You are here

ਸਾਹਿਤ

ਮਾਲਕ ਅੱਗੇ ਅਰਦਾਸ ✍️ ਰਮੇਸ਼ ਕੁਮਾਰ ਜਾਨੂੰ

ਕੁਝ ਗੀਤ ਲਿਖੇ ਨੇ ਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ
ਜ਼ਿੰਦ ਕੋਮ ਦੇ ਲੇਖੇ ਲਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਮੈਂ ਸਭ ਦੀ ਸੁਣਦਾ ਰਹਿੰਦਾ ਹਾਂ
ਅਜੇ ਮੋਕਾ ਆਉਣਾ ਬੋਲਣ ਦਾ
     ਕੋਈ ਆਪਣੀ ਗੱਲ ਸੁਣਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਕੁਝ ਫਰਜ਼ ਅਜੇ ਵੀ ਬਾਕੀ ਨੇ
ਕੁਝ ਕਰਜ਼ ਚੁਕਾਉਣੇ ਪੈਣੇ ਨੇ
      ਇਹ ਭਾਰ ਵੀ ਸਿਰ ਤੋਂ ਲਾਹ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

ਚੰਨ ਉੱਤੇ ਧਰ ਕੇ ਪੈਰਾਂ ਨੂੰ
ਮੈਂ ਤੱਪਦਾ ਸੂਰਜ ਫੜਨਾ ਏ
     ਜੇ ਹਾਰ ਕੇ ਵਾਪਸ ਆ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਅਜੇ ਸੁਪਨੇ ਕਈ ਅਧੂਰੇ ਨੇ
ਜੋ ਵੇਖੇ ਖੁਲੀਆਂ ਅੱਖਾਂ ਨੇ
     ਇੱਕ ਦਿਲ ਦੀ ਰੀਝ ਪੁਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਰਮੇਸ਼ ਨੇ ਇੱਕ ਦਿਨ ਮਰ ਜਾਣਾ
ਜਾਨੂੰ ਨੇ ਜ਼ਿੰਦਾ ਰਹਿਣਾ ਏ
      ਕੁਝ ਅੱਖਰ ਝੋਲੀ ਪਾ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

       ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਮੈ ਆਪਣਾ ਘਰ ਕਿਸ ਨੂੰ ਕਹਾਂ ✍️ ਸੰਦੀਪ ਦਿਉੜਾ

ਮੈ ਆਪਣਾ ਘਰ ਕਿਸ ਨੂੰ ਕਹਾਂ

ਮੈ ਆਪਣਾ ਘਰ ਕਿਸ ਨੂੰ ਕਹਾਂ।

 

ਬੂਹੇ ਅੱਗੇ ਸਹੇਲੀਆਂ ਸੰਗ ਖੇਡਦੀ  ਨੂੰ,

ਇੱਕ ਦਿਨ ਮਾਂ ਨੇ ਕਿਹਾ  ਉੱਠ ਧੀਏ ਘਰ ਚੱਲ!

ਮੈ ਬੂਹੇ 'ਚ ਖੜ ਕੇ ਤੱਕਦੀ ਰਹਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਜਵਾਨ ਹੋਈ ਕੁਝ ਸਮਝਣ ਲੱਗੀ

ਕਿ ਮੇਰਾ ਆਪਣਾ ਘਰ ਹੈ,

ਪਰ ਮਜਬੂਰ ਹੋਏ ਮਾਪਿਆਂ ਨੇ

ਡੋਲੀ ਪਾ ਕੇ ਤੋਰਤੀ ਅਗਾਂਹ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਸਹੁਰੇ ਘਰ ਆਈ ਮੈਨੂੰ ਜਾਪਿਆ

ਕਿ ਇਹ ਮੇਰਾ ਆਪਣਾ ਘਰ ਹੈ,

ਕੁਝ ਚਿਰ ਬੀਤਿਆ ਸੱਸ ਨੇ ਮਜਬੂਰ ਕੀਤਾ

ਮੈ ਆਪਣਾ ਚੁੱਲ੍ਹਾ ਅਲੱਗ ਧਰਾ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਅਲੱਗ ਹੋਈ ਇਸ ਆਸ ਵਿੱਚ

ਕਿ ਮੇਰਾ ਆਪਣਾ ਘਰ ਹੋਏਗਾ,

ਪੁੱਤ ਜਵਾਨ ਹੋਏ ਘਰ ਨੂੰਹਾਂ ਆਈਆਂ

ਘਰ 'ਚ ਰਹੀ ਨਾ ਮੇਰੀ ਥਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ।

 

ਸਾਰੀ ਉਮਰ 'ਚ ਘਰ ਨਹੀ ਬਣਦਾ

ਇੱਕ ਔਰਤ ਦੀ ਮੈ ਗੱਲ ਕਹਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ

ਮੈ ਆਪਣਾ ਘਰ ਕਿਸ ਨੂੰ ਕਹਾਂ।

                    ਸੰਦੀਪ ਦਿਉੜਾ

                  8437556667

ਅੱਜ ਔਰਤ ਦਿਵਸ ਤੇ ✍️ ਰਣਜੀਤ ਸਿੰਘ ਸੋਹੀ

ਕਹਿੰਦੇ ਜੱਗ ਜਨਨੀ ਹੈ ਨਾਰੀ
ਇਸ ਵਰਗਾ ਨਹੀਂ ਤਿਆਗੀ ਕੋਈ
ਨਾ  ਹੀ  ਹੈ  ਕੋਈ  ਪਰ ਉਪਕਾਰੀ
ਕਹਿੰਦੇ ਜੱਗ ਜਨਨੀ ਹੈ ਨਾਰੀ।
   ਭੈਣ ਬਣੇ ਤਾਂ ਵੀਰੇ ਤਾਈਂ
   ਸਾਮ ਸਵੇਰੇ ਪਿਆਰ ਜਤਾਉਂਦੀ
   ਵੀਰੇ  ਉਤੋਂ  ਜਾਨ  ਵਾਰਦੀ
   ਉਸਦੇ  ਸੌ-ਸੌ  ਸ਼ਗਨ ਮਨਾਉਂਦੀ
   ਰੱਖੜੀ, ਸਿਹਰਾ, ਜੌਂ  ਬੰਨਦੀ
   ਵੀਰੇ  ਨੂੰ ਲੱਗਦੀ  ਹੈ  ਪਿਆਰੀ
   ਕਹਿੰਦੇ ਜੱਗ ਜਨਨੀ.............
ਧੀ  ਹੋਵੇ ਤਾਂ  ਮਾਂ  ਬਾਪ ਦੀ
ਸੇਵਾ ਕਰਦੀ  ਚਾਈਂ-ਚਾਈਂ
ਮਾਂ  ਬਾਪ  ਨੂੰ  ਕੰਡਾ  ਵੱਜੇ
ਚੀਸ਼ ਪਵੇ ਧੀ ਦੇ ਦਿਲ ਤਾਈਂ
ਮਾਂ  ਬਾਪ  ਨੂੰ  ਪੀੜ  ਹੋਂਵਦੀ
ਜ਼ੁਲਮ ਸਹੇ ਜਦ ਧੀ ਵਿਚਾਰੀ
ਕਹਿੰਦੇ ਜੱਗ ਜਨਨੀ..........  
 ਪਤਨੀ ਫਣ ਕੇ ਫਰਜ਼ ਨਿਭਾਉਂਦੀ
 ਪਤੀ  ਦੇ  ਮੋਢੇ  ਨਾਲ  ਖੜੋਵੇ
 ਕਿਧਰੇ  ਸ਼ਾਹਣੀ  ਕੌਲਾਂ  ਬਣਕੇ
 ਵਿੱਚ ਪ੍ਰੀਖਿਆ  ਪਾਸ ਵੀ ਹੋਵੇ
 ਚੁੱਲ੍ਹਾ  ਪੈਰਾਂ  ਦਾ  ਬਣਾਕੇ
 ਰੋਟੀ ਲਾਹੁੰਦੀ  ਕਰਮਾ  ਮਾਰੀ
ਕਹਿੰਦੇ ਜੱਗ ਜਨਨੀ..........  
 ਮਾਂ ਦਾ ਰੂਪ ਵੀ ਘੱਟ ਨਾਂ ਕੋਈ
 ਦਿਲ  ਬੋਲਦਾ  ਹੱਥ  ਤੇ  ਧਰਿਆ
 ਤੈਨੂੰ ਪੁਤਰਾ ਸੱਟ ਜੇ ਲੱਗ ਗਈ
 ਇਹ  ਜਾਣਾ ਨਹੀਂ ਮੈਥੋਂ ਜਰਿਆ
  ਮਾਂ ਦਾ ਕੱਢਿਆ ਦਿਲ ਸੀ ਬੇਸ਼ੱਕ
 
ਪੁੱਤਰ  ਤੋਂ  ਜਾਵੇ  ਬਲਿਹਾਰੀ
  ਕਹਿੰਦੇ ਜੱਗ ਜਨਨੀ ..........
  ਕੁੱਖਾਂ  ਦੇ  ਵਿੱਚ  ਮਾਰੀ  ਜਾਂਦੀ
  ਵਿੱਚ   ਤੰਦੂਰਾਂ   ਸਾੜੀ   ਜਾਂਦੀ
  ਦਾਜ  ਦੀ ਖਾਤਰ ਇਹ ਇਸਤਰੀ
  ਬਲੀ  ਦਾਜ  ਦੀ  ਚਾੜ੍ਹੀ  ਜਾਂਦੀ
  ਸ਼ਹਿਰਾਂ ਦੇ ਵਿੱਚ ਹਰ ਪਲ ਵਿਕਦੀ
  ਇਸਦੀ  ਇੱਜ਼ਤ  ਸਰੇ  ਬਜਾਰੀਂ
  ਕਹਿੰਦੇ ਜੱਗ ਜਨਨੀ.............
  ਬਹਿਸਾਂ  ਕਰਦੇ  ਝਗੜੇ  ਕਰਦੇ
  ਜਦੋਂ  ਮਰਦ  ਇੱਕ  ਦੂਜੇ  ਤਾਈਂ
  ਚੌਂਕਾ  ਦੇ  ਵਿੱਚ  ਗਾਲਾਂ  ਕੱਢਦੇ
  ਮਾਵਾਂ  ਧੀਆਂ  ਭੈਣਾਂ  ਤਾਈਂ
  ਕਸੂਰ  ਕੀ  ਕੀਤਾ ਇਸਤਰੀਆਂ ਨੇ
  ਕਦੇ  ਵੀ  ਨਾ ਇਹ ਗੱਲ ਵਿਚਾਰੀ
  ਕਹਿੰਦੇ ਜੱਗ ਜਨਨੀ ਹੈ ............
  ਬੁਰਾ  ਨਾ  ਬੋਲੋ  ਇਸਤਰੀਆਂ ਨੂੰ
  'ਸੋਹੀ'  ਦਾ  ਬੱਸ ਇਹ ਹੀ ਕਹਿਣਾ
  ਦੇਸ਼  ਨਾ  ਚੱਲਣਾ  ਬਿਨ  ਨਾਰੀ ਦੇ
  ਇਹ  ਤਾਂ  ਹੁਣ  ਮੰਨਣਾ  ਹੀ  ਪੈਣਾ
  ਤਾਹੀਉਂ ਤਾਂ ਗੁਰੂ ਨਾਨਕ ਜੀ ਨੇ,
  ਕੀਤਾ ਹੈ ਫੁਰਮਾਨ।
  ਸੋ  ਕਿਉਂ  ਮੰਦਾ  ਆਖੀਐ ,
  ਜਿਤੁ  ਜੰਮੈ  ਰਾਜਾਨ।
  ਇੱਜ਼ਤ  ਦੇ  ਨਾਲ  ਬੋਲੋ  ਇਸਨੂੰ
  ਔਰਤ  ਇੱਜ਼ਤ  ਦੀ  ਅਧਿਕਾਰੀ
  ਕਹਿੰਦੇ  ਜੱਗ  ਜਨਨੀ  ਹੈ  ਨਾਰੀ
  ਇਸ ਵਰਗਾ ਨਹੀਂ ..........

ਲੇਖਕ :-ਰਣਜੀਤ ਸਿੰਘ ਸੋਹੀ

 

ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ ਹੀ ਨਾਮੁਮਕਿੰਨ ਹੈ। ਦੁਨੀਆਂ ਵਿੱਚ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਾਇਦ ਔਰਤਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੋਵੇ ਕਿ ਦੁਨੀਆਂ ਔਰਤ ਦਿਵਸ ਨੂੰ ਮਨਾਉਣ ਲਈ ਮਾਨਤਾ ਦਿੰਦੀ ਹੈ ਅਤੇ ਐਨੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ। ਔਰਤਾਂ ਵੀ ਹਰ ਕੰਮ ਵਿੱਚ ਅੱਗੇ ਹੋ ਕੇ ਕੰਮ ਕਰਦੀਆਂ ਹਨ। ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਪੜਾਈ, ਲਿਖਾਈ, ਘਰ ਦੇ ਕੰਮ, ਬਾਹਰ ਦੇ ਕੰਮ ਔਰਤਾਂ ਕਰਦੀਆਂ ਹਨ। ਪ੍ਰੀਵਾਰਾਂ ਦੀ ਦੇਖ ਭਾਲ, ਬੱਚਿਆਂ ਦੀ ਦੇਖ ਭਾਲ, ਜੌਬ ਹਰ ਕੰਮ ਦੌੜ ਭੱਜ ਕੇ ਖੁਸ਼ ਹੋ ਕੇ ਕਰਦੀਆਂ ਹਨ। ਔਰਤ ਦਿਵਸ ਦੇ ਇਤਿਹਾਸ ਅਨੁਸਾਰ ਇਸ ਦਿਨ ਨੂੰ ਇਸ ਲਈ ਮਨਾਉਣਾ ਸ਼ੁਰੂ ਕੀਤਾ ਸੀ ।ਕਿਉਂਕਿ ਔਰਤਾਂ ਨੇ ਵੀ  ਉਸ ਸਮੇਂ ਵਿੱਚ ਆਰਥਿਕ, ਰਾਜਨੀਤਕ, ਸਮਾਜਿਕ ਖੇਤਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ।ਔਰਤਾਂ ਦਾ ਯੋਗਦਾਨ ਵਿਰਸੇ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ, ਸੁਸਾਇਟੀ ਵਿੱਚ ਵਧੀਆ ਯੋਗਦਾਨ ਪਾਉਣ ਲਈ ਔਰਤਾਂ ਲਈ ਸਾਲ ਵਿੱਚ ਇਹ ਇੱਕ ਦਿਨ ਚੁਣਿਆ ਗਿਆ ਅਤੇ ਜਿਸਨੂੰ  ਔਰਤ ਦਿਵਸ ਕਹਿ ਕੇ ਮਾਨਤਾ ਦਿੱਤੀ ਗਈ।
  ਔਰਤ ਦਿਵਸ history. com ਅਨੁਸਾਰ ਔਰਤਾਂ ਵੱਲੋਂ ਸਮਾਜਿਕ ਖੇਤਰ, ਆਰਥਿਕ ਖੇਤਰ, ਕਲਚਰ ਵਿੱਚ ਅਤੇ ਸੁਸਾਇਟੀ ਦੇ ਲਈ ਪਾਏ ਯੋਗਦਾਨ ਕਰਕੇ ਸਭ ਤੋਂ ਪਹਿਲੀ ਵਾਰ 8 ਮਾਰਚ ਸੰਨ 1911 ਵਿੱਚ ਪਹਿਲੀ ਵਾਰ ਕਈ ਦੇਸ਼ਾਂ ਵੱਲੋਂ ਛੁੱਟੀ ਕਰਕੇ ਉੱਚੀ ਪੱਧਰ ਨਾਲ ਮਨਾਇਆ ਗਿਆ। ਔਰਤਾਂ ਨੂੰ ਤੋਹਫ਼ੇ ਅਤੇ ਫੁੱਲ ਵੀ ਮਾਣ ਦੇ ਤੌਰ ਤੇ ਭੇਂਟ ਕੀਤੇ ਗਏ। ਯੂਨਾਈਟਡ ਨੇਸ਼ਨ ( United Nation) ਸੰਨ 1975 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਪੌਂਸਰ ਕਰ ਰਿਹਾ ਹੈ। ਜਦੋਂ ਇਸ ਦਿਨ ਨੂੰ ਮਾਨਤਾ ਦੇ ਨਾਲ ਮਨਾਇਆ ਜਾਣ ਲੱਗਾ। ਫੇਰ ਯੂਨਾਈਡ ਨੇਸ਼ਨਜ਼ ਜਨਰਲ ਅਸੈਂਬਲੀ ਇਸ ਦਿਵਸ ਨੂੰ ਮਨਾਉਣ ਦਾ ਇਹ ਵੀ ਕਾਰਨ ਕਹਿ ਰਹੀ ਹੈ ਕਿ ……..
ਸਮਾਜਿਕ ਸ਼ਾਂਤੀ ਕਾਇਮ ਕਰਨਾ, ਸਮਾਜਿਕ ਤਰੱਕੀ ਕਰਨਾ, ਮਨੁੱਖਤਾ ਦੇ ਅਧਿਕਾਰਾਂ ਦਾ ਅਤੇ ਪੂਰਣ ਅਜ਼ਾਦੀ ਦਾ ਪ੍ਰਯੋਗ ਕਰਨਾ, ਖੁਸ਼ੀ ਮਾਨਣਾ, ਔਰਤਾਂ ਵਿੱਚ ਏਕਤਾ ਦਾ ਵਿਕਾਸ ਕਰਨਾ ਆਦਿ। ਔਰਤਾਂ ਦੀ ਏਕਤਾ, ਤਾਕਤ, ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਨੂੰ ਮਾਨਤਾ ਦਿੱਤੀ ਗਈ ਹੈ।
ਦਾ ਨੈਸ਼ਨਲ ਵੋਮਨਜ਼ ਹਿਸਟਰੀ ਅਲਾਂਇੰਸ( The National women’s History Alliance) ਨੇ ਵੋਮੈਨ ਹਿਸਟਰੀ ਮੰਥ( Women History Month) ਮਨਾਉਣੇ ਲਈ ਥੀਮ ਕਰਨ ਦਾ ਅਹੁਦਾ ਸੌਂਪਿਆ ਹੈ ਜਿਸ ਵਿੱਚ ਸਾਲ 2022 ਦਾ ਥੀਮ ਤੇ ਕੰਮ ਕਰਨ ਲਈ ਕਿਹਾ ਹੈ ਜੋ ਥੀਮ ਹਨ “ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ”  ਅਤੇ “ਉਮੀਦ ਨੂੰ ਉਤਸ਼ਾਹਿਤ ਕਰਨਾ” ਹੈ, ਜੋ ਅੰਗਰੇਜ਼ੀ ਵਿੱਚ “Women Providing Healing” and “ Promoting Hope”  ਹਨ। ਇਹ ਥੀਮ
ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰ ਕੇ ਉੱਨਾਂ ਨੂੰ ਸਮਾਜ ਵਿੱਚ ਪਹਿਚਾਣ ਦੇਣਾ ਹੈ (history .com)।
ਕੋਵਿਡ-19 ਦਾ ਦੌਰ ਭਿਆਨਕ ਮਹਾਂਮਾਰੀ ਦਾ ਦੌਰ ਰਿਹਾ। ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਅਤੇ ਪਿੰਡੇ ਤੇ ਹੰਢਾਇਆ। ਇਹ ਸਮਾਂ ਸਾਰੀ ਦੁਨੀਆਂ ਤੇ ਭਾਰੀ ਸਮਾਂ ਸੀ। ਇਸ ਸਮੇਂ ਵਿੱਚ ਵੀ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਤੇ ਖੇਲ ਕੇ, ਆਪਣੇ ਪ੍ਰੀਵਾਰਾਂ ਨੂੰ ਰੋਲ ਕੇ , ਸਾਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਬਚਾਇਆ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਲੰਬੀਆਂ ਸ਼ਿਫਟਾਂ ਤੇ ਬਿਨਾਂ ਅਰਾਮ ਕੀਤਿਆਂ ਲਗਾਤਾਰ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਨਿਭਾਈਆਂ। ਔਰਤਾਂ ਨੇ ਅੱਗੇ ਹੋ ਕੇ ਸੇਵਾਵਾਂ ਨਿਭਾ ਕੇ ਸਾਬਤ ਕਰ ਕੇ ਦਿਖਾ ਦਿੱਤਾ ਕਿ ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ। ਉਮੀਦ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀ ਉਮੀਦ ਨੂੰ ਉਤਸ਼ਾਹਿਤ ਕਰੀਏ। ਜਿਨਾਂ ਨੇ ਕੋਵਿਡ 19 ਦੇ ਭਿਆਨਕ ਦੌਰ ਵਿੱਚ ਦੁਨੀਆਂ ਦੀ ਜਾਨ ਬਚਾਈ ਹੈ। ਸਭ ਦਾ ਵੀ ਫਰਜ਼ ਬਣਦਾ ਹੈ ਕਿ 2022 ਦੇ ਔਰਤ ਦਿਵਸ ਨੂੰ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰੀਏ।
ਇਸੇ ਤਰਾਂ ਪੰਜਾਬ ਵਿੱਚ ਇਸ ਮਹਾਮਾਰੀ ਦੇ ਸਮੇਂ ਵਿੱਚ ਪਿੰਡੇ ਤੇ ਲੂੰ ਕੰਡੇ ਖੜੇ ਕਰਨ ਵਾਲਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ। ਜਿਸ ਵਿੱਚ ਵੀ ਔਰਤਾਂ ਦਿੱਲੀ ਦੇ ਵਾਡਰਾਂ ਤੇ ਪੂਰੇ ਸਾਲ ਤੋਂ ਵੀ ਵੱਧ ਸਮਾਂ ਸੜਕਾਂ ਤੇ ਧਰਨੇ ਦੇ ਕੇ ਕਿਸਾਨਾਂ ਨਾਲ ਬੈਠੀਆਂ ਰਹੀਆਂ ਸਨ। ਅਖੀਰ ਤੱਕ ਪੂਰਾ ਸਾਥ ਦੇ ਕੇ ਕਿਸਾਨਾਂ ਨਾਲ ਜਿੱਤ ਪਾ ਕੇ ਵਾਪਸ ਮੁੜੀਆਂ। ਉਨਾਂ ਦੇ ਹੌਸਲੇ ਪੂਰਾ ਸਾਲ ਬੁਲੰਦ ਰਹੇ। ਉਨ੍ਹਾਂ ਦੇ ਜੈਕਾਰੇ ਵੀ ਉੱਚੀ ਉੱਚੀ ਹਵਾਵਾਂ ਵਿੱਚ ਗੂੰਜਦੇ ਰਹੇ।ਦੁੱਖ ਦੀਆਂ ਕਾਲੀਆਂ ਰਾਤਾਂ ਔਰਤਾਂ ਨੇ ਵੀ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਢਾਈਆਂ। ਸਾਡਾ ਵੀ ਫਰਜ਼ ਬਣਦਾ ਹੈ ਜੋ ਔਰਤਾਂ ਕਿਸਾਨੀ ਸਘੰਰਸ਼ ਦਾ ਹਿੱਸਾ ਬਣ ਕੇ ਜੂਝੀਆਂ ਉਨ੍ਹਾਂ ਨੂੰ ਸਤਿਕਾਰ ਅਤੇ ਦੁਆਵਾਂ ਦਈਏ। ਜਿਨਾਂ ਦੇ ਪੁੱਤਰ, ਪਤੀ, ਪਿਤਾ ਸਘੰਰਸ਼ ਵਿੱਚ ਸ਼ਹੀਦੀਆਂ ਪਾ ਗਏ। ਉਨਾਂ ਲਈ ਦੁਆ ਕਰੀਏ।

ਪੈਰੀਂ ਕੰਡੇ, ਰੋੜ ਤੇ ਪੱਥਰ,
ਬੇਸ਼ੱਕ ਸਿਰ ਤੇ ਬਿਜਲੀਆਂ ਗੜ੍ਹਕਦੀਆਂ।
ਰਾਤਾਂ ਦੀਆਂ ਹਨ੍ਹੇਰੀਆਂ ਤੇ ਤੁਫ਼ਾਨ ਦੇਖੇ,
ਪਿੰਡੇ ਤੇ ਝੱਲੀਆਂ ਧੁੱਪਾਂ ਵੀ ਕੱੜਕਦੀਆਂ।

ਔਰਤ ਨੂੰ ਹਰ ਸਮਾਜ ਵਿੱਚ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।ਅੱਜ ਦੀ ਔਰਤ ਚੰਦ ਤੇ ਪਹੁੰਚ ਚੁੱਕੀ ਹੈ। ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਔਰਤ ਨੂੰ ਔਰਤ ਦਾ ਪਿਆਰ, ਸਤਿਕਾਰ ਕਰਨਾ ਬੜਾ ਜਰੂਰੀ ਹੈ। ਆਪਸੀ ਪਿਆਰ ਮਿਲਵਰਤਣ ਦਾ ਜਜ਼ਬਾ ਅੰਦਰ ਹੋਣਾ ਚਾਹੀਦਾ ਹੈ। ਦੁਨੀਆਂ ਦੀ ਹਰ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈ। ਹਰ ਔਰਤ ਨੂੰ ਉਸਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਜੋ ਉਹ ਆਪਣਾ ਜੀਵਨ ਖੁਸ਼ੀਆਂ ਭਰਿਆ ਬਸ਼ਰ ਕਰ ਸਕੇ।
…….ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਹੋਵੇ………
-- ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰੂਸ ਯੂਕਰੇਨ ਦੀ ਲੜਾਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਗੋਲਿਆਂ ਤੇ ਤੋਪਾਂ ਨਾਲ ਮਸਲਾ ਉਲਝ ਜਾਏ,

ਗੱਲ ਬਾਤ ਨਾਲ ਹੋਣਾ ਬੈਠ ਕੇ ਹੀ ਹੱਲ ਜੀ।

ਇਨਸਾਨੀਅਤ ਦੇ ਕਾਤਲ ਬਣੀ ਜਾਂਦੇ ਹਨ ਦੇਸ਼ ਦੋਵੇਂ,

ਬਣਾਉਣੀ ਚਾਹੁੰਦੇ ਦੁਨੀਆਂ ਚ ਫੋਕੀ ਐਵੇਂ ਭੱਲ ਜੀ।

ਦੋਹਾਂ ਦੀ ਹੀ ਆਕੜ ਚ ਨਹੁੰ ਨਹੀਂਓਂ ਖੁੱਭਦਾ ਹੈ,

ਇੱਕ ਧਿਰ ਨਿਉਂ ਜਾਏ ਤਾਂ ਬਣ ਜਾਣੀ ਗੱਲ ਜੀ।

ਵੱਡਿਆਂ ਦੇ ਨਾਲ ਨਾਲ ਮਾਸੂਮੀਅਤ ਵੀ ਵੀ ਮਰੀ ਜਾਂਦੀ,

ਚਾਰੇ ਪਾਸੇ ਦੁਨੀਆਂ ਚ ਮੱਚੀ ਪਈ ਤਰਥੱਲ ਜੀ।

ਤੀਜੀ ਵਰਲਡ ਵਾਰ ਨਾ ਬਣ ਜਾਏ ਲੜਾਈ ਇਹੇ,

ਆਓ ਸੱਚੇ ਪਾਤਸ਼ਾਹ ਨੂੰ ਕਰੀਏ ਦੁਆਵਾਂ ਜੀ।

ਸੁੱਖ ਸ਼ਾਂਤੀ ਰਹੇ ਭਾਈਚਾਰਕ ਵੀ ਸਾਂਝ ਬਣੇ,

ਮਿਠਤੁ ਪਿਆਰ ਵਾਲੀਆਂ ਗੂੰਜਣ ਫਿਜ਼ਾਵਾਂ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 

ਬਦਫੈਲੀਆਂ! ✍️ ਸਲੇਮਪੁਰੀ ਦੀ ਚੂੰਢੀ

 ਬਦਫੈਲੀਆਂ!
- ਉਹ  ਜਿੱਤ ਕੇ
ਆਪਣੇ ਹਿੱਤਾਂ ਲਈ
ਥੋਡੇ ਹੱਕਾਂ ਨਾਲ
ਬਦਫੈਲੀਆਂ ਕਰਨਗੇ!
ਕਦਮ ਕਦਮ 'ਤੇ 
ਚਲਾਕੀਆਂ ਕਰਨਗੇ! 
ਕਿਉਂਕਿ - 
ਅਜਿਹਾ ਕਰਨਾ 
ਉਨ੍ਹਾਂ ਦੇ ਖੂਨ
ਦਾ ਸੁਭਾਅ
ਬਣ ਚੁੱਕਿਆ!
- ਸੁਖਦੇਵ ਸਲੇਮਪੁਰੀ
09780620233
6 ਮਾਰਚ, 2022.

ਬੋਦੀ ਵਾਲਾ ਤਾਰਾ! ✍️ ਸਲੇਮਪੁਰੀ ਦੀ ਚੂੰਢੀ

ਸੱਥਾਂ  ਵਿਚ                        
 ਚਰਚੇ ਨੇ
ਕਿ-
10 ਮਾਰਚ ਨੂੰ  
ਗੋਡੀ ਲਾ ਕੇ
  ਬੋਦੀ ਵਾਲਾ ਤਾਰਾ
ਚੜ੍ਹ ਸਕਦੈ!
ਜੇ ਚੜ੍ਹ ਗਿਆ
 ਭਾਵਨਾਵਾਂ
ਵਲੂੰਧਰੀਆਂ
ਜਾਣਗੀਆਂ!
ਬਦ-ਸ਼ਗਨੀਆਂ
 ਹੋਣਗੀਆਂ!
ਉਦਾਸੀਆਂ
ਘੁੰਮਣ ਘੇਰੀਆਂ ਪਾਉਣਗੀਆਂ!
ਕਿਉਂਕਿ -
ਜੇ ਕਬੱਡੀ ਦੇ ਪਾੜੇ ਵਿਚ
ਕਿਸੇ ਟੀਮ ਦੇ
 ਖਿਡਾਰੀ
ਥੁੜ੍ਹਨਗੇ ਤਾਂ
 ਕਮਾਈਆਂ
ਅਜਾਈਂ  ਜਾਣਗੀਆਂ !
 ਚਾਵਾਂ ਨੂੰ
ਲਕਵਾ ਮਾਰੇਗਾ !
 ਰੀਝਾਂ ਨੂੰ
ਸੱਪ ਸੁੰਘਣਗੇ!
 ਖੁਸ਼ੀਆਂ
 ਕਤਲ ਹੋਣਗੀਆਂ !
ਉਹ,
 ਜਾਂ ਉਹ,
ਜਾਂ ਉਹ!
ਟੀਮ  ਲਈ
ਨਿਪੁੰਸਕ ਜਮੀਰਾਂ ਵਾਲੇ ,
 ਬਾਹਰੀ ਖਿਡਾਰੀ
ਪਾਉਣਗੇ!
ਜੇ ਉਨ੍ਹਾਂ ਨੇ!
ਜਾਂ ਉਨ੍ਹਾਂ ਨੇ!!
ਜਾਂ ਉਨ੍ਹਾਂ ਨੇ!!!
ਨਕਾਰੇ
 ਖਿਡਾਰੀ ਪਾਏ
ਤਾਂ ਉਦਾਸ ਨਾ ਹੋਣਾ
ਤੁਸੀਂ ਰੋਕਣਾ!
ਤੁਸੀਂ ਟੋਕਣਾ!
 ਤੁਸੀਂ ਵਰਜਣਾ!
ਉੱਚੀ ਗਰਜਣਾ!
ਤਾਂ ਜੁ ਕੋਈ
 ਭਾਵਨਾਵਾਂ ਨਾਲ
ਖਿਲਵਾੜ ਨਾ ਕਰੇ!
 ਬੀਜੀ ਫਸਲ ਬਰਬਾਦ ਨਾ ਕਰੇ!
ਹਾਂ -
ਇੱਕ ਗੱਲ ਹੋਰ
ਯਾਦ ਰੱਖਿਓ!
ਜੇ ਸਬੱਬ ਨਾਲ
ਧਰੂ ਤਾਰਾ ਚਮਕ ਉੱਠਿਆ!
 ਕਿਸੇ ਟੀਮ ਵਿਚ
 ਖਿਡਾਰੀ ਪੂਰੇ ਹੋਏ
 ਤਾਂ ਵੀ
ਸੌਂ ਨਾ ਜਾਣਾ!
ਰੌਲਾ ਪਾਣਾ!
ਚੁੱਪ ਨਾ ਬੈਠਣਾ!
ਚੌਕਸ  ਰਹਿਣਾ!
ਤਾਂ ਜੋ -
ਥੋਡੀ ਉਂਗਲੀ 'ਤੇ
ਲੱਗੀ ਸਿਆਹੀ
ਦੀ ਹੱਲਾਸ਼ੇਰੀ ਨਾਲ
ਝੰਡੀ ਜਿੱਤ ਕੇ
ਜੇਤੂ ਬਣੀ ਟੀਮ  
ਥੋਡੇ ਹੱਕਾਂ 'ਤੇ
ਥੋਡੇ ਹਿੱਤਾਂ 'ਤੇ
 ਡਾਕੇ ਮਾਰਕੇ
ਲੁੱਟੀੰਦੀ ਨਾ ਰਹੇ!
ਪੁਲਿਸ ਤੋਂ
ਕੁੱਟੀਂਦੀ ਨਾ ਰਹੇ!
ਇਸੇ ਲਈ -
ਚੁੱਪ ਨਾ ਬਹਿਣਾ!
ਜੁਲਮ ਨਾ ਸਹਿਣਾ!
ਜਾਗਦੇ ਰਹਿਣਾ!!
 ਬਈ ਜਾਗਦੇ ਰਹਿਣਾ!!!
ਹਾਂ, ਜਾਗਦੇ ਰਹਿਣਾ!
-ਸੁਖਦੇਵ ਸਲੇਮਪੁਰੀ
09780620233
4 ਮਾਰਚ, 2022.

ਜੋਬਨ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ ।
ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ ।

ਕਹਿੰਦੇ ਸੀ  ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ
ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ।

ਫੇਰ ਦੁਨੀਆਂਦਾਰੀ ਦੀ ਸ਼ੁੱਧ ਬੁੱਧ ਨਹੀਉਂ ਰਹਿੰਦੀ ਯਾਰੋ
ਜਦੋਂ ਜੋਬਨ ਬੋਲਦਾ ਏ ਸਿਰ ਦੇ ਉੱਤੇ ਚੜ ਕੇ।

ਸਭ ਤੋਂ ਉੱਚੇ ਪਰਬਤ ਉੱਤੇ ਭਾਵੇਂ ਆਪਣੇ ਮਹਿਲ ਬਣਾ
ਆਖਿਰ ਮਿੱਟੀ ਦੀ ਢੇਰੀ ਹੋਣਾ ਅੱਗ ਚ ਸੜ ਕੇ ।

ਕੱਲ੍ਹ ਮੇਰੇ ਨਿੱਕੇ ਜਿਹੇ ਦੁੱਖ ਤੇ ਸਭ ਕੁਰਲਾਉਂਦੇ ਸੀ
ਕਿਸੇ ਲਈ ਨਾ ਸਾਰ ਮੇਰੀ ਹਾਕਾਂ ਮਾਰੀਆਂ ਪਾਰ ਖੜਕੇ ।

"ਸ਼ਾਇਰ "ਨੂੰ ਕਿੰਨੀ ਵਾਰੀ ਸਮਝਾਇਆ ਦੁੱਖ ਰੋਇਆ ਨਾ ਕਰ
ਜ਼ਿੰਦਗੀ ਚਾਰ ਦਿਨਾਂ ਦੀ  ਕੱਟ ਲੈ ਖੁਸ਼ੀ -2 ਲੈਣਾ  ਕੀ ਲੜਕੇ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪੰਜਾਬੀ ਪੈਂਤੀ ਅੱਖਰੀ ਦੋਹੇ ✍️ ਜਸਵੀਰ ਸ਼ਰਮਾਂ ਦੱਦਾਹੂਰ

ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ ।

ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।।

ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ ।

ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।।

ਈੜੀ: ਇੱਕ ਇੱਕ ਕਰਕੇ ਜਾਂਵਦੇ, ਟੁੱਟਦੇ ਰਿਸ਼ਤੇ ਸਾਰੇ।

ਬਿਪਤਾ ਪਵੇ ਜੇ ਆ ਸਿਰ ਉੱਤੇ, ਫਿਰਦੇ ਮਾਰੇ ਮਾਰੇ।।

ਸੱਸਾ:ਸੱਪ ਦੇ ਵਾਂਗ ਹੈ ਡੰਗਦੀ, ਵੇਖੋ ਮਾਇਆ ਰਾਣੀ।

ਇਸ ਸੰਸਾਰ ਦੇ ਅੰਦਰ ਇਹ, ਬਣ ਬੈਠੀ ਪਟਰਾਣੀ।।

ਹਾਹਾ:ਹੱਕ ਨਾ ਮਿਲਦਾ ਓਸ ਨੂੰ, ਜੋ ਵੀ ਹੈ ਹੱਕਦਾਰ।

ਜਰਵਾਣੇ ਲੁੱਟ ਪੁੱਟ ਕੇ, ਜਾਂਦੇ ਮਾਰ ਡਕਾਰ।।

ਕੱਕਾ: ਕਰਨੀ ਭਰਨੀ ਇਥੇ ਈ ਐ, ਅੱਗਾ ਵੇਖਿਆ ਕਿਸ?

ਔਲਾਦ ਨਹੀਂ ਜਿਸਦੀ ਕਹਿਣੇ ਚ, ਚੱਕੀ ਰਿਹਾ ਹੈ ਪਿਸ।।

ਖੱਖਾ:ਖਾਂਦੈ ਹੱਕ ਦੀ ਕਰਕੇ ਜੋ, ਦਸਾਂ ਨਹੁੰਆਂ ਦੀ ਕਾਰ।

ਓਹਦੀ ਸੁਣਦੈ ਦੋਸਤੋ, ਨੇੜੇ ਹੋ ਕਰਤਾਰ।।

ਗੱਗਾ: ਗੱਲ ਗੱਲ ਦੇ ਉੱਤੇ, ਅੜੀ ਪਗਾਉਂਦਾ ਜੋ।

ਨੱਕੋਂ ਬੁੱਲੋਂ ਸਭਨਾਂ ਦਿਓਂ, ਲਹਿ ਜਾਂਦਾ ਹੈ ਓਹ।।

ਘੱਗਾ:ਘਰ ਘਰ ਇੱਕੋ ਅੱਗ ਹੈ, ਕੋਠੇ ਚੜ੍ਹਕੇ ਵੇਖ।

ਬਚਾ ਲੈ ਸਾਨੂੰ ਮਾਲਕਾ, ਰੱਖੀ ਤੇਰੇ ਤੇ ਟੇਕ।।

(।  ) ਇਹਦੇ ਵਾਂਗੂ ਖਾਲੀ ਰਹਿਣਾ, ਆਦਤ ਇਹੇ ਮਾੜੀ।

ਕੰਮ ਹੁੰਦਾ ਇਬਾਦਤ ਦੋਸਤੋ, ਕੰਮ ਨਾ ਰੱਖੋ ਆੜੀ।।

ਚੱਚਾ:ਚੋਰ ਉਚੱਕਾ ਚੌਧਰੀ, ਅੱਜਕਲ੍ਹ ਗੁੰਡੀ ਰੰਨ ਪ੍ਰਧਾਨ।

ਗੱਲੀਂ ਬਾਤੀਂ ਵੇਖਿਆ,ਟਾਕੀ ਲਾਉਣ ਅਸਮਾਨ।।

ਛੱਛਾ:ਛਲ ਕਪਟ ਦੇ ਨਾਲ ਦੋਸਤੋ, ਹੱਥ ਨੂੰ ਹੱਥ ਹੈ ਖਾਵੇ।

ਬੇਈਮਾਨੀ ਭ੍ਰਿਸ਼ਟਾਚਾਰੀ,ਦਿਨੋਂ ਦਿਨ ਵਧਦੀ ਜਾਵੇ।।

ਜੱਜਾ:ਜੋਰ ਨਾ ਚਲਦਾ ਕਿਧਰੇ ਵੀ, ਹੁਣ ਗਰੀਬ ਨਿਮਾਣੇ ਦਾ।

ਹੱਲ ਕੋਈ ਨਾ ਕਰਦਾ ਲੋਕੋ, ਉਲਝੇ ਹੋਏ ਤਾਣੇ ਦਾ।।

ਝੱਝਾ: ਝੁਕਣਾ ਸਿੱਖ ਲੈ ਬੰਦਿਆ, ਪੜ੍ਹ ਸੁਣ ਤੂੰ ਗੁਰਬਾਣੀ।

ਜੀਵਨ ਸਫ਼ਲ ਬਣਾ ਲੈ ਵੀਰਾ, ਕਮੀ ਕੋਈ ਨਾ ਆਣੀ।।

(   )ਇਸ ਅੱਖਰ ਦੇ ਵਾਂਗੂੰ ਖਾਲੀ, ਰਹਿ ਨਾ ਜਾਇਓ ਯਾਰੋ।

ਕਰੋ ਭਲਾਈ ਨਾਮ ਜਪੋ ਤੇ,ਮੈਂ ਮੇਰੀ ਨੂੰ ਮਾਰੋ।।

ਟੈਂਕਾ:ਟੌਹਰ ਬੇਗਾਨੀ ਵੇਖ ਕੇ, ਭੁੱਲ ਨਾ ਜਾਇਓ ਔਕਾਤ।

ਰਜ਼ਾ ਚ ਰਾਜ਼ੀ ਰਹਿਣਾ ਸਿੱਖੀਏ, ਜੋ ਜ਼ਿੰਦਗੀ ਦੀ ਸੌਗਾਤ।।

ਠੱਠਾ:ਠਾਰ ਹੈ ਦਿੰਦੀ ਦਿਲਾਂ ਨੂੰ, ਬੋਲੋ ਮਿਠੜੀ ਬੋਲੀ।

ਐਸੇ ਬੋਲੋ ਬੋਲ ਜ਼ੁਬਾਨੋਂ, ਜਿਉਂ ਹੋਵੇ ਮਿਸ਼ਰੀ ਘੋਲੀ।।

ਡੱਡਾ: ਡੋਰਾਂ ਸੁੱਟ ਰੱਬ ਦੇ ਉੱਤੇ,ਓਹਦਾ ਬਣਕੇ ਬਹਿਜਾ।

ਛੱਡ ਕੇ ਚਿੰਤਾ ਝੋਰਾ ਸੱਜਣਾ, ਨੇਕੀ ਖੱਟ ਕੇ ਲੈ ਜਾ।।

ਢੱਡਾ:ਢੋਰ ਗਵਾਰਾਂ ਵਾਲੀ ਸੰਗਤ, ਵੀਰੋ ਕਦੇ ਨਾ ਕਰੀਏ।

ਚੱਲੀਏ ਸਦਾ ਸਚਾਈ ਉੱਤੇ, ਰੱਬ ਤੋਂ ਸਦਾ ਹੀ ਡਰੀਏ।।

ਣਾਣਾ:ਣਾਣੇ ਵਾਂਗੂੰ ਲੋੜ ਪੈਣ ਤੇ, ਵਰਤਣ ਵਾਲਿਓ ਯਾਰੋ।

ਗਰਜ਼ ਪੈਣ ਤੇ ਯਾਦ ਹੋਂ ਕਰਦੇ,ਕੁੱਝ ਤਾਂ ਸੋਚ ਵਿਚਾਰੋ?

ਤੱਤਾ: ਤੂੰ ਤੂੰ ਮੈਂ ਮੈਂ ਜਿਹੜੇ ਘਰ ਵਿੱਚ, ਨਿੱਤ ਈ ਹੁੰਦੀ ਰਹਿੰਦੀ।

ਨਰਕ ਦੇ ਵਾਂਗ ਜਿੰਦਗੀ ਲੰਘੇ, ਬਰਕਤ ਕਦੇ ਨਾ ਪੈਂਦੀ।।

ਥੱਥਾ: ਥੁੱਕ ਕੇ ਚੱਟਣ ਵਾਲਿਆਂ ਦੇ, ਲੱਗਿਓ ਨਾ ਕਦੇ ਨੇੜ।

ਪ੍ਰਛਾਵਾਂ ਓਹਨਾਂ ਦਾ ਪਵੇ ਨਾ, ਲਿਆ ਜੋ ਬੂਹਾ ਭੇੜ।।

ਦੱਦਾ: ਦੁੱਖ ਨਿਵਾਰੇ ਨਾਮ ਪ੍ਰਭੂ ਦਾ, ਉਸ ਨੂੰ ਜਪਦੇ ਰਹੀਏ।

ਹਰ ਗਰਜ਼ ਓਹ ਕਰਦੈ ਪੂਰੀ, ਨਿਸਚਿੰਤ ਹੋ ਕੇ ਕਹੀਏ।।

ਧੱਧਾ: ਧਰਮ ਨਾ ਕੋਈ ਵੀ ਮਾੜਾ ਵੀਰੋ, ਸੱਭ ਤੋਂ ਉੱਚਾ ਇਨਸਾਨ।

ਜਿਸ ਵਿੱਚ ਹੈ ਦਿਆ ਨਹੀਂ, ਪੁਰਖ ਓਹ ਸ਼ਮਸ਼ਾਨ।।

ਨੱਨਾ:ਨੋਕ ਝੋਕ ਜਿਸ ਘਰ ਵਿੱਚ ਹੋਊ, ਓਥੇ ਰਹੂ ਲੜਾਈ।

ਬਿਲਕੁਲ ਗੱਲ ਪਰਪੱਕ ਹੈ, ਹੋ ਨਾ ਸਕੇ ਸਮਾਈ।।

ਪੱਪਾ:ਪਾਪ ਪਖੰਡਾਂ ਵਿੱਚ ਨਾ ਫਸੀਏ, ਪੱਟਿਆ ਜਾਊ ਘਰਬਾਰ।

ਭਵਜਲ ਵਿੱਚੋਂ ਪਾਰ ਜੇ ਲੰਘਣਾ, ਨਾਮ ਇੱਕ ਹਥਿਆਰ।।

ਫੱਫਾ:ਫਫੇ ਕੁੱਟਣੀ ਦੁਨੀਆਂ ਕੋਲੋਂ, ਸੱਜਣਾ ਬਚਕੇ ਰਹਿ।

ਮਿੱਠੀਆਂ ਮਾਰ ਕੇ ਲੁਟੂਗੀ,ਬਿਲਕੁਲ ਗੱਲ ਇਹ ਤਹਿ।।

ਬੱਬਾ: ਬੰਦਿਆ ਬੰਦਗੀ ਕਰੇਂ ਜੇ, ਇੱਕ ਮਨ ਇੱਕ ਚਿੱਤ ਹੋਇ।

ਸੱਚ ਹਕੀਕਤ ਜਾਣ ਫਿਰ, ਦਰਗਹਿ ਮਿਲੂਗੀ ਢੋਇ।।

ਭੱਭਾ:ਭਰਮ ਭੁਲੇਖੇ ਪਾਉਂਦੇ ਅੱਜਕਲ੍ਹ, ਝੋਲੀ ਚੁੱਕ ਫਕੀਰ।

ਜੋ ਚੁੰਗਲ ਇਨ੍ਹਾਂ ਦੇ ਫਸ ਗਿਆ, ਮੰਗਣ ਲੱਗੂ ਅਖੀਰ।।

ਮੱਮਾ: ਮਾਇਆ ਨਾਗਣੀ ਭੈੜੀ,ਘਰਾਂ ਚ ਪਾਏ ਕਲੇਸ਼।

ਕੋਈ ਨਾ ਬਚਿਆ ਏਸ ਤੋਂ, ਸਾਧੂ ਸੰਤ ਦਰਵੇਸ਼।।

ਯੱਯਾ:ਯਾਰੀ ਤਦ ਹੀ ਨਿੱਭਦੀ, ਹਿੱਕ ਤਾਣ ਜੇ ਖੜ੍ਹੀਏ।

ਦਾਮਨ ਆਪਣਾ ਜੇ ਫੜਾਇਆ, ਅਗਲੇ ਦਾ ਵੀ ਫੜ੍ਹੀਏ।।

ਰਾਰਾ:ਰਾਮ ਈਸ਼ਵਰ ਅੱਲ੍ਹਾ ਵਾਹਿਗੁਰੂ, ਪੰਜਵਾਂ ਨਾਮ ਖ਼ੁਦਾ।

ਮਰਜ ਦਾ ਕਿਸੇ ਤੋਂ ਇਲਾਜ ਕਰਾਲੋ, ਇੱਕੋ ਦੇਣ ਦਵਾ।।

ਲੱਲਾ:ਲੋੜ ਪੈਣ ਤੇ ਗਧੇ ਨੂੰ ਬਾਪੂ,ਇਹ ਦੁਨੀਆਂ ਦੋਸਤੋ ਕਹਿੰਦੀ।

ਗਰਜ਼ ਜੇ ਹੋ ਜਾਏ ਪੂਰੀ ਤਾਂ ਫਿਰ, ਕਦੇ ਕੋਲ ਨਾ ਬਹਿੰਦੀ।।

ਵਾਵਾ: ਵੇਖਿਆ ਖੁਦ ਮੈਂ ਘੁੰਮ ਕੇ, ਹੈ ਸਾਰਾ ਸੰਸਾਰ।

ਬਲਖ ਬੁਖਾਰੇ ਸੁੱਖ ਨਾ,ਜੋ ਆਪਣੇ ਘਰ ਤੇ ਵਿੱਚ ਪਰਿਵਾਰ।।

ੜਾੜਾ:ੜਾੜਾ ਕਹੇ ਦੱਦਾਹੂਰੀਆ, ਮੈਂ ਵੀ ਰਿਹਾ ਕੁੱਝ ਕਹਿ।

ਪੈਂਤੀ ਵਿੱਚ ਸ਼ੁਮਾਰ ਹਾਂ ਮੈਂ ਵੀ, ਭਾਂਵੇਂ ਗਿਆ ਹਾਂ ਪਿੱਛੇ ਰਹਿ।।

(ਨੋਟ ਜੋ ਦੋ ਅੱਖਰ ਨਹੀਂ ਲਿਖੇ,ਓਹ ਮੋਬਾਇਲ ਦੀ ਪੈਂਤੀ ਵਿੱਚ ਨਹੀਂ ਮਿਲੇ ਜੀ ਇਸ ਲਈ ਖੇਦ ਹੈ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸ਼ਮਸ਼ਾਨਾਂ ਦੇ ਮਿੱਟੀ ✍️ ਰਮੇਸ਼ ਕੁਮਾਰ ਜਾਨੂੰ

ਤੂੰ ਕਹਿਨਾ ਏਂ ਤੇਰੀ ਮੇਰੀ
     ਦੇਹੀ ਏ ਇਨਸਾਨਾਂ ਦੀ
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।

ਕਣਕਵੰਨੀ, ਵੰਨ-ਸਵੰਨੀ
     ਕਾਲੀ,ਗੋਰੀ,ਚਿੱਟੀ ਹੈ
ਸਭ ਨੂੰ ਆਪਣੀ ਵਾਰੀ ਉੱਤੇ
     ਇੱਕ ਦਿਨ ਆਉਣੀ ਚਿੱਠੀ ਏ
ਉਹਨੇ ਵਿੱਥ ਜ਼ਰਾ ਨਾ ਰੱਖੀ
     ਉੱਚੀਆਂ ਨੀਵੀਆਂ ਸ਼ਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾ ਦੀ।।।

ਪੱਥਰ ਦਿਲ ਦੇ ਲੋਕ ਕਿਸੇ ਦੇ
     ਦੁੱਖ ਤੇ ਜਸ਼ਨ ਮਨਾਉਂਦੇ ਨੇ
ਆਪਣੀ ਵਾਰੀ ਭੁੱਲੇ ਬੈਠੇ
     ਰੇਤ ਦੇ ਮਹਿਲ ਬਣਾਉਂਦੇ ਨੇ
ਮੈਂ ਤਾਂ ਰੱਬ ਨੂੰ ਲੱਭਣ ਤੁਰਿਆ
     ਲੱਭੀ ਭੀੜ ਸ਼ੈਤਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਵੱਡੀ ਕੋਠੀ ਪਾ ਕੇ ਜਦ ਵੀ
     ਅੰਦਰ ਇਕੱਲੇ ਰਹਿ ਜਾਂਦੇ
ਮਿੱਟੀ ਦੀ ਇੱਕ ਢੇਰੀ ਵਾਂਗੂੰ
     ਨੁੱਕਰੇ ਲੱਗ ਕੇ ਬਹਿ ਜਾਂਦੇ
ਫਿਰ ਤਾਂ ਚੇਤੇ ਆਉਂਦੀ ਹੋਣੀ
     ਕੱਚੀ ਛੱਤ ਮਕਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਦੇ ਕੁਝ ਸ਼ਾਤਰ ਪੁਤਲੇ
     ਕਈ ਸਕੀਮਾਂ ਘੜਦੇ ਨੇ
ਮਿੱਟੀ ਨੂੰ ਮਾਂ ਸਮਝਣ ਵਾਲੇ
     ਸਰਹੱਦਾਂ ਉੱਤੇ ਲੜਦੇ ਨੇ
ਬਾਰਡਰਾਂ ਉੱਤੇ ਲਗਦੀ ਰਹਿੰਦੀ
     ਮਿੱਟੀ ਵੀਰ ਜਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਅਖ਼ਬਾਰਾਂ ਦਾ ਪਹਿਲਾ ਪੰਨਾ
     ਮੈਨੂੰ ਸਿਵਿਆਂ ਵਰਗਾ ਲੱਗਦਾ ਏ
ਉਹਨਾਂ ਲਾਸ਼ਾਂ ਦੇ ਵਿਚ ਮੈਨੂੰ
     ਆਪਣਾ ਜਿਸਮ ਹੀ ਲੱਭਦਾ ਏ
ਗਿਣਤੀ ਕਰਨੀ ਔਖੀ ਹੋ ਗਈ
     ਬੇਕਸੂਰੀਆਂ ਜਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਖੋਖਲੀ ਕਰ ਦਿੱਤੀ ਏ
     ਕਰ ਕਰ ਉਨ੍ਹਾਂ ਬੰਬ ਧਮਾਕੇ
ਦੇਵਤੇ ਸਾਰੇ ਇਕੱਠੇ ਹੋ ਕੇ
     ਰੋਕਾ ਪਾਵਣ ਉੱਥੇ ਜਾ ਕੇ
ਖੌਰੇ ਕਿੱਥੇ ਡਰਦੀ ਲੁਕ ਗਈ
     ਟੋਲੀ ਏ ਭਗਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਠਾਹ ਠਾਹ ਦੀਆਂ ਆਵਾਜ਼ਾਂ ਵਿੱਚ ਹੈ
     ਰੌਲਾ ਹਾਹਾਕਾਰਾਂ ਦਾ
ਧਰਤੀ ਡੁੱਲੇ ਖੂਨ ਦੇ ਧੱਬੇ
     ਸੁਹਾਗ ਸੀ ਰੋਂਦੀਆਂ ਨਾਰਾਂ ਦਾ
ਬਸਤੀ ਦੇ ਵਿੱਚ ਅੱਖੀਂ ਵੇਖੀ
      ਰੁਲਦੀ ਪੱਤ ਅਹਿਸਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਰਮੇਸ਼ ਵੇ ਅੱਜ ਹੈ ਜਾਨੂੰ ਤੇਰੀ
     ਸਹਿਮੀ,ਡਰਦੀ,ਹਾਉਕੇ ਭਰਦੀ
ਬੁੱਕਲ਼ ਵਿਚ ਮੈਂ ਕਿੰਝ ਲੁਕਾਂਵਾਂ
     ਬੁੱਕਲ਼ ਵਿੱਚ ਵੀ ਅੱਗ ਪਈ ਵਰਦੀ
ਧੂਏਂ ਦੇ ਨਾਲ ਕਾਲੀ ਹੋ ਗਈ
     ਨੀਲੀ ਛੱਤ ਅਸਮਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।
           
          ਲੇਖਕ-ਰਮੇਸ਼ ਕੁਮਾਰ ਜਾਨੂੰ
         ਫੋਨ ਨੰ:-98153-20080

ਇਸ਼ਕ " ✍️ ਗੁਰਸਾਹਬ ਸਿੰਘ ਤੇਜੀ

ਇਸ਼ਕ "
ਇਹ ਇਸ਼ਕ ਤੇਰੇ ਨੇ ਸੱਜਣਾਂ,
ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ
ਰਤਾ ਭਰ ਕਿਧਰੇ ਚੈਨ ਨਹੀਂ,
ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ

ਲੱਖਾਂ ਮਹਿਲ  ਉਸਾਰੇ  ਝੱਲਿਆ, 
ਇਹ ਸਾਡੇ  ਦਿਲ  ਦੀਆਂ  ਸਧਰਾਂ ਨੇ
ਕਿਤੇ ਬੂੰਦ  ਸਾਵੰਤੀ ਮਿਲ ਜਾਏ, 
ਉਹ ਸੱਜਣਾਂ ਸਾਡੀ ਰੂਹ ਤਰਹਾਈ ਏ
ਇਹ ਇਸ਼ਕ ਤੇਰੇ......
 
ਲੋਕੀਂ ਉੱਠ ਨਿਵਾਜ ਫਜਰ ਦੀ ਪੜਦੇ,

ਅਸੀਂ ਇਸ਼ਕ ਹਦੀਸਾਂ ਲਿਖਦੇ ਹਾਂ

ਅਸੀਂ ਤੇਰੇ ਨਾਮ ਦੇ ਕਲਾਮੇ ਪੜਦੇ, 
ਉਹ ਸੱਜਣਾਂ ਸਾਡੀ ਇਹੋ ਖੁਦਾਈ ਏ
ਇਹ ਇਸ਼ਕ ਤੇਰੇ.... 

ਭੁੱਲ  ਖਲਕਤ  ਦੀਆਂ  ਖੇਡਾਂ ਨੂੰ , 
ਅਤੇ  ਇਹ  ਸੱਭ  ਰੀਤ  ਰਿਵਾਜਾਂ ਨੂੰ
ਮੈਂ ਫਿਰਾਂ ਬੁਲ੍ਹੇ  ਵਾਂਗਰ  ਨੱਚ ਦਾ, 
ਉਹ  ਸੱਜਣਾਂ  ਐਸੀ ਮਸਤੀ ਛਾਈ ਏ
ਇਹ ਇਸ਼ਕ ਤੇਰੇ..... 

ਕੋਈ ਨਜੂਮੀ, ਪਾਂਧਾ ਈ ਸੱਦ ਵੇਖੋ , 
ਜੋ ਪੜ੍ਹ  ਲਏ  ਮੇਰੇ  ਲੇਖਾਂ, ਰੇਖਾਂ ਨੂੰ
ਖੁਦਾ ਨੂੰ ਕਦ  ਇਹ ਕਬੂਲ  ਹੋਸੀ , 
ਜੋ ' ਤੇਜੀ ' ਨੇ  ਅਲਖ  ਜਗਾਈ ਏ
ਇਹ ਇਸ਼ਕ ਤੇਰੇ...... 
! ਗੁਰਸਾਹਬ ਸਿੰਘ ਤੇਜੀ !
ਸ੍ਰੀ ਗੰਗਾਨਗਰ 'ਰਾਜਸਥਾਨ'
+918875716034

ਉਡੀਕ ✍️ ਕਮਲਜੀਤ ਕੌਰ ਧਾਲੀਵਾਲ

ਜਦ ਕੋਈ ਹਾਲ ਨਾ ਪੁੱਛੇ ਤੇਰਾ,
ਉਦਾਸ ਹੋਵੇ ਤੇਰਾ ਚਿਹਰਾ।
ਫਿਕਰਾਂ ਲਾ ਲਾਵਣ ਡੇਰਾ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਤੇਰੇ ਆਪਣੇ ਹੋਣ ਬੇਗਾਨੇ,
ਮਾਸ਼ੂਕਾਂ ਜਾ ਲਾਵਣ ਬਹਾਨੇ,
ਲੋਕੀਂ ਮਾਰਨ ਤੈਨੂੰ ਤਾਨੇ।
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ ।
ਸੁਪਨੇ ਮਾੜੇ ਆਵਣ ਜੇ,
ਸੋਚਾਂ ਵੱਡ ਖਾਵਣ ਜੇ।
ਭੈੜਾ ਲੱਗੇ ਸ਼ਾਵਣ ਜੇ,
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ।
ਬੁਰੀ ਲੱਗੇ ਬਰਸਾਤ ਜੇ,
ਮਿਲੇ ਨਾ ਕੋਈ ਸਾਥ ਜੇ।
ਕਾਲੀ ਹੋ ਜਾਏ ਰਾਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਯਾਦ ਆਵੇ ਕਮਲਜੀਤ ਜੇ,
ਮੁਹੱਬਤ ਵਾਲੀ ਪ੍ਰੀਤ ਜੇ।
ਹੌਗਕੌਗ ਵਾਲੇ ਗੀਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ।
77105-97642

ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ ✍️ ਕਮਲਜੀਤ ਕੌਰ ਧਾਲੀਵਾਲ

ਤੱਕ ਤੇਰਾ ਮੱਥੇ ਵਾਲਾ ਟਿੱਕਾ ਨੀ,
ਦਿਲ ਹੋ ਗਏ ਜਖ਼ਮੀ ਬਾਲੇ ਨੀ।
ਤੇਰੀ ਇੱਕ ਝਾਤ ਪਾਉਣ ਲਈ,
ਅਸਾਂ ਰਾਹਾਂ ਚ ਡੇਰੇ ਲਾਲੇ ਨੀ।
ਤੇਰੇ ਗਲ ਵਾਲਾ ਹਾਰ ਕੁੜੇ,
ਚੰਦਰਾ ਗਿਆ ਸਾਨੂੰ ਮਾਰ ਨੀ,
ਤੈਨੂੰ ਦੇਖੇ ਜੇ ਕੋਈ ਹੋਰ ਕੁੜੇ
ਸਾਥੋਂ ਹੁੰਦਾ ਨਾ ਸਹਾਰ ਨੀ।
ਤੇਰੇ ਕੰਨੀ ਪਾਏ ਵਾਲਿਆਂ ਦੀ,
ਮੈਂ ਕਰਾਂ ਕਿਆ ਬਾਤ ਕੁੜੇ
ਕਿਆ ਬਾਤ ਹੋ ਜਾਏ ਜੇ ਮਿਲ
ਜੇ ਤੇਰਾ ਸੋਹਣਾ ਸਾਥ ਕੁੜੇ ।
ਤੱਕ ਤੇਰੀ ਵੀਣੀ ਚੂੜੀਆਂ ਨੀ,
ਦਿਲ ਕਰੇ ਧੱਕ ਧੱਕ ਮੇਰਾ। 
ਹੋਇਆ ਕਮਲਾਂ ਜਿਹਾ ਫਿਰਾਂ,
ਲਾਉਣ ਨੂੰ ਪ੍ਰੀਤਾਂ ਗੂੜੀਆਂ ਨੀ।
ਨੀ ਤੂੰ ਲੱਗੇ ਅੰਬਰਾਂ ਦੀ ਹੂਰ ਨੀ,
ਅਸੀਂ ਲਕੀਰ ਦੇ ਫਕੀਰ ਨੀ।
ਸਾਨੂੰ ਪਿਆਰ ਨਾਲ ਤੱਕ,
ਵੱਟ ਨਾ ਤੂੰ ਘੂਰ ਨੀ।
ਕਾਲੀਆਂ ਜੁਲਫਾਂ ਘਨਾਘੋਰ ਨੀ,
ਤੇਰੇ ਵਰਗਾ ਨਾ ਕੋਈ ਹੋਰ ਨੀ।
ਤੂੰ ਲੱਕ ਮਟਕਾ ਕੇ ਤੁਰਦੀ ਏ,
ਜਿਵੇਂ ਪੈਲਾਂ ਪਾਉਂਦਾ ਮੋਰ ਨੀ।
ਨੱਕ ਤੇਰਾ ਤਿੱਖਾ ਤਲਵਾਰ ਨੀ
ਸਾਨੂੰ ਹੋ ਗਿਆ ਪਿਆਰ ਨੀ
ਅਧਮੋਏ ਹੋ ਗਏ ਲੱਗਦੇ ਹਾਂ,
ਸਾਡੀ ਪੁੱਛ ਲੈ ਆ ਕੇ ਸਾਰ ਨੀ।
ਤੇਰੀਆਂ ਟੂਣੇ ਹਾਰੀਆਂ ਅੱਖਾਂ ਨੀ,
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ
77105-97642

ਸਲਾਮ ✍️ ਵਤਨਵੀਰ ਜ਼ਖ਼ਮੀ

ਉਹਨਾਂ ਯੋਧਿਆਂ ਨੂੰ ਅਸਾਂ ਸਲਾਮ ਕੀਤਾ 
ਜਿੰਨ੍ਹਾ ਖੁਦ ਨੂੰ ਦੇਸ਼ ਲਈ ਕੁਰਬਾਨ ਕੀਤਾ
ਲਾਜ ਰੱਖ ਲਈ ਉਹਨਾਂ ਆਪਣਿਆਂ ਦੀ 
ਯੁੱਧ ਦਾ ਗੋਰਿਆਂ ਖ਼ਿਲਾਫ਼ ਐਲਾਨ ਕੀਤਾ
ਖਾਤਰ ਵਤਨ ਦੀ ਜੂਝੇ ਨੇ ਖਤਰਿਆਂ ਨਾਲ
ਖ਼ਾਤਮਾ ਵੈਰੀਆਂ ਦਾ ਵਿੱਚ ਮੈਦਾਨ ਕੀਤਾ 
ਦੇਣ ਉਹਨਾਂ ਦੀ ਕਦੇ ਨੀ ਅਸੀਂ ਦੇ ਸਕਦੇ
ਦੇਸ਼ ਵਾਸੀਆਂ ਉਹਨਾਂ ਤੇ ਸਦਾ ਮਾਣ ਕੀਤਾ
ਕੜੀ ਗੁਲਾਮੀ ਦੀ ਨੂੰ ਉਹਨਾਂ ਤੋਂੜਿਆ ਏ
ਉਹਨਾਂ ਜੋ ਵੀ ਕੀਤਾ  ਛਾਤੀ ਤਾਣ ਕੀਤਾ
ਜਿਉਂਦੇ ਰਹਿਣਗੇ ਵਿੱਚ ਦਿਲਾਂ ਦੇ ਸਾਰੇ 
ਜਿਨ੍ਹਾਂ ਦੇਸ਼ ਲਈ ਕਰਮ ਮਹਾਨ ਕੀਤਾ

ਵਤਨਵੀਰ ਜ਼ਖ਼ਮੀ

ਡੱਟਕੇ ਸਾਹਮਣਾ ਕਰਾਂਗੇ ✍️ ਸਲੇਮਪੁਰੀ ਦੀ ਚੂੰਢੀ

ਦੁਨੀਆ ਵਾਲਿਓ!
ਅਸੀਂ ਲੜਾਂਗੇ
ਆਪਣੇ ਦੇਸ਼ ਲਈ
ਆਪਣੇ ਲੋਕਾਂ ਲਈ
ਆਖਰੀ ਦਮ ਤਕ!
 ਕੰਮਜੋਰ ਹੋ ਸਕਦੇ ਆਂ,
ਬੁਜਦਿਲ ਨਹੀਂ,
ਡਰਪੋਕ ਨਹੀਂ!
ਜਿਹੜੇ ਝੂਠੀ ਮੂਠੀ
 'ਜਾਨ ਨੂੰ ਖਤਰਾ'
 ਦਾ ਨਾਟਕ ਰਚਾ ਕੇ
ਆਪਣੇ ਘੁਰਨੇ ਵਿਚ
 ਜਾ ਵੜੀਏ!
ਅਸੀਂ ਧਰਮ ਦੇ ਨਾਂ 'ਤੇ
 ਜਾਤ ਦੇ ਨਾਂ 'ਤੇ
ਨਾ ਲੜਦੇ ਆਂ,
ਨਾ ਲੜਾਉੰਦੇ ਆਂ!
ਅਸੀਂ ਤਾਂ ਦੇਸ਼ ਲਈ
ਲੜਦੇ ਆਂ!
ਦੇਸ਼ ਦੇ ਲੋਕਾਂ ਲਈ
ਮਰਦੇ ਆਂ!
ਉਨ੍ਹਾਂ ਲਈ ਕੰਮ
ਕਰਦੇ ਆਂ!
ਮੈਂ ਵੋਲੋਦੀਮੀਰ ਜੇਲੇੰਸਕੀ
 ਯੂਕਰੇਨ ਦਾ
 ਰਾਜਾ ਨਹੀਂ
 ਫੌਜੀ ਵੀ ਹਾਂ,
ਜਿਹੜਾ ਦੇਸ਼ ਲਈ
ਜਿਉਣਾ ਵੀ ਜਾਣਦੈ!
 ਮਰਨਾ ਵੀ ਜਾਣਦੈ!
ਮੈਂ ਕੀਰਾ ਰੂਡਿਕ
ਯੂਕਰੇਨ ਦੀ
ਸੰਸਦ ਮੈਂਬਰ ਹਾਂ,
ਜਿਹੜੀ ਕੁੜੀ ਹੋ ਕੇ
ਦੇਸ਼ ਲਈ ਬੰਦੂਕ
ਚੁੱਕਣਾ ਜਾਣਦੀ ਆਂ!
ਮੈਂ ਕਿਸੇ ਫਿਲਮ ਦੀ
 ਹੀਰੋਇਨ ਨਹੀਂ
ਜਿਹੜੀ ਝੂਠਾ ਮੂਠਾ
ਦੇਸ਼ ਭਗਤੀ ਦਾ
ਸਬਜ-ਬਾਗ ਦਿਖਾਕੇ
ਆਪਣੇ ਦੇਸ਼ ਦੇ ਲੋਕਾਂ ਲਈ
ਕੁਫਰ ਤੋਲਦੀ ਫਿਰਾਂ!
ਹਾਂ - ਅਸੀਂ ਡਰਾਂਗੇ ਨਹੀਂ!
 ਡੱਟਕੇ ਮੁਕਾਬਲਾ ਕਰਾਂਗੇ!
ਅਸੀਂ ਦੇਸ਼ ਲਈ
ਲੜਨਾ ਜਾਣਦੇ ਆਂ!
ਅਸੀਂ ਦੇਸ਼ ਲਈ
ਮਰਨਾ ਜਾਣਦੇ ਆਂ!
ਅਸੀਂ ਕੰਮਜੋਰ ਹੋ ਸਕਦੇ ਆਂ
ਬੁਜਦਿਲ ਨਹੀਂ!
ਡਰਪੋਕ ਨਹੀਂ!
ਦੁਨੀਆ ਵਾਲਿਓ -
ਵੈਰੀ ਨਾਲ ਲੜਾਂਗੇ!
ਡੱਟਕੇ ਮੁਕਾਬਲਾ ਕਰਾਂਗੇ!
ਆਖਰੀ ਦਮ ਤਕ ਲੜਾਂਗੇ!
ਆਖਰੀ ਦਮ ਤਕ ਲੜਾਂਗੇ!!        
-ਸੁਖਦੇਵ ਸਲੇਮਪੁਰੀ
09780620233
27 ਫਰਵਰੀ, 2022.

ਟਾਲੀ ਜਾਵੇ ਜੰਗ ✍️ ਸੰਦੀਪ ਦਿਉੜਾ

  ਦੇਵੋਁ ਕੋਈ ਆਸੀਸ ਅਜਿਹੀ, ਟਾਲੀ ਜਾਵੇ ਜੰਗ। 

ਦੋਵੇਂ ਪਾਸੇ ਜੋ ਵਗੇਗਾ,ਇੱਕੋ ਲਹੂ ਦਾ ਰੰਗ। 

 

ਚਾਲਾਂ ਖੇਡਦੇ ਨੇ ਸਾਰੇ, ਕੋਈ ਨਾਂ ਸਾਡੇ ਸੰਗ। 

ਮੂਰਖ ਲੋਕ ਬਣਾਉਂਦੇ ਇਹੇ,ਅਪਣਾ ਕੇ ਨਵੇਂ ਢੰਗ। 

 

ਮਰਨੇ ਮਾਵਾਂ ਦੇ ਪੁੱਤ ਇਕੱਲੇ,ਸਾਰੇ ਰਹਿ ਜਾਣਗੇ ਦੰਗ,                                                                       

ਪਹਿਲਾਂ ਲੜਾਈਆਂ 'ਚੋ ਕੀ ਮਿਲਿਆ, ਜੋ ਹੁਣ ਕਰਦੇ ਹੋ ਮੰਗ। 

 

ਉਜੜੀਆਂ ਮਾਂਗਾ ਦੇ ਵੇਖ ਸੰਦੂਰ,ਪੱਥਰ ਸੀਨੇ ਵੀ ਜਾਣਗੇ ਕੰਬ। 

ਹੋਸ਼ ਆਪਣੀ ਇਹ ਖੋਹ ਬੈਠੇ ਨੇ, ਲੱਗਦਾ ਪੀਤੀ ਬੈਠੇ ਭੰਗ

 

ਦੂਰ ਦੀ ਉਹ ਕਿਵੇਂ ਸੋਚਣਗੇ, ਨਜ਼ਰੀਏ ਜਿਹਨਾਂ ਦੇ ਤੰਗ। 

ਦੋਵੇਂ ਪਾਸੇ ਜੋ ਵਹੇਗਾ, ਇੱਕੋ ਲਹੂ ਦਾ ਰੰਗ, ਇੱਕੋ ਲਹੂ ਦਾ ਰੰਗ। 

            ਸੰਦੀਪ ਦਿਉੜਾ

        8437556667

ਪਾਣੀ ✍️ ਸੁਖਮਨੀ ਸਿੰਘ , ਜਸਪ੍ਰੀਤ ਸਿੰਘ

ਪਾਣੀ ਦੇ ਬਿਨਾਂ ਨਾ ਕਿਸੇ ਦਾ ਸਰਦਾ,,
ਪਾਣੀ ਦੇ ਨਾਲ ਹੀ ਖੇਤ ਹਰਿਆਲੀ ਭਰਦਾ।
ਜੇ ਨਾ ਹੋਵੇ ਦੁਨੀਆਂ ਤੇ ਪਾਣੀ,,
ਤਾਂ ਹੋ ਜਾਣੀ ਦੁਨੀਆਂ ਦੀ ਖਤਮ ਕਹਾਣੀ।

ਪਾਣੀ ਦੇ ਨਾਲ ਹੀ ਰੁੱਖ ਵਧਦੇ-ਫੁੱਲਦੇ,,
ਪਾਣੀ ਦੇ ਨਾਲ ਹੀ ਫੁੱਲ ਖਿੜਦੇ।
ਜੇ ਨਾ ਹੋਵੇ ਦੁਨੀਆਂ ਤੇ ਪਾਣੀ,,
ਤਾਂ ਹੋ ਜਾਣੀ ਦੁਨੀਆਂ ਦੀ ਖਤਮ ਕਹਾਣੀ।

ਪਾਣੀ ਬਿਨਾ ਪੈ ਜਾਦਾਂ ਹੈ ਸੋਕਾ,,
ਪਾਣੀ ਦੇ ਬਿਨਾ ਬੰਦਾ ਮਰ ਜਾਦਾਂ ਹੈ ਪਿਆਸਾ।
ਜੇ ਨਾ ਹੋਵੇ ਦੁਨੀਆਂ ਤੇ ਪਾਣੀ,,
ਤਾਂ ਹੋ ਜਾਣੀ ਦੁਨੀਆਂ ਦੀ ਖਤਮ ਕਹਾਣੀ।

ਸੁਖਮਨੀ ਸਿੰਘ , ਜਸਪ੍ਰੀਤ ਸਿੰਘ
ਸਰਕਾਰੀ ਸੀਨੀਅਰ ਸਕੂਲ ਹਰਬੰਸਪੁਰ ਜਮਾਤ ਨੌਵੀਂ ।
ਮੋ.8437358935