ਸਾਹਿਤ

ਸੇਹ ਦੇ ਤੱਕਲੇ! ✍️ ਸਲੇਮਪੁਰੀ ਦੀ ਚੂੰਢੀ

- ਭਗਵੰਤ ਸਿਹਾਂ!
ਪੰਜਾਬ ਦੀ ਉਲਝੀ
ਤਾਣੀ ਨੂੰ
ਸੁਲਝਾਉਣਾ
ਸੌਖਾ ਨਹੀਂ,
 ਇਥੇ ਤਾਂ
 ਖੇਤ ਖਾਣ ਲਈ
ਮੂੰਹ ਅੱਡ ਕੇ
ਵਾੜ ਖੜ੍ਹੋਤੀ ਆ!
ਫਿਲੌਰ 'ਚ
 ਚਿੱਟਾ ਖਾਣ
 ਤੇ ਵੇਚਣ,
ਤੇ ਫਿਰ
ਇੱਕ ਔਰਤ ਵਲੋਂ
 ਮੁੱਖ ਮੰਤਰੀ ਨੂੰ
 ਲਲਕਾਰਨਾ
ਪੰਜਾਬ ਨੂੰ
 ਕਿਸ ਦਿਸ਼ਾ ਵੱਲ
ਲੈ ਤੁਰੇਗਾ?
ਭਗਵੰਤ ਸਿੰਹਾਂ -
ਜਿਹੜੇ ਰਾਹ
ਤੂੰ ਤੁਰ ਪਿਆ,
ਉੱਖਲੀ 'ਚ ਸਿਰ
ਦੇਣ ਤੋਂ
ਘੱਟ ਨਹੀਂ!
ਤੂੰ ਚੋਰਾਂ ਤੇ ਸਾਧਾਂ
ਵਿਚਾਲੇ
ਕਿਵੇਂ ਲੀਕ ਖਿੱਚੇੰਗਾ?
ਇਥੇ ਤਾਂ
ਬਾਬਿਆਂ ਦੇ ਡੇਰੇ
ਜਿਥੇ ਮੱਥੇ
ਰਗੜ ਰਗੜ ਕੇ ਲੋਕ
ਚਮੜੀ ਉਧੇੜ ਬੈਠਦੇ ਨੇ,
ਉਥੇ ਟ੍ਰਾਂਸਫਾਰਮਰ ਨਾਲ
 ਹਾਈਟੈੰਸ਼ਨ ਤੋਂ
ਸਿੱਧੀਆਂ ਤਾਰਾਂ ਜੋੜ ਕੇ
ਕਾਲਜੇ ਠੰਡ ਪਾਉਣ!
ਹਨੇਰਾ ਮਿਟਾਉਣ !
ਤੇ  'ਰੱਬ' ਨੂੰ ਮਿਲਾਉਣ
ਵਾਲਿਆਂ ਨੂੰ
'ਸੱਚ ਦਾ ਪਾਠ'
ਪੜ੍ਹਾਉਣਾ,
ਤੇ ਸੱਪਾਂ ਦੀਆਂ ਖੁੱਡਾਂ
ਵਿਚ ਹੱਥ ਪਾਉਣਾ!
ਇੱਕ ਬਰਾਬਰ ਆ!
ਭਗਵੰਤ ਸਿੰਹਾਂ!
ਵੇਖੀਂ
ਤੇਰੇ ਦੁਸ਼ਮਣਾਂ ਨਾਲ
ਮਿਲਕੇ
ਕਿਤੇ ਤੇਰੇ
ਆਪਣੇ ਹੀ
ਤੇਰੇ ਰਾਹ ਵਿਚ
'ਸੇਹ ਦੇ ਤੱਕਲੇ'
ਨਾ ਗੱਡ ਦੇਣ!
-ਸੁਖਦੇਵ ਸਲੇਮਪੁਰੀ
09780620233
13 ਮਈ, 2022.

ਐਮ ਐਸ ਪੀ! ✍️ ਸਲੇਮਪੁਰੀ ਦੀ ਚੂੰਢੀ

- ਕਿੰਨਾ ਚੰਗਾ ਹੋਵੇ
ਜੇ ਖੇਤ ਕਾਮਿਆਂ,
ਸੀਰੀਆਂ,
ਫਸਲਾਂ 'ਤੇ
ਜਹਿਰੀਲੀਆਂ ਦਵਾਈਆਂ
ਛਿੜਕਣ ਵਾਲਿਆਂ,
ਝੋਨੇ ਦੀ ਲਵਾਈ!
ਕਣਕ ਦੀ ਵਢਾਈ!
ਕਰਨ ਵਾਲਿਆਂ,
ਠਰਦੀਆਂ ਰੁੱਤਾਂ ਵਿਚ
 ਫਸਲਾਂ ਨੂੰ ਪਾਣੀ ਲਗਾਉਂਦੇ ,
ਸੱਪਾਂ ਦੀਆਂ ਸਿਰੀਆਂ
ਮਿੱਧ ਦੇ
ਕਾਮਿਆਂ ਦੀ ਦਿਸ਼ਾ
ਸੁਧਾਰਨ ਲਈ
ਘੱਟੋ-ਘੱਟ ਦਿਹਾੜੀ ਵਾਲੀ
ਐਮ ਐਸ ਪੀ
ਲਾਗੂ ਹੋ ਜਾਵੇ,
ਜਿਵੇਂ ਹਰ ਸਾਲ
ਕਿਸਾਨਾਂ ਦੀਆਂ
ਫਸਲਾਂ ਦਾ ਮੁੱਲ
ਪਾਉਣ ਲਈ,
ਵਧਾਉਣ ਲਈ,
ਸਰਕਾਰਾਂ ਕਰਦੀਆਂ ਨੇ!
ਉਨ੍ਹਾਂ ਦੇ ਮਾਸੂਮਾਂ ਦਾ ਵੀ ਦਿਲ ਕਰਦੈ,
ਟਾਈ ਲਗਾਣ ਲਈ!
ਖੋਏ ਵਾਲੀ ਕੁਲਫੀ ਖਾਣ ਲਈ!
ਕਦੀ ਕਦੀ ਮਸਤੀ ਮਨਾਣ ਲਈ!
-ਸੁਖਦੇਵ ਸਲੇਮਪੁਰੀ
09780620233
9 ਮਈ, 2022.

ਸਮਰਪਿਤ ਮਾਂ ਨੂੰ ✍️ ਸਲੇਮਪੁਰੀ ਦੀ ਚੂੰਢੀ

- 'ਮਾਂ' ਸ਼ਬਦ ਸੁਣਦਿਆਂ
ਮੇਰੀਆਂ ਅੱਖਾਂ
ਭਰ ਆਉਂਦੀਆਂ ਨੇ!
ਮੈਂ ਅਜੇ ਛੋਟਾ ਸਾਂ,
ਜਦੋਂ ਮੇਰੀ ਮਾਂ
ਮੈਨੂੰ ਛੱਡ ਕੇ
ਸਦਾ ਸਦਾ ਲਈ
ਚਲੀ ਗਈ!
ਮੈਂ ਬਹੁਤ ਰੋਇਆ ਸੀ!
ਮੈਨੂੰ ਯਾਦ ਆ
 ਭੁੱਲਦਾ ਨਹੀਂ,
ਜਦੋਂ ਸਾਡੀ ਮਾਂ
ਪਿੰਡ ਵਿਚ ਕੰਮ ਕਰਕੇ
ਵਾਪਸ ਆਉਂਦਿਆਂ,
 ਚੁੰਨੀ ਵਿਚ
ਰੋਟੀਆਂ ਲਪੇਟ ਕੇ
 ਲਿਆਉਂਦੀ ਸੀ!
ਸਾਨੂੰ ਖੁਆਉੰਦੀ ਸੀ!
ਪੇਟ ਦੀ ਭੁੱਖ
ਬੁਝਾਉੰਦੀ ਸੀ!
'ਮਾਂ' ਦਾ ਫਰਜ
ਨਿਭਾਉਂਦੀ ਸੀ!
ਮੇਰੀਆਂ ਅੱਖਾਂ ਸਾਹਮਣੇ
ਇਹ ਦ੍ਰਿਸ਼ ਅਕਸਰ
ਘੁੰਮਦਾ ਰਹਿੰਦਾ,
ਕਿ -
ਸਕੂਲ ਜਾਣ ਸਮੇਂ
ਉਹ ਆਪਣੀ
ਘਸੀ ਜਿਹੀ ਚੁੰਨੀ
 ਵਿਚੋਂ ਪੋਣਾ ਬਣਾ ਕੇ
ਰੋਟੀਆਂ ਲਪੇਟ ਕੇ
 ਸਕੂਲ ਭੇਜਦੀ ਸੀ!
ਮੈਨੂੰ ਯਾਦ ਆ
ਜਦੋਂ ਕਦੀ ਬਾਪੂ
ਛਿੱਤਰ ਚੁੱਕ ਕੇ
ਕੁੱਟਦਾ ਸੀ,
ਤਾਂ ਮਾਂ ਦੀ ਬੁੱਕਲ ਵਿਚ
ਜਾ ਲੁੱਕਦਾ ਸੀ!
ਮੈਨੂੰ ਯਾਦ ਆ
ਤਾਰਿਆਂ ਦੀ ਲੋਏ
ਜਦੋਂ ਮਾਂ
 ਪਿੰਡ ਵਿੱਚੋਂ
ਕੰਮ ਕਰਕੇ
ਥੱਕੀ-ਟੁੱਟੀ
ਘਰ ਆਉਂਦੀ ਸੀ,
ਤਾਂ ਫੋੜੇ ਵਾਗੂੰ ਦੁੱਖਦਾ
ਉਸ ਦਾ ਅੰੰਗ - ਅੰਗ
ਅਸੀਂ ਘੁੱਟਦੇ ਸੀ,
ਮਾਲਸ਼ ਕਰਦੇ ਸੀ,
ਤਾਂ ਜਾ ਕੇ
ਉਸ ਨੂੰ ਨੀਂਦ ਆਉਂਦੀ ਸੀ!
ਮਾਂ ਦੀਆਂ ਕੀਤੀਆਂ
ਕਮਾਈਆਂ!
ਦਿੱਤੀਆਂ ਅਸੀਸਾਂ ਸਦਕਾ
 ਕਰਕੇ ਪੜ੍ਹਾਈਆਂ!
ਅੱਜ ਮੈਂ
ਖੁਸ਼ਹਾਲ ਹੋ ਗਿਆ !
ਦੂਜਿਆਂ ਦਾ ਦਰਦ
ਵੰਡਾਉਣ ਵਾਲਾ ਹੋ ਗਿਆ ਹਾਂ!
ਸਿਆਣਿਆਂ ਨੇ ਆਖਿਆ -
'ਮਾਂ ਦੇ ਪੈਰਾਂ ਵਿਚ
ਸਵਰਗ ਹੁੰਦੈ!'
ਮਾਂ ਤੋਂ ਬਿਨਾਂ
ਨਰਕ ਹੁੰਦੈ!
ਸੱਚਾਈ ਤਾਂ
ਇਸ ਗੱਲ ਦੀ ਆ।
ਰੱਬ ਵਲੋਂ ਦਿੱਤਾ ਦੁੱਖ
ਮਾਂ ਝੱਲਦੀ ਆ!
ਰੁਤਬਾ ਰੱਬ ਦਾ ਨਹੀਂ,
ਮਾਂ ਦਾ ਉੱਚਾ ਹੁੰਦੈ!
ਪਿਆਰ ਕਿਸੇ ਹੋਰ ਦਾ ਨਹੀਂ
ਮਾਂ ਦਾ ਸੁੱਚਾ ਹੁੰਦੈ!
ਮਾਂ ਵਲੋਂ ਝੱਲੇ ਦਰਦ!
ਤੇ ਉਸ ਦੇ ਕਰਜ!
ਦਾ ਮੁੱਲ ਕਿਵੇਂ ਤਾਰੀਏ!
-ਸੁਖਦੇਵ ਸਲੇਮਪੁਰੀ
09780620233
9 ਮਈ, 2022.

ਮਾਂ ✍️ ਪੂਜਾ

ਮਾਂ ਦਾ ਕੋਈ ਦਿਨ ਨਹੀਂ ਹੁੰਦਾ,
ਇਹ ਸੋਚੋ ਮਾਂ ਬਿਨ੍ਹਾਂ ਕੋਈ ਦਿਨ ਨਹੀਂ ਹੁੰਦਾ।
ਘਰ ਵਿਚ ਨਾ ਹੋਵੇ ਮਾਂ,
ਵਿਹੜਾ ਜਗਮਗ ਨਹੀਂ ਹੁੰਦਾ।
ਮਾਂ ਦਿਵਸ ਤੇ ਕੱਟਦੇ ਕੇਕ ਤੇ ਵੰਡਦੇ ਮਠਿਆਈਆ,
ਅੱਗੇ ਪਿੱਛੇ ਲੋਕੋ ਮਾਵਾਂ ਯਾਦ ਨਾ ਆਈਆਂ।
ਜੇ ਇਨ੍ਹਾਂ ਪਿਆਰ ਮਾਂ ਪ੍ਰਤੀ ਦਿਲ ਵਿੱਚ ਹੁੰਦਾ,
ਤਾਂ ਪਿੰਡ-ਸ਼ਹਿਰ ਕੋਈ ਬਿਰਧ ਆਸ਼ਰਮ ਨਾ ਹੁੰਦਾ।
ਕਿੰਨੇ ਕਰ ਲਓ ਪਾਠ- ਪੂਜਾ,
ਕਿੰਨੇ ਮਰਜੀ ਕਰ ਲਓ ਦਾਨ।
ਜੇ ਮਾਂ ਪ੍ਰਤੀ ਪਿਆਰ ਨਹੀਂ,
ਤਾਂ ਰੱਬ ਨੂੰ ਵੀ ਇਹ ਸਭ ਮਨਜੂਰ ਨਹੀਂ ਹੁੰਦਾ।
ਪੂਜਾ ਕਹੇ ਮਾਵਾਂ ਨਾਲ ਹੀ ਜਹਾਨ ਹੁੰਦਾ ਇਸਲਈ,
ਮਾਂ ਦਾ ਕੋਈ ਦਿਨ ਨਹੀਂ ਹੁੰਦਾ,
ਇਹ ਸੋਚੋ ਮਾਂ ਬਿਨਾਂ ਕੋਈ ਦਿਨ ਨਹੀਂ ਹੁੰਦਾ।
ਪੂਜਾ 9815591967
 

  ਮਨੁੱਖ ਤੇ ਰੁੱਖ ✍️ ਸਲੇਮਪੁਰੀ ਦੀ ਚੂੰਢੀ

- ਧਰਮ ਦਾ ਮਖੌਟਾ
ਪਹਿਨ ਕੇ
 ਜਿਉਂਦੇ ਮਨੁੱਖ ਨੂੰ
ਜਲਾਉਣਾ
ਖੁਸ਼ੀਆਂ
ਤੇ ਖੇੜਿਆਂ ਦਾ
ਤਿਉਹਾਰ ਹੁੰਦੈ!
ਤੇ-
ਬੇਜ਼ੁਬਾਨ ਰੁੱਖਾਂ
 ਦਾ ਕਤਲੇਆਮ
ਕਰਵਾਉਣਾ,
ਅੱਗ ਵਿਚ
 ਜਲਾਉਣਾ,
 ਵਿਕਾਸ ਦਾ ਪ੍ਰਤੀਕ ਐ!
- ਸੁਖਦੇਵ ਸਲੇਮਪੁਰੀ
09780620233
6 ਮਈ, 2022.

ਮਾਂ ਤੇਰੀ ਛਾਂ ਹੇਠ ਬੈਠਣ ਨੂੰ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ
ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ
ਸੌਣ ਨੂੰ ਜੀ ਕਰਦਾ ਏ।

ਮੁੜ ਆਵੇ ਉਹ ਵੇਲਾ
ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ
ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ।

ਤੱਕ ਲੈਂਦੀ ਹਾਂ ਜਦ ਮੋਹ ਮਮਤਾ ਕਿਸੇ ਦੀ
ਤਾਂ ਦਿਲ ਹੌਕਾ ਜਿਹਾ ਭਰਦਾ ਏ
ਲੱਖ ਕੋਸ਼ਿਸ਼ ਕੀਤੀ ਏ ਤੈਨੂੰ ਮਿਲਣੇ ਦੀ
ਪਰ ਬੜਾ ਲੰਮਾ ਪੈਂਡਾ ਤੇਰੇ ਘਰ ਦਾ ਏ
ਕੁੱਟ ਕੇ ਦੇਸੀ ਘਿਓ ਦੀ ਚੂਰੀ ਤੂੰ ਖਵਾਉਂਦੀ ਸੀ
ਨਾ ਹੀ ਉਹ ਛੰਨਾ ਹੁਣ ਚੂਰੀ ਨਾਲ ਭਰਦਾ ਏ ।

ਤੇਰੀਆਂ ਯਾਦਾਂ ਵਿੱਚ ਜਦ ਅੱਖਾਂ ਰੋਣ ਨੀ ਮਾਏ
ਇਹ ਹੰਝੂ ਵੀ ਨਾ ਹਾੜਿਆ ਹੱਟਦਾ ਏ
ਤੇਰੇ ਮੁੜ ਆਉਣ ਦਾ ਵਹਿਮ ਜੋ ਦਿਲ ਅੰਦਰ ਏ
ਨਾ ਉਹ ਮਾਰਿਆ ਮਰਦਾ ਏ ।

ਜਦ ਮੇਰੇ ਕੋਈ ਸੱਟ ਲੱਗ ਜਾਂਦੀ
ਝੱਟ ਤੇਰੇ ਕਲ਼ੇਜੇ ਖੋਹ ਜਿਹੀ ਪੈ ਜਾਂਦੀ
ਬੜਾ ਡੂੰਘਾ ਹੋ ਗਿਆ ਏ ਮਾਂ ਜ਼ਖ਼ਮ ਦਿਲ ਦਾ
ਨਾ ਕਿਸੇ ਦੇ ਭਰਿਆ ਭਰਦਾ ਏ ।

ਮਾਵਾਂ ਬਿਨਾਂ ਜ਼ਿੰਦਾ ਲਾਸ਼ ਹੈ ਜ਼ਿੰਦਗੀ ਬੱਚਿਆਂ ਦੀ
ਹੁਣ ਨਾ ਵਹਿਮ ਮਨ ‘ਚੋਂ ਹਟੱਦਾ ਏ
ਜੇ ਖੁੱਸ ਜਾਵੇ ਕਿਸੇ ਦੀ ਮਮਤਾ
ਤਾਂ ਜੱਗ ਉੱਚੀ ਉੱਚੀ ਹੱਸਦਾ ਏ।

ਧਾਲੀਵਾਲ ਨੂੰ ਤੇਰੇ ਬਾਝੋਂ ਕੁੱਝ ਨਹੀਂ ਭਾਉਂਦਾ ਏ
ਬੱਸ ‘ਗਗਨ’ ਦਾ ਦਿਲ ਤੇਰੇ ਰਾਹੇ ਆ ਖੜਦਾ ਏ
ਬੜਾ ਸਮਾਂ ਹੋ ਗਿਆ ਮਾਂ ਤੇਰੀ ਬੁੱਕਲ ਵਿੱਚ ਬੈਠੀ ਨੂੰ
ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ।

ਪ੍ਰੋ.ਗਗਨਦੀਪ ਕੌਰ ਧਾਲੀਵਾਲ

ਮੌਤ 6 ਮਈ 1973 (ਬਿਰਹਾ ਦਾ ਕਵੀ) ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਿਵ ਨੂੰ ਯਾਦ ਕਰਦਿਆਂ

ਸ਼ਿਵ ਨੂੰ ਯਾਦ ਕਰਦਿਆਂ ,
ਦਿਲ ਵਿੱਚ ਹੌਂਕੇ ਭਰਦਿਆਂ।
ਜਦ ਵੀ ਸ਼ਿਵ ਦੀ ਯਾਦ ਆਉਂਦੀ ,
ਦਿਲ ਚੰਦਰੇ ਨੂੰ ਚੀਰਾ ਲਾਉਂਦੀ।
ਯਾਦ ਸ਼ਿਵ ਦੀ ਜਦੋਂ ਪਾਵੇ ਮੋੜੇ,
ਵਾਰ-ਵਾਰ ਦਿਲ ਨੂੰ ਚੰਦਰੀ ਝੰਜੋੜੇ।
ਨਾ ਮਰਹਮ ਮਿਲ਼ੇ ਨਾ ਕੋਈ ਪੱਟੀ ,
ਜਾਵਾਂ ਦੱਸੋ ਮੈਂ ਕਿਹੜੀ ਹੱਟੀ।
ਜਦੋਂ ਚੜ੍ਹ ਪਲਾਂ ਵਿੱਚ ਤਾਰਾ ਛੁਪਿਆ,
ਓਦੋਂ ਬੱਦਲਾਂ ਓਹਲੇ ਸਾਹਿਤ ਦਾ ਸੂਰਜ ਲੁਕਿਆ।
ਚੇਤੇ ਆਵੇ ਸ਼ਿਵ ਦੀ ਕਵਿਤਾ ਬਿਰਹੋਂ ਦੀ ਰੜਕ,
ਸਿਸਕੀਆਂ ਲੈਣ ਇੱਛਾਵਾ ਜਦੋਂ ਅੰਦਰੋਂ ਉੱਠੇ ਭੜਕ ।
ਆਦਰਾਂ ਦੇ ਖ਼ੂਨ ਨੂੰ ਰਿੜਕਦੀ ਦਿਲ ਦੀ ਹੂਕ,
ਮਣ-ਮਣ ਹੰਝੂ ਪੀਸੇ ਚੱਕੀ, ਨਾ ਕਰੇ ਕੋਈ ਚੂਕ।
ਕੋਈ ਜੋਬਨ ਰੁੱਤੇ ਤੁਰਿਆ ,
ਦੁੱਖਾਂ ਦੇ ਨਾਲ ਮਨ ਭਰਿਆ।
ਛੋਟੀ ਉਮਰੇ ਮਰਿਆ ਕੋਈ ਕਰਮਾ ਮਾਰਾ,
ਗਗਨ ਅੱਜ ਵੀ ਸ਼ਿਵ ਨੂੰ ਚੇਤੇ ਕਰਦਾ ਜੱਗ ਸਾਰਾ ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਯਾਦਾਂ ਦੇ ਫੁੱਲ (ਸ਼ਿਵ ਕੁਮਾਰ ਬਟਾਲਵੀ) ✍️ ਰਮੇਸ਼ ਕੁਮਾਰ ਜਾਨੂੰ

ਜੱਗ ਤੋਂ ਵਿਛੜੇ, ਕਦੇ ਨਾ ਮਿਲਦੇ
     ਕੌਣ ਮਿਲਾਵੇ ਆਣ
ਬਿਰਹਾ ਨਾਵੇਂ ਕਰ ਗਿਆ
     ਮੇਰਾ ਬਿਰਹਾ ਦਾ ਸੁਲਤਾਨ

ਤੇਰਿਆਂ ਗੀਤਾਂ ਵਿੱਚ ਵੀ ਮੈਨੂੰ
     ਤੇਰੇ ਭੁਲੇਖੇ ਪੈਂਦੇ ਨੇ
ਯਾਦਾਂ ਵਾਲੇ ਪੰਛੀ ਦਿਲ ਦੇ
     ਆਣ ਬਨੇਰੇ ਬਹਿੰਦੇ ਨੇ
ਕੱਖਾਂ ਵਰਗੇ ਸੁਪਨੇ ਸਾਡੇ
     ਉੱਡ ਗਏ ਵਿੱਚ ਤੂਫਾਨ
               ਬਿਰਹਾ ਨਾਵੇਂ….

ਸੱਚ ਹੀ ਕਹਿੰਦਾ ਝੂਠ ਨਾ ਕੋਈ
     ਬੇਕਸੂਰ ਸੀ ਲੂਣਾਂ
ਅੱਗ ਦੀ ਉਮਰੇ ਟੁੱਟੀਆਂ ਰੀਝਾਂ
     ਕੀ ਸੀ ਉਸ ਦਾ ਜਿਉਣਾ
ਜਿਸ ਤਨ ਲੱਗਦੀ, ਓਹ ਤਨ ਜਾਣੇ
     ਟੁੱਟਦੇ ਜਦ ਅਰਮਾਨ
               ਬਿਰਹਾ ਨਾਵੇਂ….

ਜੋਬਨ-ਰੁੱਤੇ ਨਹੀਂ ਸੀ ਕਾਹਲਿਆ
     ਚੰਦਰੀ ਮੌਤ ਵਿਆਉਂਦੇ
ਐਸੇ ਵਿਆਹ ਦੀ ਸਾਲ ਗਿਰਾ ਨੂੰ
     ਬਰਸੀ ਆਖ ਮਨਾਉਂਦੇ
ਹੰਝੂ ਰੌਣਕ ਵੇਖਣ ਦੇ ਲਈ
     ਅੱਖੀਆਂ ਦੇ ਵਿੱਚ ਆਣ
               ਬਿਰਹਾ ਨਾਵੇਂ….

'ਰਮੇਸ਼' ਦੇ ਦਿਲ ਵਿਚ ਲੈਣ ਉਬਾਲੇ
     'ਜਾਨੂੰ' ਇਹੋ ਚਾਵਾਂ
ਸ਼ਿਵ ਦੇ ਵਾਂਗੂੰ ਮੇਰੀਆਂ ਹੋਵਣ
     ਸਿਵਿਆਂ ਦੇ ਵਿੱਚ ਲਾਵਾਂ
ਮੈਂ ਕੰਡਿਆਲੀ ਥੋਰ ਬਣਾ
     ਤੇ ਉੱਘਾਂ ਵਿੱਚ ਸ਼ਮਸ਼ਾਨ
               ਬਿਰਹਾ ਨਾਵੇਂ….
 ਲੇਖਕ-ਰਮੇਸ਼ ਕੁਮਾਰ ਜਾਨੂੰ
 ਫੋਨ ਨੰ:-98153-20080

"ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਗਲਵੱਕੜੀ ਪਾਈਏ ਦੋਸਤੋ ਰਲਮਿਲ ਪਿਆਰਾਂ ਦੀ।

ਕਦੇ ਕੋਈ ਰੁੱਤ ਨਹੀਂ ਹੁੰਦੀ ਹੈ ਤਕਰਾਰਾਂ ਦੀ।

ਨਫ਼ਰਤਾਂ ਵਾਲੇ ਬੀਜ ਨਹੀਂ ਬੀਜਣੇ ਚਾਹੀਦੇ,

ਭਰਪਾਈ ਨਹੀਂਓਂ ਹੋਣੀ ਪਈਆਂ ਦਰਾਰਾਂ ਦੀ।

ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ ਨੇ,

ਰਲਮਿਲ ਸੰਘੀ ਘੁੱਟੀਏ ਆਓ ਗਦਾਰਾਂ ਦੀ।

ਗੁਰੂ ਸਾਹਿਬ ਰਿਸ਼ੀ ਮੁਨੀ ਪੁਰਖੇ ਸੱਭ ਸਮਝਾ ਗਏ ਨੇ,

ਪਹਿਲਾਂ ਸੰਤਾਪ ਬਹੁਤ ਹੀ ਝੱਲੀ ਪਈਆਂ ਮਾਰਾਂ ਦੀ।

ਚੰਦ ਕੁ ਸਿਰ ਫਿਰੇ ਜੋ ਵੰਡੀਆਂ ਪਾਉਂਦੇ ਨੇ,

ਕਰਦੇ ਜੋ ਸਪਲਾਈ ਨੇ ਹਥਿਆਰਾਂ ਦੀ।

ਦੱਦਾਹੂਰੀਆ ਸਾਂਝ ਭਿਆਲੀ ਰੱਖਣੀ ਸਦਾ ਹੀ ਕਾਇਮ ਆਪਾਂ,

ਦਿਲੋਂ ਭੁਲਾਈਏ ਨਫ਼ਰਤ ਪਈਆਂ ਖ਼ਾਰਾਂ ਦੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਧੀ ✍️ ਪੂਜਾ

ਧੀ ਹੈ ਜਗ ਜਨਨੀ ਇਸ ਸੰਸਾਰ ਦੀ,
ਇਸ ਬਿਨ੍ਹਾਂ ਨਾ ਸੰਸਾਰ ਚਲਦਾ।
 ਜਿਵੇਂ ਹੋਵੇ ਦੀਵੇ ਵਿੱਚ ਤੇਲ,
ਪਰ ਬੱਤੀ ਬਿਨ੍ਹਾਂ ਨਾ ਇਹ ਬਲਦਾ।
ਧੀ ਹੈ ਕਈ ਰਿਸ਼ਤੇ ਨਿਭਾਉਂਦੀ,
ਤੇ ਰੱਖਦੀ ਹੈ ਖਿਆਲ ਬਾਬਲ ਦੀ ਪੱਗ ਦਾ।
ਪੁੱਤਰਾਂ ਨਾਲੋਂ ਵੱਧ ਮਾਪਿਆਂ ਦੇ ਦੁੱਖ ਹੈ ਵੰਡਦੀ,
ਕਰੋ ਸਾਹਮਣਾ ਇਸ ਸੱਚ ਦਾ।
ਕਿਉਂ ਕੁੱਖਾਂ ਵਿੱਚ ਮਾਰਦੇ ਹੋ ਧੀਆਂ ਨੂੰ,
ਲੋਕੋ ਤੁਹਾਡਾ ਦਿਲ ਜ਼ਰਾ ਵੀ ਨਹੀਂ
ਕੰਬਦਾ।
ਕਈ ਸਹੁਰੇ ਘਰਾਂ ਵਿਚ ਹੁੰਦੇ ਬੁਰੇ ਸਲੂਕ ਧੀਆਂ ਨਾਲ,
ਕਾਰਣ ਕਿ ਉਹ ਦਾਜ ਮੰਗਦਾ।
ਲੋਕ ਕੁੜੀ ਜੰਮਣ ਤੇ ਸ਼ੋਗ ਮਨਾਉਂਦੇ,
ਮੁੰਡਾ ਜੰਮੇ ਤਾਂ ਲੱਡੂ ਵੰਡਦਾ।
ਪੂਜਾ ਕਹੇ ਰੋਕੋ ਇਸ ਮਹਾਂਪਾਪ ਨੂੰ ਦੁਨੀਆ ਵਾਲਿਓ,
ਧੀ ਬਿਨਾਂ ਨਾ ਸੰਸਾਰ ਚਲਦਾ।
ਧੀ ਬਿਨਾਂ ਨਾ ਸੰਸਾਰ ਚਲਦਾ।
ਪੂਜਾ(9815591967)

"ਲਿਖੇ ਜੋ ਲਿਖਾਰੀ ਸੱਚ" ✍️ ਜਸਵੀਰ ਸ਼ਰਮਾਂ ਦੱਦਾਹੂਰ

ਸਹੀ ਨੂੰ ਜੋ ਸਹੀ ਕਹਿਣ ਵਾਲਾ ਮਾਦਾ ਰੱਖੇ ਦਿਲ ਵਿੱਚ,

ਜੱਗ ਵਿੱਚ ਹੁੰਦੈ ਸਨਮਾਨ ਓਸ ਬੰਦੇ ਦਾ।

ਚੁਗਲੀ ਜੋ ਕਰਨ ਤੋਂ ਕਰਦਾ ਪਰਹੇਜ਼ ਨਹੀਂਓਂ

ਹੁੰਦਾ ਹੈ ਅਕਸਰ ਨੁਕਸਾਨ ਓਸ ਬੰਦੇ ਦਾ।

ਕੌਲੀ ਚੱਟ ਹੁੰਦੈ ਕੋਈ ਕੋਈ ਪਿੰਡਾਂ ਵਿੱਚ,

ਮੁਫ਼ਤ ਦਾ ਚੱਲੇ ਪੀਣ ਖਾਣ ਓਸ ਬੰਦੇ  ਦਾ।

ਦੁੱਖ ਵੇਲੇ ਖੜ੍ਹਦੈ ਜੋ ਹਿੱਕ ਤਾਣ ਕਿਸੇ ਨਾਲ,

ਭੁੱਲੀਏ ਨਾ ਕਦੇ ਵੀ ਅਹਿਸਾਨ ਓਸ ਬੰਦੇ ਦਾ।

ਗਊ ਤੇ ਗ਼ਰੀਬ ਦੀ ਜੋ ਰਾਖੀ ਕਰੇ ਸੱਚੇ ਦਿਲੋਂ,

ਹੁੰਦਾ ਵੱਖਰਾ ਹੀ ਜੱਗ ਉੱਤੇ ਸ਼ਾਨ ਓਸ ਬੰਦੇ ਦਾ।

ਸੱਥ ਵਿੱਚ ਬੈਠ ਜਿਹੜਾ ਮੱਤ ਵਾਲੀ ਗੱਲ ਕਰੇ,

ਸੁੱਟੀਏ ਨਾ ਝੋਲੀ ਪਾਈਏ, ਗਿਆਨ ਓਸ ਬੰਦੇ ਦਾ।

ਪਿੰਡ ਦਾ ਜੋ ਨਾਮ ਚਮਕਾ ਦੇਵੇ ਦੁਨੀਆਂ ਚ,

ਪੰਚਾਇਤ ਵੱਲੋਂ ਹੁੰਦਾ ਫਿਰ ਮਾਣ ਓਸ ਬੰਦੇ ਦਾ।

ਦੱਦਾਹੂਰ ਵਾਲਾ ਕਹੇ ਲਿਖੇ ਜੋ ਲਿਖਾਰੀ ਸੱਚ,

ਹੋ ਜਾਂਦਾ ਪੂਰਾ ਅਰਮਾਨ ਓਸ ਬੰਦੇ ਦਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਹਨ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਸੁਪਨੇ ਸਾਰਿਆਂ ਨੂੰ ਆਉਂਦੇ ਹਨ ।ਅਮੀਰ-ਗਰੀਬ ਅੱਖਾਂ ਵਿੱਚ ਸੁਪਨੇ ਬੁਣਦੇ ਹਨ।ਕਈ ਲੋਕ ਸੁਪਨੇ ਦਿਨ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਨ।ਦੋਸਤੋੰਸੁਪਨੇ ਬੜੇ ਅਜੀਬ ਜਿਹੇ ਹੁੰਦੇ ਹਨ ਕਈ ਵਾਰ ਬਹੁਤ ਖੁਸ਼ੀ ਦਿੰਦੇ ਹਨ ਕਈ ਵਾਰ ਬਹੁਤ ਡਰ ਪੈਦਾ ਕਰਦੇ ਹਨ।ਸੁਪਨੇ ਉਹ ਬਿਰਤਾਂਤ ਹਨ ਜੋ ਅਸੀਂ ਗੂੜੀ ਨੀਂਦ ਵਿੱਚ ਦੇਖਦੇ ਹਾਂ,ਅਨੁਭਵ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ।ਸੁਪਨੇ ਕਲਪਨਾ ਵਰਗੇ ਹੁੰਦੇ ਹਨ। ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਹਨ।ਜੇਕਰ ਇਹਨਾਂ ਅਨੁਭਵਾਂ ਨੂੰ ਬੂਰ ਨਹੀਂ ਪੈਂਦਾ ਤਾਂ ਸਾਡੇ ਸੁਪਨੇ ਮਰ ਜਾਂਦੇ ਹਨ। ਕਈ ਵਾਰ ਹਾਲਾਤ ਸਾਨੂੰ ਇਹਨਾਂ ਤੋੜ ਦਿੰਦੇ ਹਨ ਕਿ ਸਾਡੇ ਦੇਖੇ ਹੋਏ ਸੁਪਨੇ ਟੁੱਟ ਕੇ ਚਕਨਾਚੂਰ ਹੋਜਾਂਦੇ ਹਨ ।ਕਈ ਵਾਰ ਸੁਪਨੇ ਏਨੇ ਅਨੰਦ ਦਾਇਕ ਹੁੰਦੇ ਹਨ ਕਿ ਰੋਜ਼ ਹੀ ਦਿਲ ਕਰਦਾ ਹੈ ਕਿ ਜਲਦੀ ਸੌ ਜਾਈਏ ਤੇ ਫਿਰ ਸੁਪਨੇ ਲਈਏ।ਪਰ ਸਵੇਰ ਹੋਣ ਤੇ ਫਿਰ ਟੁੱਟ ਜਾਂਦੇ ਹਨ।ਸੁਪਨੇ ਸਿਰਜਣਾਤਮਕ, ਅਜੀਬ, ਸੰਭਾਵਨਾਵਾਂ ਨਾਲ ਭਰੇ ਸਾਡੀ ਪਦਾਰਥਕ ਸੰਸਾਰ ਦੀਆਂ ਸਰੀਰਕ ਸੀਮਾਵਾਂ ਤੋਂ ਪਰੇ ਜਾਂਦੇ ਹਨ।ਸੁਪਨੇ ਇੱਕਪ੍ਰਤੀਬਿੰਬ, ਕਈ ਵਾਰ ਬੇਤਰਤੀਬੇ ਵੀ ਹੁੰਦੇ ਹਨ।ਕਈ ਵਾਰ ਇਨਸਾਨ ਸੁਪਨੇ ਨੀਂਦ ਵਿੱਚ ਦੇਖਦਾ ਹੈ ਤੇ ਉਹਨਾਂ ਨੂੰ ਪੂਰਾ ਕਰਨ ਦੀ ਹੋੜ ਵਿੱਚ ਲੱਗਾ ਰਹਿੰਦਾ ਹੈ ਜੋ ਕਿ ਉਹ ਕਦੇ ਵੀ ਪੂਰੇ ਨਹੀਂ ਹੁੰਦੇ ।ਅਸਲ ਵਿੱਚ ਜੋ ਇਨਸਾਨ ਸੁਪਨੇ ਹੋਸ਼ ਹਵਾਸ ਜਾਂ ਖੁੱਲੀਆਂ ਅੱਖਾਂ ਨਾਲ ਦੇਖਦੇ ਹਨ ਜਿਆਦਾਤਰ ਓਹੀ ਹੀ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੁੰਦੇ ਹਨ।ਅਕਸਰ ਇਹੋ ਸੁਣਿਆ ਗਿਆ ਹੈ ਲੋਕਾਂ ਤੋਂ ਕਿ ਸਾਡੇ ਸੁਪਨੇ ਮਰ ਗਏ ਹਨ ਉਹ ਗੂੜੀ ਨੀਂਦ ਵਿੱਚ ਆਏ ਖਿਆਲਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾ ਲੈਂਦੇ ਹਨ ਤੇ ਜਦੋਂ ਜਾਗ ਆਉੁਦੀ ਹੈ ਫਿਰ ਅਸਲੀਅਤ ਜਾਣ ਕੇ ਉਦਾਸ ਹੋ ਜਾਂਦੇ ਹਨ ।ਪਰ ਉਹ ਦੇਖੇ ਸੁਪਨੇ ਬੜੇ ਹੀ ਰੋਮਾਂਚਿਤ ਹੁੰਦੇ ਹਨ। ਜੋ ਅਲੱਗ ਜਿਹੀ ਖ਼ੁਸ਼ੀ ਦਿੰਦੇ ਹਨ।ਕਈ ਵਾਰ ਸਾਡੇ ਸੁਪਨੇ ਸਾਕਾਰ ਨਹੀਂ ਹੁੰਦੇ ਅਤੇ ਟੀਚੇ ਦੀ ਪ੍ਰਾਪਤ ਨਹੀਂ ਹੁੰਦੀ ਤਾਂ ਅਸੀਂ ਉਦਾਸ ਹੋ ਜਾਂਦੇ ਹਨ।ਹਾਰ ਮੰਨ ਲੈਂਦੇ ਹਾਂ ਕਹਿੰਦੇ ਹਾਂ ਕਿ ਮੇਰੇ ਸੁਪਨੇ ਚਾਅ ਮਰ ਗਏ ਹਨ ਆਪਣੀ ਇੱਛਾ ਨਾ ਪੂਰੀ ਹੋਣ ਤੇ ਜਾਂ ਕਿਸੇ ਚੀਜ ਦੇ ਨਾ ਮਿਲਣ ਤੇ ਅਕਸਰ ਅਸੀਂ ਕਿਸੇ ਨੂੰ ਜਾਂ ਕਿਸੇ ਚੀਜ਼ ਨੂੰ ਦੋਸ਼ੀ ਠਹਿਰਾਉਂਦੇ ਹਾਂ।ਕਈ ਵਾਰ ਅਸੀਂ ਆਪਣੇ ਆਪ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਕਿ ਇਸ ਸੰਸਾਰ ਵਿੱਚ ਕੁਝ ਅਜਿਹਾ ਹੋ ਸਕਦਾ ਹੈ ਜੋ ਅਸੀ ਆਪਣੇ ਲਈ ਸੋਚਿਆ ਸੀ ਉਹ ਤੁਹਾਨੂੰ ਕੁਝ ਪਤਾ ਨਹੀਂ ਹੋ ਸਕਦਾ; ਕਿ ਇੱਥੇ ਕੁਝ ਅਜਿਹਾ ਹੈ ਜੋ ਸਾਡੇ ਨਿਯੰਤਰਣ ਤੋਂ ਬਗੈਰ ਵਾਪਰਦਾ ਹੈ।ਕਈ ਵਾਰ ਆਪਾ ਕਈ ਚੀਜ਼ਾਂ ਜਿੰਨਾਂ ਨੂੰ ਆਪਣੇ ਕੰਟਰੋਲ ਹੇਠ ਕਰਨ ਲਈ ਸੁਪਨੇ ਦੇਖ ਲੈਂਦੇ ਹਾਂ ਜੋ ਕਿ ਪੂਰੇ ਹੋਣੇ ਅਸੰਭਵ ਹਨ ।ਸੁਪਨੇ ਅਸਪਸ਼ਟ ਤੇ ਗੁੰਝਲਦਾਰ ਹੁੰਦੇ ਹਨ। ਮਨੋ ਵਿਗਿਆਨੀਆਂ ਨੇ ਕਿਹਾ ਹੈ ਕਿ ਸੁਪਨੇ ਮਨ ਅੰਦਰ ਦੱਬੀਆਂ ਖੁਆਹਿਸਾਂ ਦੀ ਪੂਰਤੀ ਹੁੰਦੇ ਹਨ । ਮਨੋਚਿਕਿਤਸਕ ਸਿਗਮੰਡ ਫਰਾਇਡ ਅਤੇ ਜੁੰਗ ਦਾ ਵਿਚਾਰ ਸੀ ਕਿ ਸੁਪਨਿਆਂ ਦੁਆਰਾ ਅਸੀਂ ਗੁਪਤ ਖਾਹਿਸ਼ਾਂ ਨੂੰ ਸੁਖਦਾਇਕ ਪ੍ਰਤੀਕਾਂ ਦਾ ਬਦਲ ਦੇ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਸਤਾ ਰਹੀਆਂ ਬਿਰਤੀਆਂ ਨੂੰ ਛੁਪਾ ਲੈਂਦੇ ਹਾਂ।ਉਸ ਨੇ ਸੁਪਨਿਆਂ ਨੂੰ ਦੱਬੀਆਂ ਖਾਹਿਸ਼ਾਂ ਦੀ ਪੂਰਤੀ ਦੱਸਿਆ ਹੈ।ਸੁਪਨੇ ਲੈਂਦੇ ਸਮੇਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਸਭ ਹੁਬਹੂ ਵਾਪਰ ਰਿਹਾ ਹੋਵੇ ਅਸੀਂ ਅਸਲੀ ਜ਼ਿੰਦਗੀ ਜੀ ਰਹੇ ਹੋਈਏ ਪਰ ਜਦੋਂ ਜਾਗ ਆਉਂਦੀ ਹੈ ਤਾਂ ਇਹ ਕਲਪਨਾ ਜਿਹੀ ਪ੍ਰਤੀਤ ਹੁੰਦੀ ਹੈ।ਤੇ ਜਦੋਂ ਅਸੀਂ ਨੀਂਦ ‘ਚੋ ਬਾਹਰ ਹੋਕੇ ਦੇਖਦੇ ਹਾਂ ਤਾਂ ਸਭ ਕੁੱਝ ਦਿਸਦੇ ਉਲਟ ਹੁੰਦਾ ਹੈ।ਸੋ ਦੋਸਤੋਂ ਸੁਪਨੇ ਕਦੇ ਵੀ ਪੂਰੇ ਨਹੀਂ ਹੁੰਦੇ ਜੋ ਅਸੀਂ ਕਲਪਨਾ ਵਿੱਚ ਦੇਖਦੇ ਹਾਂ ਸੋਚਦੇ ਹਾਂ।ਕਦੇ ਵੀ ਨਰਾਜ਼ ਨਾ ਹੋਵੋ ਸੁਪਨੇ ਹਮੇਸ਼ਾ ਜਾਗਦੇ ਹੋਏ ਦੇਖੋ ਤਾ ਜੋ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ।

ਗਗਨਦੀਪ ਕੌਰ ਧਾਲੀਵਾਲ ਝਲੂਰ , ਬਰਨਾਲਾ ।

"ਇਹੀ ਜ਼ਿੰਦਗੀ ਦਾ ਸਾਰ ਹੈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਜੋ ਆਇਆ ਦੁਨੀਆਂ ਉੱਤੇ ਉਸ ਨੇ ਜਾਣਾ ਐਂ।

ਕੁਦਰਤ ਦਾ ਅਸੂਲ ਇਹ ਬੜਾ ਪੁਰਾਣਾ ਐਂ।

ਮੈਂ ਮੇਰੀ ਵਿੱਚ ਉਲਝ ਕੇ ਰਹਿ ਗਿਆ ਬੰਦਾ ਜੀ,

ਹੰਕਾਰ ਦੇ ਵਿੱਚ ਭੁੱਲਿਆ ਰਾਜਾ ਰਾਣਾ ਐਂ।

ਪੁਜਾਰੀ ਗਿਆਨੀ ਕੋਈ ਤਪੱਸਵੀ ਸਥਿਰ ਨਹੀਂ,

ਹਰ ਇੱਕ ਨੂੰ ਹੀ ਮੰਨਣਾ ਪੈਣਾ ਰੱਬ ਦਾ ਭਾਣਾ ਐਂ।

ਮਜ਼ਬਾਂ ਧਰਮਾਂ ਦੀਆਂ ਵੰਡੀਆਂ ਕਾਹਤੋਂ ਪਾ ਲਈਆਂ,

ਆਖਿਰ ਖ਼ਾਕ ਦੇ ਵਿੱਚ ਹੀ ਸੱਭ ਸਮਾਣਾ ਐਂ।

ਆਓ ਗਲਵਕੜੀ ਪਾਈਏ ਦੋਸਤੋ ਪਿਆਰਾਂ ਦੀ,

 ਦੁਨੀਆਂ ਦੇ ਵਿੱਚ ਨਾਮ ਦੇ ਚਮਕਾਣਾ ਐਂ।

ਜ਼ਿੰਦਗੀ ਦਿਨ ਹੈ ਚਾਰ ਬਹਾਰਾਂ ਮਾਣ ਲਈਏ,

ਇਹੀ ਦੱਦਾਹੂਰੀਏ ਸ਼ਰਮੇ ਦਾ ਫੁਰਮਾਣਾ ਐਂ।

ਕਹਿਣਗੇ ਕੱਲ੍ਹ ਹੀ ਐਥੇ ਮਿਲਿਆ ਸਾਨੂੰ ਸ਼ਰਮਾਂ  ਸੀ,

ਖਾਕ ਦੇ ਵਿੱਚ ਹੈ ਬੰਦੇ ਪਤਾ ਨੀ ਕਦ ਮਿਲ ਜਾਣਾ ਐਂ।

ਸ਼ੁਕਰਾਨਾ ਕਰਨਾ ਚਾਹੀਦਾ  ਸਦਾ ਹੀ ਉਸ ਮਾਲਿਕ ਦਾ,

ਜੀਹਨੇ ਮਾਨਸ ਬਣਾ ਸੱਭ ਨੂੰ ਹੀ ਮਿਲਾਣਾ ਐਂ।

ਅਸੂਲ ਓਹਦੇ ਸਿਰ ਮੱਥੇ ਸਾਰੇ ਮੰਨ ਲਈਏ,

ਕਰ ਲਈਏ ਇਹ ਕਰਮ ਕਿਉਂ ਸ਼ਰਮਾਣਾ ਐਂ।

ਇਹੀ ਓਹਦੀ ਇਬਾਦਤ ਇਹੀ ਬੰਦਗੀ ਹੈ,

ਦੋਸਤੋ ਦੱਦਾਹੂਰੀਏ ਸ਼ਰਮਾਂ ਕਹੇ ਨਿਮਾਣਾ ਐਂ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਇੰਝ ਵੀ ਹੋ ਸਕਦੈ ! ✍️ ਸਲੇਮਪੁਰੀ ਦੀ ਚੂੰਢੀ

- ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਕੇ ਵੇਚਣ ਵਾਲੇ ਮਾਮਲੇ ਤਾਂ ਆਮ ਵੇਖਣ ਨੂੰ ਮਿਲਦੇ ਹਨ। ਦੁੱਧ ਵਿਚ ਪਾਣੀ, ਦੇਸੀ ਘਿਓ ਵਿਚ ਬਨਸਪਤੀ ਘਿਓ ਅਤੇ ਦਹੀਂ / ਪਨੀਰ ਅਤੇ ਖੋਏ ਵਿਚ ਮਿਲਾਵਟ ਕਰਨਾ ਆਮ ਗੱਲ ਹੈ, ਪਰ ਪਸ਼ੂਆਂ ਵਿੱਚ ਮਿਲਾਵਟ ਕਰਕੇ ਵੇਚਣ ਦੀ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉਪਰ ਘੁੰਮ ਰਹੀ ਇਕ ਵੀਡੀਓ ਵੇਖ ਕੇ ਮੈਂ ਦੰਗ ਰਹਿ ਗਿਆ ਕਿ ਪਸ਼ੂਆਂ ਵਿਚ ਵੀ ਮਿਲਾਵਟ ਹੋਣ ਲੱਗ ਪਈ ਹੈ। ਘੋੜਿਆਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੇ  ਕੱਪੜਿਆਂ ਦੇ ਇਕ ਵਪਾਰੀ ਨੂੰ ਲਾਲ ਘੋੜੇ ਦੀ ਥਾਂ ਕਾਲੇ /ਨੀਲੇ ਰੰਗ ਦਾ ਉੱਤਮ ਨਸਲ ਦਾ ਘੋੜਾ ਕਹਿ ਕੇ ਲਗਭਗ 23 ਲੱਖ ਰੁਪਏ ਦੀ ਠੱਗੀ ਮਾਰੀ ਹੈ । ਇਹ ਕਹਾਣੀ ਲਹਿਰਾਗਾਗਾ ਸ਼ਹਿਰ ਦੇ ਕੱਪੜਿਆਂ ਦੇ ਇਕ ਵਪਾਰੀ ਨਾਲ ਵਾਪਰੀ ਹੈ। ਠੱਗਾਂ ਦੇ ਧੱਕੇ ਚੜ੍ਹ ਚੁੱਕੇ ਕੱਪੜੇ ਦੇ ਵਪਾਰੀ ਨੇ ਸਬੰਧਿਤ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਇੱਕ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਘੋੜਿਆਂ ਦੇ ਵਪਾਰੀ ਕੋਲੋਂ ਸ਼ੌਕ ਨਾਲ ਘਰ ਵਿਚ ਰੱਖਣ ਲਈ ਇਕ ਵਧੀਆ ਨਸਲ ਦਾ ਕਾਲਾ /ਨੀਲਾ ਘੋੜਾ ਖਰੀਦਿਆ ਸੀ ਅਤੇ ਜਦੋਂ ਉਹ ਖ੍ਰੀਦੇ ਘੋੜੇ ਨੂੰ ਜਿਲ੍ਹਾ ਮਾਨਸਾ ਦੇ ਇਕ ਪਿੰਡ ਵਿਚੋਂ ਸ਼ਹਿਰ ਲਹਿਰਾਗਾਗਾ ਆਪਣੇ ਘਰ ਵਲ ਲਿਆ ਰਿਹਾ ਸੀ ਤਾਂ ਗਰਮੀ ਹੋਣ ਕਾਰਨ ਘੋੜੇ ਨੂੰ ਰਸਤੇ ਵਿਚ ਪਾਣੀ ਪਿਲਾਇਆ ਅਤੇ  ਬਾਲਟੀ ਵਿਚ ਜਿੰਨਾ ਪਾਣੀ ਬਚਿਆ   ਘੋੜੇ ਉਪਰ ਪਾ ਦਿੱਤਾ। ਪੀੜਤ ਵਪਾਰੀ ਨੇ ਦੱਸਿਆ ਕਿ ਜਿਉਂ ਪਾਣੀ ਘੋੜੇ ਉਪਰ ਪਾਇਆ ਤਾਂ  ਘੋੜੇ ਉਪਰ ਮਲਿਆ /ਪੇਂਟ ਕੀਤਾ ਸਾਰਾ ਕਾਲਾ/ਨੀਲਾ ਰੰਗ ਚੋ ਕੇ ਥੱਲੇ ਆ ਗਿਆ ਅਤੇ ਘੋੜਾ ਲਾਲ ਰੰਗ ਦਾ ਨਿਕਲਿਆ। ਲਾਲ ਰੰਗ ਦਾ ਦੇਸੀ ਘੋੜਾ ਵੇਖ ਕੇ ਖਰੀਦਦਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਜਾਣਕਾਰੀ ਅਨੁਸਾਰ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਵਪਾਰੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਪਰਲੀ ਘਟਨਾ ਨੂੰ ਵੇਖ ਕੇ ਹੈਰਾਨੀ ਇਸ ਗੱਲ ਦੀ ਹੈ ਕਿ ' ਇਸ ਤਰ੍ਹਾਂ ਦੀ ਵੀ ਠੱਗੀ ਵੱਜ ਸਕਦੀ ਐ ਅਤੇ ਇੰਝ ਵੀ ਹੋ ਸਕਦੈ!'
-ਸੁਖਦੇਵ ਸਲੇਮਪੁਰੀ
09780620233
24 ਅਪ੍ਰੈਲ, 2022.

ਧੀ ਤੇਰੀ ✍️ ਗੌਰਵ ਧੀਮਾਨ

ਬਾਬੁਲ ਤੇਰੇ ਰੁੱਤਬੇ ਵਾਂਗਰਾਂ,

ਮੈ ਗੱਲ ਪਿਆਰ ਨੂੰ ਲਾਇਆ ਨਾ।

ਧੀ ਤੇਰੀ ਨੇ ਮੁੜ ਅੱਜ ਵੀ,

ਮੁੜ ਪਿਆਰ ਨੂੰ ਝੋਲੀ ਪਾਇਆ ਨਾ।

 

ਜਿੰਦਗੀ ਰਾਹਾਂ ਵਿੱਚ ਮੈ ਸਾਹੇਂ,

ਮਾਂ ਮੇਰੀ ਦਾ ਦਿਲ ਦੁਖਾਇਆ ਨਾ।

ਕੰਧ ਟੱਪ ਜੋ ਜਾਂਦੀਆਂ ਧੀਆਂ,

ਮੁੜ ਇੱਜਤ ਦਾਅ ਮੁੱਕ ਜਾਇਆ ਨਾ।

 

ਮੁੱਕ ਗਏ ਨੇ ਵੀਰ ਭੈਣ ਵਿਛੋੜੇ,

ਮੈ ਉਸ ਰਾਹ ਵੱਲ ਕਦੇ ਸਤਾਇਆ ਨਾ।

ਜਿਸ ਘਰ ਜੀਵੇ ਵੀਰਾ ਮੇਰਾ,

ਪੱਗੜੀ ਰੋਲਣਾ ਮੈਨੂੰ ਸਿਖਾਇਆ ਨਾ।

 

ਜਿਉਂਦੇ ਸੁਪਨੇ ਸੇਕਾਂ ਬਾਬੁਲ ਦੇ,

ਪਾਠ ਕਰ ਰੋਜ਼ ਰੱਬ ਧਿਆਇਆ ਨਾ।

ਹੰਝੂ ਇੱਕ ਵੀ ਆਉਣ ਨਾ ਦਿੱਤਾ,

ਗੁੱਡੀਆਂ ਪਟੋਲੇ ਹੱਥ ਫੜਾਇਆ ਨਾ।

 

ਵੱਖਰੀ ਸੋਚ ਮੈ ਲਾਜ ਬਾਬੁਲ ਦੀ,

ਜਿਸਮ ਤੋਂ ਚੁੰਨੀ ਕਦੇ ਹਟਾਇਆ ਨਾ।

ਕੀ ਕੀ ਰੰਗ ਵਿਖਾਂਦੀ ਦੁਨੀਆ,

ਗੌਰਵ ਖ਼ਾਸ ਤੋਂ ਝੂਠ ਲਿਖਾਇਆ ਨਾ।

 

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

ਸੀ ਐਮ ਸਾਹਿਬ ਨਾਲ ਦਿਲ ਦੀਆਂ ਗੱਲਾਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਊਂਝਾਂ ਵਿਰੋਧੀਆਂ ਲਾਉਣੀਆਂ ਬਹੁਤ ਤੈਨੂੰ,

ਮਸਤ ਚਾਲ ਨਾਲ ਚੱਲਦਾ ਰਹੀਂ ਮਾਨਾ।

ਰੱਖੀਂ ਆਸਰਾ ਇੱਕ ਅਕਾਲਪੁਰਖ ਦਾ ਤੂੰ,

ਲਾਜ ਰੱਖਣ ਲਈ ਓਸੇ ਨੂੰ ਕਹੀਂ ਮਾਨਾ।

ਵਾਅਦੇ ਚਹੇਤਿਆਂ ਦੇ ਰੱਖੀਂ ਵਸਾ ਹਿਰਦੇ,

ਬਿਲਕੁਲ ਧੌਂਸ ਨਾ ਕਿਸੇ ਦੀ ਸਹੀਂ ਮਾਨਾ।

ਰਿਆਇਤਾਂ ਚਹੇਤਿਆਂ ਨੂੰ ਨਾ ਸਾਰੀਆਂ ਵੰਡ ਦੇਵੀਂ,

ਸੱਭ ਨੂੰ ਭਰੋਸਾ ਦੇ ਵਿੱਚ ਤੂੰ ਲਈਂ ਮਾਨਾ।

ਨਿਵੇਕਲੇ ਕਾਜ ਕਰ ਵਿਖਾਈਂ ਪੰਜਾਬੀਆਂ ਨੂੰ,

ਆਖਿਰ ਯੋਧਿਆ ਬੱਲੇ ਬੱਲੇ ਹੋਣੀ ਐਂ ਤਾਂ ਤੇਰੀ।

ਪੰਜਾਬ ਲਈ ਸੱਭ ਕੁਰਬਾਨ ਕਰਦੀਂ ਇਹੀ ਪਿਓ ਤੇ ਇਹੀ ਹੈ ਮਾਂ ਤੇਰੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸਾਡੀ ਜ਼ਿੰਦਗੀ  ✍️. ਸ਼ਿਵਨਾਥ ਦਰਦੀ

ਅਸੀਂ ਤਾਂ ਆਪਣੀ ਜ਼ਿੰਦਗੀ ,

ਸੱਜਣਾਂ ਹਢਾਉਣ ਆਏ ਹਾਂ ।

ਐਸ਼ ਪ੍ਰਸਤ ਲੋਕਾਂ ਲਈ ,

ਸੁੱਖ ਸਾਧਨ ਬਣਾਉਣ ਆਏ ਹਾਂ ।

ਅਸੀਂ ਮਿਹਨਤਾਂ ਦੇ ਪੁਜਾਰੀ ,

ਖੂਨ ਪਸੀਨਾ ਵਹਾਉਣ ਆਏ ਹਾਂ ।

ਟੁੱਟਿਆ ਮੰਜਿਆਂ ਚ' ਲੰਘਦੀ ਰਾਤ ,

ਝਿੜਕਾਂ ਚ' ਦਿਨ ਬਤਾਉਣ ਆਏ ਹਾਂ ।

ਰੋਜ਼ ਮਰਦੀਆਂ ਰੀਝਾਂ ਸਾਡੀਆਂ ,

ਰੀਝਾਂ ਨੂੰ ਕਬਰੀਂ ਦਫ਼ਨਾਉਣ ਆਏ ਹਾਂ ।

ਰੋਂਦਿਆਂ ਧੋਂਦਿਆਂ ਮਰ ਜਾਣਾ 'ਦਰਦੀ',

ਕੁਝ ਦਿਨ ਮਹਿਫ਼ਲ ਰੁਸ਼ਨਾਉਣ ਆਏ ਹਾਂ ।

                       ਸ਼ਿਵਨਾਥ ਦਰਦੀ 

             ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ।

ਸ਼ਾਇਰ ਹਰਮਿੰਦਰ ਦੀ ਕਲਮ ਤੋਂ 2 ਸਾਲ ਦਾ ਸਫ਼ਰ  ਅੱਜ

23 ਅਪ੍ਰੈਲ 2022 ਨੂੰ ਸ਼ਾਇਰ ਹਰਮਿੰਦਰ ਸਿੰਘ ਨੂੰ 2 ਸਾਲ ਹੋ ਗਏ ਕੱਲਮ ਦੇ ਲਾਲ ਆਪਣੇ ਜਜ਼ਬਾਤ ਲਿਖਦਿਆਂ ਨੂੰ। ਉਹਨਾਂ ਨੇ ਆਪਣੀ ਪਹਿਲੀ ਰਚਨਾ 23 ਅਪ੍ਰੈਲ 2020 ਨੂੰ ਲਿਖੀ ਸੀ। ਜੋ ਕਿ ਇੱਕ ਤਾਰੇ ਉਪਰ ਲਿਖੀ ਗਈ ਰਚਨਾ ਹੈ। ਇਨ੍ਹਾਂ ਦੋ ਸਾਲਾਂ ਦੇ ਵਿੱਚ ਸ਼ਾਇਰ ਹਰਮਿੰਦਰ ਸਿੰਘ ਨੇ 237 ਰਚਨਾਵਾਂ ਲਿਖ ਦਿੱਤੀਆਂ ਹਨ। ਜਦੋਂ ਕਿ ਹੁਣ ਤਕ ਸਿਰਫ 42 ਰਚਨਾਵਾਂ ਹੀ ਛਪਾਈਆਂ ਹਨ। ਨਿੱਕੀ ਉਮਰ ਵਿਚ ਕਲਮ ਦੇ ਨਾਲ ਸਫ਼ਰ ਸ਼ੁਰੂ ਕਰਨਾ ਇੱਕ ਰੱਬ ਵੱਲੋਂ ਦਿੱਤੀ ਗਈ ਵੱਡਮੁੱਲੀ ਦਾਤ ਹੁੰਦੀ ਹੈ। ਇਹਨਾਂ ਨੂੰ ਲਿਖਣ ਦਾ ਸ਼ੌਕ ਡਾਕਟਰ ਸਤਿੰਦਰ ਸਰਤਾਜ ਤੋਂ ਹੀ ਪਿਆ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅੱਜਕਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ। ਪ੍ਰੰਤੂ ਇਸ ਤਰ੍ਹਾਂ ਦੇ ਨੌਜਵਾਨ ਵੀ ਹਨ ਜੋ ਕਲਮ ਦਾ ਨਸ਼ਾ ਹੀ ਕਰਦੇ ਹਨ ਇਹ ਦੇਖ ਕੇ ਆਪਣੀ ਖੁਸ਼ੀ ਮਹਿਸੂਸ ਹੁੰਦੀ ਹੈ। ਇਨ੍ਹਾਂ ਨੂੰ 7 ਅਕਤੂਬਰ ਤੋਂ 2021 ਨੂੰ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਤਾਰਿਓ ਕਨੇਡਾ ਵੱਲੋਂ ਭਾਈ ਲਾਲੋ ਜੀ ਅਵਾਰਡ ਨਾਲ ਨਿਵਾਜਿਆ ਗਿਆ। ਹੋਰ ਵੀ ਕਈ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਵੱਖ ਵੱਖ ਸਨਮਾਨ ਪੱਤਰ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹਨਾ ਦੀ ਖੁਸ਼ਕਿਸਮਤੀ ਹੈ ਕਿ ਛੋਟੀ ਉਮਰ ਵਿੱਚ ਹੀ ਇਨ੍ਹਾਂ ਨੂੰ ਸਾਹਿਤਕ ਸਮਾਂ ਪੱਤਰ ਲੈਣ ਦਾ ਮੌਕਾ ਮਿਲਿਆ। ਜੋ ਕਿ ਹਰੇਕ ਲੇਖਕ ਦੀ ਇਕ ਦਿਨ ਦੀ ਇੱਛਾ ਹੁੰਦੀ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਸਾਹਿਤਕ ਪ੍ਰਾਪਤੀਆਂ ਕਰਨ ਤੇ ਉਸ ਮੁਕਾਮ ਤੇ ਪਹੁੰਚਣ।

"ਨੁਕਤਾਚੀਨੀ ਸਿਖ਼ਰ ਤੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਵਿਰੋਧੀਆਂ ਨੂੰ ਰਾਸ ਨਾ ਆਉਣ ਹੁਣ ਤਾਂ,

ਕੰਮ ਨਵੀਂ ਜੋ ਬਣੀ ਸਰਕਾਰ ਦੇ ਜੀ।

ਨੱਚਣਾ ਆਇਆ ਨਾ ਆਂਗਣ ਨੂੰ ਕਹਿਣ ਟੇਢਾ,

ਲੱਛਣ ਲੱਗਣ ਇਹ ਦਿਲ ਵਾਲੀ ਖਾਰ ਦੇ ਜੀ।

ਵਾਰੋ ਵਾਰੀ ਵਾਲੀ ਖੇਡ ਹੁਣ ਖ਼ਤਮ ਹੋਗੀ,

ਇੱਕ ਦੂਜੇ ਨੂੰ ਕਹਿ ਕਹਿ ਸੱਭ ਸਾਰਦੇ ਸੀ। 

ਊਣਤਾਈਆਂ ਤੇ ਬਿਆਨ ਟਟੋਲਦੇ ਨੇ,

ਕਿਥੋਂ ਗਲਤੀ ਲੱਭੀਏ ਰਹਿਣ ਨਿਹਾਰਦੇ ਜੀ।

ਵਿਕਾਸ ਦੇ ਮੁੱਦਿਆਂ ਤੇ ਨਹੀਂ ਕੋਈ ਗੱਲ ਕਰਦਾ,

ਨਿਘਾਰ ਰਾਜਨੀਤੀ ਵਿੱਚ ਵੜੀ ਮਾੜੀ ਸੋਚ ਦਾ ਹੈ।

ਕੁੱਝ ਕੁ ਪੰਜਾਬ ਦੇ ਦਿਨ ਲੱਗੇ ਨੇ ਫਿਰਨ ਵੀਰੋ,

ਹਰ ਕੋਈ ਖਰੀਂਢ ਅੱਲਾ ਹੀ ਲੱਗੇ ਖਰੋਚਦਾ ਹੈ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਦੇਸ਼ ਦੀ ਤਰੱਕੀ ✍️ ਸੁਖਜਿੰਦਰ ਸਿੰਘ ਮੁਹਾਰ

ਬੇਰੁਜ਼ਗਾਰੀ,ਭ੍ਰਿਸ਼ਟਾਚਾਰ,ਅਤਿਆਚਾਰ ਨੇ,
ਚਿਲਮਾਂ,ਸਮੈਕਾਂ ਚਿੱਟੇ ਦੇ ਵਪਾਰ ਨੇ,
ਚੜ੍ਹਦੀ ਜਵਾਨੀ ਦੀ ਮੰਜੀ ਠੋਕਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਲੱਚਰ ਗੀਤਾਂ ਸੱਭਿਆਚਾਰ ਅਵਾਰਾ ਨੇ,
ਝੂਠੇ ਲੀਡਰਾਂ,ਸਮੇਂ ਦੀਆਂ ਸਰਕਾਰਾਂ ਨੇ,
ਸੋਨੇ ਜਿਹੇ ਦੇਸ਼ ਦੀ ਫੱਟੀ ਪੋਚਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਗਰਮ ਸੁਭਾਅ,ਵੈਲਪੁਣੇ ਵਾਲੇ ਸਾਜਾਂ ਨੇ,
ਅੰਧ ਵਿਸ਼ਵਾਸ ਝੂਠੇ ਰੀਤੀ ਰਿਵਾਜਾਂ ਨੇ,
ਪੱਲੇ ਸੀ ਅਮੀਰੀ  ਜੋ ਗ਼ਰੀਬੀ ਵੱਲ ਝੋਕਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਨਿੱਤ ਹੀ ਹੁੰਦੇ ਧਰਨਿਆਂ ਰੋਸ ਮੁਜਾਰਿਆਂ ਨੇ,
ਅਨਪੜ,ਪੜਿਆ,ਵਿਆਹਿਆ, ਕੁਆਰਿਆ ਨੇ,
ਇਨਸਾਨੀਅਤ ਇਹਨਾਂ ਕੱਖਾਂ ਦੇ ਭਾਅ ਤੋਲਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਦਾਜ-ਦਹੇਜ,ਤਲਾਕ,ਭਰੂਣ-ਹੱਤਿਆ ਨੇ,
ਥਾਣਿਆਂ ਕਚੇਹਰੀਆ ਚ ਨਿੱਤ ਪੈਂਦੇ ਧੱਕਿਆ ਨੇ,
ਜ਼ਿੰਦਗੀ ਦੀ ਬੇੜੀ ਅੱਧ ਵਿਚਕਾਰ ਡੋਬਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਭੋਗਾਂ,ਵਿਆਹਾਂ ਉੱਤੇ ਹੁੰਦੇ ਫਜ਼ੂਲ ਖ਼ਰਚਾ ਨੇ,
ਜੱਟਾਂ ਸਿਰ ਚੜ੍ਹੇ ਬੇਹਿਸਾਬ ਕਰਜਾਂ ਨੇ,
ਕੁੱਝ ਮੇਹਰਬਾਨੀ ਆ"ਮੁਹਾਰਾ" ਮਾੜੀ ਸੋਚ ਦੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਸੁਖਜਿੰਦਰ ਸਿੰਘ ਮੁਹਾਰ
ਪਿੰਡ ਮੜ੍ਹਾਕ ਜਿਲ੍ਹਾ ਫਰੀਦਕੋਟ
ਮੋਬ:98885-98350