ਲੁਧਿਆਣਾ

ਕੈਬਨਿਟ ਮੰਤਰੀ ਖੁੱਡੀਆਂ ਨੇ ਪਸ਼ੂ ਪਾਲਣ ਮੇਲੇ ਵਿਚ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ

ਲੁਧਿਆਣਾ, 14 ਮਾਰਚ(ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤੇ ਗਏ।ਇਹ ਪੁਰਸਕਾਰ  ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵੱਲੋਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਡੀਨ, ਡਾਇਰੈਕਟਰਜ਼ ਅਤੇ ਵਿਭਿੰਨ ਸੰਸਥਾਵਾਂ ਦੀ ਮੌਜੂਦਗੀ ਵਿਚ ਦਿੱਤੇ ਗਏ।
    ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਇਹ ਸਨਮਾਨ ਘੋਸ਼ਿਤ ਕੀਤੇ ਗਏ ਸਨ। 
    ਸ਼੍ਰੀਮਤੀ ਦਲਜੀਤ ਕੌਰ ਤੂਰ, ਪਤਨੀ ਸ. ਗੁਰਮੀਤ ਸਿੰਘ ਤੂਰ, ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਮੁੱਖ ਮੰਤਰੀ ਇਨਾਮ ਦਿੱਤਾ ਗਿਆ। ਯੂਨੀਵਰਸਿਟੀ ਵੱਲੋਂ ਨਿਰਧਾਰਿਤ ਕੀਤੀਆਂ ਵਿਭਿੰਨ ਸ਼ੇ੍ਰਣੀਆਂ ਵਿਚੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਕਿਸਾਨ ਔਰਤ ਹੈ। ਇਨ੍ਹਾਂ ਨੇ 2019 ਵਿਚ ਆਧੁਨਿਕ ਡੇਅਰੀ ਸਥਾਪਿਤ ਕਰਕੇ ਕੰਮ ਸ਼ੁਰੂ ਕੀਤਾ ਸੀ। ਅੱਜ ਉਨ੍ਹਾਂ ਕੋਲ 32 ਨੀਲੀ ਰਾਵੀ ਮੱਝਾਂ ਹਨ। ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ 13 ਮੱਝਾਂ 150 ਲਿਟਰ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ।ਇਸ ਫਾਰਮ ਦੀ ਇਕ ਮੱਝ ਨੇ ਵੱਧ ਤੋਂ ਵੱਧ 22 ਲਿਟਰ ਦੁੱਧ ਵੀ ਪੈਦਾ ਕੀਤਾ ਹੈ। ਉਹ ਸਿੱਧਾ ਖ਼ਪਤਕਾਰਾਂ ਨੂੰ ਹੀ ਦੁੱਧ ਵੇਚਦੇ ਹਨ ਅਤੇ ਘਿਓ ਵੀ ਤਿਆਰ ਕਰਦੇ ਹਨ। ਇਨ੍ਹਾਂ ਨੇ ਗੋਬਰ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ ਅਤੇ ਪਲਾਂਟ ਦੀ ਰਹਿੰਦ-ਖੂੰਹਦ ਨੂੰ ਖਾਦ ਦੇ ਤੌਰ ’ਤੇ ਵਰਤਦੇ ਹਨ।
    ਬੱਕਰੀ ਪਾਲਣ ਦੇ ਖੇਤਰ ਵਿਚ ਸ. ਬਰਜਿੰਦਰ ਸਿੰਘ ਕੰਗ, ਪੁੱਤਰ ਸ. ਕਰਨੈਲ ਸਿੰਘ ਕੰਗ, ਸਰਿਹੰਦ ਰੋਡ, ਪਟਿਆਲਾ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤਾ ਗਿਆ। ਐਮ ਬੀ ਏ ਸਿੱਖਿਆ ਪ੍ਰਾਪਤ ਇਸ ਕਿਸਾਨ ਨੇ ਤਿੰਨ ਚਾਰ ਸਾਲ ਕੈਨੇਡਾ ਵਿਖੇ ਵੀ ਕੰਮ ਕੀਤਾ। ਉਥੋਂ ਪਰਤ ਕੇ ਉਨ੍ਹਾਂ ਨੇ 2017 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ।ਇਸ ਵੇਲੇ ਉਨ੍ਹਾਂ ਕੋਲ ਬੱਕਰੇ, ਬੱਕਰੀਆਂ ਅਤੇ ਲੇਲੇ ਪਾ ਕੇ 85 ਜਾਨਵਰ ਹਨ। ਉਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਕੁਦਰਤੀ ਬਨਸਪਤੀ ਖੁਰਾਕ ’ਤੇ ਵਧੇਰੇ ਜ਼ੋਰ ਦਿੰਦੇ ਹਨ। ਮਹੀਨੇ ਵਿਚ ਉਨ੍ਹਾਂ ਦੇ ਫਾਰਮ `ਤੇ 1500 ਲਿਟਰ ਦੇ ਕਰੀਬ ਦੁੱਧ ਪੈਦਾ ਹੁੰਦਾ ਹੈ ਜਿਸ ਵਿਚ ਵੱਧ ਤੋਂ ਵੱਧ ਉਤਪਾਦਕਤਾ 3.8 ਲਿਟਰ ਪ੍ਰਤੀ ਦਿਨ ਦੀ ਰਹੀ ਹੈ।
    ਮੱਛੀ ਪਾਲਣ ਦੇ ਖੇਤਰ ਵਿਚ ਇਹ ਸਨਮਾਨ ਸ. ਰੁਪਿੰਦਰ ਪਾਲ ਸਿੰਘ, ਪੁੱਤਰ ਸ. ਜਸਪਾਲ ਸਿੰਘ, ਪਿੰਡ ਜੰਡਵਾਲਾ ਚੜ੍ਹਤ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤਾ ਗਿਆ।ਸੰਨ 2012 ਵਿੱਚ ਉਨ੍ਹਾਂ ਨੇ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।ਇਸ ਵੇਲੇ ਉਹ 36 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ। ਬੀ ਟੈਕ ਗ੍ਰੈਜੂਏਟ ਇਸ ਕਿਸਾਨ ਨੇ ਇਕ ਏਕੜ ਵਿਚੋਂ 2200 ਕਿਲੋ ਉਤਪਾਦਨ ਵੀ ਪ੍ਰਾਪਤ ਕੀਤਾ ਹੈ। ਹੁਣ ਉਨ੍ਹਾਂ ਨੇ ਨਾਲ ਨਾਲ ਝੀਂਗਾ ਪਾਲਣ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ।
    ਸੂਰ ਪਾਲਣ ਦੇ ਖੇਤਰ ਵਿੱਚ ਪਿੰਡ ਫ਼ਤਹਿਗੜ੍ਹ ਸ਼ੁਕਰਚੱਕ, ਜ਼ਿਲ੍ਹਾ ਅੰਮ੍ਰਿਤਸਰ ਦੇ ਸ. ਬਿਕਰਮਜੀਤ ਸਿੰਘ, ਪੁੱਤਰ ਸ. ਪਰਮਜੀਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਬੀ ਟੈਕ ਕੀਤੀ ਹੈ ਅਤੇ 2016 ਵਿਚ ਇਹ ਕੰਮ ਸ਼ੁਰੂ ਕੀਤਾ। ਇਸ ਵੇਲੇ ਇਨ੍ਹਾਂ ਕੋਲ ਸੂਰ, ਸੂਰੀਆਂ ਅਤੇ ਬੱਚੇ ਮਿਲਾ ਕੇ 650 ਦੇ ਕਰੀਬ ਜਾਨਵਰ ਹਨ। ਇਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਸੂਰਾਂ ਨੂੰ ਮੰਡੀ ਵਿਚ ਵੇਚਣ ਦੇ ਨਾਲ ਨਾਲ ਇਸ ਦੀ ਪ੍ਰਾਸੈਸਿੰਗ ਕਰਕੇ ਅਚਾਰ ਵੀ ਤਿਆਰ ਕਰਦੇ ਹਨ।
    ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।

ਡਾਕਟਰ ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਸਨਮਾਨਿਤ ਕੀਤਾ ਗਿਆ

ਲੁਧਿਆਣਾ 15 ਮਾਰਚ (ਕਰਨੈਲ ਸਿੰਘ ਐੱਮ.ਏ)— ਅੱਜ ਮਿਤੀ 15-03-2024 ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ), ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇਨਰਵੀਲ ਕਲੱਬ ਆਫ਼ ਅੰਮ੍ਰਿਤਸਰ ਪੋਰ ਅਤੇ ਇਨਰਵੀਲ ਕਲੱਬ ਬਟਾਲਾ ਵੱਲੋਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੂੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਾਰਗਰੈਟਗੋਲਡਿੰਗ (ਐਮ.ਡੀ.) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਤਿੰਦਰ ਕੌਰ ਨਿੱਜਰ ਅਤੇ ਉਹਨਾਂ ਦੇ ਕਲੱਬ ਮੈਂਬਰਾਂ ਨੇ ਕਿਹਾ ਕਿ ਉਹ ਡਾ. ਇੰਦਰਜੀਤ ਕੌਰ ਨੂੰ ਇਹ ਸਨਮਾਨ ਸੌਂਪ ਕੇ ਬੜਾ ਮਾਨ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਸੰਸਥਾਂ ਜੋ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਹ ਬੇਮਿਸਾਲ ਹੈ। ਉਹਨਾਂ ਦੱਸਿਆ ਕਿ ਅੱਜ ਆਏ ਹੋਏ ਸਾਰੇ ਮੈਂਬਰਾਂ ਨੇ ਮਾਨਾਂਵਾਲਾ ਬ੍ਰਾਂਚ ਦੀਆਂ ਵੱਖ-ਵੱਖ ਵਾਰਡਾਂ, ਵਿਭਾਗਾਂ ਨੂੰ ਕੋਲੋਂ ਜਾ ਕੇ ਦੇਖਿਆ ਹੈ ਅਤੇ ਉਹ ਸੰਸਥਾ ਵੱਲੋਂ ਸੁਚੱਜੇ ਢੰਗ ਨਾਲ ਚਲਾਏ ਜਾ ਰਹੇ ਕੰਮਾਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਲੱਬ 100 ਤੋਂ ਵੱਧ ਦੇਸ਼ਾਂ ਵਿੱਚ ਕਰੀਬ ਡੇਢ ਲੱਖ ਮੈਂਬਰਾਂ ਨਾਲ ਚੱਲ ਰਿਹਾ ਹੈ। ਇਸ ਮੌਕੇ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਜੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ । ਇਸ ਸਨਮਾਨ ਸਮਾਰੋਹ ਦੌਰਾਨ ਭਗਤ ਪੂਰਨ ਸਿੰਘ ਸਕੂਲ ਫ਼ਾਰ ਦੀ ਡੈੱਫ ਅਤੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਅੰਤਰ ਰਾਸ਼ਟਰੀ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਵੀ ਕਲੱਬ ਵੱਲੋਂ ਇਨਾਮ ਦਿੱਤੇ ਗਏ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਈ.ਵੀ.ਐਮ. ਪ੍ਰਦਰਸ਼ਨੀ ਬੂਥ ਸਥਾਪਿਤ

*ਵੋਟਰਾਂ ਦੀ ਵੱਡੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਦਸਤਖਤ ਮੁਹਿੰਮ ਦਾ ਵੀ ਆਗਾਜ਼

ਲੁਧਿਆਣਾ, 15 ਮਾਰਚ (ਟੀ. ਕੇ. ) - ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵੱਲੋਂ ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਅਤੇ ਪੰਜਾਬੀ ਗਾਇਕ ਵੀਤ ਬਲਜੀਤ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਪ੍ਰਦਰਸ਼ਨੀ ਬੂਥ ਦਾ ਉਦਘਾਟਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਈ.ਵੀ.ਐਮ/ਵੀ.ਵੀ. ਪੈਟ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ।

ਆਗਾਮੀ ਆਮ ਚੋਣਾਂ ਲਈ ਵੋਟਰਾਂ ਤੋਂ ਸਮਰਥਨ ਮੰਗਣ ਲਈ ਦਸਤਖਤ ਮੁਹਿੰਮ ਵੀ ਸ਼ੁਰੂ ਕੀਤੀ ਗਈ। ਮੇਜਰ ਅਮਿਤ ਸਰੀਨ ਨੇ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਮੁਹਿੰਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਅਤੇ ਨੌਜਵਾਨ ਵੋਟਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਇਸ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਪ੍ਰੋਗਰਾਮ (ਸਵੀਪ) ਅਧੀਨ ਆਉਂਦਾ ਹੈ, ਜਿਸ ਦਾ ਉਦੇਸ਼ ਨੌਜਵਾਨ ਵੋਟਰਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਹੋਰ ਸਮਾਗਮ ਕਰਵਾਏ ਜਾਣਗੇ ਤਾਂ ਜੋ ਨਿਰਪੱਖ ਅਤੇ ਆਜ਼ਾਦ ਵੋਟਿੰਗ ਦਾ ਸੁਨੇਹਾ ਜ਼ਿਲ੍ਹੇ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ। ਨੌਜਵਾਨਾਂ ਦੀ ਸਹੂਲਤ ਲਈ, ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਅਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਹੈ, ਜਿਸਦੀ ਵਰਤੋਂ ਉਹ ਵੋਟਰ ਰਜਿਸਟ੍ਰੇਸ਼ਨ ਅਪਲਾਈ ਕਰਨ ਲਈ ਕਰ ਸਕਦੇ ਹਨ। ਚਾਹਵਾਨ ਵਿਅਕਤੀ ਨਵੇਂ ਵੋਟਰ ਵਜੋਂ ਰਜਿਸਟਰ ਕਰਨ ਲਈ ਵੈਬਸਾਈਟ www.nvsp.in 'ਤੇ ਜਾ ਸਕਦੇ ਹਨ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨਾਂ ਦੇ ਕੰਮਕਾਜ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਈ.ਵੀ.ਐਮ. ਪ੍ਰਦਰਸ਼ਨੀ ਬੂਥਾਂ ਦਾ ਦੌਰਾ ਕਰਨ।

ਪੰਜਾਬੀ ਗਾਇਕ ਵੀਤ ਬਲਜੀਤ, ਜੋ ਕਿ ਜ਼ਿਲ੍ਹਾ ਸਵੀਪ ਅੰਬੈਸਡਰ ਵੀ ਹਨ, ਨੇ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਨੌਜਵਾਨ ਵੋਟਰਾਂ ਨੂੰ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਵਿਧਾਇਕ ਬੱਗਾ ਵਲੋਂ ਸ਼ਿਵਪੁਰੀ 'ਚ ਨਵੇਂ ਆਰ.ਐਮ.ਸੀ. ਰੋਡ ਦਾ ਉਦਘਾਟਨ

ਲੁਧਿਆਣਾ, 15 ਮਾਰਚ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਬੀਤੇ ਦਿਨੀਂ ਵਾਰਡ ਨੰਬਰ 86(88) ਅਧੀਨ ਸ਼ਿਵਪੁਰੀ ਵਿਖੇ ਨਵੇਂ ਆਰ.ਐਮ.ਸੀ. ਸੜਕਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਬੱਗਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਬੀਤੇ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਸੀ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਲਾਕੇ ਦੀ ਸਾਰ ਨਹੀਂ ਲਈ ਗਈ ਪਰ ਹੁਣ ਸੜਕ ਦੇ ਨਿਰਮਾਣ ਤੋਂ ਬਾਅਦ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ।

ਹਲਕਾ ਲੁਧਿਆਣਾ ਉੱਤਰੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੇ ਲਈ ਵਚਨਬੱਧਤਾ ਦੁਹਰਾਉਂਦੇ ਹੋਏ ਵਿਧਾਇਕ ਬੱਗਾ ਅਤੇ ਉਨ੍ਹਾ ਦੀ ਟੀਮ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਜੰਗੀ ਪੱਧਰ 'ਤੇ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਲਕੇ ਵਿੱਚਚ ਕੋਈ ਸੜਕ ਮੁਰੰਮਤ ਤੋਂ ਵਾਂਝੀ ਨਾ ਰਹੇ। ਉਨ੍ਹਾ ਕਿਹਾ ਕਿ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸੜਕ ਕੁਨੇਕਟੀਵਿਟੀ ਨੂੰ ਚੰਗਾ ਬਣਾਉਣ ਦੇ ਲਈ ਲਗਾਤਾਰ ਸਾਡੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਮਨਜੀਤ ਸਿੰਘ ਢਿੱਲੋਂ, ਅਮਨ ਬੱਗਾ ਖੁਰਾਨਾ, ਗੁਲਸ਼ਨ ਕੁਮਾਰ ਬੂਟੀ, ਗੁਲਸ਼ਨ ਕਵਾਤਰਾ ਵੀ ਮੌਜੂਦ ਸਨ।

ਵਿਧਾਇਕ ਗੋਗੀ ਨੇ ਲਈਯਰ ਵੈਲੀ ਵਿੱਚ 40-ਕੇ.ਐਲ.ਡੀ ਕੁਦਰਤ ਅਧਾਰਿਤ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ ਪ੍ਰੋਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ, 15 ਮਾਰਚ(ਟੀ. ਕੇ.)  ਬਾਗਬਾਨੀ/ਸਿੰਚਾਈ ਦੇ ਉਦੇਸ਼ਾਂ ਲਈ ਟ੍ਰੀਟ ਕੀਤੇ ਗਏ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਕਰਨ ਦੀ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ ਡੀ ਦਫ਼ਤਰ ਨੇੜੇ ਲਈਯਰ ਵੈਲੀ ਵਿੱਚ 40-ਕੇ.ਐਲ.ਡੀ ਕੁਦਰਤ ਅਧਾਰਤ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਇਹ ਪ੍ਰੋਜੈਕਟ ਨਗਰ ਨਿਗਮ ਲੁਧਿਆਣਾ ਅਤੇ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੀ ਸਾਂਝੀ ਪਹਿਲਕਦਮੀ ਹੈ ਅਤੇ ਇਹ ਪਲਾਂਟ ਹੁਣ ਬੈਂਕ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਗਤੀਵਿਧੀ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ।

ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਲਈ ਪ੍ਰੋਜੈਕਟ ਦੇ ਤਹਿਤ ਇੱਕ ਭੂਮੀਗਤ ਵਿਕੇਂਦਰੀਕ੍ਰਿਤ ਵੇਸਟ ਵਾਟਰ ਟ੍ਰੀਟਮੈਂਟ ਸਿਸਟਮ (ਡੀ.ਈ.ਡਬਲਯੂ.ਏ.ਟੀ.ਐਸ) ਸਥਾਪਿਤ ਕੀਤਾ ਜਾਵੇਗਾ ਅਤੇ ਟ੍ਰੀਟ ਕੀਤੇ ਗਏ ਪਾਣੀ ਦੀ ਵਰਤੋਂ ਸਿੱਧਵਾਂ ਕੈਨਾਲ ਵਾਟਰਫਰੰਟ ਪ੍ਰੋਜੈਕਟ, ਲਈਯਰ ਵੈਲੀ ਅਤੇ ਹੋਰ ਨੇੜਲੇ ਪਾਰਕਾਂ ਵਿੱਚ ਬਾਗਬਾਨੀ ਦੇ ਉਦੇਸ਼ਾਂ ਲਈ ਕੀਤੀ ਜਾਵੇਗੀ। ਪਲਾਂਟ ਦੀ ਸਥਾਪਨਾ ਤੋਂ ਬਾਅਦ, ਬੈਂਕ ਦੋ ਸਾਲਾਂ ਲਈ ਪ੍ਰੋਜੈਕਟ ਦਾ ਰੱਖ-ਰਖਾਅ ਵੀ ਕਰੇਗਾ।

ਉਦਘਾਟਨੀ ਸਮਾਰੋਹ ਦੌਰਾਨ ਕੋਟਕ ਮਹਿੰਦਰਾ ਬੈਂਕ ਦੇ ਨੁਮਾਇੰਦੇ ਵੀ ਮੌਜੂਦ ਸਨ।

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਧਿਆਨ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਹੈ। ਪੱਛਮੀ ਹਲਕੇ ਵਿੱਚ ਹਰਿਆਵਲ ਫੈਲਾਉਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਈ ਗਰੀਨ ਬੈਲਟਾਂ/ਪਾਰਕਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। 

ਵਿਧਾਇਕ ਗੋਗੀ ਨੇ ਸੀ.ਐਸ.ਆਰ ਗਤੀਵਿਧੀ ਦੇ ਤਹਿਤ ਪ੍ਰੋਜੈਕਟ ਸ਼ੁਰੂ ਕਰਨ ਲਈ ਕੋਟਕ ਮਹਿੰਦਰਾ ਬੈਂਕ ਦੀ ਵੀ ਸ਼ਲਾਘਾ ਕੀਤੀ।

ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਵਧਣ ਅਤੇ ਆਪਣੇ ਆਲੇ-ਦੁਆਲੇ ਪਾਰਕਾਂ ਅਤੇ ਗਰੀਨ ਬੈਲਟਾਂ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ।

ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ

*ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਹਰੀ ਕ੍ਰਾਂਤੀ ਨੇ ਅਹਿਮ ਭੂਮਿਕਾ ਨਿਭਾਈ : ਡਾ. ਖੁਸ਼

ਲੁਧਿਆਣਾ 15 ਮਾਰਚ(ਟੀ. ਕੇ.)  ਪੀ.ਏ.ਯੂ. ਦੇ ਕੈਂਪਸ ਵਿਚ ਜਾਰੀ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਪੰਜਾਬ ਅਤੇ ਆਸਪਾਸ ਦੇ ਖਿੱਤਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ| ਮੇਲੇ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਵਿਚ ਚੌਲਾਂ ਦੇ ਸੰਸਾਰ ਪ੍ਰਸਿੱਧ ਵਿਗਿਆਨੀ ਪਦਮਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਮੌਕੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਪ੍ਰੋਫੈਸਰ ਐਂਥਨੀ 13 ਵਿਦਿਆਰਥੀਆਂ ਦੇ ਵਫ਼ਦ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ|

 
ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿਚ ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਸਦਾ ਸਮੁੱਚਾ ਸਿਹਰਾ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਸਿਰ ਬੱਝਦਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਨੇ ਫ਼ਸਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚ ਸੁਧਾਰ ਕਰਕੇ ਉਹਨਾਂ ਨੂੰ ਉੱਚ ਝਾੜ ਦੇਣ ਯੋਗ ਬਣਾਇਆ, ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਚੌਖਾ ਵਾਧਾ ਹੋਇਆ ਅਤੇ ਪੇਂਡੂ ਜੀਵਨ ਵਿਚ ਖੁਸ਼ਹਾਲੀ ਆਈ| ਪਰ ਨਾਲ ਹੀ ਕੁਦਰਤੀ ਸਾਧਨਾਂ ਦੀ ਲੋੜੋਂ ਵੱਧ ਵਰਤੋਂ ਨੇ ਸਾਡੀ ਕਿਸਾਨੀ ਲਈ ਕਈ ਸਮੱਸਿਆਵਾਂ ਵੀ ਪੈਦਾ ਕੀਤੀਆਂ ਜਿਸ ਲਈ ਸਾਨੂੰ ਕਣਕ-ਝੋਨੇ ਦੇ ਰਵਾਇਤੀ ਚੱਕਰ ਨੂੰ ਘਟਾ ਕੇ ਬਹੁਫਸਲੀ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ| ਇਸਦੇ ਨਾਲ ਹੀ ਸਰ•ੋਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ, ਖੇਤੀ ਲਾਗਤਾਂ ਨੂੰ ਘਟਾਉਣ, ਪਰਾਲੀ ਦੀ ਢੁੱਕਵੀਂ ਸਾਂਭ-ਸੰਭਾਲ ਕਰਨ, ਸਪੀਡ ਬਰੀਡਿੰਗ ਅਤੇ ਮਸ਼ੀਨੀ ਬੌਧਿਕਤਾ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣ, ਮੁੱਲ ਵਾਧੇ ਰਾਹੀਂ ਖੇਤੀ ਮੁਨਾਫ਼ਾ ਵਧਾਉਣ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਪਰ ਜ਼ੋਰ ਦਿੱਤਾ|

 
ਉੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਇਸ ਖਿੱਤੇ ਵੱਲੋਂ ਸਭ ਤੋਂ ਵੱਧ ਫਸਲੀ ਝਾੜ ਪੈਦਾ ਕਰਨ ਦੇ ਬਾਵਜੂਦ ਸਾਡੀ ਕਿਸਾਨੀ ਸਾਹਮਣੇ ਕਈ ਸੰਕਟ ਹਨ, ਇਸਦਾ ਪ੍ਰਮੁੱਖ ਕਾਰਨ ਸੂਬੇ ਕੋਲ ਕਿਸੇ ਬੱਝਵੀਂ ਖੇਤੀ ਨੀਤੀ ਦੀ ਅਣਹੋਂਦ ਰਹੀ ਹੈ| ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਮਿਸ਼ਨ ਨੇ ਪੀ.ਏ.ਯੂ. ਦੇ ਸਹਿਯੋਗ ਨਾਲ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨ ਦਾ ਉੱਦਮ ਕੀਤਾ ਹੈ ਜਿਸ ਵਿਚ ਸਹਾਇਕ ਧੰਦਿਆਂ ਰਾਹੀਂ ਖੇਤੀ ਆਮਦਨ ਵਿਚ ਵਾਧੇ ਦੀ ਤਜ਼ਵੀਜ਼ ਪ੍ਰਮੁੱਖ ਹੈ| ਉਹਨਾਂ ਕਿਹਾ ਕਿ ਬਿਹਤਰ ਸਮਾਜ ਸਿਰਜਣ ਲਈ ਪਿੰਡ ਦੀ ਇਕਾਈ ਨੂੰ ਆਤਮ ਨਿਰਭਰ ਬਣਾ ਕੇ ਮਜ਼ਬੂਤ ਕਰਨ ਸੰਬੰਧੀ ਤਜ਼ਵੀਜ਼ਾਂ ਵੀ ਨਵੀਂ ਖੇਤੀ ਨੀਤੀ ਵਿਚ ਸ਼ਾਮਿਲ ਹਨ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਸਾਲ ਹੋਏ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਪ੍ਰਵਾਸੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਖੇਤੀ ਤਜਰਬਿਆਂ ਦੇ ਅਧਾਰ ਤੇ ਕਿਹਾ ਕਿ ਵਿਦੇਸ਼ ਵਿਚ ਕਿਸਾਨਾਂ ਨੇ ਕਿਰਤ ਅਤੇ ਕਿਰਸ ਨੂੰ ਅਪਣਾ ਕੇ, ਨਿਰੋਲ ਖੇਤੀਬਾੜੀ ਦੀ ਥਾਂ ਖੇਤੀ ਕਾਰੋਬਾਰ ਰਾਹੀਂ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਕੇ ਆਪਣੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਲਿਖੀ ਹੈ| ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀਂ ਖੇਤੀ ਪਸਾਰ ਨੂੰ ਨਵਾਂ ਮਾਧਿਅਮ ਮਿਲਿਆ ਹੈ ਅਤੇ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸ਼ੋਸ਼ਲ ਮੀਡੀਆਂ ਐਪਸ ਨਾਲ ਜੁੜ ਕੇ ਆਪਣੀ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣਾ ਚਾਹੀਦਾ ਹੈ| ਡਾ. ਗੋਸਲ ਨੇ ਮੇਲੇ ਦੇ ਉਦੇਸ਼ ਬਾਰੇ ਗੱਲ ਕਰਦਿਆਂ ਰੋਜ਼ਾਨਾ ਆਮਦਨ ਹਾਸਲ ਕਰਨ ਲਈ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ|

 
ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਥਨੀ ਨੇ ਮੇਲੇ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਵਿਗਿਆਨੀਆਂ ਅਤੇ ਕਿਸਾਨਾਂ ਦੇ ਸੁਮੇਲ ਨੂੰ ਪੰਜਾਬ ਦੀ ਕਿਸਾਨੀ ਦੀ ਖੁਸ਼ਹਾਲੀ ਦਾ ਪ੍ਰਤੀਕ ਕਿਹਾ|

ਇਸ ਸਮਾਰੋਹ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕਰਦਿਆਂ ਸਹਾਇਕ ਧੰਦਿਆਂ ਦੀ ਸਿਖਲਾਈ ਦੇ ਸੰਬੰਧ ਵਿਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਹੱਤਵ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਸਿਖਲਾਈ ਲੈਣ ਵਾਲੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਆਪਣੇ ਉਤਪਾਦਾਂ ਦੀਆਂ ਸਟਾਲਾਂ ਮੇਲੇ ਵਿਚ ਲਾਈਆਂ ਹਨ ਜਿਨ•ਾਂ ਤੋਂ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਹੋਣ ਦੀ ਲੋੜ ਹੈ|

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਲੜਕਿਆਂ ਦੇ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ|

 
ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਧੰਨਵਾਦ ਦੇ ਸ਼ਬਦ ਕਹੇ| 

ਸ਼ਗੁਨ ਕੱਕੜ  ਨੇ ਐਮ. ਕਾਮ.   ਤੀਸਰਾ  ਸਮੈਸਟਰ ਦੀ ਪ੍ਰੀਖਿਆ ਦੌਰਾਨ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ 

ਲੁਧਿਆਣਾ, 15 ਮਾਰਚ(ਟੀ. ਕੇ.) ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ 2023 ਵਿੱਚ ਹੋਈਆਂ ਐਮ.ਕਾਮ ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਸ਼ਗੁਨ ਕੱਕੜ ਨੇ 84.71ਫੀਸਦੀ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਦਿਲਪ੍ਰੀਤ ਕੌਰ ਨੇ 84.57 ਫੀਸਦੀ  ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਸਰਾ ਜਦਕਿ ਮੁਖਤਿਆਰ ਕੌਰ ਨੇ 83.67 ਫੀਸਦੀ 
 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਕਿਸਾਨ ਮੇਲੇ 'ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਗਾਈ ਗਈ ਕਿਤਾਬਾਂ ਦੀ ਸਟਾਲ 

ਲੁਧਿਆਣਾ, 15 ਮਾਰਚ (ਟੀ. ਕੇ. ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਕਿਸਨਾਂ ਨੂੰ ਨਵੇਂ ਸੁਧਰੇ ਹੋਏ ਬੀਜਾਂ ਤੇ ਫਸਲਾਂ ਪ੍ਰਤੀ ਨਵੀਂ ਜਾਣਕਾਰੀ ਦੇਣ ਹਿੱਤ ਕਿਤਾਬਾਂ ਦੀਆਂ ਦੁਕਾਨਾਂ ਅਤੇ ਖੇਤੀਬਾੜੀ ਦੇ ਸੰਦਾਂ ਦੀ ਨੁਮਾਇਸ ਲਈ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਲਗਾਉਂਦੀ ਹੈ। ਇਸ ਵਾਰ ਦੋ ਦਿਨਾ 14 ਤੇ 15 ਮਾਰਚ ਦੇ ਕਿਸਾਨ ਮੇਲੇ ਤੇ ਹਰ ਵਾਰ ਦੀ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜ਼ੋਨ ਲੁਧਿਆਣਾ ਦੇ ਸਹਿਯੋਗ ਨਾਲ ਤਰਕਸ਼ੀਲ ਕਿਤਾਬਾਂ ਅਤੇ ਵਿਗਿਆਨਿਕ ਵਿਚਾਰਾਂ ਦੇ ਪਸਾਰੇ ਲਈ ਪ੍ਰਦਰਸ਼ਨੀ ਲਾਈ ਗਈ।ਬਹੁਤ ਸਾਰੇ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਸਟਾਲ ਵਿੱਚ ਵਿਸ਼ੇਸ਼  ਦਿਲਚਸਪੀ ਵਿਖਾਈ। ਜ਼ੋਨ ਲੁਧਿਆਣਾ ਦੇ ਮੁੱਖੀ ਜਸਵੰਤ ਜ਼ੀਰਖ ਦੀ ਰਿਪੋਰਟ ਅਨੂਸਾਰ ਇਹ ਪ੍ਰਦਰਸ਼ਨੀ ਆਮ ਲੋਕਾਂ ਨੂੰ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਣਾਉਣ ਲਈ ਬਹੁਤ ਸਹਾਈ ਸਿੱਧ ਹੋ ਰਹੀ ਹੈ, ਜਿਸ ਵਿੱਚ ਬਹੁਤ ਸੌਖੇ ਅਤੇ ਦਿਲਚਸਪ ਢੰਗ ਨਾਲ ਵਿਗਿਆਨਿਕ ਵਿਚਾਰਾਂ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਪੰਜਾਬ ਦੇ ਕਈ ਘਰਾਂ ਵਿੱਚ ਅਚਨਚੇਤ ਵਾਪਰਦੀਆਂ ਕੱਪੜੇ ਕੱਟਣ ਤੇ ਅੱਗ ਲੱਗਣ ਆਦਿ ਦੀਆਂ ਘਟਨਾਵਾਂ ਬੰਦ ਕਰਨ ਦੇ ਇਲਾਜ ਲਈ ਕਈ ਅਖੌਤੀ ਬਾਬਿਆਂ ਵੱਲੋਂ ਦਿੱਤੇ ਧਾਗੇ- ਤਵੀਤ ਦੇਣ ਦੇ ਬਾਵਜੂਦ ਵੀ ਘਟਨਾਵਾਂ ਬੰਦ ਨਹੀਂ ਸੀ ਹੋਈਆਂ , ਪਰ ਤਰਕਸ਼ੀਲ ਸੁਸਾਇਟੀ ਵੱਲੋਂ ਉਹਨਾਂ ਤੋਂ ਛੁਟਕਾਰਾ ਪਵਾਉਣ ਉਪਰੰਤ ਉਹਨਾ ਨੂੰ ਲੋਕਾਂ ਦੇ ਗਲ਼ਾਂ ਵਿੱਚੋਂ ਉਤਰਵਾਕੇ ਇਸ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਸੀ, ਜਿਹਨਾ ਦੀ ਨੁਮਾਇਸ ਵੀ ਹਰ ਵਾਰ ਤਰ੍ਹਾਂ ਖਿੱਚ ਦਾ ਕੇਂਦਰ ਬਣੀ ਰਹੀ।ਅਗਾਂਹ ਵਧੂ ਵਿਚਾਰਾਂ ਵਾਲੇ ਪੋਸਟਰ ਵੀ ਲੋਕ ਧਿਆਨ ਨਾਲ ਪੜ੍ਹਦੇ ਸਨ ਅਤੇ ਤਰਕਸ਼ੀਲ ਕਾਰਕੁਨਾਂ ਨਾਲ ਅੰਧਵਿਸਵਾਸ਼ਾਂ ਬਾਰੇ ਚਰਚਾ ਵੀ ਕਰਦੇ ਰਹੇ। ਇਸ ਸਮੇਂ ਕਿਸਨਾਂ ਅਤੇ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਕਿਤਾਬਾਂ ਖਰੀਦੀਆਂ ਅਤੇ ਤਰਕਸ਼ੀਲ ਮੈਗਜ਼ੀਨ ਦੇ ਚੰਦੇ ਭਰੇ। ਇਸ ਸਮੇਂ ਸਟਾਲ 'ਤੇ ਅਤੇ ਤਰਕਸ਼ੀਲ ਸਾਹਿਤ ਵੈਨ ਨਾਲ ਜਥੇਬੰਦਕ ਮੁਖੀ ਰਜਿੰਦਰ ਭਦੌੜ, ਗੁਰਪ੍ਰੀਤ ਸੈਹਣਾ, ਬਿੰਦਰ ਸਿੰਘ, ਜਸਵੰਤ ਬੋਪਾਰਾਏ ਬਲਵਿੰਦਰ ਸਿੰਘ, ਧਰਮਪਾਲ ਸਿੰਘ, ਕਰਤਾਰ ਸਿੰਘ, ਰਾਕੇਸ਼ ਅਜ਼ਾਦ, ਸੁਰਜੀਤ ਸਿੰਘ, ਸੋਹਣ ਸਿੰਘ ਬਡਲਾ, ਗੁਰਮੇਲ ਸਿੰਘ, ਦੀਪ ਦਿਲਬਰ, ਰੁਪਿੰਦਰ ਸਿੰਘ, ਹਰਚੰਦ ਭਿੰਡਰ, ਸ਼ਮਸੇਰ ਨੂਰਪੁਰੀ, ਰਜਿੰਦਰ ਜੰਡਿਆਲੀ ਤੇ ਕਰਤਾਰ ਵਿਰਾਨ , ਕਰਨੈਲ ਸਿੰਘ, ਧਰਮ ਸਿੰਘ ਆਦਿ ਕਿਤਾਬਾਂ ਦੀ ਵਿਕਰੀ ਅਤੇ ਸਟਾਲ ਤੇ ਪਹੁੰਚੇ ਪਾਠਕਾਂ ਅਤੇ ਦਰਸ਼ਕਾਂ ਦੇ ਅੰਧਵਿਸਵਾਸ਼ਾਂ ਪ੍ਰਤੀ ਅਤੇ ਤਰਕਸ਼ੀਲਤਾ ਦੇ ਸਬੰਧ ਵਿੱਚ ਸੁਆਲਾਂ ਦੇ ਜਵਾਬ ਦੇਣ ਲਈ ਮੌਜੂਦ ਰਹੇ।

ਵਿਸ਼ਵ ਖਪਤਕਾਰ ਅਧਿਕਾਰ ਦਿਵਸ "ਖਪਤਕਾਰਾਂ ਲਈ ਨਿਰਪੱਖ ਅਤੇ ਜ਼ਿੰਮੇਵਾਰ ਏ. ਆਈ. " ਥੀਮ 'ਤੇ ਮਨਾਇਆ ਗਿਆ

ਲੁਧਿਆਣਾ, 15 ਮਾਰਚ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀ ਕਾਮਰਸ ਸੁਸਾਇਟੀ ਨੇ "ਖਪਤਕਾਰਾਂ ਲਈ ਨਿਰਪੱਖ ਅਤੇ ਜ਼ਿੰਮੇਵਾਰ ਏ. ਆਈ." ਦੇ ਥੀਮ 'ਤੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ। ਥੀਮ ਉਪਭੋਗਤਾ ਅਧਿਕਾਰਾਂ, ਸੁਰੱਖਿਆ ਅਤੇ ਸਸ਼ਕਤੀਕਰਨ 'ਤੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਕਾਮਰਸ ਸੁਸਾਇਟੀ ਦੇ ਇੰਚਾਰਜ ਡਾ: ਨੀਰਜ ਕੁਮਾਰ ਨੇ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਜਾਣੂ ਕਰਵਾਇਆ | ਸਮੁੱਚੀ ਗਤੀਵਿਧੀ ਦਾ ਸੰਚਾਲਨ ਕਾਮਰਸ ਸੁਸਾਇਟੀ ਦੇ ਮੁਸਕਾਨ ਸਿੰਗਲਾ (ਪ੍ਰਧਾਨ) ਅਤੇ ਕ੍ਰਿਤੀ ਅਰੋੜਾ (ਸਕੱਤਰ) ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ।ਜਜਮੈਂਟ ਡਾ: ਗੁਰਮੀਤ ਸਿੰਘ, ਡਾ: ਸੁਖਵਿੰਦਰ ਸਿੰਘ ਚੀਮਾ ਅਤੇ ਸ੍ਰੀਮਤੀ ਦਲਜੀਤ ਕੌਰ ਨੇ ਕੀਤੀ। ਇਸ ਮੌਕੇ ਮਹਿਮਾ ਨੇ ਪਹਿਲਾ ਇਨਾਮ, ਆਸ਼ਿਮਾ ਕੌਸ਼ਲ ਨੇ ਦੂਜਾ ਇਨਾਮ ਅਤੇ ਅਦਿਤੀ ਸ਼ਰਮਾ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੌਕੇ  ਪ੍ਰਿੰਸੀਪਲ ਡਾ: ਸਤਵੰਤ ਕੌਰ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਕਾਮਰਸ ਸੁਸਾਇਟੀ ਦੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਗੋਡੇ ਅਤੇ ਚੂਲੇ ਬਦਲਣ ਸਬੰਧੀ ਸਿਵਲ ਹਸਪਤਾਲ 'ਚ ਅਪਰੇਸ਼ਨ ਕੈਂਪ 13 ਮਾਰਚ ਨੂੰ

*ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫਤ ਬਦਲੇ ਜਾਣਗੇ ਚੂਲੇ ਅਤੇ ਗੋਡੇ - ਸਿਵਲ ਸਰਜਨ
ਲੁਧਿਆਣਾ 9 ਮਾਰਚ (ਟੀ. ਕੇ.) 
ਸਿਵਲ ਸਰਜਨ ਲੁਧਿਆਣਾ ਡਾ ਜ਼ਸਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾਂ ਵਿਖੇ ਮਿਤੀ 13 ਮਾਰਚ  ਨੂੰ ਗੋਡਿਆਂ ਅਤੇ ਚੂਲਿਆਂ ਦੇ ਸਬੰਧ ਵਿਖ ਮੁਫਤ ਕੈਪ ਲਗਾਇਆ ਜਾ ਰਿਹਾ ਹੈ।ਉਨਾ ਦੱਸਿਆ ਕਿ ਇਸ ਕੈਪ ਦੌਰਾਨ ਲੌੜਵੰਦ ਮਰੀਜਾਂ ਦੇ ਮਾਹਿਰ ਡਾਕਟਰਾਂ ਵੱਲੋ ਗੋਡੇ ਅਤੇ ਚੂਲੇ ਬਦਲਣ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ ਧਾਂਰਕਾ ਦੇ ਮੁਫਤ ਵਿਚ ਗੋਡੇ ਅਤੇ ਚੂਲੇ ਬਦਲੇ ਜਾਣਗੇ।ਉਨਾ ਦੱਸਿਆ ਕਿ ਜਿਨਾਂ ਮਰੀਜਾਂ ਅਤੇ ਗੋਡੇ ਅਤੇ ਚੂਲੇ ਬਦਲੇ ਜਾਣੇ ਹਨ, ਉਨਾਂ ਦੇ ਲੋੜੀਦੇ ਟੈਸਟ ਕਰਵਾਏ ਜਾਣਗੇ ਅਤੇ ਬਾਅਦ ਵਿਚ ਉਨਾਂ ਦੇ ਆਪਰੇਸ਼ਨ ਕੀਤੇ ਜਾਣਗੇ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਇਮਾਨਦਾਰੀ ਸੁਹਿਰਦਤਾਂ ਨਾਲ ਸੇਵਾ ਨਿਭਾ ਰਹੀ ਹੈ।ਉਨਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਕੈਪ ਲਗਾਏ ਜਾਣਗੇ ਤਾਂ ਜ਼ੋ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆ ਜਾਣ।