You are here

ਪੰਜਾਬ

ਬਰਗਾੜੀ ਇਨਸਾਫ਼ ਮੋਰਚਾ ਵੱਲੋਂ ਚੋਣ ਕਮਿਸ਼ਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ

ਬਠਿੰਡਾ,  ਅਪਰੈਲ  ਬਰਗਾੜੀ ਇਨਸਾਫ ਮੋਰਚਾ ਅੱਜ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਿੱਠ ’ਤੇ ਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਆਈ.ਜੀ ਦਾ ਤਬਾਦਲਾ ਕਰਨ ਮਗਰੋਂ ਬਰਗਾੜੀ ਮੋਰਚਾ ਕਾਫ਼ੀ ਤਲਖ਼ ਰੌਂਅ ਵਿੱਚ ਹੈ ਅਤੇ ਇਸ ਤਬਾਦਲੇ ਨੂੰ ਰੋਕਣ ਲਈ ਮੋਰਚਾ ਨਵਾਂ ਸੰਘਰਸ਼ ਵਿੱਢਣ ਦੇ ਰਾਹ ਪੈਣ ਲੱਗਾ ਹੈ। ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਮੰਡ ਨੇ ਆਖਿਆ ਕਿ ਜੇਕਰ ਸਿੱਟ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਹਫਤੇ ਵਿਚ ਰੱਦ ਨਾ ਕੀਤਾ ਗਿਆ ਤਾਂ ਉਹ ਅਗਲਾ ਸੰਘਰਸ਼ ਵਿੱਢਣਗੇ। ਮੁਤਵਾਜ਼ੀ ਜਥੇਦਾਰ ਮੰਡ ਨੇ ਅੱਜ ਇਹ ਅਲਟੀਮੇਟਮ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ ਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਹਾਜ਼ਰੀ ਦੌਰਾਨ ਦਿੱਤਾ। ਪੰਥਕ ਆਗੂਆਂ ਨੇ ਆਖਿਆ ਕਿ ਅਗਰ ਆਈ.ਜੀ ਦਾ ਤਬਾਦਲਾ ਰੱਦ ਨਾ ਕੀਤਾ ਤਾਂ ਸ਼ਾਂਤਮਈ ਤੇ ਤਿੱਖਾ ਸੰਘਰਸ਼ ਹੋਵੇਗਾ, ਜਿਸ ਦਾ ਮਗਰੋਂ ਐਲਾਨ ਕੀਤਾ ਜਾਵੇਗਾ। ਸਾਰੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਇਹ ਸੰਘਰਸ਼ ਹੋਵੇਗਾ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ ਚੋਣ ਕਮਿਸ਼ਨ ਨੇ ਆਈ.ਜੀ ਦਾ ਤਬਾਦਲਾ ਕਰਕੇ ਸਿੱਖ ਪੰਥ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।

ਸਹੂਲਤਾਂ ਖੋਹ ਕੇ ਕੈਪਟਨ ਨੇ ਲੋਕਾਂ ਨਾਲ ਧ੍ਰੋਹ ਕਮਾਇਆ: ਸੁਖਬੀਰ

ਮਾਛੀਵਾੜਾ, ਅਪਰੈਲ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਦੌਰਾਨ ਹਲਕਾ ਸਾਹਨੇਵਾਲ ਦੇ ਪਿੰਡ ਕੂੰਮਕਲਾਂ ’ਚ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਲਈ ਸੂਬੇ ਵਿਚ 2 ਕੌਮਾਂਤਰੀ ਹਵਾਈ ਅੱਡੇ ਸਥਾਪਿਤ ਕਰਨ ਦੇ ਨਾਲ-ਨਾਲ 132 ਮੰਡੀਆਂ ਅਤੇ ਸ਼ਹਿਰਾਂ ਵਿਚ ਸੀਵਰੇਜ, ਪੱਕੀਆਂ ਸੜਕਾਂ ਅਤੇ ਪੁਲ ਬਣਾ ਕੇ ਪੰਜਾਬ ਨੂੰ ਵਿਕਾਸ ਦੇ ਸਿਖ਼ਰ ’ਤੇ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ’ਚ ਸੱਤਾ ਕਰਨ ਦੇ ਕਾਬਿਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਠੱਗੀ ਨਾਲ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਲਜਾਂ ’ਚ ਪੜ੍ਹਨ ਵਾਲੇ ਗ਼ਰੀਬ ਬੱਚਿਆਂ ਦਾ ਕਰੀਬ 700 ਕਰੋੜ ਰੁਪਏ ਦਾ ਵਜ਼ੀਫ਼ਾ ਅਤੇ ਬਜ਼ੁਰਗਾਂ ਨੂੰ ਪੈਨਸ਼ਨ, ਨੀਲੇ ਕਾਰਡ ਤਹਿਤ ਮਿਲਦੀਆਂ ਸਹੂਲਤਾਂ ਬੰਦ ਕਰ ਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਸਭਾ ਚੋਣਾਂ ਦੌਰਾਨ ਉਹ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਅਤੇ 13 ਸੀਟਾਂ ’ਤੇ ਅਕਾਲੀ ਦਲ ਨੂੰ ਜਿਤਾਉਣ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਨੇ ਉਨ੍ਹਾਂ ਨੂੰ ਵੱਡਾ ਮਾਣ ਬਖ਼ਸ਼ਿਆ ਹੈ ਅਤੇ ਉਹ ਲੋਕਾਂ ਦੀ ਆਸ ’ਤੇ ਖ਼ਰਾ ਉਤਰਨਗੇ।

ਚੋਣ ਕਮਿਸ਼ਨ ਵੱਲੋਂ ਪੁਲੀਸ ਅਧਿਕਾਰੀਆਂ ਦੀ ਤਾਇਨਾਤੀ ਨੂੰ ਪ੍ਰਵਾਨਗੀ

ਚੰਡੀਗੜ੍ਹ,  ਅਪਰੈਲ ਚੋਣ ਕਮਿਸ਼ਨ ਨੇ ਪੰਜਾਬ ਦੇ ਸਵਾ ਦੋ ਸੌ ਐੱਸਪੀ ਤੇ ਡੀਐੱਸਪੀ ਰੈਂਕ ਦੇ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਸਰਕਾਰ ਵੱਲੋਂ 10 ਮਾਰਚ ਨੂੰ ਚੋਣ ਜ਼ਾਬਤੇ ਵਾਲੇ ਦਿਨ ਹੀ ਇਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਕੀਤੀਆਂ ਹੋਣ ਕਾਰਨ ਕਮਿਸ਼ਨ ਨੇ ਵੱਡੀ ਗਿਣਤੀ ਪੁਲੀਸ ਅਫ਼ਸਰਾਂ ਨੂੰ ਨਵੀਆਂ ਥਾਵਾਂ ’ਤੇ ਜੁਆਇਨ ਨਹੀਂ ਸੀ ਕਰਨ ਦਿੱਤਾ। ਪੁਲੀਸ ਵਿਭਾਗ ਵੱਲੋਂ 269 ਅਫ਼ਸਰਾਂ ਦੇ ਤਬਾਦਲੇ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਨਵੀਆਂ ਥਾਵਾਂ ’ਤੇ ਜੁਆਇਨ ਕਰ ਲਿਆ ਸੀ ਜਦਕਿ 225 ਦੇ ਕਰੀਬ ਅਧਿਕਾਰੀ ਜੁਆਇਨ ਨਹੀਂ ਸਨ ਕਰ ਸਕੇ। ਕਮਿਸ਼ਨ ਦੇ ਇਸ ਫ਼ੈਸਲੇ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸੁਖ ਦਾ ਸਾਹ ਲਿਆ ਹੈ ਕਿਉਂਕਿ ਕਮਿਸ਼ਨ ਵੱਲੋਂ ਅੜਿੱਕਾ ਖੜ੍ਹਾ ਕੀਤੇ ਜਾਣ ਕਾਰਨ ਪਿਛਲੇ ਪੂਰੇ ਇੱਕ ਮਹੀਨੇ ਤੋਂ ਇਹ ਅਫ਼ਸਰ ਵਿਹਲੇ ਬੈਠੇ ਹਨ। ਇਸ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਇੱਕ ਮਹੀਨੇ ਦੀ ਤਨਖ਼ਾਹ ਬਿਨਾਂ ਕੰਮ ਤੋਂ ਹੀ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਪੁਲੀਸ ਤੋਂ ਇਨ੍ਹਾਂ ਤਾਇਨਾਤੀਆਂ ਦਾ ਆਧਾਰ ਪੁੱਛਿਆ ਤਾਂ ਸਰਕਾਰ ਵੱਲੋਂ 8 ਅਪਰੈਲ ਨੂੰ ਲਿਖੇ ਇੱਕ ਪੱਤਰ ਰਾਹੀਂ ਜ਼ਿਆਦਾਤਰ ਤਾਇਨਾਤੀਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ’ਚ ਕੀਤੀਆਂ ਹੋਣ ਕਰਕੇ ਪ੍ਰਵਾਨਗੀ ਮੰਗੀ ਗਈ। ਪੁਲੀਸ ਅਧਿਕਾਰੀਆਂ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਕਿ 10 ਮਾਰਚ ਨੂੰ ਜਿਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਅਸਾਮੀਆਂ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਪੁਲੀਸ ਵੱਲੋਂ ਇੰਸਪੈਕਟਰਾਂ ਤੋਂ ਡੀਐੱਸਪੀ ਅਤੇ ਡੀਐੱਸਪੀ ਤੋਂ ਐੱਸਪੀ ਰੈਂਕ ’ਤੇ ਪਦ ਉੱਨਤੀਆਂ ਕਰਕੇ ਇਹ ਤਾਇਨਾਤੀਆਂ ਕੀਤੀਆਂ ਗਈਆਂ ਸਨ। ਇਸੇ ਦੌਰਾਨ ਕਮਿਸ਼ਨ ਨੇ ਇੱਕ ਹੋਰ ਮਾਮਲੇ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਨੂੰ ਹਾੜ੍ਹੀ ਦੇ ਸੀਜ਼ਨ ਲਈ ਈ-ਟੈਂਡਰਿੰਗ ਪ੍ਰਣਾਲੀ ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਕਮਿਸ਼ਨ ਨੇ ਟੈਂਡਰਿੰਗ ਦੇ ਮਾਮਲੇ ਵਿੱਚ ਵਿਭਾਗ ਨੂੰ ਤਾਕੀਦ ਕੀਤੀ ਹੈ ਕਿ ਇਸ ਮੁੱਦੇ ’ਤੇ ਕਿਸੇ ਕਿਸਮ ਦਾ ਰਾਜਸੀ ਲਾਹਾ ਨਾ ਲਿਆ ਜਾਵੇ।

ਪ੍ਰਨੀਤ ਦੀ ਅਗਵਾਈ ਹੇਠ ਗੈਂਗਸਟਰ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਵਿਵਾਦ

ਪਟਿਆਲਾ,  ਪੰਜਾਬ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਪਰ ਪਿਛਲੇ ਦਿਨੀਂ ਇੱੱਕ ਚਰਚਿਤ ਗੈਂਗਸਟਰ ਕੰਵਰ ਰਣਦੀਪ ਸਿੰਘ ਖਰੌੜ ਉਰਫ਼ ਐੱਸ.ਕੇ. ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਸ ਨਾਲ ਜਿੱਥੇ ਕਾਂਗਰਸ ’ਚ ਹਲਚਲ ਪੈਦਾ ਹੋ ਗਈ, ਉੱਥੇ ਹੀ ਵਿਰੋਧੀ ਧਿਰਾਂ ਵੀ ਕਾਂਗਰਸ ਨੂੰ ਘੇਰ ਰਹੀਆਂ ਹਨ। ਇਸ ਤੋਂ ਇਲਾਵਾ ਪੁਲੀਸ ਹਲਕਿਆਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਨੇੜਲੇ ਪਿੰਡ ਬਾਰਨ ਦਾ ਰਹਿਣ ਵਾਲਾ ਐੱਸ.ਕੇ. ਗੈਂਗਸਟਰਾਂ ਦੇ ਹਰਵਿੰਦਰ ਰਿੰਦਾ ਦੀ ਅਗਵਾਈ ਹੇਠਲੇ ਬਹੁ-ਚਰਚਿਤ ਗਰੋਹ ਨਾਲ ਸਬੰਧਤ ਦੱਸਿਆ ਜਾਂਦਾ ਹੈ। ਐੱਸ.ਕੇ. ਖ਼ਿਲਾਫ਼ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਤਲ, ਇਰਾਦਾ ਕਤਲ, ਡਕੈਤੀ ਤੇ ਲੁੱਟ-ਖੋਹ ਆਦਿ ਦੇ 20 ਕੇਸ ਦਰਜ ਹਨ। ਕੁਝ ਕੇਸਾਂ ਵਿੱਚੋਂ ਉਹ ਬਰੀ ਵੀ ਹੋ ਚੁੱਕਾ ਹੈ ਜਦੋਂਕਿ ਬਹੁਤੇ ਕੇਸ ਅਜੇ ਵੀ ਅਦਾਲਤ ’ਚ ਚੱਲ ਰਹੇ ਹਨ। ਉਂਜ, ਅਜੇ ਤੱਕ ਸਜ਼ਾ ਕਿਸੇ ਕੇਸ ਵਿੱਚ ਨਹੀਂ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਦਾ ਪ੍ਰਮੁੱਖ ਅਹੁਦੇਦਾਰ ਵੀ ਹੈ। ਉਸ ਨਾਲ ਪਟਿਆਲਾ ਸਮੇਤ ਹੋਰਨਾਂ ਖੇਤਰਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਅਤੇ ਨੌਜਵਾਨ ਜੁੜੇ ਹੋਏ ਹਨ।
ਅਪਰੈਲ-2016 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਵਿਦਿਆਰਥੀ ਆਗੂ ’ਤੇ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ’ਚ ਚੰਡੀਗੜ੍ਹ ਪੁਲੀਸ ਨੇ ਐੱਸ.ਕੇ. ਸਮੇਤ ਤਿੰਨ ਜਣਿਆਂ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ। ਫਿਰ ਐੱਸ.ਕੇ. ਅਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਲੱਖ ਰੁਪਏ ਦਾ ਇਨਾਮ ਪਟਿਆਲਾ ਪੁਲੀਸ ਨੇ ਹਾਸਲ ਕੀਤਾ ਸੀ। ਕੁਝ ਮਹੀਨੇ ਪਹਿਲਾਂ ਐੱਸ.ਕੇ. ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਸੀ। ਇਸ ਤੋਂ ਪਹਿਲਾਂ ਉਹ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਸਮਰਥਕ ਵੀ ਰਹਿ ਚੁੱਕਾ ਹੈ, ਪਰ 6 ਅਪਰੈਲ ਨੂੰ ਇੱਥੇ ਇੱਕ ਸਮਾਗਮ ਵਿੱਚ ਉਹ ਆਪਣੇ ਸੈਂਕੜੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸ੍ਰੀ ਹੈਰੀਮਾਨ ਦੇ ਇੱਕ ਸਮਰਥਕ ਜਤਿੰਦਰ ਸਿੰਘ ਵੱੱਲੋਂ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਐੱਸ.ਕੇ. ਤੇ ਸਾਥੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਸਟੇਜ ’ਤੇ ਐੱਸ.ਕੇ. ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਦੇ ਨਾਲ ਵਾਲੀ ਕੁਰਸੀ ’ਤੇ ਬੈਠਾ ਸੀ।
ਉੱਧਰ, ਵਿਰੋਧੀ ਧਿਰਾਂ ਨੇ ਇਸ ਸਬੰਧੀ ਕਾਂਗਰਸ ਨੂੰ ਲੰਬੇ ਹੱੱਥੀਂ ਲਿਆ। ਵੱਖ ਵੱਖ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੋਣਾਂ ਜਿੱਤਣ ਲਈ ਹਮੇਸ਼ਾਂ ਅਜਿਹੇ ਹੀ ਅਡੰਬਰ ਰਚੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਇੱਕ ਗੈਂਗਸਟਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਚੋਣਾਂ ਵਿੱਚ ਅਪਰਾਧੀਆਂ ਦਾ ਸਹਾਰਾ ਲੈਣ ਦੀ ਪ੍ਰਤੱਖ ਮਿਸਾਲ ਹੈ। ਉੱਧਰ, ਐੱਸ.ਕੇ. ਦੇ ਇੱਕ ਸਾਥੀ ਦਾ ਕਹਿਣਾ ਹੈ ਕਿ ਐੱਸ.ਕੇ. ਖ਼ਿਲਾਫ਼ ਕਈ ਕੇਸ ਰੰਜਿਸ਼ ਤਹਿਤ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦੇ ਕੁਝ ਆਗੂਆਂ ਨੇ ਦਰਜ ਕਰਵਾਏ ਹਨ।

ਭਾਜਪਾ ਆਪਣੀਆਂ ਨਫ਼ਰਤੀ ਨੀਤੀਆਂ ਕਾਰਨ ਹਾਰੇਗੀ: ਮਾਇਆਵਤੀ

ਦਿਓਬੰਦ,  ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਅੱਜ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਇੱਥੇ ਪਹਿਲੀ ਸਾਂਝੀ ਰੈਲੀ ਕਰਦਿਆਂ ਭਾਜਪਾ ਤੇ ਕਾਂਗਰਸ ਦੀ ਤਿੱਖੀ ਨਿਖੇਧੀ ਕੀਤੀ। ਬਸਪਾ ਸੁਪਰੀਮੋ ਨੇ ਇਹ ਰੈਲੀ ਲੋਕ ਸਭਾ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਹਫ਼ਤਾ ਪਹਿਲਾਂ ਕੀਤੀ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ‘ਨਫ਼ਰਤ ਭਿੱਜੀਆਂ ਆਪਣੀਆਂ ਨੀਤੀਆਂ’ ਤੇ ਖ਼ਾਸ ਕਰ ਕੇ ‘ਚੌਕੀਦਾਰ’ ਮੁਹਿੰਮ ਕਾਰਨ ਹੀ ਚੋਣ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ, ਵੱਡੇ ਜਿੰਨੇ ਮਰਜ਼ੀ ਚੌਕੀਦਾਰ ਕੋਸ਼ਿਸ਼ ਕਰੀ ਜਾਣ, ਭਾਜਪਾ ਜਿੱਤ ਨਹੀਂ ਸਕੇਗੀ। ਇਸ ਰੈਲੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਅਜੀਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਕਈ ਵਰ੍ਹੇ ਰਾਜ ਕਰਨ ਤੋਂ ਬਾਅਦ ਨਾਕਾਮ ਸਾਬਿਤ ਹੋਈ ਹੈ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟੋ ਘੱਟ ਆਮਦਨ ਸਹਾਇਤਾ ਦੇਣ ਦੀ ਬਜਾਏ ਗਰੀਬਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਮਾਇਆਵਤੀ ਨੇ ਸਵਾਲ ਕੀਤਾ ਕਿ ਇੰਦਰਾ ਗਾਂਧੀ ਨੇ ਵੀ ਗਰੀਬੀ ਖ਼ਤਮ ਕਰਨ ਲਈ 20 ਨੁਕਤਿਆਂ ਵਾਲਾ ਇਕ ਪ੍ਰੋਗਰਾਮ ਤਿਆਰ ਕੀਤਾ ਸੀ ਪਰ ਕੀ ਉਹ ਸਫ਼ਲ ਰਿਹਾ? ਬਸਪਾ ਮੁਖੀ ਨੇ ਕਿਹਾ ਕਿ ਉਹ ਦੂਜੀਆਂ ਪਾਰਟੀਆਂ ਵਾਂਗ ਰੌਲਾ ਪਾਉਣ ਵਿਚ ਯਕੀਨ ਨਹੀਂ ਰੱਖਦੇ ਤੇ ਚੁੱਪਚਾਪ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਕੀ ਉਨ੍ਹਾਂ ਨੂੰ ਦਹਾਕਿਆਂ ਬੱਧੀ ਮੌਕਾ ਨਹੀਂ ਮਿਲਿਆ? ਉਨ੍ਹਾਂ ਕਿਹਾ ਕਿ ਨਿਆਏ ਸਕੀਮ ਗਰੀਬੀ ਦਾ ਹੱਲ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪੱਛੜੇ ਵਰਗ ਦੇ ਲੋਕ ਵੀ ਭਾਜਪਾ ਤੇ ਸਾਥੀ ਧਿਰਾਂ ਦੀ ਵੰਡਪਾਊ ਨੀਤੀ ਕਾਰਨ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ ’ਤੇ ਵੀ ਰਾਖ਼ਵਾਂਕਰਨ ਮੁੱਦੇ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਅਤੇ ਪੱਛੜੇ ਵਰਗ ਨੂੰ ਕੋਈ ਲਾਭ ਨਹੀਂ ਹੋਇਆ। ਮਾਇਆਵਤੀ ਨੇ ਕਿਹਾ ਕਿ ਘੱਟ ਗਿਣਤੀਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਬੋਫੋਰਜ਼ ਤੇ ਭਾਜਪਾ ਰਾਫਾਲ ਜਿਹੇ ਘੁਟਾਲਿਆਂ ਵਿਚ ਘਿਰੀ ਹੋਈ ਹੈ ਤੇ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ। 

ਕੈਪਟਨ ਨੂੰ ਝਟਕਾ -ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ

ਚੰਡੀਗੜ੍ਹ,  ਪੰਜਾਬ ਸਰਕਾਰ ਵੱਲੋਂ ਬਰਗਾੜੀ ਪਿੰਡ (ਫ਼ਰੀਦਕੋਟ) ’ਚ ਹੋਈ ਬੇਅਦਬੀ ਦੀ ਘਟਨਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਅਤੇ ਚਰਚਿਤ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਚੋਣ ਕਮਿਸ਼ਨ ਨੇ ਤਬਾਦਲਾ ਕਰ ਦਿੱਤਾ ਹੈ। ਕਮਿਸ਼ਨ ਦੀਆਂ ਹਦਾਇਤਾਂ ’ਤੇ ਅੱਜ ਰਾਜ ਸਰਕਾਰ ਨੇ ਇਸ ਪੁਲੀਸ ਅਧਿਕਾਰੀ ਨੂੰ ਆਈ.ਜੀ. (ਕਾਉਂਟਰ ਇੰਟੈਲੀਜੈਂਸ) ਅੰਮ੍ਰਿਤਸਰ ਲਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਵਿੱਚ ਕੁੰਵਰਵਿਜੈ ਪ੍ਰਤਾਪ ਸਿੰਘ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ ਤੇ ਇਨ੍ਹਾਂ ਦੋਸ਼ਾਂ ਦੇ ਅਧਾਰ ’ਤੇ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਹੈ। ਸਰਕਾਰ ਵੱਲੋਂ ਆਈਜੀ ਰੈਂਕ ਦੇ ਇਸ ਅਧਿਕਾਰੀ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ 5 ਅਪਰੈਲ ਨੂੰ ਲਿਖੇ ਪੱਤਰ ਰਾਹੀਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਆਈਜੀ ਰੈਂਕ ਦੇ ਇਸ ਅਧਿਕਾਰੀ ਦੇ ਮਾਮਲੇ ਵਿੱਚ ਕਾਰਵਾਈ ਅਮਲ ’ਚ ਲਿਆ ਕੇ 8 ਅਪਰੈਲ ਸ਼ਾਮੀ 5 ਵਜੇ ਤੱਕ ਸੂਚਿਤ ਕਰਨ ਲਈ ਕਿਹਾ ਸੀ। ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੇ ਨਾਲ ਇਸ ਪੁਲੀਸ ਅਧਿਕਾਰੀ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੀ ਇੱਮਕ ਵੀਡੀਓ ਵੀ ਨੱਥੀ ਕੀਤੀ ਗਈ ਸੀ। ਇਹ ਸ਼ਿਕਾਇਤ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਦਸ਼ਤਖਤਾਂ ਹੇਠ ਕੀਤੀ ਗਈ ਸੀ।

ਅਕਾਲੀ ਦਲ ਨੇ ਰਣੀਕੇ ਨੂੰ ਫਰੀਦਕੋਟ ਤੋਂ ‘ਰਣ’ ’ਚ ਉਤਾਰਿਆ

ਚੰਡੀਗੜ੍ਹ,  ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਫਰੀਦਕੋਟ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਬਿਆਨ ਰਾਹੀਂ ਸ੍ਰੀ ਰਣੀਕੇ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਜੋ ਪਾਰਟੀ ਦੇ ਅਨੁਸੂਚਿਤ ਜਾਤਾਂ ਬਾਰੇ ਵਿੰਗ ਦੇ ਮੁਖੀ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤਕ ਸੱਤ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਵੱਲੋਂ ਪੰਜਾਬ ਦੀਆਂ 13 ’ਚੋਂ 10 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਜਦਕਿ ਭਾਈਵਾਲ ਭਾਜਪਾ ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਸ੍ਰੀ ਰਣੀਕੇ ਨੂੰ ਫਰੀਦਕੋਟ ਤੋਂ ਉਮੀਦਵਾਰ ਉਸ ਸਮੇਂ ਐਲਾਨਿਆ ਗਿਆ ਹੈ ਜਦੋਂ ਕਾਂਗਰਸ ਨੇ ਇਕ ਦਿਨ ਪਹਿਲਾਂ ਗਾਇਕ ਮੁਹੰਮਦ ਸਦੀਕ ਨੂੰ ਰਾਖਵੇਂ ਹਲਕੇ ਤੋਂ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਸਾਧੂ ਸਿੰਘ ਅਤੇ ਪੰਜਾਬ ਏਕਤਾ ਪਾਰਟੀ ਨੇ ਮਾਸਟਰ ਬਲਦੇਵ ਸਿੰਘ ’ਤੇ ਦਾਅ ਖੇਡਿਆ ਹੈ। ਸ੍ਰੀ ਰਣੀਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਟਾਰੀ (ਰਾਖਵੀਂ) ਸੀਟ ਤੋਂ ਚਾਰ ਵਾਰ ਵਿਧਾਇਕ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ 2007 ਅਤੇ 2012 ’ਚ ਸਰਕਾਰ ਦੌਰਾਨ ਦੋ ਵਾਰ ਮੰਤਰੀ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਉਮੀਦਵਾਰ ਤਰਸੇਮ ਸਿੰਘ ਡੀਸੀ ਤੋਂ ਹਾਰ ਗਏ ਸਨ

ਪ੍ਰਿੰਸ ਧਾਲੀਵਾਲ ਬਣੇ ਆਮ ਆਦਮੀ ਪਾਰਟੀ ਦੇ ਜੋਇੰਟ ਸੈਕਟਰੀ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਨਵਜੋਤ ਸਿੰਘ ਸੈਣੀ ਵਲੋਂ ਸਨੀ ਇਨਕਲੇਵ ਮੁਹਾਲੀ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਨਸ਼ਿਆ ਦੇ ਰੋਕਥਾਮ ਲਈ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਗਿਆ । ਸਮਾਜਿਕ ਕੰਮਾਂ ਲਈ ਪ੍ਰੇਰਿਤ ਕੀਤਾ ਗਿਆ । ਆਮ ਆਦਮੀ ਪਾਰਟੀ ਵਿੱਚ ਕਾਫੀ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ । ਨਵਜੋਤ ਸੈਣੀ ਜੀ ਵਲੋਂ ਪਾਰਟੀ ਦੇ ਨਾਲ ਕੰਮ ਕਰ ਰਹੇ ਪ੍ਰਿੰਸ ਧਾਲੀਵਾਲ ਨੂੰ  ਜੁਆਇੰਟ ਸੈਕਟਰੀ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਤੇ ਪ੍ਰਿੰਸ ਧਾਲੀਵਾਲ ਪੂਰੇ ਜਿਮੇਵਾਰੀ ਨਾਲ ਪਾਰਟੀ ਪ੍ਰਤੀ ਕੰਮ ਕਰਨ ਦਾ ਵਾਅਦਾ ਕੀਤਾ । ਇਸ ਮੌਕੇ ਤੇ ਹੋਰ ਵੀ ਪਤਵੰਤੇ ਸੱਜਣ ਸ਼ਾਮਿਲ ਸਨ ।

ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਕੁੰਵਰ ਵਿਜੈ ਪ੍ਰਤਾਪ ਦੇ ਹੱਕ ’ਚ ਡਟੀ ਸਰਕਾਰ

ਚੰਡੀਗੜ੍ਹ,  ਅਪਰੈਲ ਪੰਜਾਬ ਸਰਕਾਰ ਨੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੈਂਬਰ ਅਤੇ ਚਰਚਿਤ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਪੱਖ ’ਚ ਸਪੱਸ਼ਟ ਸਟੈਂਡ ਲੈਂਦਿਆਂ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਗ੍ਰਹਿ ਵਿਭਾਗ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਆਈਜੀ (ਹੈੱਡਕੁਆਰਟਰ) ਦੇ ਦਸਤਖ਼ਤਾਂ ਹੇਠ ਦੋ ਸਫਿਆਂ ਦੀ ਰਿਪਰੋਟ ਭੇਜੀ ਗਈ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਸਿਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਪਿੰਡ ਬਰਗਾੜੀ (ਫ਼ਰੀਦਕੋਟ) ਦੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਪੇਸ਼ੇਵਰ ਤਰੀਕੇ ਨਾਲ ਨਿਰਪੱਖ ਰਹਿ ਕੇ ਕੀਤੀ ਜਾ ਰਹੀ ਹੈ। ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੇਸ਼ੇਵਰ ਤੇ ਨਿਰਪੱਖ ਅਧਿਕਾਰੀ ਕਰਾਰ ਦਿੱਤਾ ਹੈ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਆਵਾ ਕੀਤਾ ਕਿ ਸਿਟ ਵੱਲੋਂ ਬਿਨਾਂ ਕਿਸੇ ਪ੍ਰਭਾਵ ਦੇ ਫੌਜਦਾਰੀ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਬੇਅਦਬੀ ਤੇ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਪੱਖਪਾਤੀ ਹੋਣ ਦੇ ਦੋਸ਼ ਲਾਉਂਦਿਆਂ ਇਸ ਅਧਿਕਾਰੀ ਨੂੰ ਸੂਬੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਪੁਲੀਸ ਅਧਿਕਾਰੀ ਵੱਲੋਂ ਪੱਖਪਾਤੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦਾ ਅਸਰ ਸੰਸਦੀ ਚੋਣਾਂ ’ਤੇ ਵੀ ਹੋਵੇਗਾ ਤੇ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਉਧਰ ਅਕਾਲੀ ਦਲ ਦੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀਆਂ ਖਾਸ ਕਰਕੇ ਬਾਦਲ ਪਰਿਵਾਰ ਨੂੰ ਖ਼ਦਸ਼ਾ ਹੈ ਕਿ ਪੰਜਾਬ ਵਿੱਚ ਚੋਣ ਮੁਹਿੰਮ ਭਖਣ ਤੋਂ ਬਾਅਦ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿਟ ਦੀਆਂ ਸਰਗਰਮੀਆਂ ਵਧ ਸਕਦੀਆਂ ਹਨ। ਸਿਟ ਦੀਆਂ ਗਤੀਵਿਧੀਆਂ ਵਿੱਚ ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਹੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਸਿਟ ਦੀਆਂ ਸੰਭਾਵੀ ਗਤੀਵਿਧੀਆਂ ਨੂੰ ਬੇਅਸਰ ਕਰਨ ਲਈ ਆਈਜੀ ’ਤੇ ਨਿਸ਼ਾਨਾ ਸੇਧਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕਤਸਰ ਅਤੇ ਜਲੰਧਰ (ਦਿਹਾਤੀ) ਦੇ ਜ਼ਿਲ੍ਹਾ ਪੁਲੀਸ ਮੁਖੀਆਂ ਕ੍ਰਮਵਾਰ ਮਨਜੀਤ ਸਿੰਘ ਢੇਸੀ ਅਤੇ ਨਵਜੇਤ ਸਿੰਘ ਮਾਹਲ ਬਾਰੇ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਵੀ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਮਾਹਲ ਦੀ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਵਜਾ ਨਾਲ ਭਾਵੇਂ ਰਿਸ਼ਤੇਦਾਰੀ ਹੈ ਪਰ ਇਹ ਪੁਲੀਸ ਅਧਿਕਾਰੀ ਨਾ ਤਾਂ ਮੰਤਰੀ ਬਾਜਵਾ ਦੇ ਖੇਤਰ ਵਿੱਚ ਤਾਇਨਾਤ ਹੈ ਤੇ ਨਾ ਹੀ ਬਾਜਵਾ ਸੰਸਦੀ ਚੋਣਾਂ ਲੜ ਰਹੇ ਹਨ। ਇਸੇ ਤਰ੍ਹਾਂ ਦੀ ਦਲੀਲ ਮਨਜੀਤ ਸਿੰਘ ਢੇਸੀ ਦੇ ਮਾਮਲੇ ਵਿੱਚ ਦਿੱਤੀ ਗਈ ਹੈ। ਮੁੱਖ ਚੋਣ ਅਧਿਕਾਰੀ ਵੱਲੋਂ ਇਹ ਰਿਪੋਰਟ ਵੀ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ। ਚੋਣ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ 225 ਐੱਸ.ਪੀ. ਅਤੇ ਡੀਐੱਸੀ ਰੈਂਕ ਦੇ ਅਫ਼ਸਰਾਂ ਦੇ ਤਬਾਦਲਿਆਂ ਸਬੰਧੀ ਵੀ ਕਮਿਸ਼ਨ ਵੱਲੋਂ ਕੁਝ ਅਫ਼ਸਰਾਂ ਦੀਆਂ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਕਰਕੇ ਨਵੇਂ ਸਿਰੇ ਤੋਂ ਹੁਕਮ ਜਾਰੀ ਕਰਨ ਦੇ ਆਸਾਰ ਹਨ।

ਸੱਤ ਕਰੋੜ ਅੱਸੀ ਲੱਖ ਰੁਪਏ ਦਾ 26 ਕਿੱਲੋ ਸੋਨਾ ਬਰਾਮਦ

ਲਾਲੜੂ,  ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਪੁਲੀਸ ਨੇ ਅੱਜ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਪਿੰਡ ਝਰਮੜੀ ਕੋਲ ਲਾਏ ਨਾਕੇ ਦੌਰਾਨ ਕਰਨਾਟਕ ਨੰਬਰ ਦੀ ਕਾਰ ਵਿਚੋਂ 26 ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ ਸੱਤ ਕਰੋੜ 80 ਲੱਖ ਰੁਪਏ ਬਣਦੀ ਹੈ। ਪੁਲੀਸ ਨੇ ਕਾਰ ਸਵਾਰ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਹਾਲੀ ਦੇ ਐੱਸਪੀ (ਜਾਂਚ) ਵਰੁਣ ਸ਼ਰਮਾ ਤੇ ਡੀਐੱਸਪੀ (ਡੇਰਾਬਸੀ) ਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕਾਰ ਨੰਬਰ ਕੇਏ-01 ਐਮਜੇ-2521 ਦੀ ਤਲਾਸ਼ੀ ਲੈਣ ’ਤੇ 26 ਕਿੱਲੋ ਸੋਨਾ ਬਰਾਮਦ ਹੋਇਆ। ਕਾਰ ਵਿਚ ਸਵਾਰ ਵਿਅਕਤੀਆਂ ਦੀ ਸ਼ਨਾਖ਼ਤ ਰਾਕੇਸ਼ ਕੁਮਾਰ ਤੇ ਬਲਬੀਰ ਚੰਦ ਦੋਵੇਂ ਵਾਸੀ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼), ਸੰਜੇ ਕੁਮਾਰ ਪਿੰਡ ਬਲਿਆਣ (ਕਾਂਗੜਾ), ਜਸਵੰਤ ਸਿੰਘ ਵਾਸੀ ਜੋਧਪੁਰ (ਰਾਜਸਥਾਨ) ਵੱਜੋਂ ਹੋਈ ਹੈ। ਉਹ ਬਰਾਮਦ ਸੋਨੇ ਸਬੰਧੀ ਕੋਈ ਕਾਗਜ਼ ਪੱਤਰ ਜਾਂ ਬਿੱਲ ਨਹੀਂ ਵਿਖਾ ਸਕੇ। ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਸੋਨਾ ਦੱਖਣੀ ਅਫ਼ਰੀਕਾ ਤੋਂ ਆਇਆ ਤੇ ਉਹ ਕਾਰ ਰਾਹੀਂ ਇਸ ਨੂੰ ਹਿਮਾਚਲ ਪ੍ਰਦੇਸ਼ ਲਿਜਾ ਰਹੇ ਸਨ। ਪੁਲੀਸ ਨੇ ਚਾਰਾਂ ਖ਼ਿਲਾਫ਼ ਲਾਲੜੂ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਣਕਾਰੀ ਆਮਦਨ ਕਰ ਵਿਭਾਗ ਤੇ ਜੀਐੱਸਟੀ ਅਥਾਰਿਟੀ ਨੂੰ ਦਿੱਤੀ ਗਈ ਹੈ। ਦੋਵੇਂ ਵਿਭਾਗਾਂ ਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ’ਚ ਕਾਂਗਰਸ ਨੇ ਛੇ ਉਮੀਦਵਾਰ ਐਲਾਨੇ

ਚੰਡੀਗੜ੍ਹ,  ਅਪਰੈਲ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਛੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਨੇ ਚਾਰ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ। ਜਦਕਿ ਹੁਸ਼ਿਆਰਪੁਰ (ਰਾਖ਼ਵੇਂ) ਹਲਕੇ ਤੋਂ ਕਾਂਗਰਸ ਨੇ ਚੱਬੇਵਾਲ ਹਲਕੇ ਤੋਂ ਵਿਧਾਇਕ ਡਾ. ਰਾਜ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਚੋਣ ਕਮੇਟੀ ਨੇ ਸਾਰੇ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟ ਦੇਣ ਦੀ ਨੀਤੀ ਤਹਿਤ ਵਿਰੋਧ ਦੇ ਬਾਵਜੂਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ। ਕੈਪਟਨ ਨੇ ਕੁਝ ਸਮਾਂ ਪਹਿਲਾਂ ਪਠਾਨਕੋਟ ਫੇਰੀ ਸਮੇਂ ਸ੍ਰੀ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦੇਣ ਦਾ ਸੰਕੇਤ ਦਿੱਤਾ ਸੀ। ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਟਿਕਟ ਮਿਲਣਾ ਲਗਭਗ ਤੈਅ ਹੀ ਸੀ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੈਦਾਨ ਵਿਚ ਉਤਾਰ ਕੇ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਇਸ ਹਲਕੇ ਤੋਂ ਸੰਤੋਸ਼ ਚੌਧਰੀ ਨੇ ਟਿਕਟ ਲੈਣ ਲਈ ਕਾਫੀ ਜ਼ੋਰ ਅਜ਼ਮਾਈ ਕੀਤੀ, ਪਰ ਗੱਲ ਨਹੀਂ ਬਣ ਸਕੀ। ਇਸ ਹਲਕੇ ਤੋਂ ਵਿਧਾਇਕ ਨੂੰ ਟਿਕਟ ਦੇਣ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਇਕ ਜਾਂ ਦੋ ਹੋਰ ਵਿਧਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਵਿਚ ਹੋਈ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਹਾਜ਼ਰ ਸਨ।

ਕਾਂਗਰਸੀ ਮੈਨੀਫੈਸਟੋ ਚਿੱਕੜ 'ਚ ਖਲੋ ਕੇ ਚੰਨ ਦੇਣ ਦਾ ਵਾਅਦਾ: ਸਰਦਾਰ ਬਾਦਲ

ਚੰਡੀਗੜ ਅਪ੍ਰੈਲ -(ਜਨ ਸ਼ਕਤੀ ਨਿਉਜ)- ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ 'ਕਿਸੇ ਵੱਲੋਂ ਚਿੱਕੜ 'ਚ ਖਲੋ ਕੇ ਦੂਜਿਆਂ ਨੂੰ ਚੰਨ ਦੇਣ ਦਾ ਕੀਤਾ ਵਾਅਦਾ' ਕਰਾਰ ਦਿੱਤਾ ਹੈ। ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਕਾਂਗਰਸੀ ਮੈਨੀਫੈਸਟੋ ਕੋਰੀਆਂ ਗੱਪਾਂ ਅਤੇ ਨਾ ਪੂਰੇ ਕੀਤੇ ਜਾਣ ਯੋਗ ਵਾਅਦਿਆਂ ਨਾਲ ਭਰਿਆ ਇੱਕ ਜਾਅਲੀ ਦਸਤਾਵੇਜ਼ ਹੈ। ਉਹਨਾਂ ਕਿਹਾ ਕਿ ਬੁਰੀ  ਤਰ•ਾਂ ਬੌਖਲਾਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰਿਆਂ ਨੂੰ ਇਸ ਕਰਕੇ ਹਰ ਚੀਜ਼ ਦੇਣ ਦਾ ਵਾਅਦਾ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਪਾਰਟੀ ਦੀ ਜਿੱਤਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਲੋਕਾਂ ਨਾਲ ਵੱਡੇ ਵਾਅਦੇ ਕਰਨ ਵਿਚ ਵੀ ਕੋਈ ਜੋਖ਼ਮ ਨਹੀ ਹੈ। ਸਰਦਾਰ ਬਾਦਲ ਨੇ ਯਾਦ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੋ ਸਾਲ ਪਹਿਲਾਂ ਪੰਜਾਬ ਕਾਂਗਰਸ ਦਾ ਵੀ ਮੈਨੀਫੈਸਟੋ ਜਾਰੀ ਕੀਤਾ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ, ਪਰ ਉਹਨਾਂ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਕੋਈ ਕਿਵੇਂ ਵਾਅਦੇ ਪੂਰੇ ਕਰਨ ਦੀ ਉਮੀਦ ਰੱਖ ਸਕਦਾ ਹੈ, ਕਿਉਂਕਿ ਉਸ ਦੀ ਪਾਰਟੀ ਨੇ ਮਨਮੋਹਨ ਸਿੰਘ ਵੱਲੋਂ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਜਿੱਤਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ, ਉਹ ਬਿਨਾਂ ਜੁਆਬਦੇਹੀ ਦੀ ਚਿੰਤਾ ਕਰੇ ਲੋਕਾਂ ਨੂੰ ਅਜੀਬੋ ਗਰੀਬ ਵਾਅਦੇ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਵੱਡੀ ਦਾ ਹਾਰ ਦਾ ਸਾਹਮਣਾ ਕਰੇਗੀ। ਉਹਨਾਂ ਕਿਹਾਕਿ ਭਾਵੇਂਕਿ ਇਹ ਮੈਨੀਫੈਸਟੋ ਸਭ ਤੋਂ ਵੱਡੇ ਕਾਂਗਰਸੀ ਸਿੱਖ ਆਗੂ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ, ਪਰੰਤੂ ਇਸ ਵਿਚ 1984 ਕਤਲੇਆਮ ਵਾਸਤੇ ਮੁਆਫੀ ਜਾਂ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਸੰਬੰਧੀ ਇੱਕ ਵੀ ਸ਼ਬਦ ਨਹੀਂ ਹੈ। ਉਹਨਾਂ ਕਿਹਾ ਕਿ ਆਪਣੇ ਅਪਰਾਧ ਵਾਸਤੇ ਖੁਦ ਨੂੰ ਸਜ਼ਾ ਦੇਣ ਦਾ ਵਾਅਦਾ ਉਹ ਕਿਵੇਂ ਕਰ ਸਕਦੇ ਹਨ? ਉਹਨਾਂ ਕਿਹਾ ਕਿ ਇਸ ਦੀ ਬਜਾਇ ਪਾਰਟੀ ਦੀ ਜਨਰਲ ਸਕੱਤਰ ਅਤੇ ਸਰਗਰਮ ਸਿਆਸਤ ਅੰਦਰ ਤਾਜ਼ਾ ਦਾਖਲ ਹੋਈ ਪ੍ਰਿਯੰਕਾ ਗਾਂਧੀ ਅਜਿਹੇ ਵਿਅਕਤੀ ਯਾਨਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਸੰਗਤ ਵਿਚ 'ਝੂਠ ਦੀ ਪੰਡ ਮੈਨੀਫੈਸਟੋ ਦਾ ਮੁਜ਼ਾਹਰਾ ਕਰਦੀ ਰਹੀ, ਜਿਹੜਾ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਾਂਗ ਸਿੱਖਾਂ ਉੱਤੇ ਹਮਲੇ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕਰਨ ਦਾ ਦੋਸ਼ੀ ਹੈ।

ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ

ਨਵੀਂ ਦਿੱਲੀ, ਅਪਰੈਲ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਨਗਰ ਕੀਰਤਨ ਸਜਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਮੇਟੀ ਨੇ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਕਮੇਟੀ ਦੀ ਟੀਮ ਦੀ ਪਾਕਿਸਤਾਨ ਵਿਚ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਣਾਈ ਗਈ ਤਿਆਰੀ ਕਮੇਟੀ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰ  ਈਆਂ ਜਾਣ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕੌਮੀ ਰਾਜਧਾਨੀ ਵਿਚ ਆਈਪੀ ਸਟੇਡੀਅਮ ਵਿਚ 21 ਸਤੰਬਰ ਨੂੰ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਨਾਲ ਸਬੰਧਿਤ ਸਕੂਲਾਂ ਦੇ 1100 ਵਿਦਿਆਰਥੀ ਇਕੋ ਸਮੇਂ ਕੀਰਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਗੁਰੂ ਦੇ ਜੀਵਨ ਨਾਲ ਸਬੰਧਤ ਲੇਜ਼ਰ ਸ਼ੋਅ ਵੀ ਕਰਵਾਇਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਅਜਿਹਾ ਦੂਜਾ ਕੀਰਤਨ ਦਰਬਾਰ ਅਕਤੂਬਰ ਮਹੀਨੇ ਵਿਚ ਕਰਵਾਇਆ ਜਾਵੇਗਾ ਤੇ 12 ਅਕਤੂਬਰ ਨੂੰ ਇੰਡੀਆ ਗੇਟ ’ਤੇ ਹੋਣ ਵਾਲੇ ਇਸ ਕੀਰਤਨ ਦਰਬਾਰ ਵਿਚ ਵਿਸ਼ਵ ਪ੍ਰਸਿੱਧ 550 ਰਾਗੀ ਸਿੰਘ ਇਕੋ ਸਮੇਂ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਤੰਤੀ ਸਾਜ਼ਾਂ ਨਾਲ ਕਰਨਗੇ।

ਵਿੱਤੀ ਵਰ੍ਹੇ ਦੇ ਸ਼ੁਰੂ ’ਚ ਹੀ ਸਰਕਾਰ ਵੱਲੋਂ ਖਜ਼ਾਨਿਆਂ ਦੀ ਤਾਲਾਬੰਦੀ

ਚੰਡੀਗੜ੍ਹ,  ਅਪਰੈਲ ਪੰਜਾਬ ਸਰਕਾਰ ਨੇ ਨਵੇਂ ਵਿੱਤੀ ਵਰ੍ਹੇ ਦੇ ਸ਼ੁਰੂ ਵਿਚ ਹੀ ਖਜ਼ਾਨੇ ਨੂੰ ਤਾਲੇ ਲਾ ਕੇ ਹਰ ਤਰ੍ਹਾਂ ਦੀਆਂ ਅਦਾਇਗੀਆਂ ਰੋਕ ਦਿੱਤੀਆਂ ਹਨ ਜਿਸ ਕਾਰਨ ਜਿੱਥੇ ਪੰਜਾਬ ਸਰਕਾਰ ਨੇ ਵਿੱਤੀ ਮਾਮਲਿਆਂ ਆਦਿ ਉੱਪਰ ਸਲਾਹ-ਮਸ਼ਵਰਾ ਕਰਨ ਆਏ ਭਾਰਤ ਦੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਸ਼ਾਹੀ ਠਾਠ ਉੱਪਰ ਖਰਚੇ 41,13,402 ਰੁਪਏ ਦੇ ਬਿੱਲ ਜਿੱਥੇ ਖਜ਼ਾਨਾ ਦਫਤਰ ਵੱਲੋਂ ਪਾਸ ਨਹੀਂ ਕੀਤੇ ਗਏ ਉਥੇ ਸੂਬਾ ਭਰ ਦੇ ਖਜ਼ਾਨਾ ਦਫਤਰਾਂ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਮੈਡੀਕਲ ਬਿੱਲਾਂ ਸਮੇਤ ਹੋਰ ਸਾਰੇ ਤਰ੍ਹਾਂ ਦੀਆਂ ਅਦਾਇਗੀਆਂ ਵੀ ਰੋਕ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ 31 ਜਨਵਰੀ ਅਤੇ 1 ਫਰਵਰੀ 2019 ਨੂੰ ਭਾਰਤ ਦੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਪੰਜਾਬ ਸਰਕਾਰ ਨਾਲ ਵਿੱਤੀ ਮਾਮਲਿਆਂ ਉੱਪਰ ਚਰਚਾ ਕਰਨ ਲਈ ਚੰਡੀਗੜ੍ਹ ਆਏ ਸਨ। ਪਹਿਲਾਂ ਵਿੱਤ ਕਮਿਸ਼ਨ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਦੇ ਨਾਲ ਲਗਦੇ ਹੋਟਲ ‘ਸੁਖਵਿਲਾਸ’ ਵਿੱਚ ਠਹਿਰਾਉਣ ਦਾ ਪ੍ਰੋਗਰਾਮ ਸੀ ਪਰ ਉਥੇ ਠਹਿਰਾਉਣਾ ਬੜਾ ਮਹਿੰਗਾ ਪੈਂਦਾ ਜਾਪਦਿਆਂ ਅਧਿਕਾਰੀਆਂ ਨੂੰ ਇੱਥੇ ਹੋਟਲ ‘ਤਾਜ’ ਵਿੱਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਪ੍ਰਾਹੁਣਚਾਰੀ ਵਿਭਾਗ ਵੱਲੋਂ ਕਮਿਸ਼ਨ ਦੇ ਅਧਿਕਾਰੀਆਂ ਨੂੰ ਹੋਟਲ ‘ਤਾਜ’ ’ਚ ਠਹਿਰਾਉਣ ਦਾ ਖਰਚਾ ਤਕਰੀਬਨ 25 ਲੱਖ ਰੁਪਏ ਆਇਆ ਹੈ। ਇਸ ਤੋਂ ਇਲਾਵਾ ਹੋਟਲ ਜੇਡਬਲਿਊ ਮੈਰੀਅਟ ਦਾ ਵੀ ਢਾਈ ਲੱਖ ਰੁਪਏ ਦਾ ਬਿੱਲ ਹੈ। ਕਮਿਸ਼ਨ ਦੇ ਅਧਿਕਾਰੀਆਂ ਲਈ ਭਾੜੇ ’ਤੇ ਲਏ ਲਗਜ਼ਰੀ ਵਾਹਨਾਂ ਦਾ ਸਾਢੇ ਅੱਠ ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ। ਇਸ ਤੋਂ ਇਲਾਵਾ ਟੈਂਟ ਦਾ 5 ਲੱਖ ਰੁਪਏ ਖਰਚਾ ਵੱਖਰਾ ਹੈ। ਪ੍ਰਾਹੁਣਚਾਰੀ ਵਿਭਾਗ ਵੱਲੋਂ ਲੰਮੀਆਂ ਦਫਤਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਵਿੱਤ ਕਮਿਸ਼ਨ ਦੇ ਅਧਿਕਾਰੀਆਂ ਦੇ ਰਹਿਣ, ਬਹਿਣ, ਖਾਣ-ਪੀਣ ਅਤੇ ਟਰਾਂਸਪੋਰਟ ਦਾ ਕੁੱਲ੍ਹ 41 ਲੱਖ ਰੁਪਏ ਤੋਂ ਵੱਧ ਦਾ ਬਿੱਲ ਖਜ਼ਾਨਾ ਦਫਤਰ ਨੂੰ ਭੇਜਿਆ ਤਾਂ ਵਿਭਾਗ ਦਾ ਬਜਟ ਮੁਹੱਈਆ ਹੋਣ ਦੇ ਬਾਵਜੂਦ ਇਹ ਬਿੱਲ ਪਾਸ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਨਵੇਂ ਵਿੱਤੀ ਵਰ੍ਹੇ 2019-2020 ਦੇ ਬਜਟ ਦੀ ਅਲਾਟਮੈਂਟ ਹੋਣ ਤੋਂ ਬਾਅਦ ਹੀ ਪਿਛਲੇ ਸਾਲ ਦੀਆਂ ਅਦਾਇਗੀਆਂ ਹੋਣੀਆਂ ਸੰਭਵ ਹਨ। ਪੰਜਾਬ ਭਰ ਦੇ ਖਜ਼ਾਨਾ ਦਫਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਜੀਪੀਐੱਫ ਵਿੱਚੋਂ ਬੱਚਿਆਂ ਦੇ ਵਿਆਹ, ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਤੇ ਇਲਾਜ ਅਤੇ ਨਵਾਂ ਮਕਾਨ ਬਣਾਉਣ ਲਈ ਐਡਵਾਂਸ ਲੈਣ ਦੇ ਬਿੱਲ 15 ਅਕਤੂਬਰ 2018 ਤੋਂ ਖਜ਼ਾਨਾ ਦਫਤਰਾਂ ਵਿੱਚ ਪੈਂਡਿੰਗ ਪਏ ਹਨ। ਇਸ ਤੋਂ ਇਲਾਵਾ ਸੇਵਾਮੁਕਤ ਹੋਏ ਮੁਲਾਜ਼ਮਾਂ ਦੇ ਬਿੱਲ ਵੀ 15 ਅਕਤੂਬਰ 2018 ਤੋਂ ਬਾਅਦ ਪਾਸ ਨਹੀਂ ਕੀਤੇ ਗਏ। ਇਸੇ ਤਰ੍ਹਾਂ ਮੈਡੀਕਲ ਬਿੱਲ ਵੀ ਪੈਂਡਿੰਗ ਹਨ ਅਤੇ ਕਈ ਕੈਂਸਰ ਦੇ ਮਰੀਜ਼ ਮੁਲਾਜ਼ਮਾਂ ਦੇ ਬਿੱਲ ਵੀ ਰੁਲ ਰਹੇ ਹਨ।

ਹਾਈ ਕੋਰਟ ਵੱਲੋਂ ਕੈਪਟਨ ਤੇ ਰਣਇੰੰਦਰ ਨੂੰ ਨੋਟਿਸ

ਚੰਡੀਗੜ੍ਹ,  ਅਪਰੈਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਵੱਲੋਂ ਲੁਧਿਆਣਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕੇਸ ਦੀ ਅਗਲੀ ਸੁਣਵਾਈ 25 ਅਪਰੈਲ ਨੂੰ ਹੋਵੇਗੀ। ਵਿਭਾਗ ਨੇ ਹਾਈ ਕੋਰਟ ਨੂੰ ਦੱਸਿਆ ਕਿ ਡਾਇਰੈਕਟਰ ਜਨਰਲ ਆਮਦਨ ਕਰ (ਜਾਂਚ) ਨੂੰ 22 ਜੁਲਾਈ 2011 ਨੂੰ ਜਿਹੜੀਆਂ ਮਾਸਟਰ-ਸ਼ੀਟਾਂ ਪ੍ਰਾਪਤ ਹੋਈਆਂ ਸਨ, ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਵਿਦੇਸ਼ੀ ਕੰਪਨੀਆਂ ਨਾਲ ਰਾਬਤਾ/ਸਬੰਧ ਹੈ। ਵਕੀਲ ਨੇ ਕਿਹਾ ਕਿ ਆਈਟੀ ਵਿਭਾਗ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਇਹ ਸਾਫ਼ ਹੈ ਕਿ ਅਮਰਿੰਦਰ ਸਿੰਘ ਨੂੰ ਵਿਦੇਸ਼ ਅਸਾਸਿਆਂ/ਲੈਣ-ਦੇਣ ਬਾਰੇ ਪਤਾ ਸੀ ਤੇ ਉਹ ਇਸ ਕੇਸ ’ਚ ਇਕ ਧਿਰ ਹਨ।

ਸਿੱਖਿਆ ਬੋਰਡ ਨੇ ਬਣਾਇਆ ‘ਅਪਰੈਲ ਫੂਲ’

ਬਠਿੰਡਾ, 1 ਅਪਰੈਲ  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਕਲਾਸ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੇ ਮਾਮਲੇ ਵਿਚ ਵਿਦਿਆਰਥੀਆਂ ਦਾ ‘ਅਪਰੈਲ ਫੂਲ’ ਬਣਾ ਦਿੱਤਾ। ਸੋਮਵਾਰ ਸਵੇਰੇ ਜਦੋਂ ਸਮਾਜਿਕ ਸਿੱਖਿਆ ਦਾ ਪੇਪਰ ਖੁੱਲ੍ਹਿਆ ਤਾਂ ਵਿਦਿਆਰਥੀ ਪੰਜਾਬ ਦਾ ਨਕਸ਼ਾ ਦੇਖ ਕੇ ਭੰਬਲਭੂਸੇ ਵਿਚ ਪੈ ਗਏ। ਸਿੱਖਿਆ ਬੋਰਡ ਨੇ ਇਸ ਪੇਪਰ ਵਿਚ ਦਸਵੀਂ ਦੇ ਸਿਲੇਬਸ ਦਾ ਨਕਸ਼ਾ ਪਾਉਣ ਦੀ ਥਾਂ ਨੌਵੀਂ ਦਾ ਨਕਸ਼ਾ ਪਾ ਦਿੱਤਾ। ਨਕਸ਼ਾ ਪੰਜ ਨੰਬਰ ਦਾ ਸੀ ਅਤੇ ਵਿਦਿਆਰਥੀ ਹੁਣ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਗਰੇਸ ਨੰਬਰ ਦਿੱਤੇ ਜਾਣ। ਵੇਰਵਿਆਂ ਅਨੁਸਾਰ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ 1947 ਤੋਂ ਪਹਿਲਾਂ ਦੇ ਪੰਜਾਬ ਦਾ ਨਕਸ਼ਾ ਕਰਾਇਆ ਜਾਂਦਾ ਹੈ ਜਦੋਂ ਕਿ ਨੌਵੀਂ ਕਲਾਸ ਦਾ ਸਿਲੇਬਸ ਨਵਾਂ ਹੋਣ ਕਰਕੇ ਵਿਦਿਆਰਥੀ ਪੇਪਰ ਵਿਚ ਆਏ ਨਕਸ਼ੇ ਤੋਂ ਬਿਲਕੁਲ ਅਣਜਾਣ ਸਨ। ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ) ਬਲਜੀਤ ਕੁਮਾਰ ਨੇ ਕਿਹਾ ਕਿ ਇਸ ਬਾਬਤ ਸਿੱਖਿਆ ਬੋਰਡ ਨੂੰ ਜਾਣੂ ਕਰਾ ਦਿੱਤਾ ਜਾਵੇਗਾ।
ਫਿਲੌਰ (ਪੱਤਰ ਪ੍ਰੇਰਕ): ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਪੇਪਰ ’ਚ ਨਕਸ਼ਾ ਗਲਤ ਆਉਣ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਭਾਗੀ ਅਣਗਹਿਲੀ ਕਾਰਨ ਵਿਦਿਆਰਥੀਆਂ ਦਾ ਪੰਜ ਅੰਕਾਂ ਦਾ ਨੁਕਸਾਨ ਹੋ ਗਿਆ ਹੈ। ਮਾਪਿਆਂ ਨੇ ਵਿਦਿਆਰਥੀਆਂ ਨੂੰ ਗਰੇਸ ਵਜੋਂ 5-5 ਵਾਧੂ ਅੰਕ ਦੇਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ,1 ਅਪਰੈਲ ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ ਪੰਜ ਹੋ ਗਈ ਹੈ ਪਰ ਦੋ ਅਹਿਮ ਹਲਕਿਆਂ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਟਿੰਗ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ, ਸਾਬਕਾ ਆਈ.ਏ.ਐੱਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪਟਿਆਲਾ ਹਲਕੇ ਤੋਂ ਰੱਖੜਾ ਦੀ ਟੱਕਰ ਸ਼ਾਹੀ ਘਰਾਣੇ ਦੀ ਉਮੀਦਵਾਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਅਤੇ ‘ਆਪ’ ਦੇ ਬਾਗੀ ਆਗੂ ਤੇ ਸਿਟਿੰਗ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਹੋਵੇਗੀ। ਡਾ. ਗਾਂਧੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਅਤੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ। ਪ੍ਰੋ. ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਤਾਂ ਕਾਫ਼ੀ ਪਹਿਲਾਂ ਹੋ ਚੁੱਕਿਆ ਸੀ ਪਰ ਰਸਮੀ ਐਲਾਨ ਅੱਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਦਰਬਾਰਾ ਸਿੰਘ ਗੁਰੂ ਬਾਰੇ ਵੀ ਕੁਝ ਸਮਾਂ ਪਹਿਲਾਂ ਫੈਸਲਾ ਲੈ ਲਿਆ ਗਿਆ ਸੀ ਪਰ ਰਸਮੀ ਐਲਾਨ ਹੀ ਕਰਨਾ ਬਾਕੀ ਸੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਤੋਂ ਢੁਕਵੇਂ ਉਮੀਦਵਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਫਲਤਾ ਹੱਥ ਨਹੀਂ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਉਡੀਕ ਕਰਨ ਦੀ ਨੀਤੀ ਅਪਣਾਈ ਗਈ ਹੈ।  ਬਠਿੰਡਾ ਤੋਂ ਸਿਟਿੰਗ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਹੈ ਪਰ ਇਹ ਗਿਣਤੀ-ਮਿਣਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਲਈ ਬਠਿੰਡਾ ਤੇ ਫਿਰੋਜ਼ਪੁਰ ਵਿੱਚੋਂ ਕਿਹੜਾ ਹਲਕਾ ਬਿਹਤਰ ਰਹੇਗਾ। ਅਕਾਲੀ ਦਲ ਦੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸ੍ਰੀਮਤੀ ਬਾਦਲ ਨੂੰ ਬਠਿੰਡਾ ਤੋਂ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਹਲਕਾ ਬਦਲਣ ਨਾਲ ਗਲਤ ਸੰਕੇਤ ਜਾਣਗੇ। ਇਸ ਲਈ ਬਾਦਲਾਂ ਨੂੰ ਜਲਦੀ ਫ਼ੈਸਲਾ ਕਰਨਾ ਪਵੇਗਾ।

ਜਥੇਦਾਰ ਨੇ ਦਰਸ਼ਨੀ ਡਿਉਢੀ ਢਾਹੁਣ ਦੀ ਜਾਂਚ ਰਿਪੋਰਟ ਮੰਗੀ

ਅੰਮ੍ਰਿਤਸਰ, 1 ਅਪਰੈਲ   ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਨੁਕਸਾਨੀ ਇਮਾਰਤ ਦੇ ਹਿੱਸੇ ਦੀ ਮੁਰੰਮਤ ਅਤੇ ਇਸ ਦੀ ਸਾਂਭ-ਸੰਭਾਲ ਕਾਰ ਸੇਵਾ ਦੀ ਥਾਂ ਖੁਦ ਕੰਮ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਪੁਰਾਤਨ ਇਮਾਰਤ ਨੂੰ ਰਾਤ ਵੇਲੇ ਢਾਹੁਣ ਦਾ ਯਤਨ ਕੀਤਾ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਅਤੇ ਮੁਅੱਤਲੀ ਦੌਰਾਨ ਉਸ ਨੂੰ ਹਰਿਆਣਾ ਸਥਿਤ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਇਸ ਸਬੰਧੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇਸ ਮਾਮਲੇ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਢਾਹੇ ਜਾਣ ਦੀ ਸਿੱਖ ਜਗਤ ਵਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧ ਸਿੱਖ ਸੰਗਤ ਨੇ ਇਤਰਾਜ਼ ਵੀ ਪ੍ਰਗਟ ਕੀਤੇ ਹਨ ਅਤੇ ਇਮਾਰਤ ਢਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਤੁਰੰਤ ਅਕਾਲ ਤਖ਼ਤ ’ਤੇ ਭੇਜੀ ਜਾਵੇ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਨੂੰ ਮੰਦਭਾਗਾ ਆਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਉਢੀ ਦੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਹੁਣ ਇਹ ਕੰਮ ਸ਼੍ਰੋਮਣੀ ਕਮੇਟੀ ਵਲੋਂ ਖੁਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਮਾਰਤ ਦੇ ਜਿਸ ਹਿੱਸੇ ਨੂੰ ਨੁਕਸਾਨਿਆ ਗਿਆ ਹੈ, ਉਸ ਦੀ ਮੁਰੰਮਤ ਅਤੇ ਬਾਕੀ ਹਿੱਸੇ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਖੁਦ ਕਰੇਗੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਸਬੰਧੀ ਕੰਮ ਲੰਬਿਤ ਰੱਖਣ ਦਾ ਮਤਾ ਪਾਸ ਹੋਣ ਦੇ ਬਾਵਜੂਦ ਇਮਾਰਤ ਢਾਹੁਣ ਦਾ ਯਤਨ ਕਿਉਂ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧ ਵਿਚ ਜਾਂਚ ਕਮੇਟੀ ਨੂੰ ਜਲਦੀ ਰਿਪੋਰਟ ਸੌਂਪਣ ਵਾਸਤੇ ਆਖਿਆ ਹੈ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਸਾਬਕਾ ਕੌਂਸਲਰ ਅਮਰਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਨਾਂ ਜਾਰੀ ਕੀਤੇ ਪੱਤਰ ਵਿਚ ਆਖਿਆ ਕਿ ਦਰਸ਼ਨੀ ਡਿਉਢੀ ਢਾਹੁਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟਤਾ ਨਾਲ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਡਿਉਢੀ ਤੋੜਣ ਤੋਂ ਰੋਕਿਆ ਸੀ ਤਾਂ ਢਾਹੁਣ ਵਾਲਿਆਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਨਿਰਦੋਸ਼ ਹੈ ਤਾਂ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹੇ ਕਰੇ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਵੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।

ਪਿੰਡ ਸਹੌਲ਼ੀ ਦੇ ਪ੍ਰਾਇਮਰੀ ਸਕੂਲ ਵਿਖੇ ਸਭਿਆਚਾਰਕਪ੍ਰੋਗਰਾਮ

ਸੁਧਾਰ-(ਮਨਜਿੰਦਰ ਗਿੱਲ )- 5 ਅਪ੍ਰੈਲ 2019 ਦਿਨ ਸ਼ੁਕਰਵਾਰ ਨੂੰ ਪਿੰਡ ਸਹੌਲ਼ੀ(ਲੁਧਿਆਣਾ) ਦੇ ਪ੍ਰਾਇਮਰੀ ਵਿਖੇ ਬੱਚਿਆਂ ਦੀਆਂ ਸੁਪਇਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਦਿਦੇ ਹੈਡ ਅਧਿਆਪਕ ਹਰਦਿਆਲ ਸਿੰਘ ਲਿਟ ਨੇ ਦੱਸਿਆ ਕਿ ਪਿਛਲੇ 20 ਮਾਰਚ ਤੋਂ ਸਕੂਲ਼ ਵਿਖੇ ਲਗਤਾਰ ਬਚਿਆ ਦੀਆਂ ਸੁਪਿਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਕੈਂਪ ਲਾਇਆ ਜਾ ਰਿਹਾ ਹੈ।ਜਿਸ ਦੀ ਸਮਾਪਤੀ 3 ਅਪ੍ਰੈਲ ਨੂੰ ਹੈ ਜਿਸ ਦੇ ਸਬੰਧ ਵਿਚ 5 ਅਪ੍ਰੈਲ ਦੀਨ ਸ਼ੁਕਰਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਡਾ ਹਰਦਿਆਲ ਸਿੰਘ ਬਰਾੜ ਕਰਨ ਗੇ ਏਟ ਮੁੱਖ ਮਹਿਮਾਨ ਪ੍ਰੋ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇੰਡੀਆ ਹੋਣਗੇ।ਬਚਿਆ ਦੀ ਹੌਸਲਾ ਅਫਜਾਈ ਲਈ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲਿਆ ਜਾਵੇ।ਮੁੱਖ ਪ੍ਰਬੰਧਕ ਸ ਗੁਰਪ੍ਰੀਤ ਸਿੰਘ ਹੈਡ ਅਧਿਆਪਕ ਸਮੂਹ ਸਟਾਫ ਅਤੇ ਸ ਹਰਵਿਦਰ ਸਿੰਘ ਬਰਾੜ।