You are here

ਲੁਧਿਆਣਾ

ਯੂ.ਕੇ. ਆਉਣ ਵਾਲੇ ਵਿਦਿਆਰਥੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਵੀਜ਼ਾ ਵਧਾਉਣ ਲਈ ਕਰ ਸਕਦੇ ਹਨ ਅਪਲਾਈ

ਯੂ.ਕੇ. ਆਉਣ ਵਾਲੇ ਵਿਦਿਆਰਥੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਵੀਜ਼ਾ ਵਧਾਉਣ ਲਈ ਕਰ ਸਕਦੇ ਹਨ ਅਪਲਾਈ

ਮਾਨਚੈਸਟਰ/ਇੰਗਲੈਂਡ ਅਪ੍ਰੈਲ 2020 - (ਗਿਆਨੀ ਅਮਰੀਕ ਸਿੰਘ ਰਾਠੌਰ )-ਪੰਜਾਬ ਜਾਂ ਭਾਰਤ ਦੇ ਹੋਰਨਾਂ ਸੂਬਿਆਂ ਦੇ ਵਿਦਿਆਰਥੀ ਜਿਨ੍ਹਾਂ ਦਾ ਯੂ.ਕੇ. ਪੜ੍ਹਾਈ ਕਰਨ ਆਉਣ ਲਈ ਮਈ ਜਾਂ ਜੂਨ ਸੈਸ਼ਨ ਦਾ ਵੀਜ਼ਾ ਲੱਗਾ ਹੈ ਅਤੇ ਉਹ ਕੋਰੋਨਾ ਵਾਇਰਸ ਦੀ ਚੱਲ ਰਹੀ ਭਿਆਨਕ ਬਿਮਾਰੀ ਕਾਰਨ ਭਾਰਤ ਅਤੇ ਯੂ.ਕੇ. ਸਰਕਾਰ ਵਲੋਂ ਕੀਤੀ ਤਾਲਾਬੰਦੀ ਕਾਰਨ ਪੰਜਾਬ ਜਾਂ ਭਾਰਤ ਦੇ ਹੋਰ ਸੂਬਿਆਂ 'ਚੋਂ ਹਵਾਈ ਉਡਾਣਾਂ ਨਾ ਆਉਣ ਕਾਰਨ ਉੱਥੇ ਹੀ ਫਸ ਕੇ ਰਹਿ ਗਏ ਹਨ, ਉਨ੍ਹਾਂ ਨੂੰ ਹੁਣ ਆਪਣਾ ਵੀਜ਼ਾ ਵਧਾਉਣਾ ਪੈ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂ.ਕੇ. ਇੰਮੀਗ੍ਰੇਸ਼ਨ ਦੇ ਪ੍ਰਸਿੱਧ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਯੂ.ਕੇ. ਪੜ੍ਹਾਈ ਕਰਨ ਆਉਣ ਲਈ ਮਈ ਅਤੇ ਜੂਨ ਸੈਸ਼ਨ ਦੇ 28 ਦਿਨ ਦਾ ਵੀਜ਼ਾ ਲੱਗ ਚੁੱਕਾ ਹੈ ਅਤੇ ਉਹ ਯੂ.ਕੇ. ਨਹੀਂ ਆ ਸਕੇ, ਉਨ੍ਹਾਂ ਨੂੰ ਹੋਰ ਆਫ਼ਿਸ ਜਾਂ ਬ੍ਰਿਟਿਸ਼ ਹਾਈ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਈ-ਮੇਲ ਰਾਹੀਂ ਆਪਣਾ ਵੀਜ਼ਾ ਵਧਾਇਆ ਜਾ ਸਕਦਾ ਹੈ। ਉੱਪਲ ਨੇ ਦੱਸਿਆ ਕਿ ਯੂ.ਕੇ. ਆ ਰਹੇ ਵਿਦਿਆਰਥੀਆਂ ਦਾ ਭਾਰਤ 'ਚ ਪਹਿਲਾਂ 28 ਦਿਨ ਦਾ ਵੀਜ਼ਾ ਹੀ ਲੱਗਦਾ ਹੈ ਅੰਤ ਫਿਰ ਯੂ.ਕੇ. ਆ ਕੇ ਉਨ੍ਹਾਂ ਨੂੰ ਇੱਥੋਂ ਦੇ ਦੱਸੇ ਗਏ ਕਿਸੇ ਡਾਕਘਰ ਤੋਂ ਜਾ ਕੇ ਪੜ੍ਹਾਈ ਦੇ ਮੁਤਾਬਿਕ ਵੀਜ਼ਾ ਕਾਰਡ ਮਿਲਦਾ ਹੈ। ਵਕੀਲ ਉੱਪਲ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਇਸ ਵੇਲੇ ਯੂ.ਕੇ. 'ਚ ਆ ਚੁੱਕੇ ਹਨ ਖਾਸ ਕਰ ਕੇ ਪੰਜਾਬ ਤੋਂ ਜੋ ਵਿਦਿਆਰਥੀ ਇੱਥੇ ਆਏ ਹਨ ਉਨ੍ਹਾਂ ਨੂੰ ਇੱਥੇ ਕੰਮ ਕਰਨ ਦੀ ਮਿਲੀ ਹੋਈ ਇਜਾਜ਼ਤ ਦੇ ਮੁਤਾਬਿਕ ਕੰਮ ਨਾ ਮਿਲਣ ਕਰ ਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋ ਪ੍ਰਚਾਰਕਾਂ ਦੀ ਮੱਦਦ ਕਰਨ ਇਕ ਸਾਲਾਘਾਯੋਗ ਕਦਮ ਹੈ:ਪ੍ਰਧਾਨ ਸੁਖਦੇਵ ਸਿੰਘ ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਸ਼ਵ ਭਰ 'ਚ ਫੈਲੀ ਮਹਾਂਮਾਰੀ ਕਰਕੇ ਵਿਦੇਸ਼ਾਂ 'ਚ ਸਿੱਖੀ ਦਾ ਪ੍ਰਚਾਰ ਪਾਸਾਰ ਕਰਨ ਗਏ ਰਾਗੀ,ਢਾਡੀ ਤੇ ਗ੍ਰੰਥੀ ਸਿੰਘਾਂ ਦੇ ਵਿਦੇਸ਼ਾਂ ਵਿੱਚ ਫਸਣ ਕਰਕੇ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਨੂੰ ਮੱਦਦ ਦਾ ਭਰੋਸਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੋ ਪ੍ਰਚਾਰਕਾਂ ਦਾ ਵੀਜਾ ਖਤਮ ਹੋ ਗਿਆ ਹੈ ਉਨ੍ਹਾਂ ਦਾ ਵੀਜਾ ਵਧਾਉਣ ਵਾਸਤੇ ਜੋ ਖਰਚਾ ਆਵੇਗਾ ਉਹ ਪ੍ਰਬੰਧਕ ਕਮੇਟੀਆਂ ਦੇਣਗੀਆਂ।ਉਨ੍ਹਾਂ ਦੀ ਸਹਾਇਤਾ ਲਈ 2 ਹਜ਼ਾਰ ਡਾਲਰ ਹਰ ਇਕ ਮੈਂਬਰ ਨੂੰ ਦਿੱਤਾ ਜਾਵੇਗਾ।ਉਨ੍ਹਾਂ ਦਾ ਸਿਹਤ ਸ਼ੀਮਾ ਵੀ ਗੁਰਦੁਆਰਾ ਸਾਹਿਬ ਵਲੋਂ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆਂ ਕਿ ਇਹ ਸਭਾ ਕੈਲਗਰੀ ਦੀ ਸੰਗਤਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।ਇਸ ਤੋਂ ਬਿਨ੍ਹਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਜਾਣ ਲਈ ਟਿਕਟਾਂ ਦਾ ਖਰਚਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ,ਚੇਅਰਮੈੱਨ ਭਾਈ ਕੁਲਦੀਪ ਸਿੰਘ ਰਣੀਆਂ ਚੀਫ ਜਰਨਲ ਸਕੱਤਰ ਭਾਈ ਸਵਰਨ ਸਿੰਘ ਮਟਵਾਣੀ ,ਪ੍ਰਚਾਰ ਸਕੱਤਰ ਬਾਬਾ ਹੰਸ ਰਾਜ ਸਿੰਘ ਜਗਰਾਉਂ ,ਭਾਈ ਸਤਨਾਮ ਸਿੰਘ ਦਦਹੇਰ,ਭਾਈ ਨਿਰਮਲ ਸਿੰਘ ,ਭਾਈ ਰਾਮ ਸਿੰਘ ਮਾਛੀਵਾੜਾ ,ਭਾਈ ਲਾਲ ਸਿੰਘ ,ਭਾਈ ਰਾਮ ਸਿੰਘ ਮਲਕ,ਭਾਈ ਜਸਵੀਰ ਸਿੰਘ ਚੌਂਕੀ ਮਾਨ,ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਮਹਿਤਾ ਚੌਕ ਵਾਲੇ,ਰਾਗੀ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਨੇਡਾ ਦੀ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦਾ ਭਰਪੂਰ ਸੁਆਗਤ ਕੀਤਾ ਹੈ ਅਤੇ ਪੰਜਾਬ ਭਰ ਵਿੱਚ ਵੀ ਸਮੂਹ ਗਡੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਵੀ ਇਸ ਸੰਜਕਲਟ ਦੀ ਘੜੀ ਵਿਚ ਗ੍ਰੰਥੀ ਸਿੰਘ (ਗੁਰੂ ਕੇ ਵਜ਼ੀਰਾਂ)ਦਾ ਵਧ ਤੋਂ ਵੱਧ ਸਹਿਯੋਗ ਕਰਨ ਅਤੇ ਲੋੜਵੰਦ ਸਿੰਘ ਦੀ ਹਰ ਤਰ੍ਹਾਂ ਦੀ ਮੱਦਦ ਕਰਨ।

ਕਨੇਡਾ ਦੀ ਪ੍ਰਬੰਧਕ ਕਮੇਟੀ ਵਲੋ ਪ੍ਰਚਾਰਕਾਂ ਦੀ ਮੱਦਦ ਕਰਨ ਬਹੁਤ ਵਧੀਆ ਕੰਮ ਹੈ:ਗਿਆਨੀ ਜਸਪਾਲ ਸਿੰਘ ਉਦਾਸੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਸਿੱਖ ਕਲਚਰ ਸੈਟਰ ਕੈਲਗਿਰੀ ਕਨੈਡਾ ਜਿੰਨਾ ਨੇ ਢਾਡੀ-ਕਵੀਸ਼ਰ ਤੇ ਰਾਗੀ ਕਥਾ ਵਾਚਕਾਂ ਦੇ ਹੱਕ ਲਈ ਬਹੁਤ ਸਲਾਘਾ ਯੋਗ ਕਦਮ ਚੁੱਕਿਆਂ,ਪ੍ਰਧਾਨ ਅਮਰਪ੍ਰੀਤ ਸਿੰਘ,ਸਕਟੈਰੀ ਬਲਜਿੰਦਰ ਸਿੰਘ ਸੰਧੂ,ਵਾਈਸ ਚਐਰਮੈਨ ਅਮਰਜੀਤ ਸਿੰਘ ਬਰਾੜ ਸਮਾਲਸਰ ਅਤੇ ਸਾਰੀ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਗਿਆਨੀ ਜਸਪਾਲ ਸਿੰਘ ਉਦਾਸੀ ਸਮਾਲਸਰ ਵਾਲੇ ਆਪਣੇ ਸਮੁੱਚੇ ਢਾਡੀ ਜੱਥੇ ਵੱਲੋਂ ਕਰੋੜ ਧੰਨਵਾਦ ਕਰਦੇ ਹਾਂ ਵਾਹਿਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਚੜ੍ਹਦੀ ਕਲਾਂ ਵਿਚ ਰੱਖਣ ।ਇਸ ਸਮੇ ਗਿਆਾਨੀ ਜਸਪਾਲ ਸਿੰਘ ਉਦਾਸੀ ਨੇ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੰਟ ਦੀ ਘੜੀ ਵਿੱਚ ਗੰ੍ਰਥੀ ਸਿੰਘਾਂ ਦਾ ਵੱਧ ਤੋ ਵੱਧ ਸਹਿਯੋਗ ਕਰਨ ਅਤੇ ਲੋੜਵੰਦ ਸਿੰਘਾਂ ਦੀ ਤਰ੍ਹਾਂ ਦੀ ਮਦਦ ਕਰਨ

ਪੰਜਾਬ ਯੂਥ ਡਿਵੈੱਲਪਮੈਂਟ ਬੋਰਡ ਐਨ.ਜੀ.ਓਜ਼ ਦੀ ਸਹਾਇਤਾ ਨਾਲ 1000 ਤੋਂ ਵਧੇਰੇ ਪੀ.ਪੀ.ਈ. ਕਿੱਟਾਂ ਦਾਨ ਕਰੇਗਾ-ਬਿੰਦਰਾ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਯੂ.ਐਸ.ਪੀ.ਸੀ. ਜੈਨ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਖੇ ਐਨ.ਜੀ.ਓ. ਦੀ ਸਹਾਇਤਾ ਨਾਲ ਸ੍ਰ ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ 1000 ਤੋਂ ਵਧੇਰੇ ਪੀ.ਪੀ. ਈ. ਕਿੱਟਾਂ ਹਸਪਤਾਲ ਦੇ ਹੈਲਥ ਕੇਅਰ ਵਰਕਰਾਂ ਨੂੰ ਵੰਡੀਆਂ। ਇਸ ਮੌਕੇ ਬੋਲਦਿਆਂ ਬਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਇਲਾਕੇ ਦੀਆਂ ਐਨ.ਜੀ.ਓਜ਼ ਨਾਲ ਮਿਲਕੇ 1000 ਤੋਂ ਵਧੇਰੇ ਪੀ.ਪੀ.ਕਿੱਟਾਂ ਪੰਜਾਬ ਭਰ ਵਿੱਚ ਵੰਡੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਇਸ ਔਖੀ ਘੜੀ ਵਿੱਚ ਪੰਜਾਬ ਰਾਜ ਦੇ ਲੋਕਾਂ ਨੂੰੰ ਇਸ ਭਿਆਨਕ ਬਿਮਾਰੀ ਤੋਂ ਕੋਈ ਬਚਾ ਰਿਹਾ ਹੈ ਤਾਂ ਉਹ ਸਾਡੇ ਕਾਬਿਲ ਡਾਕਟਰ, ਨਰਸਾਂ ਅਤੇ ਹੋਰ ਹੈਲਥ ਵਰਕਰ ਹਨ, ਜੋ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾ ਕੇ ਸਾਡੀਆਂ ਜਾਨਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਜਿੱਥੇ ਇਹ ਕਿੱਟਾਂ ਹੈੱਲਥ ਵਰਕਰਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਪੂਰੀ ਤਰਾਂ ਸੁਰੱਖਿਅਤ ਰੱਖਣਗੀਆਂ, ਉੱਥੇ ਸਾਰੇ ਹੈਲਥ ਵਰਕਰ ਉਤਸ਼ਾਹ ਅਤੇ ਬਿਨਾ ਡਰ ਤੋਂ ਆਪਣਾ ਕੰਮ ਕਰ ਸਕਣਗੇ। ਬਿੰਦਰਾ ਨੇ ਕਾਰਪੋਰੇਟ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਅਜਿਹੀ ਸਹਾਇਤਾ ਲਈ ਅੱਗੇ ਆਉਣ। ਸ੍ਰ. ਬਿੰਦਰਾ ਨੇ ਕਿਹਾ ਕਿ ਬੋਰਡ ਦੇ ਮੈਂਬਰ ਅਤੇ ਜ਼ਿਲਾ ਕੋਆਰਡੀਨੇਟਰ ਆਪਣੇ-ਆਪਣੇ ਸੰਬੰਧਤ ਜ਼ਿਲਿਆਂ ਵਿੱਚ ਇਹ ਕਿੱਟਾਂ ਵੰਡਣ ਦਾ ਕੰਮ ਕਰ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਸ੍ਰੀ ਖੁਸ਼ਬਕਤ ਰਾਏ, ਉਪਲਿਸ਼ ਅਤੇ ਭਾਰਤ ਜੈਨ ਨੇ ਚੇਅਰਮੈਨ ਬਿੰਦਰਾ ਅਤੇ ਹੋਰਾਂ ਦਾ ਧੰਨਵਾਦ ਕੀਤਾ।

ਪਿਛਲੇ ਸਾਲ ਨਾਲੋਂ ਇਸ ਸਾਲ ਮੰਡੀਆਂ ਵਿੱਚ ਕਣਕ ਦੀ ਆਮਦ ਦੁੱਗਣੀ ਤੋਂ ਵੀ ਜਿਆਦਾ-ਰਵੀ ਭਗਤ

ਮੰਡੀ ਬੋਰਡ ਵੱਲੋਂ 27 ਹਜ਼ਾਰ ਤੋਂ ਵਧੇਰੇ ਸੈਨੀਟਾਈਜ਼ਰਾਂ ਅਤੇ ਵੱਡੀ ਗਿਣਤੀ ਵਿੱਚ ਮਾਸਕਾਂ ਦੀ ਵੰਡ, ਤਰਕਸੰਗਤ ਤਰੀਕੇ ਨਾਲ ਹੁਣ ਤੱਕ 4.5 ਲੱਖ ਪਾਸ ਜਾਰੀ ਕੀਤੇ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ ਭਰ ਵਿਚ 24 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸੰਕਰਮਣ ਵਿਰੁੱਧ ਲੜਨ ਅਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਨੇ ਮੰਡੀ ਬੋਰਡ ਜ਼ਰੀਏ 27000 ਲੀਟਰ ਸੈਨੇਟਾਈਜ਼ਰ ਦੀ ਵੰਡ ਮੰਡੀਆਂ 'ਚ ਕੀਤੀ ਹੈ ਅਤੇ ਇਸ ਨਾਲ ਮਾਸਕ ਵੀ ਵੰਡੇ ਜਾ ਰਹੇ ਹਨ। ਸਮਾਜਿਕ ਦੂਰੀ ਨੂੰ ਵੀ ਬਰਕਰਾਰ ਰੱਖਣ ਲਈ ਉਪਰਾਲੇ ਕੀਤੇ ਗਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਲੁਧਿਆਣਾ, ਖੰਨਾ, ਦੋਰਾਹਾ, ਸਾਹਨੇਵਾਲ ਅਤੇ ਮੁੱਲਾਂਪੁਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਦੇ ਸਮੇਂ ਕੀਤਾ। ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਲੁਧਿਆਣਾ, ਮੋਗਾ ਅਤੇ ਸੰਗਰੂਰ ਦੀ ਖਰੀਦ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨਾਂ ਜ਼ਿਲਾ ਲੁਧਿਆਣਾ ਵਿੱਚ ਚੱਲ ਰਹੇ ਖਰੀਦ ਦੇ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚੋ ਹਰ ਵਾਰ ਦੀ ਤਰਾਂ ਇਸ ਵਾਰ ਵੀ ਵਧੀਆ ਖਰੀਦ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਫੈਲੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਕਹਿਰ ਦੀ ਔਖੀ ਘੜੀ ਵਿੱਚ ਪੰਜਾਬ ਸਰਕਾਰ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਕਣਕ ਦੀ ਖਰੀਦ ਨਿਰਵਿਘਨ ਚਾਲੁ ਰੱਖਣ ਅਤੇ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੈਰਰਸਮੀਂ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ 4000 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨਾਂ ਵਿਚੋਂ 3000 ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਮੰਡੀਆਂ ਵਿੱਚ ਆਮਦ ਲਗਭਗ ਦੁੱਗਣੀ ਤੋਂ ਵੀ ਜਿਆਦਾ ਹੈ। ਉਨਾਂ ਅੱਗੇ ਕਿਹਾ ਕਿ ਆੜਤੀਆ ਨੂੰ ਪਿਛਲੇ ਸਾਲ ਉਨਾਂ ਦੇ ਖਾਤਿਆਂ ਵਿੱਚ ਰਜਿਸਟਰਡ ਕਿਸਾਨਾਂ ਦੇ ਡਾਟੇ 'ਤੇ ਅਧਾਰਿਤ ਪਾਸ ਜਾਰੀ ਕੀਤੇ ਗਏ ਹਨ। ਕਿਸਾਨਾਂ ਨੂੰ ਇਨਾਂ ਪਾਸਾਂ 'ਤੇ ਹੀ, ਜੋ ਕਿ ਪ੍ਰਤੀ ਟਰਾਲੀ ਜਾਰੀ ਕੀਤੇ ਜਾਂਦੇ ਹਨ, ਮੰਡੀਆਂ ਵਿਚ ਦਾਖਲ ਹੋਣ ਦੀ ਆਗਿਆ ਹੈ। ਹੁਣ ਤੱਕ ਮੰਡੀ ਬੋਰਡ ਵੱਲੋਂ 4.5 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਪਾਸ ਜਾਰੀ ਕਰਨ ਦੀ ਵਿਧੀ ਨੂੰ ਤਰਕਸੰਗਤ ਕੀਤਾ ਗਿਆ ਹੈ ਕਿ ਕਿਉਕਿ ਜਿਹੜਾ ਖਰੀਦ ਸਮਾਂ 20 ਦਿਨਾਂ ਦਾ ਸੀ, ਉਸ ਨੂੰ ਕਰੋਨਾ ਵਾਈਰਸ ਕਾਰਣ 45 ਦਿਨ ਤੱਕ ਵਧਾ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਇਸ ਇਨਫੈਕਸ਼ਨ ਨੂੰ ਰੋਕਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।

ਪਿੰਡ ਸ਼ੇਖਦੌਲਤ ਵਿੱਚ 100 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਗਰਾਉਂ(ਰਾਣਾ ਸ਼ੇਖਦੌਲਤ)ਦੇਸ਼ ਭਰ ਵਿੱਚ ਫੈਲੇ ਕਰੋਨਾ ਵਾਇਰਸ ਦੇ ਚਲਦਿਆਂ ਕਈ ਪਰਿਵਾਰਾਂ ਦਾ ਘਰਾਂ ਦਾ ਖਰਚਾ ਬਹੁਤ ਔਖਾ ਹੋ ਗਿਆ ਹੈ। ਕਈ ਘਰ ਤਾਂ ਰੋਟੀ ਤੋਂ ਵੀ ਮੁਥਾਜ ਹਨ ਅਜਿਹੀ ਸਥਿਤੀ ਵੇਖਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਕਿਰਨਜੀਤ ਸਿੰਘ ਸੋਨੀ ਦੀ ਅਗਵਾਈ ਹੇਠ ਅੱਜ ਪਿੰਡ ਸ਼ੇਖ ਦੌਲਤ ਦੇ ਸਰਪੰਚ ਮਨਜੀਤ ਕੌਰ,ਕਾਂਗਰਸ ਆਗੂ ਸਮਸ਼ੇਰ ਸਿੰਘ, ਨੰਬਰਦਾਰ ਜਸਵੰਤ ਸਿੰਘ, ਪੰਚ ਤੇਜ਼ੀ ਸਿੰਘ ,ਪੰਚ ਰਣਜੀਤ ਸਿੰਘ, ਕਾਂਗਰਸ ਆਗੂ ਬਲਜੀਤ ਸਿੰਘ ਦਿਓਲ, ਕਾਂਗਰਸ ਆਗੂ ਜੱਸਾ ਸਿੰਘ ਅਤੇ ਪਿੰਡ ਦੇ ਹੋਰ ਕਈ ਮੋਹਤਬਰ ਬੰਦਿਆਂ ਦੇ ਸਹਿਯੋਗ ਨਾਲ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਮਿਸ਼ਾਲ ਕਾਇਮ ਕੀਤੀ ਜਿਸ ਨਾਲ ਜਿੱਥੇ ਸਾਡੀ ਭਾਈਚਾਰਕ ਸਾਂਝ ਮਜਬੂਤ ਹੋਈ ਉੱਥੇ ਪੰਜਾਬ ਵਿੱਚ ਏਕਤਾ ਦਾ ਸੰਦੇਸ਼ ਵੀ ਪਹੁੰਚਿਆ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਵੀ ਹੋ ਗਈ ਇਸ ਲਈ ਸਾਨੂੰ ਸਾਰਿਆਂ ਨੂੰ ਪਿੰਡ ਸ਼ੇਖ ਦੌਲਤ ਤੋਂ ਸਬਕ ਲੈਣ ਦੀ ਲੋੜ ਹੈ ਸੋ ਆਓ ਸਾਰੇ ਮਿਲਕੇ ਆਪਸੀ ਮਤਭੇਦ ਭੁਲਾ ਕੇ ਇਸ ਸੰਕਟ ਮਈ ਸਥਿਤੀ ਵਿੱਚ ਲੋੜਵੰਦਾਂ ਦੀ ਮੱਦਦ ਕਰੀਏ।

ਅਰਦਾਸ ਤੋ ਵੱਡੀ ਸ਼ਕਤੀ ਕੋਈ ਨਹੀ,ਹਰ ਵਿਅਕਤੀ ਅਰਦਾਸ ਕਰੇ:ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੁਨੀਆਂ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਨਾਲ-ਨਾਲ ਮੌਸ਼ਮ ਦੀ ਖਰਾਬੀ ਕਣਕ ਦੇ ਸੀਜ਼ਨ ਲਈ ਵੱਡੀ ਕੁਦਰਤੀ ਮਾਰ ਹੈ।ਇਹ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਕਰਦਿਆਂ ਕਿਹਾ ਕਿ ਕਰੋਨਾ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਸਟਾਫ ਵੀ ਕਈ ਥਾਵਾਂ ਉੱਪਰ ਪ੍ਰਭਾਵਿਤ ਹੋ ਗਏ ਹਨ ਅਤੇ ਦੂਜੇ ਪਾਸੇ ਛੇ ਮਹੀਨਿਆਂ ਦੀ ਕਿਰਤ ਕਮਾਈ ਕਣਕ ਦੀ ਫਸ਼ਲ ਸਮੇਂ ਮੌਸਮ ਦੀ ਖਰਾਬੀ ਕਾਰਨ ਹਰ ਕੋਈ ਪ੍ਰੇਸ਼ਾਨ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਕੁਦਰਤੀ ਕਰੋਪੀਆਂ ਤੋਂ ਨਿਜਾਤ ਪਾਉਣ ਲਈ ਸਭ ਤੋਂ ਵੱਡੀ ਸ਼ਕਤੀ ਅਰਦਾਸ ਹੈ ਜੋ ਹਰ ਵਿਅਕਤੀ ਨੂੰ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਣ ਚਾਹੀਦਾ ਹੈ।

ਜਗਰਾਉਂ ਵਿੱਚ ਲੌਕਡਾਉਨ ਦੀ ਉਲੰਘਣਾ ਕਰਨ ਵਾਲੇ 100 ਤੋਂ ਵੱਧ ਲੋਕਾਂ ਨੂੰ ਭੇਜਿਆ ਆਰਜ਼ੀ ਜੇਲ੍ਹ

ਜਗਰਾਉਂ(ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੂਰਾ ਭਾਰਤ ਲੌਕਡਾਉਨ ਕੀਤੇ ਨੂੰ ਕਾਫੀ ਦਿਨ ਹੋ ਗਏ ਹਨ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਲੋਕ ਇਸ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਸਮਝਣ ਨੂੰ ਤਿਆਰ ਹੀ ਨਹੀਂ ਕਿ ਇਹ ਲੋਕੀਂ ਇਸ ਨੂੰ ਮਜ਼ਾਕ ਸਮਝਣ ਲੱਗੇ ਹਨ ਅਜਿਹੀ ਸਥਿਤੀ ਵੇਖਦੇ ਹੋਏ ਅੱਜ ਐਸ. ਐਚ.ਓ ਸਿਟੀ ਨੇ ਸਖਤੀ ਨਾਲ ਜਗਰਾਉਂ ਵਿੱਚ 100 ਤੋਂ ਵੱਧ ਬੰਦਿਆਂ ਨੂੰ ਆਰਜ਼ੀ ਜੇਲ੍ਹ ਵਿੱਚ ਭੇਜਿਆ ਗਿਆ ਅਤੇ ਉਨ੍ਹਾਂ ਦੇ ਵਾਹਨ ਵੀ ਜ਼ਬਤ ਕਰ ਲਏ ਇਸ ਮੌਕੇ ਡੀ.ਐਸ. ਪੀ ਗੁਰਦੀਪ ਸਿੰਘ ਗੋਸਲ ਨੇ ਕਿਹਾ ਕਿ ਅਸੀਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਲੋਕ ਘਰਾਂ ਵਿੱਚ ਨਹੀਂ ਬੈਠ ਰਿਹੇ ਸਨ ਇਸ ਕਰਕੇ ਅਸੀਂ ਅੱਜ ਸਵੇਰੇ ਤੋਂ ਹੀ ਬਿਨ੍ਹਾਂ ਕੰਮ ਤੋਂ ਗੇੜੇ ਮਾਰਨ ਵਾਲਿਆਂ ਨੂੰ ਸਬਕ ਦੇਣ ਲਈ ਆਰਜ਼ੀ ਜੇਲ੍ਹ ਵਿੱਚ ਭੇਜ਼ ਦਿੱਤਾ ਅਤੇ ਅਸੀਂ ਫਿਰ ਤੋਂ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਅੰਦਰ ਰਹੋ।

ਪ੍ਰਚਾਰਕ ਧਰਮ ਦੀ ਪੌੜੀ ਹੁੰਦੇ ਹਨ:ਭਾਈ ਪਰਸ,ਭਾਈ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਦਸਮੇਸ਼ ਦਰਬਾਰ ਕੈਲਗਿਰੀ ਕਮੇਟੀ ਕਨੇਡਾ ਨੇ ਸ਼ਲਾਘਾਯੋਗ ਕਦਮ ਚੁੱਕਿਆ ਜਿਨ੍ਹਾਂ ਗੁਰੂ ਦੇ ਵਜੀਰਾਂ ਰਾਗੀ ਢਾਡੀ ਕਥਾਵਾਚਕ ਅਤੇ ਗੁਰੂ ਘਰ 'ਚ ਸੇਵਾ ਨਿਭਾਉਣ ਵਾਲੀਆ ਲਈ ਮਹਾਮਰੀ ਨੂੰ ਮੁਖ ਰੱਖਦਿਆਂ ਮਾਇਆ ਦੇ ਤੋਰ ਆਰਥਿਕ ਸੇਵਾਵਾਂ ਕਰਨ ਦਾ ਐਲਾਨ ਕਰਨਾ ਸੂਝਵਾਨ ਪ੍ਰਬੰਧਕਾਂ ਦੀ ਨਿਸਾਨੀ ਹੈ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਂਸ਼ਨਲ ਪ੍ਰਚਾਰਕ ਸਭਾ (ਰਜਿ.) ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਅਤੇ ਯੂ.ਕੈ ਤੋਂ ਜੱਥੇਬੰਦੀ ਮੁੱਖੀ ਆਹੁੰਦੇਦਾਰ ਭਾਈ ਅਮਰ ਸਿੰਘ ਸ਼ਿਵੀਆ ਨੇ ਪੱਤਰਕਾਰ ਨਾਲ ਗੱਲਬਾਤ ਦੋਰਾਨ ਕੀਤਾ।ਉਹਨਾਂ ਕਿਹਾ ਕਿ ਕੇ ਇਹੋ ਜਿਹੇ ਉਪਰਾਲੇ ਹਰੇਕ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਹਨ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨ,ਭਾਈ ਰਾਜਪਾਲ ਸਿੰਘ ਰੋਸ਼ਨ ,ਭਾਈ ਮਨਜੀਤ ਸਿੰਘ ਹਠੂਰ ,ਭਾਈ ਅਮਨਦੀਪ ਸਿੰਘ ਡਾਗੀਆਂ ,ਭਾਈ ਸੁਖਦੇਵ ਸਿੰਘ ਲੋਪੋ ,ਭਾਈ ਗੁਰਚਰਨ ਸਿੰਘ ਦਲੇਰ ,ਭਾਈ ਇੰਦਰਜੀਤ ਸਿੰਘ ਬੋਦਲ ਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਉਕਾਂਰ ਸਿੰਘ,ਭਾਈ ਕੁਲਵੰਤ ਸਿੰਘ, ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ ,ਭਾਈ ਜੀਵਨ ਸਿੰਘ ,ਭਾਈ ਅਵਤਾਰ ਸਿੰਘ ਰਾਮਗੜ੍ਹ,ਭਾਈ ਭੋਲਾ ਸਿੰਘ,ਭਾਈ ਪਰਮਵੀਰ ਸਿੰਘ ਮੋਤੀ,ਭਾਈ ਨਛੱਤਰ ਸਿੰਘ,ਪਰਮਜੀਤ ਸਿੰਘ ਪੰਮਾ, ਜਗਵਿੰਦਰ ਸਿੰਘ ਜਗਰਾਉਂ,ਸਤਪਾਲ ਸਿੰਘ ਆਦਿ ਸੰਗਤਾਂ ਭਰਪੂਰ ਸਲਾਘਾਂ ਕੀਤੀ।

ਰਾਸ਼ਨ ਵੰਡ ਕੰਮ ਤੋਂ ਟਾਲਾ ਵੱਟਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਲਈ ਚਿਤਾਵਨੀ

ਆਪਦਾ ਪ੍ਰਬੰਧਨ ਐਕਟ, 2005 ਅਧੀਨ ਹੋਵੇਗੀ ਕਾਰਵਾਈ-ਜ਼ਿਲਾ ਮੈਜਿਸਟ੍ਰੇਟ
ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਰਫਿਊ/ਲੌਕਡਾਊਨ ਸਥਿਤੀ ਵਿੱਚ ਲੋੜਵੰਦ ਲੋਕਾਂ ਤੱਕ ਰਾਸ਼ਨ ਵੰਡ ਕੰਮ ਨੂੰ ਕਰਨ ਵਿੱਚ ਆਨਾਕਾਨੀ ਜਾਂ ਟਾਲਾ ਵੱਟਦਾ ਹੈ ਤਾਂ ਉਸ ਖ਼ਿਲਾਫ਼ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 56 ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਸੰਬੰਧੀ ਹੁਕਮ ਜਾਰੀ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਰਾਸ਼ਨ ਵੰਡਣ ਦੇ ਕੰਮ ਨੂੰ ਕਰਨ ਤੋਂ ਟਾਲਾ ਵੱਟਣ ਲਈ ਕੁਝ ਅਧਿਕਾਰੀ/ਕਰਮਚਾਰੀ (ਖਾਸ ਕਰਕੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਖੇਤਰ ਵਿੱਚ) ਜਾਂ ਤਾਂ ਦਫ਼ਤਰ ਆ ਹੀ ਨਹੀਂ ਰਹੇ ਜਾਂ ਦਫ਼ਤਰ ਆ ਕੇ ਗੈਰ-ਹਾਜ਼ਰ ਹੋ ਜਾਂਦੇ ਹਨ। ਕਿਉਂਜੋ ਸ਼ਹਿਰ ਲੁਧਿਆਣਾ ਵਿੱਚ ਰਾਸ਼ਨ ਵੰਡ ਦਾ ਕੰਮ ਤਮਾਮ ਥਾਣਾ ਪੱਧਰ 'ਤੇ ਦੇਖਿਆ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਥਾਣਾ ਮੁੱਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਬਣਦੀ ਐੱਫ. ਆਈ. ਆਰ. ਦਰਜ ਕਰਕੇ ਜ਼ਿਲਾ ਮੈਜਿਸਟ੍ਰੇਟ ਦਫ਼ਤਰ ਨੂੰ ਸੂਚਿਤ ਕਰਨਗੇ। ਅਗਰਵਾਲ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ, ਜ਼ਿਲਾ ਪੁਲਿਸ ਮੁੱਖੀ ਖੰਨਾ ਅਤੇ ਲੁਧਿਆਣਾ (ਦਿਹਾਤੀ), ਸਮੂਹ ਵਧੀਕ ਡਿਪਟੀ ਕਮਿਸ਼ਨਰਾਂ, ਉੱਪ ਮੰਡਲ ਮੈਜਿਸਟ੍ਰੇਟਾਂ, ਤਹਿਸੀਲਦਾਰਾਂ, ਸਬ-ਰਜਿਸਟਰਾਰਾਂ, ਨਾਇਬ ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਨੂੰ ਇਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।