ ਦਾ ਵੀ ਦੌਰਾ ਕੀਤਾ ਅਤੇ ਖਰੀਦ ਕਾਰਜ ਸ਼ੁਰੂ ਕਰਵਾਏ।

ਸਿੱਖ ਕੌਮ ਦੇ ਵਿਗੜਦੇ ਸਰੂਪ ਨੂੰ ਨਿਖਾਰਨ ਦਾ ਓੁਪਰਾਲਾ ਕਰੀੲੇ- ਚੇਅਰਮੈਨ ਢਿੱਲੋਂ

ਅਜੀਤਵਾਲ/ਮੋਗਾ,ਅਪ੍ਰੈਲ 2020 -(ਬਲਵੀਰ ਸਿੰਘ ਬਾਠ)-
ਸਿੱਖ ਧਰਮ ਵਿੱਚ ਨਿਸਕਾਮ ਸੇਵਾ ਭਾਵਨਾ ਨਾਲ ਜੁੜੇ ਲੋਕਾ ਦੀ ਗੱਲ ਕਰਦਿਆਂ ਕਿਹਾ ਬਲਾਕ ਸੰਮਤੀ ਮੋਗਾ 1 ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋ ਨੇ ਕਿਹਾ ਕਿ ਦੁਨੀਆਂ ਵਿੱਚ ਜਦੋ ਵੀ ਕੋਈ ਕਾਫਲਾਲੈ ਕੇ ਤੁਰਿਆ ਹੈ ਤਾ ਹਾਕਮ ਜਮਾਤਾ ਨੇ ਓਨਾ ਨੂੰ ਡਰਾਓਣ ਧਮਕਾਓਣ ਤੇ ਮਰਵਾਓਣ ਵਿੱਚ ਵੀ ਕੋਈ ਕਸਰ  ਨਹੀ ਛੱਡੀ ਇਸ ਤਰਾ ਅੱਜ ਵੀ ਕੁੱਝ ਸਿਆਸੀ ਲੋਕਾ ਵੱਲੋਂ ਕਰਾਤੀਕਾਰੀ ਸੋਚ ਨੂੰ ਖਤਮ ਕਰਨ ਲਈ ਅਨੇਕਾ ਤਰਾ ਦੇ ਸਿਆਸੀ ਪੈਂਤੜੇ ਵਰਤੇ ਜਾ ਰਹੇ ਹਨ ਪਰ ਸਾਨੂੰ ਇੰਨਾ ਤੋ ਗੁਮਰਾਹਕੁਨ ਨੀਤੀਆ ਤੋ ਸੁਚੇਤ ਹੋ ਕੇ ਸਿਆਸੀ ਵਖਰੇਵਿਆ ਜਾਤੀਵਾਦ ਦੀ ਮਾਨਸਿਕ ਗੁਲਾਮੀ ਤੋ ਮੁਕਮ ਹੋ ਕੇ ਸ੍ੀ ਗੁਰੂ ਗ੍ੰਥ ਸਹਿਬ ਜੀ ਦੇ ਸਿਧਾਤਾ ਤੇ ਪਹਿਰਾ ਦਿੰਦੇ ਹੋਏ ਕੌਮ ਦੀ ਵਿਗੜਦੀ ਜਾ ਰਹੀ ਨੁਹਾਰ ਨੂੰ ਨਿਖਾਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ।

ਨੈਚਰੋ ਲਾਈਫ ਕੇਅਰ ਹਸਪਤਾਲ,ਵੱਲੋਂ ਪੱਤਰਕਾਰਾਂ ਨੂੰ ਸੈਨੇਟਾਈਜ਼ਰ ਅਤੇ ਇਊਮਨਟੀ ਪਾਵਰ ਵਧਾਉਣ ਲਈ ਦਵਾਈ ਦਿੱਤੀ ਗਈ

ਜਗਰਾਉਂ (ਜਸਮੇਲ ਗਾਲਿਬ,ਗੁਰਦੇਵ ਗਾਲਿਬ) ਕਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ ਹਰੇਕ ਅਦਾਰੇ ਵੱਲੋਂ ਇਸ ਤੋਂ ਬਚਣ ਦੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇਂ ਹਨ ਅਜਿਹੀ ਸਥਿਤੀ ਵੇਖਦੇ ਹੋਏ ਅੱਜ ਨੈਚਰੋ ਲਾਈਫ ਕੇਅਰ ਹਸਪਤਾਲ,ਦੇ ਡਾਕਟਰ ਮਨਦੀਪ ਸਿੰਘ ਸਰਾਂ ਨੇ ਪੱਤਰਕਾਰ ਅਦਾਰੇ ਨੂੰ ਸੈਨੇਟਾਈਜ਼ਰ ਅਤੇ ਇਮਊਨਟੀ ਸਿਸਟਮ ਠੀਕ ਰੱਖਣ ਲਈ ਦਵਾਈਆਂ ਵੰਡੀਆਂ ਡਾਕਟਰ ਮਨਦੀਪ ਸਿੰਘ ਸਰਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਪੱਤਰਕਾਰ ਅਦਾਰੇ ਦਾ ਬਹੁਤ ਸਹਿਯੋਗ ਹੈ ਜੋ ਸਾਨੂੰ ਘਰ ਵਿੱਚ ਬੈਠਿਆਂ ਨੂੰ ਹਰ ਸ਼ਹਿਰ ਅਤੇ ਹਰ ਪਿੰਡ ਦੀ ਖਬਰ ਸਾਡੇ ਤੱਕ ਪਹੁੰਚਦੇ ਹਨ ਜੋ ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵੀ ਸਾਨੂੰ ਹਰ ਇੱਕ ਜਾਣਕਾਰੀ ਦਿੰਦੇ ਰਹਿੰਦੇ ਹਨ ਇਸ ਕਰਕੇ ਪੱਤਰਕਾਰ ਅਦਾਰੇ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਇਹ ਪੱਤਰਕਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਹੀ ਹਰ ਮੁਸ਼ਕਲ ਘੜੀ ਵਿੱਚ ਲੋਕਾਂ ਦੇ ਨਾਲ ਖੜਦੇ ਹਨ  ਮੈਂ ਹਰ ਇੱਕ ਪੱਤਰਕਾਰ ਦੇ ਨਾਲ ਹਾਂ  ਜਿੰਨੇ ਵੀ ਪੱਤਰਕਾਰ ਹੋਣਗੇ ਮੈਂ ਸਭ ਨੂੰ ਸੈਨੇਟਾਈਜ਼ਰ ਅਤੇ ਦਵਾਈ ਪਹੁੰਚਦੀ  ਕਰਾਂਗਾ ।ਇਸ ਮੌਕੇ ਪੱਤਰਕਾਰ ਰਜ਼ਨੀਸ ਬਾਂਸਲ, ਵਿਸ਼ਾਲ ਅਤਰੇ,ਸੰਜੀਵ ਮਲਹੋਤਰਾਂ ਕਾਲਾ,ਰਾਤੇਸ਼ ਭੱਟ, ਅਤਲ ਮਲਹੋਤਰਾ, ਬੌਬੀ, ਅਤੇ ਰਾਣਾ ਸ਼ੇਖਦੌਲਤ ਪੱਤਰਕਾਰ ਆਦਿ ਹਾਜ਼ਰ ਸਨ।

ਪੰਜਾਬ 'ਚ ਕੋਰੋਨਾ ਨਾਲ 14ਵੀਂ ਮੌਤ, ਜਲੰਧਰ 'ਚ ਛੇ ਹੋਰ ਪਾਜ਼ੇਟਿਵ, ਕੁੱਲ ਕੇਸ 198 ਹੋਏ

 

 ਲੁਧਿਆਣਾ, ਅਪ੍ਰੈਲ2 2020 -(ਇਕ਼ਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- ਪੰਜਾਬ 'ਚ ਕੋਰੋਨਾ ਵਾਇਰਸ ਨਾਲ ਵੀਰਵਾਰ ਨੂੰ ਇਕ ਹੋਰ ਮੌਤ ਹੋ ਗਈ, ਜਦਕਿ ਪਟਿਆਲਾ 'ਚ ਇਕ ਅਤੇ ਜਲੰਧਰ 'ਚ ਛੇ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਸੂਬੇ 'ਚ ਹੁਣ ਤਕ 14 ਲੋਕ ਦਮ ਤੋੜ ਚੁੱਕੇ ਹਨ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 198 ਹੋ ਗਈ ਹੈ। ਜਲੰਧਰ ਤੇ ਪਟਿਆਲਾ 'ਚ ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ, ਉਹ ਸਾਰੇ ਪਾਜ਼ੇਟਿਵ ਲੋਕਾਂ ਦੇ ਸੰਪਰਕ ਵਿਚ ਸਨ। ਦੂਜੇ ਪਾਸੇ ਕੋਰੋਨਾ ਸ਼ੱਕੀ ਔਰਤ ਦੀ ਮੌਤ ਦੇ ਮਾਮਲੇ 'ਚ ਲਾਪਰਵਾਹੀ ਵਰਤਣ 'ਤੇ ਜਲੰਧਰ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮਐੱਸ) ਡਾ. ਮਨਦੀਪ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੇ ਸੇਵਾਮੁਕਤ ਅਧਿਆਪਕ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਵੀਰਵਾਰ ਦੁਪਹਿਰ ਮੌਤ ਹੋ ਗਈ। ਦੋ ਦਿਨ ਪਹਿਲਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਗੁਰਦਾਸਪੁਰ 'ਚ ਉਹ ਇਕੋ ਇਕ ਪਾਜ਼ੇਟਿਵ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਲਾਸ਼ ਦਾ ਸਸਕਾਰ ਉਨ੍ਹਾਂ ਦੇ ਪਿੰਡ 'ਚ ਕਰ ਦਿੱਤਾ ਗਿਆ। ਡੀਸੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਪਿੰਡ ਭੈਣੀ ਪਸਵਾਲ ਤੇ ਉਸਦੇ ਤਿੰਨ ਕਿਲੋਮੀਟਰ ਦਾਇਰੇ 'ਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ 46 ਲੋਕਾਂ ਦੇ ਟੈਸਟ ਲਏ ਗਏ ਸਨ। ਇਨ੍ਹਾਂ 'ਚੋਂ 44 ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਵਿਚ ਰਿਟਾਇਰਡ ਅਧਿਆਪਕ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

ਗੁਰਦਾਸਪੁਰ 'ਚ ਲੋਕਾਂ ਨੇ ਸ਼ਮਸ਼ਾਨ ਘਾਟਾਂ ਦੇ ਗੇਟ ਕੀਤੇ ਬੰਦ

ਗੁਰਦਾਸਪੁਰ ਸ਼ਹਿਰ 'ਚ ਅਫਵਾਹ ਫੈਲ ਗਈ ਕਿ ਸੇਵਾਮੁਕਤ ਅਧਿਆਪਕ ਦਾ ਸਸਕਾਰ ਕਰਨ ਲਈ ਲਾਸ਼ ਲਿਆਂਦੀ ਜਾ ਰਹੀ ਹੈ। ਬਟਾਲਾ ਰੋਡ ਜਾਂ ਮੇਹਰ ਚੰਦ ਰੋਡ 'ਤੇ ਸਥਿਤ ਸ਼ਮਸ਼ਾਨ ਘਾਟਾਂ 'ਚੋਂ ਕਿਸੇ ਇਕ ਥਾਂ 'ਤੇ ਸਸਕਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਇਹ ਕਹਿੰਦੇ ਹੋਏ ਕਿ ਇੱਥੇ ਇਨਫੈਕਸ਼ਨ ਫੈਲ ਜਾਵੇਗੀ, ਦੋਵੇਂ ਸ਼ਮਸ਼ਾਨ ਘਾਟਾਂ ਦੇ ਗੇਟ ਬੰਦ ਕਰ ਦਿੱਤੇ।

 

ਐੱਮਐੱਸ ਨੇ ਸ਼ੱਕੀ ਦੀ ਮੌਤ ਤੋਂ ਬਾਅਦ ਲਾਸ਼ ਭੇਜਣ 'ਚ ਕੀਤੀ ਸੀ ਲਾਪਰਵਾਹੀ

ਜਲੰਧਰ ਦੇ ਸ਼ਾਹਕੋਟ ਦੇ ਪਿੰਡ ਕੋਟਲਾ ਹੇਰਾਂ 'ਚ ਕੋਰੋਨਾ ਸ਼ੱਕੀ ਔਰਤ ਦੀ ਮੌਤ ਹੋ ਗਈ ਸੀ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਮਨਦੀਪ ਕੌਰ ਨੇ ਔਰਤ ਦੇ ਪਰਿਵਾਰ ਵਾਲਿਆਂ ਨੂੰ ਬਿਨਾਂ ਹਦਾਇਤ ਦਿੱਤੇ ਸਾਧਾਰਨ ਤਰੀਕੇ ਨਾਲ ਲਾਸ਼ ਘਰ ਭੇਜ ਦਿੱਤੀ ਸੀ। ਬਾਅਦ 'ਚ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਹੁਣ ਉਸ ਦਾ ਪਤੀ ਵੀ ਪਾਜ਼ੇਟਿਵ ਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਦੀ ਗਲਤੀ ਦੇ ਕਾਰਨ ਹੁਣ ਪਿੰਡ ਦੇ ਕਈ ਲੋਕਾਂ 'ਚ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਦੇ ਆਦੇਸ਼ ਮੁਤਾਬਕ, ਡਾਕਟਰ ਮਨਦੀਪ ਕੌਰ ਦਾ ਤਬਾਦਲਾ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਚੰਡੀਗੜ੍ਹ ਆਫਿਸ 'ਚ ਬਤੌਰ ਡਿਪਟੀ ਡਾਇਰੈਕਟਰ ਕੀਤਾ ਗਿਆ ਹੈ।

ਪੰਜਾਬ ਦੀ ਸਥਿਤੀ 

ਹੁਣ ਤਕ ਪਾਜ਼ੇਟਿਵ ਕੇਸ 198

ਹੁਣ ਤਕ ਮੌਤਾਂ 14

ਠੀਕ ਹੋਏ 29

ਅੱਜ ਨਵੇਂ ਪਾਜ਼ੇਟਿਵ ਮਾਮਲੇ 07

ਅੱਜ ਹੋਈਆਂ ਮੌਤਾਂ 01

ਮੌਜੂਦਾ ਪਾਜ਼ੇਟਿਵ 155

ਜਮਾਤੀ ਪਾਜ਼ੇਟਿਵ 27

ਹੁਣ ਤਕ ਕੁੱਲ ਸ਼ੱਕੀ ਕੇਸ 5524

ਨੈਗੇਟਿਵ ਆਏ 4727

ਰਿਪੋਰਟ ਦਾ ਇੰਤਜ਼ਾਰ 599

 

ਸਾਰੇ ਨਵੇਂ ਮਾਮਲੇ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਆਉਣ ਦੇ

ਪਟਿਆਲਾ 'ਚ ਇਕ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ

ਲਾਪਰਵਾਹੀ ਵਰਤਣ 'ਤੇ ਜਲੰਧਰ ਸਿਵਲ ਹਸਪਤਾਲ ਦੀ ਐੱਮਐੱਸ ਦਾ ਤਬਾਦਲਾ

ਗੁਰਦਾਸਪੁਰ 'ਚ ਅਧਿਆਪਕ ਦੇ ਸੰਪਰਕ ਵਿਚ ਆਏ 46 ਲੋਕਾਂ 'ਚੋਂ 44 ਦੀ ਰਿਪੋਰਟ ਨੈਗੇਟਿਵ

ਮੇਰਾ ਮਕਸਦ ਲੋੜਵੰਦਾਂ ਦੀ ਸੇਵਾ--ਹਰਪਰੀਤ ਸਿੰਘ

ਹਠੂਰ ,ਅਪ੍ਰੈਲ 2020 -(ਗੁਰਸੇਵਕ ਸੋਹੀ)-   

ਈਸ਼ਰ ਨਗਰ  ਲੁਧਿਆਣਾ ਤੋਂ ਹਰਪਰੀਤ ਸਿੰਘ  ਉੱਘੇ ਸਮਾਜਸੇਵੀ ਜਿਨਾ ਵੱਲੋ ਆਪਣੇ ਨਿੱਜੀ ਖਰਚੇ ਤੇ 60 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦੇ ਚੁੱਕੇ ਹਨ ਅੱਗੇ ਵੀ ਆਪਣਾ ਮਿਸ਼ਨ ਚਲਾ ਰਹੇ ਨੇ ਉਹਨਾਂ ਵੱਲੋ ਆਪਣੇ ਸਕੂਲ ਪੜੵਦੇ ਲੌੜਵੰਦ ਬੱਚਿਆਂ ਲਈ ਮੁੱਫਤ ਕਿਤਾਬਾਂ ਅਤੇ ਵਰਦੀਆਂ ਵੀ ਦਿੱਤੀਆਂ ਜਾਂਦੀਆਂ  ਨੇ।ਸ: ਹਰਪਰੀਤ ਸਿੰਘ ਲੁਧਿਆਣਾ,ਦੌਰਾਹਾ ਅਤੇ ਪਾਇਲ ਏਰੀਏ ਵਿਚ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦੀ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਆਖਿਆ ਕਿ ਕਿਸੇ ਹੋਰ ਇਲਾਕੇ ਤੋਂ ਮੇਰੇ ਨਾਲ ਸਪੰਰਕ ਕਰਦਾ ਤਾਂ ਮੈਂ ਉਥੇ ਵੀ ਰਾਸ਼ਣ ਪਹੁੰਚਦਾ ਕਰੂੰਗਾ। ਹਰਪਰੀਤ ਸਿੰਘ ਨੂੰ  ਸਰਵਜਨ ਸੇਵਾ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਰਨਲ ਸੈਕਟਰੀ ਪੰਜਾਬ ਦੇ ਅਹੁਦੇ ਦੀ ਜਿਮੋਂਦਾਰੀ ਸੋਂਪੀ ਗਈ ਹੈ ਦੇ ਸਬੰਧ ਵਿੱਚ ਉਹਨਾਂ ਨੇ ਪਾਰਟੀ ਦੇ ਸੂਬਾ ਪ੍ਧਾਨ ਗੁਰਸੈਵਕ ਸਿੰਘ  ਮੱਲਾ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਪਾਰਟੀ ਪ੍ਧਾਨ ਵੱਲੋਂ ਲਾਈ ਸੇਵਾ ਦੀ ਜਿਮੇਂਦਾਰੀ ਇਮਾਨਦਾਰੀ ਤੇ ਪੂਰੀ ਲਗਨ ਨਾਲ ਨਿਭਾਵਾਂਗਾ।

ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ-ਭਾਰਤ ਭੂਸ਼ਣ ਆਸ਼ੂ

ਕਿਸਾਨਾਂ ਦੀ ਸਹੂਲਤ ਲਈ ਖਰੀਦ ਕੇਂਦਰਾਂ ਦੀ ਗਿਣਤੀ 1820 ਤੋਂ ਵਧਾ ਕੇ 3900 ਕੀਤੀ

ਖੰਨਾ/ਮੁੱਲਾਂਪੁਰ/ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਖਰੀਦ ਕਾਰਜਾਂ ਦੀ ਉਹ ਨਿੱਜੀ ਤੌਰ 'ਤੇ ਨਿਗਰਾਨੀ ਰੱਖ ਰਹੇ ਹਨ। ਉਨਾਂ ਅੱਜ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਪੰਜਾਬ ਮੰਡੀ ਬੋਰਡ ਦੇ ਉÎੱਪ ਚੇਅਰਮੈਨ ਵਿਜੇ ਕਾਲੜਾ ਸਮੇਤ ਖੰਨਾ ਦੀ ਦਾਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਅਤੇ ਖਰੀਦ ਕਾਰਜਾਂ ਨੂੰ ਬਿਨਾ ਖੱਜਲ-ਖੁਆਰੀ ਦੇ ਨੇਪਰੇ ਚਾੜਨ ਲਈ ਸੂਬੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 1820 ਤੋਂ ਵਧਾ ਕੇ 3900 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਲੋੜ ਮੁਤਾਬਿਕ ਹੋਰ ਖਰੀਦ ਕੇਂਦਰ ਨਿਰਧਾਰਤ ਕਰਨ ਦਾ ਅਧਿਕਾਰਤ ਕਰ ਦਿੱਤਾ ਗਿਆ ਹੈ। ਆਸ਼ੂ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਪੁਖ਼ਤਾ ਕੀਤੇ ਹੋਏ ਹਨ। ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਸਮੇਤ ਸਾਰੀਆਂ ਖਰੀਦ ਏਜੰਸੀਆਂ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦੀ ਖਰੀਦ ਕਰਨਗੀਆਂ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਇਸ ਵਾਰ ਸੂਬੇ ਦੀਆਂ ਮੰਡੀਆਂ ਵਿੱਚ 135 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਖਰੀਦ ਦੀ ਵੰਡ ਕਰ ਦਿੱਤੀ ਗਈ ਹੈ, ਜਿਸ ਅਨੁਸਾਰ ਪਨਗਰੇਨ 26 ਫੀਸਦੀ (35.10), ਮਾਰਕਫੈੱਡ 23.50 ਫੀਸਦੀ (31.72), ਪਨਸਪ 21.50 ਫੀਸਦੀ (29.02), ਵੇਅਰਹਾਊਸ 14 ਫੀਸਦੀ (18.90) ਅਤੇ ਭਾਰਤੀ ਖੁਰਾਕ ਨਿਗਮ 15 ਫੀਸਦੀ (20.25) ਖਰੀਦ ਕੀਤੀ ਜਾਵੇਗੀ। ਆਸ਼ੂ ਨੇ ਕਿਹਾ ਕਿ ਕਿਸਾਨਾਂ ਨੂੰ ਯੋਜਨਾਬੱਧ ਤਰੀਕੇ ਨਾਲ ਮੰਡੀਆਂ ਵਿੱਚ ਲਿਆਉਣ ਲਈ ਇਸ ਵਾਰ ਟੋਕਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਾਰ ਮੰਡੀਆਂ ਵਿੱਚ ਸਮਾਜਿਕ ਦੂਰੀ ਦੀਆਂ ਹਦਾਇਤਾਂ ਨੂੰ ਲਾਗੂ ਕਰਾਉਣ ਲਈ ਹਰ ਕਦਮ ਉਠਾਇਆ ਜਾ ਰਿਹਾ ਹੈ। ਇਸ ਕਰਕੇ ਹੀ 30 ਗੁਣਾ 30 ਫੀਟ ਦੇ 2 ਫੁੱਟ ਦੂਰੀ 'ਤੇ ਡੱਬੇ ਬਣਾਏ ਗਏ ਹਨ। ਕਣਕ ਇਨਾਂ ਡੱਬਿਆਂ ਵਿੱਚ ਹੀ ਉਤਾਰੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਣਕ ਦੀ ਬੋਲੀ ਦਾ ਸਮਾਂ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। ਉਨਾਂ ਦੱਸਿਆ ਕਿ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਟਰਾਂਸਪੋਰਟੇਸ਼ਨ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਨੂੰ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ। ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਅਧਿਕਾਰੀਆਂ ਵੱਲੋਂ ਵੀ ਮਜ਼ਦੂਰਾਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਆੜਤੀਆਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਅਤੇ ਮਾਸਕ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਸਾਰੇ ਖਰੀਦ ਕੇਂਦਰਾਂ ਵਿੱਚ ਲੋੜ ਮੁਤਾਬਿਕ ਬਾਰਦਾਨਾ ਮੁਹੱਈਆ ਕਰਵਾ ਦਿੱਤਾ ਗਿਆ ਹੈ। ਆਸ਼ੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਸਾਰੇ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਅਦਾਇਗੀ 48 ਘੰਟਿਆਂ ਦੇ ਵਿੱਚ ਹੀ ਕਰਵਾਈ ਜਾਵੇਗੀ ਅਤੇ ਸਰਕਾਰੀ ਖਰੀਦ ਕਾਰਜ 15 ਜੂਨ, 2020 ਤੱਕ ਜਾਰੀ ਰਹਿਣਗੇ। ਇਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਮੁੱਲਾਂਪੁਰ ਸਥਿਤ ਦਾਣਾ ਮੰਡੀ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਹੋਰ ਆਗੂ ਵੀ ਸਨ। ਇਸ ਮੌਕੇ ਆਸ਼ੂ ਨੇ ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਉਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਹਰ ਹੀਲੇ ਖਰੀਦਿਆ ਜਾਵੇਗਾ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸੂਬੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ

ਹਰੇਕ ਵਿਅਕਤੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਅਤੇ ਹਰੇਕ ਪਰਿਵਾਰ ਨੂੰ 1 ਕਿਲੋ ਦਾਲ ਮੁਫ਼ਤ ਮਿਲੇਗੀ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜਵੱਦੀ ਖੇਤਰ ਵਿਖੇ ਸੂਬੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਸਮਾਰਟ ਕਾਰਡ ਯੋਜਨਾ ਅਧੀਨ ਕਣਕ ਅਤੇ ਦਾਲਾਂ ਦੀ ਮੁਫ਼ਤ ਵੰਡ ਕੀਤੀ ਜਾਣੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਇਸ ਯੋਜਨਾ ਅਧੀਨ ਹਰੇਕ ਵਿਅਕਤੀ ਨੂੰ 5 ਕਿਲੋ ਕਣਕ ਅਤੇ ਹਰੇਕ ਪਰਿਵਾਰ ਨੂੰ 1 ਕਿਲੋ ਦਾਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਗਲੇ ਤਿੰਨ ਮਹੀਨੇ ਲਈ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਰੀਬ ਤਬਕੇ ਦੇ ਲੋਕਾਂ ਨੂੰ 10 ਲੱਖ ਭੋਜਨ ਪੈਕੇਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਲੂ ਕਰਫਿਊ/ਲੌਕਡਾਊਨ ਕਾਰਨ ਕੋਈ ਵੀ ਵਿਅਕਤੀ ਖਾਸ ਕਰਕੇ ਗਰੀਬ ਵਿਅਕਤੀ ਭੋਜਨ ਤੋਂ ਬਿਨਾ ਨਾ ਸੌਂਵੇ। ਉਨਾਂ ਕਿਹਾ ਕਿ ਇਸ ਯੋਜਨਾ ਅਧੀਨ ਸੂਬੇ ਵਿੱਚ 1.41 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਿਆਂਦਾ ਜਾਵੇਗਾ। ਆਸ਼ੂ ਨੇ ਇਸ ਸਥਿਤੀ ਵਿੱਚ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਲੋੜਵੰਦ ਲੋਕਾਂ ਤੱਕ ਭੋਜਨ ਅਤੇ ਰਾਸ਼ਨ ਮੁਹੱਈਆ ਕਰਾਉਣ ਦੀ ਵੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਸ ਯੋਜਨਾ ਨਾਲ ਸੂਬੇ ਦੇ ਲੋੜਵੰਦ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੀ ਹਾਜ਼ਰ ਸਨ।

ਕਰਫਿਊ ਦੇ ਨਾਮ 'ਤੇ ਲੁਧਿਆਣਾ ਦੇ ਸੂਰ ਪਾਲਕ ਨਾਲ ਦਿੱਲੀ ਪੁਲਿਸ ਵੱਲੋਂ ਧੱਕੇਸ਼ਾਹੀ

ਰਿਸ਼ਵਤ ਦੇ ਨਾਮ 'ਤੇ ਲਏ 15 ਹਜ਼ਾਰ ਰੁਪਏ, ਗ੍ਰਹਿ ਮੰਤਰਾਲੇ ਦੇ ਦਖ਼ਲ ਨਾਲ ਮੁਲਾਜ਼ਮ ਲਾਇਨ ਹਾਜ਼ਰ, ਵਿਜੀਲੈਂਸ ਜਾਂਚ ਹੋਵੇਗੀ

ਲੁਧਿਆਣਾ, ਅਪ੍ਰੈੱਲ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਬੀਤੇ ਦਿਨੀਂ ਕਰਫਿਊ ਪਾਸ ਲੈ ਕੇ ਲੁਧਿਆਣਾ ਤੋਂ ਦਿੱਲੀ ਗਏ ਪਸ਼ੂ ਪਾਲਕ ਨਾਲ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ 'ਤੇ ਧੱਕੇਸ਼ਾਹੀ ਕੀਤੀ ਗਈ ਅਤੇ ਰਿਸ਼ਵਤ ਵਜੋਂ 15 ਹਜ਼ਾਰ ਰੁਪਏ ਲਏ ਗਏ। ਪੰਜਾਬ ਸਰਕਾਰ ਵੱਲੋਂ ਚਾਰਾਜੋਈ ਕਰਨ 'ਤੇ ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣਾ ਪਿਆ, ਜਿਸ ਉਪਰੰਤ ਦੋਸ਼ੀ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਨਾਲ-ਨਾਲ ਰਿਸ਼ਵਤ ਲੈਣ ਦੀ ਵਿਜੀਲੈਂਸ ਜਾਂਚ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਨਾਲ ਸੰਬੰਧਤ ਕਿਸਾਨ ਸੁਰਿੰਦਰ ਸਿੰਘ ਬੀਤੇ ਦਿਨੀਂ 14 ਅਪ੍ਰੈੱਲ ਨੂੰ ਬਕਾਇਦਾ ਜ਼ਰੂਰੀ ਸੇਵਾਵਾਂ ਨਾਲ ਸੰਬੰਧਤ ਕਰਫਿਊ ਪਾਸ ਲੈ ਕੇ ਦਿੱਲੀ ਸੂਰ ਵੇਚਣ ਲਈ ਗਿਆ ਸੀ। ਜਦੋਂ ਉਹ 15 ਅਪ੍ਰੈੱਲ ਨੂੰ ਪਹਾੜਗੰਜ ਦਿੱਲੀ ਵਿਖੇ ਪਹੁੰਚਿਆ ਤਾਂ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਨਿਸ਼ਾਰ ਖਾਨ, ਸਿਪਾਹੀ ਸੰਦੀਪ ਯਾਦਵ ਅਤੇ ਹੋਰਾਂ ਵੱਲੋਂ ਉਸ ਨੂੰ ਕਰਫਿਊ ਦੇ ਨਾਮ 'ਤੇ ਫੜ ਲਿਆ ਗਿਆ ਅਤੇ ਉਸ ਤੋਂ ਰਿਸ਼ਵਤ ਦੇ ਨਾਮ 'ਤੇ 15 ਹਜ਼ਾਰ ਰੁਪਏ ਲੈ ਲਏ। ਪੰਜਾਬ ਸਰਕਾਰ ਵੱਲੋਂ ਜ਼ਰੂਰੀ ਸੇਵਾਵਾਂ ਦੀ ਨਿਗਰਾਨੀ ਕਰਨ ਲਈ ਬਣਾਈ ਰਾਜ ਪੱਧਰੀ ਸਬ ਕਮੇਟੀ ਵੱਲੋਂ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਬ ਇੰਸਪੈਕਟਰ ਨਿਸ਼ਾਰ ਖਾਨ, ਸਿਪਾਹੀ ਸੰਦੀਪ ਯਾਦਵ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਅਤੇ ਰਿਸ਼ਵਤ ਲੈਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਗਏ। ਡਾ. ਇੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਰਫਿਊ/ਲੌਕਡਾਊਨ ਦੀ ਸਥਿਤੀ ਵਿੱਚ ਹਰ ਵਰਗ ਦੇ ਲੋਕਾਂ ਖਾਸ ਕਰਕੇ ਪਸ਼ੂ ਪਾਲਕਾਂ ਦੇ ਹਿੱਤਾਂ ਦਾ ਪੂਰੀ ਤਰਾਂ ਧਿਆਨ ਰੱਖਿਆ ਜਾ ਰਿਹਾ ਹੈ। ਜਾਣਕਾਰੀ ਦੇਣ ਮੌਕੇ ਵਿਭਾਗ ਦੇ ਪੀ.ਆਰ.ਓ. ਡਾ. ਪਰਮਪਾਲ ਸਿੰਘ ਵੀ ਹਾਜ਼ਰ ਸਨ।

ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਹੋਇਆ ਫ਼ਰਾਰ

ਲੁਧਿਆਣਾ, ਅਪ੍ਰੈਲ 2020 -(ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

 ਸਥਾਨਕ ਜਗਰਾਉਂ ਪੁਲ 'ਤੇ ਕਾਰ ਸਵਾਰ ਪੁਲਿਸ ਮੁਲਾਜ਼ਮ ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਗੰਭੀਰ ਹਾਲਤ 'ਚ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ | ਜਾਣਕਾਰੀ ਦਿੰਦਿਆਂ ਸ. ਗੋਸ਼ਾ ਨੇ ਦੱਸਿਆ ਕਿ ਉਹ ਅੱਜ ਜਗਰਾਓਾ ਪੁਲ 'ਤੇ ਜਾ ਰਹੇ ਸਨ ਕਿ ਇਕ ਤੇਜ਼ ਰਫ਼ਤਾਰ ਕਾਰ ਜਿਸ ਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ, ਨੇ ਉੱਥੇ ਸਕੂਟਰ 'ਤੇ ਜਾ ਰਹੀ ਰਾਜਵਿੰਦਰ ਕੌਰ ਵਾਸੀ ਸ਼ਿਮਲਾਪੁਰੀ ਨੂੰ ਟੱਕਰ ਮਾਰ ਦਿੱਤੀ | ਰਾਜਵਿੰਦਰ ਆਪਣੇ ਭਰਾ ਦੇ ਭੋਗ 'ਚ ਸ਼ਾਮਿਲ ਹੋਣ ਲਈ ਜਾ ਰਹੀ ਸੀ | ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਉਸ ਨੂੰ ਹਸਪਤਾਲ ਤਾਂ ਕੀ ਪਹੁੰਚਾਉਣਾ ਸੀ, ਸਗੋਂ ਫ਼ਰਾਰ ਹੋ ਗਿਆ | ਰਾਜਵਿੰਦਰ ਕੌਰ ਨੂੰ ਉਨ੍ਹਾਂ ਵਲੋਂ ਸਾਥੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਪਰ ਬਦਕਿਸਮਤੀ ਦੀ ਗੱਲ ਇਹ ਰਹੀ ਕਿ ਈ.ਐੱਸ.ਆਈ. ਹਸਪਤਾਲ 'ਚ ਵੀ ਡਾਕਟਰਾਂ ਵਲੋਂ ਉਸ ਦਾ ਇਲਾਜ ਕਰਨ 'ਚ ਆਨਾਕਾਨੀ ਕੀਤੀ ਗਈ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |