ਲੁਧਿਆਣਾ

ਹਰਪ੍ਰੀਤ ਸਿੰਘ ਸਰਾਂ ਹਲਕਾ ਦਾਖਾ ਦੇ ਕਿਸਾਨ ਵਿੰਗ ਦਾ ਕੁਆਡੀਨੇਟਰ ਨਿਯੁਕਤ

ਮੁੱਲਾਂਪੁਰ ਦਾਖਾ.17 ਮਾਰਚ (ਸਤਵਿੰਦਰ ਸਿੰਘ ਗਿੱਲ) ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪ ਦੇ ਹਲਕਾ ਦਾਖਾ ਦੇ ਇੰਚਾਰਜ ਡਾ.ਕੇ.ਐੱਨ. ਐੱਸ ਕੰਗ ਦੀ ਦੇਖ ਰੇਖ ਹੇਠ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਖੁਰਦ ਨੂੰ ਹਲਕਾ ਦਾਖਾ ਦੇ ਕਿਸਾਨ ਵਿੰਗ ਦਾ ਕੁਆਡੀਨੇਟਰ ਨਿਯੁਕਤ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਪ੍ਰੀਤ ਸਿੰਘ ਸਰਾਂ ਦਾ ਸਨਮਾਨ ਵੀ ਕੀਤਾ ਗਿਆ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਸਵੱਦੀ ਕਲਾਂ ਨੇ ਪੱਤਰਕਾਰ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਦੀਆਂ ਚੌਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।ਪੰਜਾਬ ਵਿੱਚ ਵੱਧ ਤੋਂ ਵੱਧ ਐੱਮ ਪੀ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ।ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਜਗਦੀਪ ਸਿੰਘ ਸਵੱਦੀ ਕਲਾਂ, ਸਰਪੰਚ ਹਰਬੰਸ ਸਿੰਘ ਤਲਵੰਡੀ ਕਲਾਂ,ਐਸ ਸੀ ਵਿੰਗ ਕੁਆਡੀਨੇਟਰ ਕੁਲਦੀਪ ਸਿੰਘ ਭਰੋਵਾਲ, ਸੈਕਟਰੀ ਸੁੱਖਦਰਸ਼ਨ ਸਿੰਘ ਸਵੱਦੀ ਪੱਛਮੀ ,ਚਰਨਜੀਤ ਸਿੰਘ ਭਰੋਵਾਲ, ਸੈਕਟਰੀ ਨਿਰਮਲਜੀਤ ਸਿੰਘ, ਸੈਕਰਟਰੀ ਮਨਮੋਹਨ ਸਿੰਘ ਮਾਜਰੀ, ਬਲਵੀਰ ਸਿੰਘ ਧੋਥੜ ਆਦਿ ਸ਼ਾਮਿਲ ਸਨ।

ਮੇਜਰ ਸਿੰਘ ਦਿਉਲ ਯੂ.ਐੱਸ.ਏ ਵੱਲੋਂ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਦਿਉਲ ਪਰਿਵਾਰ ਵੱਲੋਂ ਡੇਢ ਦਹਾਕੇ ਤੋਂ ਕੀਤੀ ਜਾ ਰਹੀ ਲੋੜਵੰਦਾਂ ਦੀ ਮੱਦਦ ਕਾਬਲੇ -ਤਾਰੀਫ – ਸੰਧੂ, ਮੁੱਲਾਂਪੁਰ
ਮੁੱਲਾਂਪੁਰ ਦਾਖਾ 17 ਮਾਰਚ (ਸਤਵਿੰਦਰ ਸਿੰਘ ਗਿੱਲ)   ਸਮਾਜ ਅੰਦਰ ਬਹੁਤ ਸਾਰੇ ਧਨੀ ਲੋਕ ਰਹਿੰਦੇ ਹਨ, ਪਰ ਕੋਈ ਵਿਰਲੇ ਹੀ ਹੁੰਦੇ ਹਨ ਜੋ ਦੂਸਰਿਆਂ ਦੀ ਨਿਰਸਵਾਰਥ ਸੇਵਾ ਵਿੱਚ ਜੁਟੇ ਹੋਣ। ਪਰ ਮੇਜਰ ਸਿੰਘ ਦਿਉਲ ਯੂ.ਐੱਸ.ਏ ਵੱਲੋਂ ਹਰੇਕ ਸਾਲ ਕੀਤੀ ਜਾਂਦੀ ਲੋੜਵੰਦਾਂ ਦੀ ਸੇਵਾ ਜੋ ਕਿ ਡੇਢ ਦਹਾਕੇ ਤੋਂ ਪਾਰ ਹੋ ਚੁੱਕੀ ਹੈ, ਇਹ ਸੇਵਾ ਕਾਬਲ-ਏ-ਤਾਰੀਫ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਬੀਤੇ ਦਿਨੀਂ ਪਿੰਡ ਬੋਪਾਰਾਏ, ਢੱਟ ਅਤੇ ਪੰਡੋਰੀ ਵਿਖੇ ਮੇਜਰ ਸਿੰਘ ਦਿਉਲ ਵੱਲੋਂ ਆਪਣੇ ਪੁੱਤਰ ਜਸਪਾਲ ਸਿੰਘ ਦਿਉਲ ਯੂ.ਐੱਸ.ਏ ਦੇ ਵਿਆਹ ਦੀ ਖੁਸ਼ੀ ਵਿੱਚ ਭੇਜੀ ਰਾਸ਼ਨ ਸਮੱਗਰੀ ਦੀ ਸ਼ੁਰੂਆਤ ਕਰਵਾਉਣ ਸਮੇਂ ਚੋਣਵੇਂ ਪੱਤਰਕਾਰਾਂ ਨਾਲ ਸ਼ਾਂਝੇ ਕੀਤੇ। ਉਨ੍ਹਾਂ ਨਾਲ ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਰਛਪਾਲ ਸਿੰਘ ਰਾਣਾ, ਰਣਜੀਤ ਸਿੰਘ, ਪ੍ਰੀਤਮ ਸਿੰਘ, ਸਾਧੂ ਸਿੰਘ ਫੌਜੀ, ਰਾਜਵੀਰ ਸਿੰਘ, ਗੁਰਮੇਲ ਸਿੰਘ, ਰੁਲਦਾ ਸਿੰਘ, ਮਾਤਾ ਰਣਜੀਤ ਕੌਰ, ਸੁਰਿੰਦਰ ਸਿੰਘ ਡੀਪੀ ਢੱਟ, ਹਰਿੰਦਰ ਸਿੰਘ ਹਿੰਦਰੀ, ਸੋਨੀ ਰਕਬਾ ਅਤੇ ਅਵਤਾਰ ਸਿੰਘ ਕੈਨੇਡਾ ਆਦਿ ਹਾਜਰ ਸਨ।
          ਕੈਪਟਨ ਸੰਧੂ ਤੇ ਮੁੱਲਾਂਪੁਰ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਮੇਜਰ ਸਿੰਘ ਦਿਉਲ ਯੂ.ਐੱਸ.ਏ ਨੇ ਵਿਦੇਸ਼ਾਂ ਦੀ ਧਰਤੀ ਤੇ ਕਾਰੋਬਾਰ ਦੇ ਝੰਡੇ ਗੱਡੇ ਹਨ ਜੋ ਹਮੇਸਾਂ ਆਪਣੇ ਵਤਨ ਦੇ ਲੋਕਾਂ ਦੇ ਲਈ ਭਲਾਈ ਕਾਰਜਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਂਦੇ ਆ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਅੰਦਰ ਕੀਤੇ ਅਨੇਕਾਂ ਹੀ ਕਾਰਜ ਆਪਣੇ-ਆਪ ਵਿੱਚ ਇੱਕ ਮਿਸਾਲ ਹਨ।
             ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਹਰੇਕ ਸਾਲ ਦੀ ਤਰ੍ਹਾਂ ਐਂਤਕੀ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਪਹਿਲਾ ਉਹ ਠੰਡ ਸ਼ੁਰੂ ਹੋਣ ਤੋਂ ਪਹਿਲਾ ਗਰਮ ਕੰਬਲ ਅਤੇ ਸ਼ਾਲ ਆਦਿ ਵੰਡਦੇ ਸਨ। ਐਂਤਕੀ ਸਮਾਜ ਸੇਵੀ ਦਿਉਲ ਪਰਿਵਾਰ ਵੱਲੋਂ ਰਾਸ਼ਨ ਵੰਡਣ ਦੀ ਤਾਕੀਦ ਕੀਤੀ ਗਈ। ਦਿਉਲ ਪਰਿਵਾਰ ਦੀ ਸਹਿਮਤੀ ਨਾਲ ਹੀ ਉਕਤ ਆਗੂਆਂ ਦੀ ਹਾਜਰੀ ਵਿੱਚ ਸ੍ਰ ਮੇਜਰ ਸਿੰਘ ਦਿਉਲ ਦੇ ਲਾਡਲੇ ਫਰਜ਼ੰਦ ਜਸਪਾਲ ਸਿੰਘ ਦਿਉਲ ਯੂ.ਐੱਸ.ਏ ਦੇ ਵਿਆਹ ਦੀ ਖੁਸ਼ੀ ਵਿੱਚ ਤਿੰਨ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਸਾਬਕਾ ਸਰਪੰਚ ਕੁਲਵੰਤ ਸਿੰਘ ਅਨੁਸਾਰ ਇਹ ਪਰਿਵਾਰ ਲੋੜਵੰਦਾਂ ਦੀ ਮੱਦਦ ਕਰਨ ਲਈ ਹਮੇਸਾਂ ਤੱਤਪਰ ਰਹਿੰਦਾ ਹੈ, ਇਸ ਤੋਂ ਪਹਿਲਾ ਵੀ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਜੋ ਦਿਉਲ ਦੇ ਪਰਿਵਾਰ ਦੇ ਨਜ਼ਦੀਕੀ ਰਿਸਤੇਦਾਰ ਹਨ ਉਨ੍ਹਾਂ ਵੱਲੋਂ ਜਨਵਰੀ-ਫਰਵਰੀ ਮਹੀਨੇ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਸੀ।

3 ਵੱਖ ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਸੀਆਈਏ ਸਟਾਫ ਪੁਲਿਸ ਨੇ ਕਾਬੂ ਕੀਤੇ 6 ਨਸ਼ਾ ਤਸਕਰ

ਕਾਬੂ ਕੀਤੇ ਨਸ਼ਾ ਤਸਕਰਾਂ ਤੋਂ ਬਰਾਮਦ ਹੋਈ 2 ਕਿਲੋ 600 ਗ੍ਰਾਮ ਅਫੀਮ
ਜਗਰਾਉਂ 14 ਮਾਰਚ( ਅਮਿਤ ਖੰਨਾ )   ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਹੋਇਆਂ 6 ਨਸ਼ਾ ਤਸਕਰਾਂ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪਹਿਲੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਪਿੰਡ ਅਮਰਗੜ੍ਹ ਕਲੇਰ ਮੌਜੂਦ ਸਨ ਤਾਂ  ਸੂਚਨਾ ਮਿਲੀ ਕੀ ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਹਿਲਾ ਜ਼ਿਲ੍ਹਾ ਤਰਨ ਤਾਰਨ ਅਤੇ ਸਤਨਾਮ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਨੂਰਦੀ ਜ਼ਿਲ੍ਹਾ ਤਰਨ ਤਾਰਨ ਦੋਵੇਂ ਬਾਹਰਲੀਆਂ ਸਟੇਟਾਂ ਤੋਂ ਸਸਤੇ ਭਾਅ ਅਫੀਮ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਅੱਜ ਵੀ ਆਪਣੀ ਵਰਨਾ ਕਾਰ ਨੰਬਰ ਪੀ.ਬੀ 35 ਵੀ 5005 ਚ ਸਵਾਰ ਹੋ ਕੇ ਮੋਗਾ ਸਾਈਡ ਤੋਂ ਜਗਰਾਉਂ ਵੱਲ ਆ ਰਹੇ ਹਨ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਸੂਚਨਾ ਦੇ ਅਧਾਰ ਤੇ ਜਗਰਾਉਂ ਮੋਗਾ ਮੁੱਖ ਮਾਰਗ ਉੱਪਰ ਪੈਂਦੇ ਗੁਰੂਸੁਰ ਗੇਟ ਦੇ ਨਜਦੀਕ ਨਾਕਾਬੰਦੀ ਦੌਰਾਨ ਕਾਰ ਸਵਾਰ ਦੋਹਾਂ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ‌। ਦੂਸਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਝਾਂਸੀ ਰਾਣੀ ਚੌਂਕ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਰੇਸ਼ਮ ਸਿੰਘ ਅਤੇ ਸੁਰਜੀਤ ਸਿੰਘ ਉਰਫ ਜੋਬਨ ਪੁੱਤਰ ਗੁਰਸਾਹਿਬ ਸਿੰਘ ਵਾਸੀ ਰਾਜੋਕੇ ਜ਼ਿਲ੍ਹਾ ਤਰਨ ਤਾਰਨ ਰਾਜਸਥਾਨ ਤੋਂ ਸਸਤੇ ਅਫੀਮ ਲਿਆ ਕੇ ਜਗਰਾਉਂ ਦੇ ਏਰੀਏ ਵਿੱਚ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਬੱਸ ਰਾਹੀਂ ਜਗਰਾਉਂ ਆ ਕੇ ਮਲਕ ਚੌਂਕ ਦੇ ਏਰੀਏ ਵਿੱਚ ਅਫੀਮ ਦੀ ਸਪਲਾਈ ਦੇਣ ਜਾਂਣਗੇ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਇਹਨਾਂ ਦੋਹਾਂ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਤੀਸਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਮਲਕ ਚੌਂਕ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਲੋਕੇਸ਼ ਸਿੱਗੜ ਉਰਫ ਲੱਕੀ ਚੌਧਰੀ ਪੁੱਤਰ ਮੂਲ ਚੰਦ ਚੌਧਰੀ ਵਾਸੀ ਵਾਰਡ ਨੰਬਰ 13 ਭਗਤ ਸਿੰਘ ਕਲੋਨੀ ਸੀਕਰ(ਰਾਜਸਥਾਨ) ਅਤੇ ਲੋਕੇਸ਼ ਕੁਮਾਰ ਪੁੱਤਰ ਹਰਫੂਲ ਰਾਠੀ ਵਾਸੀ ਪਿੰਡ ਰਿੰਗਜ ਜ਼ਿਲਾ ਸੀਕਰ (ਰਾਜਸਥਾਨ) ਦੋਵੇਂ ਰਾਜਸਥਾਨ ਤੋਂ ਸਸਤੇ ਭਾ ਅਫੀਮ ਲਿਆ ਕੇ ਜਗਰਾਉਂ ਦੇ ਇਲਾਕਿਆਂ ਵਿੱਚ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਦੋਵੇਂ ਮੋਗਾ ਵੱਲੋਂ ਅਫੀਮ ਲਿਆ ਕੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ ਅਤੇ ਅਫੀਮ ਦੀ ਸਪਲਾਈ ਦੇਣ ਲਈ ਸਿੱਧਵਾਂ ਬੇਟ ਰੋਡ ਵੱਲ ਜਾਣਗੇ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਜਾਣਕਾਰੀ ਦੇ ਅਧਾਰ ਤੇ ਅਫੀਮ ਵੇਚਣ ਦਾ ਕੰਮ ਕਰਨ ਵਾਲੇ ਇਹਨਾਂ ਦੋਹਾਂ ਨਸ਼ਾ ਤਸਕਰਾਂ ਨੂੰ 600 ਗ੍ਰਾਮ ਅਫੀਮ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀ ਮਾਣੂੰਕੇ ਵੱਲੋਂ ਮੁਹੱਲਾ ਰਾਮ ਨਗਰ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਯਤਨ ਤੇਜ਼

ਐਸ.ਡੀ.ਐਮ.ਗੁਰਬੀਰ ਸਿੰਘ ਕੋਹਲੀ ਨਾਲ ਮੌਕੇ ਦਾ ਲਿਆ ਜਾਇਜ਼ਾ
ਜਗਰਾਓ, 14 ਮਾਰਚ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ)ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਰੇਕ ਵਰਗ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਹੁਣ ਵੀ ਉਹ ਜਗਰਾਉਂ ਦੇ ਸ਼ੇਰਪੁਰਾ ਰੋਡ ਉਪਰ ਰੇਲਵੇ ਫਾਟਕਾਂ ਦੇ ਨਜ਼ਦੀਕ ਵਸੇ ਮੁਹੱਲਾ ਰਾਮ ਨਗਰ ਦੇ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਸਰਗਰਮ ਹਨ। ਵਿਧਾਇਕਾ ਮਾਣੂੰਕੇ ਵੱਲੋਂ ਪਹਿਲਾਂ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਪੱਤਰ-ਵਿਹਾਰ ਕਰਕੇ ਮੁਹੱਲਾ ਵਾਸੀਆਂ ਨੂੰ ਰਸਤਾ ਦੇਣ ਲਈ ਯਤਨ ਕੀਤੇ ਗਏ ਅਤੇ ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਰਾਬਤਾ ਕਰਕੇ ਮੁਹੱਲੇ ਦੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਕਾਰਵਾਈ ਆਰੰਭੀ ਗਈ ਹੈ। ਵਿਧਾਇਕਾ ਮਾਣੂੰਕੇ ਵੱਲੋਂ ਅੱਜ ਐਸ.ਡੀ.ਐਮ.ਜਗਰਾਉਂ ਗੁਰਬੀਰ ਸਿੰਘ ਕੋਹਲੀ ਅਤੇ ਹੋਰ ਅਧਿਕਾਰੀਆਂ ਨਾਲ ਮੁਹੱਲਾ ਰਾਮ ਨਗਰ ਵਿਖੇ ਪਹੁੰਚਕੇ ਮੌਕਾ ਦੇਖਿਆ ਗਿਆ ਅਤੇ ਮੁਹੱਲੇ ਦੇ ਨਾਲ ਲੱਗਦੇ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਹੱਲਾ ਰਾਮ ਨਗਰ ਨੂੰ ਰਸਤਾ ਦੇਣ ਲਈ ਲੋੜੀਂਦੀ ਜਗ੍ਹਾ ਦੀ ਮਿਣਤੀ ਕੀਤੀ ਜਾਵੇ ਅਤੇ ਹੋਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਅਜ਼ਾਦ ਹੋਏ ਨੂੰ 76 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਮੁਹੱਲਾ ਰਾਮ ਨਗਰ ਦੇ ਵਾਸੀਆਂ ਰੋਜ਼ਮਰ੍ਹਾ ਦੇ ਕੰਮ ਕਾਜ਼ ਲਈ ਬਾਹਰ ਜਾਣ ਵਾਸਤੇ ਕੋਈ ਪੱਕਾ ਰਸਤਾ ਹੀ ਨਹੀਂ ਹੈ। ਜਦੋਂ ਕਿ ਮੁਹੱਲਾ ਰਾਮ ਨਗਰ ਵਿੱਚ 250 ਦੇ ਲਗਭਗ ਘਰ ਵਸੇ ਹੋਏ ਹਨ ਅਤੇ ਮੁਹੱਲਾ ਵਾਸੀ ਪਿਛਲੀਆਂ ਸਰਕਾਰਾਂ ਨੂੰ ਰਸਤਾ ਦਿਵਾਉਣ ਲਈ ਬੇਨਤੀਆਂ ਕਰਦੇ ਰਹੇ, ਪਰੰਤੂ ਕਿਸੇ ਨੇ ਵੀ ਸਾਰ ਨਹੀਂ ਲਈ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਜੁਟੇ ਹੋਏ ਹਨ ਅਤੇ ਮੁਹੱਲੇ ਦੇ ਆਸੇ-ਪਾਸੇ ਪਈ ਵੱਖ-ਵੱਖ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਪੱਤਰ ਵਿਹਾਰ ਵੀ ਕਰ ਚੁੱਕੇ ਹਨ ਅਤੇ ਨਿੱਜੀ ਤੌਰਤੇ ਰਾਬਤਾ ਵੀ ਕਰ ਚੁੱਕੇ ਹਨ। ਉਹਨਾਂ ਆਖਿਆ ਕਿ ਸਾਰੀਆਂ ਕਾਨੂੰਨੀ ਅਤੇ ਵਿਭਾਗੀ ਪ੍ਰਕਿਰਿਆਵਾਂ ਮੁਕੰਮਲ ਕਰਵਾਕੇ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ, ਹੀਰਾ ਸਿੰਘ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਹਾਜ਼ਰ ਸਨ।

ਭਾਰਤ ਰਤਨ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਹੋਈ ਮੀਟਿੰਗ।    

      ਜਗਰਾਉਂ 14 ਮਾਰਚ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)  ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਜਗਰਾਉਂ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਟਰਸਟਾਂ ਐਸੀ ਸਮਾਜ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਕੁਲਵੰਤ ਸਿੰਘ ਸਹੋਤਾ ਵੱਲੋਂ ਸਾਰਿਆਂ ਨੂੰ ਜੀ ਆਇਆ ਆਖ ਕੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ, ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। 11 ਮੈਂਬਰੀ ਕਮੇਟੀ ਵੱਲੋਂ ਵਧੀਆ ਸੁਝਾਵਾਂ ਨੂੰ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਉੱਪਰ ਮੋਹਰ ਲਾਈ ਗਈ। ਬਾਬਾ ਸਾਹਿਬ ਦੇ ਜਨਮ ਦਿਹਾੜੇ ਉੱਪਰ ਪੜ੍ਨ ਜੁੜਨ ਤੇ ਸੰਘਰਸ਼ ਕਰਨ ਨੂੰ ਪਹਿਲ ਦੇਣ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਪੁਰਜੋਰ ਯਤਨ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਗਈ l 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਮਨਾਇਆ ਜਾਵੇਗਾ। ਜਿਸ ਵਿੱਚ ਬੁੱਧੀਜੀਵੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰਨਗੇl ਪ੍ਰੋਗਰਾਮ ਵਿੱਚ ਬੱਚਿਆਂ ਦੇ ਸਵਾਲ ਜਵਾਬ ਹੋਣਗੇ ਜਿਨਾਂ ਦੇ ਉੱਪਰ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਆਈ ਹੋਈ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਸਤੀਸ਼ ਕੁਮਾਰ ਦੌਧਰੀਆ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ ਰਿਟਾਇਰਡ ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ ਰਿਟਾਇਰਡ ਪ੍ਰਿੰਸੀਪਲ ਕਾਨਤਾ ਰਾਣੀ ਮਾਸਟਰ ਰਣਜੀਤ ਸਿੰਘ ਹਠੂਰ ਮਾਸਟਰ ਰਸ਼ਪਾਲ ਸਿੰਘ ਸਫਾਈ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਅਰੁਣ ਕੁਮਾਰ ਗਿੱਲ ਪ੍ਰਧਾਨ ਅੰਮ੍ਰਿਤ ਲਾਲ ਧਾਲੀਵਾਲ ਸੁਖਦੇਵ ਸਿੰਘ ਕਾਉਂਕੇ ਰਿਟਾਇਰਡ ਬੈਂਕ ਅਫਸਰ ਪ੍ਰੇਮ ਲੋਹਟ ਰਜਿੰਦਰ ਸਿੰਘ ਧਾਲੀਵਾਲ ਜਗਜੀਤ ਸਿੰਘ ਸਰਪੰਚ ਦਰਸ਼ਨ ਸਿੰਘ ਪੂਨਾ ਡਾਕਟਰ ਜਸਵੀਰ ਸਿੰਘ ਡਾਕਟਰ ਨਿਰਮਲ ਸਿੰਘ ਭੁੱਲਰ ਕੈਪਟਨ ਸ਼ਮਸ਼ੇਰ ਸਿੰਘ ਮਹਿੰਗਾ ਸਿੰਘ ਸਤੀਸ਼ ਕੁਮਾਰ ਬੱਗਾ ਰਿਟਾਇਰਡ ਸਬ ਇੰਸਪੈਕਟਰ ਹਰਦੇਵ ਸਿੰਘ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਗੇਜਾ ਕੁਲਵੰਤ ਸਿੰਘ ਸਹੋਤਾ ਮਨਜੀਤ ਸਿੰਘ ਧਾਲੀਵਾਲ ਖਾਲਸਾ ਗੁਰਚਰਨ ਸਿੰਘ ਦਲੇਰ ਮੈਨੇਜਰ ਬਲਵਿੰਦਰ ਸਿੰਘ ਸੁਨੀਲ ਕੁਮਾਰ ਸੁਰਜੀਤ ਸਿੰਘ ਪ੍ਰਦੀਪ ਕੁਮਾਰ ਆਸ਼ਾ ਰਾਣੀ ਰਾਜ ਕੁਮਾਰ ਆਦੀ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਹਾਜ਼ਰ ਹੋਏ।

ਭਾਈ ਗੁਰਚਰਨ ਸਿੰਘ ਗਰੇਵਾਲ ਮੁੜ ਬਣੇ ਅਕਾਲੀ ਦਲ ਦੇ ਜਿ਼ਲਾ ਪ੍ਰਧਾਨ

 ਜਗਰਾਉਂ 14 ਮਾਰਚ( ਅਮਿਤ ਖੰਨਾ ) ਜੋਧਪੁਰ ਜੇਲ ਦੀਆਂ ਕਾਲ ਕੋਠੜੀਆਂ ਚੋ” ਤਰਾਸ਼ੇ ਸੰਘਰਸੀ ਯੋਧੇ ਪੰਥ ਅਤੇ ਪੰਜਾਬ ਦੇ  ਬੇਬਾਕ ਬੁਲਾਰੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਪੰਥ ਦੀ ਨੁਮਾਇੰਦਾ ਜਮਾਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੁੜ ਤੋ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਲਗਾਇਆ ਗਿਆ। ਪਾਰਟੀ ਵੱਲੋਂ ਭਾਈ ਗਰੇਵਾਲ ਨੂੰ ਮੁੜ ਤੋਂ ਸੇਵਾ ਸੋਪਣ ਤੇ ਜਿੱਥੇ ਇਲਾਕੇ ਅੰਦਰ ਖੁਸੀ ਦੀ ਲਹਿਰ ਦੌੜ ਗਈ, ਉਥੇ ਪੰਥਕ ਹਲਕਿਆ ਅੰਦਰ ਖੁਸੀ ਹੈ। ਭਾਈ ਗਰੇਵਾਲ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਭਾੲਈ ਗਰੇਵਾਲ ਦੀ ਨਿਯੁਕਤੀ ਨਾਲ ਜਿਲੇ ਅੰਦਰ ਅਕਾਲੀ ਦਲ ਨੂੰ ਬਹੁਤ ਬਲ ਮਿਲੇਗਾ।

ਚੰਦਰੇ ਸੜਕੀ ਹਾਦਸੇ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ

ਮੁੱਲਾਂਪੁਰ ਦਾਖਾ 14 ਮਾਰਚ (ਸਤਵਿੰਦਰ ਸਿੰਘ ਗਿੱਲ)  ਥਾਣਾ ਦਾਖਾ ਅਧੀਂਨ ਆਉਦੇ ਪਿੰਡਾਂ-ਕਸਬਿਆ ਅੰਦਰ ਸੜਕੀ ਹਾਦਸਿਆਂ ਦੀ ਵੱਧ ਰਹੀ ਗਿਣਤੀ ਇੱਕ ਗੰਭੀਰ ਚਿੰਤਾ ਵਿਸ਼ਾ ਬਣਦਾ ਜਾ ਰਿਹਾ ਹੈ, ਅਜੇ ਬੀਤੇ ਕੱਲ੍ਹ ਦੋਵੇਂ ਪਤੀ-ਪਤਨੀ ਦੇ ਸੜਕਾ ਹਾਦਸੇ ਮਾਰੇ ਜਾਣ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਸੜਕ ਹਾਦਸੇ ਨੇ ਘਰ ਦਾ ਇਕਲੌਤਾ ਚਿਰਾਗ ਹੀ ਬੁਝਾ ਕੇ ਰੱਖ ਦਿੱਤਾ ਹੈ। ਇਹ ਹਾਦਸਾ ਪਿੰਡ ਪੁੜੈਣ ਤੋਂ ਸਵੱਦੀ ਕਲਾਂ ਨੂੰ ਜਾਂਦੀ ਲਿੰਕ ਰੋਡ ’ਤੇ ਪੈਂਦੇ ਭਾਈ ਮੱਸਾ ਜੀ ਦੇ ਸਥਾਨ ਕੋਲ ਵਾਪਰਿਆ। ਜਿਸ ਵਿੱਚ ਸਮਾਨ ਢੋਆ-ਢੁਆਈ ਵਾਲੀ ਗੱਡੀ ਨੇ ਇੱਕ ਮੋਟਰਸਾਈਕਲ ਚਾਲਕ ਨੌਜਵਾਨ ਦਰੜ ਦਿੱਤਾ। ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਗੱਡੀ ਚਾਲਕ ਸਮੇਤ ਗੱਡੀ ਫਰਾਰ ਹੋ ਗਿਆ। ਜਿਸਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇੱਜ਼ ਜਾਂਚ ਕਰਨ ਉਪਰੰਤ ਕਾਬੂ ਕਰ ਲਿਆ ਗਿਆ ।
             ਜਾਣਕਾਰੀ ਅਨੁਸਾਰ ਮਿ੍ਰਤਕ ਨੌਜਵਾਨ ਰਾਜਵਿੰਦਰ ਸਿੰਘ ਉਰਫ ਰਾਜਾ (22) ਪੁੱਤਰ ਗੁਰਚੇਤ ਸਿੰਘ ਵਾਸੀ ਹਿੱਸੋਵਾਲ ਜਿਹੜਾ ਕਿ ਪਲੰਬਰ ਦਾ ਕੰਮ ਕਰਦਾ ਹੈ ਅਤੇ ਉਹ ਆਪਣੀ ਭੂੰਦੜੀ ਸਥਿਤ ਦੁਕਾਨ ’ਤੇ ਜਾ ਰਿਹਾ ਸੀ, ਜਦੋਂ ਉਹ ਉਕਤ ਸਥਾਨ ਨੇੜੇ ਬਣੇ ਚੁਰੱਸਤੇ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਲੇਬਰ ਲੈ ਕੇ ਆ ਰਹੇ ਵਾਹਨ ਨੇ ਸਿੱਧੀ ਟੱਕਰ ਮਾਰ ਦਿੱਤੀ, ਸਿੱਟੇ ਵਜੋਂ ਰਾਜਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ । ਖਬਰ ਲਿਖੇ ਜਾਣ ਤੱਕ ਥਾਣਾ ਦਾਖਾ ਦੀ ਪੁਲਿਸ ਅਗਲੇਰੀ ਵਿਭਾਗੀ ਕਾਰਵਾਈ ਵਿੱਚ ਜੁਟੀ ਹੋਈ ਸੀ।

ਕੈਬਨਿਟ ਮੰਤਰੀ ਖੁੱਡੀਆਂ ਨੇ ਪਸ਼ੂ ਪਾਲਣ ਮੇਲੇ ਵਿਚ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ

ਲੁਧਿਆਣਾ, 14 ਮਾਰਚ(ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤੇ ਗਏ।ਇਹ ਪੁਰਸਕਾਰ  ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵੱਲੋਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਡੀਨ, ਡਾਇਰੈਕਟਰਜ਼ ਅਤੇ ਵਿਭਿੰਨ ਸੰਸਥਾਵਾਂ ਦੀ ਮੌਜੂਦਗੀ ਵਿਚ ਦਿੱਤੇ ਗਏ।
    ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਇਹ ਸਨਮਾਨ ਘੋਸ਼ਿਤ ਕੀਤੇ ਗਏ ਸਨ। 
    ਸ਼੍ਰੀਮਤੀ ਦਲਜੀਤ ਕੌਰ ਤੂਰ, ਪਤਨੀ ਸ. ਗੁਰਮੀਤ ਸਿੰਘ ਤੂਰ, ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਮੁੱਖ ਮੰਤਰੀ ਇਨਾਮ ਦਿੱਤਾ ਗਿਆ। ਯੂਨੀਵਰਸਿਟੀ ਵੱਲੋਂ ਨਿਰਧਾਰਿਤ ਕੀਤੀਆਂ ਵਿਭਿੰਨ ਸ਼ੇ੍ਰਣੀਆਂ ਵਿਚੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਕਿਸਾਨ ਔਰਤ ਹੈ। ਇਨ੍ਹਾਂ ਨੇ 2019 ਵਿਚ ਆਧੁਨਿਕ ਡੇਅਰੀ ਸਥਾਪਿਤ ਕਰਕੇ ਕੰਮ ਸ਼ੁਰੂ ਕੀਤਾ ਸੀ। ਅੱਜ ਉਨ੍ਹਾਂ ਕੋਲ 32 ਨੀਲੀ ਰਾਵੀ ਮੱਝਾਂ ਹਨ। ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ 13 ਮੱਝਾਂ 150 ਲਿਟਰ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ।ਇਸ ਫਾਰਮ ਦੀ ਇਕ ਮੱਝ ਨੇ ਵੱਧ ਤੋਂ ਵੱਧ 22 ਲਿਟਰ ਦੁੱਧ ਵੀ ਪੈਦਾ ਕੀਤਾ ਹੈ। ਉਹ ਸਿੱਧਾ ਖ਼ਪਤਕਾਰਾਂ ਨੂੰ ਹੀ ਦੁੱਧ ਵੇਚਦੇ ਹਨ ਅਤੇ ਘਿਓ ਵੀ ਤਿਆਰ ਕਰਦੇ ਹਨ। ਇਨ੍ਹਾਂ ਨੇ ਗੋਬਰ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ ਅਤੇ ਪਲਾਂਟ ਦੀ ਰਹਿੰਦ-ਖੂੰਹਦ ਨੂੰ ਖਾਦ ਦੇ ਤੌਰ ’ਤੇ ਵਰਤਦੇ ਹਨ।
    ਬੱਕਰੀ ਪਾਲਣ ਦੇ ਖੇਤਰ ਵਿਚ ਸ. ਬਰਜਿੰਦਰ ਸਿੰਘ ਕੰਗ, ਪੁੱਤਰ ਸ. ਕਰਨੈਲ ਸਿੰਘ ਕੰਗ, ਸਰਿਹੰਦ ਰੋਡ, ਪਟਿਆਲਾ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤਾ ਗਿਆ। ਐਮ ਬੀ ਏ ਸਿੱਖਿਆ ਪ੍ਰਾਪਤ ਇਸ ਕਿਸਾਨ ਨੇ ਤਿੰਨ ਚਾਰ ਸਾਲ ਕੈਨੇਡਾ ਵਿਖੇ ਵੀ ਕੰਮ ਕੀਤਾ। ਉਥੋਂ ਪਰਤ ਕੇ ਉਨ੍ਹਾਂ ਨੇ 2017 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ।ਇਸ ਵੇਲੇ ਉਨ੍ਹਾਂ ਕੋਲ ਬੱਕਰੇ, ਬੱਕਰੀਆਂ ਅਤੇ ਲੇਲੇ ਪਾ ਕੇ 85 ਜਾਨਵਰ ਹਨ। ਉਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਕੁਦਰਤੀ ਬਨਸਪਤੀ ਖੁਰਾਕ ’ਤੇ ਵਧੇਰੇ ਜ਼ੋਰ ਦਿੰਦੇ ਹਨ। ਮਹੀਨੇ ਵਿਚ ਉਨ੍ਹਾਂ ਦੇ ਫਾਰਮ `ਤੇ 1500 ਲਿਟਰ ਦੇ ਕਰੀਬ ਦੁੱਧ ਪੈਦਾ ਹੁੰਦਾ ਹੈ ਜਿਸ ਵਿਚ ਵੱਧ ਤੋਂ ਵੱਧ ਉਤਪਾਦਕਤਾ 3.8 ਲਿਟਰ ਪ੍ਰਤੀ ਦਿਨ ਦੀ ਰਹੀ ਹੈ।
    ਮੱਛੀ ਪਾਲਣ ਦੇ ਖੇਤਰ ਵਿਚ ਇਹ ਸਨਮਾਨ ਸ. ਰੁਪਿੰਦਰ ਪਾਲ ਸਿੰਘ, ਪੁੱਤਰ ਸ. ਜਸਪਾਲ ਸਿੰਘ, ਪਿੰਡ ਜੰਡਵਾਲਾ ਚੜ੍ਹਤ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤਾ ਗਿਆ।ਸੰਨ 2012 ਵਿੱਚ ਉਨ੍ਹਾਂ ਨੇ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।ਇਸ ਵੇਲੇ ਉਹ 36 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ। ਬੀ ਟੈਕ ਗ੍ਰੈਜੂਏਟ ਇਸ ਕਿਸਾਨ ਨੇ ਇਕ ਏਕੜ ਵਿਚੋਂ 2200 ਕਿਲੋ ਉਤਪਾਦਨ ਵੀ ਪ੍ਰਾਪਤ ਕੀਤਾ ਹੈ। ਹੁਣ ਉਨ੍ਹਾਂ ਨੇ ਨਾਲ ਨਾਲ ਝੀਂਗਾ ਪਾਲਣ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ।
    ਸੂਰ ਪਾਲਣ ਦੇ ਖੇਤਰ ਵਿੱਚ ਪਿੰਡ ਫ਼ਤਹਿਗੜ੍ਹ ਸ਼ੁਕਰਚੱਕ, ਜ਼ਿਲ੍ਹਾ ਅੰਮ੍ਰਿਤਸਰ ਦੇ ਸ. ਬਿਕਰਮਜੀਤ ਸਿੰਘ, ਪੁੱਤਰ ਸ. ਪਰਮਜੀਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਬੀ ਟੈਕ ਕੀਤੀ ਹੈ ਅਤੇ 2016 ਵਿਚ ਇਹ ਕੰਮ ਸ਼ੁਰੂ ਕੀਤਾ। ਇਸ ਵੇਲੇ ਇਨ੍ਹਾਂ ਕੋਲ ਸੂਰ, ਸੂਰੀਆਂ ਅਤੇ ਬੱਚੇ ਮਿਲਾ ਕੇ 650 ਦੇ ਕਰੀਬ ਜਾਨਵਰ ਹਨ। ਇਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਸੂਰਾਂ ਨੂੰ ਮੰਡੀ ਵਿਚ ਵੇਚਣ ਦੇ ਨਾਲ ਨਾਲ ਇਸ ਦੀ ਪ੍ਰਾਸੈਸਿੰਗ ਕਰਕੇ ਅਚਾਰ ਵੀ ਤਿਆਰ ਕਰਦੇ ਹਨ।
    ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।

ਡਾਕਟਰ ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਸਨਮਾਨਿਤ ਕੀਤਾ ਗਿਆ

ਲੁਧਿਆਣਾ 15 ਮਾਰਚ (ਕਰਨੈਲ ਸਿੰਘ ਐੱਮ.ਏ)— ਅੱਜ ਮਿਤੀ 15-03-2024 ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ), ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇਨਰਵੀਲ ਕਲੱਬ ਆਫ਼ ਅੰਮ੍ਰਿਤਸਰ ਪੋਰ ਅਤੇ ਇਨਰਵੀਲ ਕਲੱਬ ਬਟਾਲਾ ਵੱਲੋਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੂੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਾਰਗਰੈਟਗੋਲਡਿੰਗ (ਐਮ.ਡੀ.) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਤਿੰਦਰ ਕੌਰ ਨਿੱਜਰ ਅਤੇ ਉਹਨਾਂ ਦੇ ਕਲੱਬ ਮੈਂਬਰਾਂ ਨੇ ਕਿਹਾ ਕਿ ਉਹ ਡਾ. ਇੰਦਰਜੀਤ ਕੌਰ ਨੂੰ ਇਹ ਸਨਮਾਨ ਸੌਂਪ ਕੇ ਬੜਾ ਮਾਨ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਸੰਸਥਾਂ ਜੋ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਹ ਬੇਮਿਸਾਲ ਹੈ। ਉਹਨਾਂ ਦੱਸਿਆ ਕਿ ਅੱਜ ਆਏ ਹੋਏ ਸਾਰੇ ਮੈਂਬਰਾਂ ਨੇ ਮਾਨਾਂਵਾਲਾ ਬ੍ਰਾਂਚ ਦੀਆਂ ਵੱਖ-ਵੱਖ ਵਾਰਡਾਂ, ਵਿਭਾਗਾਂ ਨੂੰ ਕੋਲੋਂ ਜਾ ਕੇ ਦੇਖਿਆ ਹੈ ਅਤੇ ਉਹ ਸੰਸਥਾ ਵੱਲੋਂ ਸੁਚੱਜੇ ਢੰਗ ਨਾਲ ਚਲਾਏ ਜਾ ਰਹੇ ਕੰਮਾਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਲੱਬ 100 ਤੋਂ ਵੱਧ ਦੇਸ਼ਾਂ ਵਿੱਚ ਕਰੀਬ ਡੇਢ ਲੱਖ ਮੈਂਬਰਾਂ ਨਾਲ ਚੱਲ ਰਿਹਾ ਹੈ। ਇਸ ਮੌਕੇ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਜੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ । ਇਸ ਸਨਮਾਨ ਸਮਾਰੋਹ ਦੌਰਾਨ ਭਗਤ ਪੂਰਨ ਸਿੰਘ ਸਕੂਲ ਫ਼ਾਰ ਦੀ ਡੈੱਫ ਅਤੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਅੰਤਰ ਰਾਸ਼ਟਰੀ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਵੀ ਕਲੱਬ ਵੱਲੋਂ ਇਨਾਮ ਦਿੱਤੇ ਗਏ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਈ.ਵੀ.ਐਮ. ਪ੍ਰਦਰਸ਼ਨੀ ਬੂਥ ਸਥਾਪਿਤ

*ਵੋਟਰਾਂ ਦੀ ਵੱਡੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਦਸਤਖਤ ਮੁਹਿੰਮ ਦਾ ਵੀ ਆਗਾਜ਼

ਲੁਧਿਆਣਾ, 15 ਮਾਰਚ (ਟੀ. ਕੇ. ) - ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵੱਲੋਂ ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਅਤੇ ਪੰਜਾਬੀ ਗਾਇਕ ਵੀਤ ਬਲਜੀਤ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਪ੍ਰਦਰਸ਼ਨੀ ਬੂਥ ਦਾ ਉਦਘਾਟਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਈ.ਵੀ.ਐਮ/ਵੀ.ਵੀ. ਪੈਟ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ।

ਆਗਾਮੀ ਆਮ ਚੋਣਾਂ ਲਈ ਵੋਟਰਾਂ ਤੋਂ ਸਮਰਥਨ ਮੰਗਣ ਲਈ ਦਸਤਖਤ ਮੁਹਿੰਮ ਵੀ ਸ਼ੁਰੂ ਕੀਤੀ ਗਈ। ਮੇਜਰ ਅਮਿਤ ਸਰੀਨ ਨੇ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਮੁਹਿੰਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਅਤੇ ਨੌਜਵਾਨ ਵੋਟਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਇਸ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਪ੍ਰੋਗਰਾਮ (ਸਵੀਪ) ਅਧੀਨ ਆਉਂਦਾ ਹੈ, ਜਿਸ ਦਾ ਉਦੇਸ਼ ਨੌਜਵਾਨ ਵੋਟਰਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਹੋਰ ਸਮਾਗਮ ਕਰਵਾਏ ਜਾਣਗੇ ਤਾਂ ਜੋ ਨਿਰਪੱਖ ਅਤੇ ਆਜ਼ਾਦ ਵੋਟਿੰਗ ਦਾ ਸੁਨੇਹਾ ਜ਼ਿਲ੍ਹੇ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ। ਨੌਜਵਾਨਾਂ ਦੀ ਸਹੂਲਤ ਲਈ, ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਅਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਹੈ, ਜਿਸਦੀ ਵਰਤੋਂ ਉਹ ਵੋਟਰ ਰਜਿਸਟ੍ਰੇਸ਼ਨ ਅਪਲਾਈ ਕਰਨ ਲਈ ਕਰ ਸਕਦੇ ਹਨ। ਚਾਹਵਾਨ ਵਿਅਕਤੀ ਨਵੇਂ ਵੋਟਰ ਵਜੋਂ ਰਜਿਸਟਰ ਕਰਨ ਲਈ ਵੈਬਸਾਈਟ www.nvsp.in 'ਤੇ ਜਾ ਸਕਦੇ ਹਨ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨਾਂ ਦੇ ਕੰਮਕਾਜ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਈ.ਵੀ.ਐਮ. ਪ੍ਰਦਰਸ਼ਨੀ ਬੂਥਾਂ ਦਾ ਦੌਰਾ ਕਰਨ।

ਪੰਜਾਬੀ ਗਾਇਕ ਵੀਤ ਬਲਜੀਤ, ਜੋ ਕਿ ਜ਼ਿਲ੍ਹਾ ਸਵੀਪ ਅੰਬੈਸਡਰ ਵੀ ਹਨ, ਨੇ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਨੌਜਵਾਨ ਵੋਟਰਾਂ ਨੂੰ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।