ਲੁਧਿਆਣਾ

ਲੋਕ ਸਭਾ ਚੋਣਾਂ 2024- ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਦਾਖਾ 'ਚ ਫਲੈਗ ਮਾਰਚ ਕੀਤਾ

 ਲੁਧਿਆਣਾ, 19 ਮਾਰਚ (ਟੀ. ਕੇ. ) -
 1 ਜੂਨ ਨੂੰ ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਉਪ ਮੰਡਲ ਮੈਜਿਸਟਰੇਟ ਦੀਪਕ ਭਾਟੀਆ ਅਤੇ ਡੀ ਐਸ ਪੀ  ਦਾਖਾ ਜਸਵਿੰਦਰ ਸਿੰਘ ਨੇ ਮੰਗਲਵਾਰ ਨੂੰ ਦਾਖਾ ਦੇ ਰੁਝੇਵਿਆਂ ਵਾਲੇ ਇਲਾਕਿਆਂ ਵਿੱਚ ਫਲੈਗ ਮਾਰਚ ਦੀ ਅਗਵਾਈ ਕੀਤੀ।
ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਫਲੈਗ ਮਾਰਚ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ    ਐਸ ਡੀ ਐਮ ਭਾਟੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ।  ਭਾਟੀਆ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭਾਟੀਆ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਅਤੇ ਹਰੇਕ ਵਿਅਕਤੀ 1 ਜੂਨ 2024 ਨੂੰ ਆਪਣੀ ਵੋਟ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਐਂਟਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਵਿਸ਼ੇਸ਼ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
 ਬਾਅਦ ਵਿੱਚ, ਭਾਟੀਆ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਵਿੱਚ ਉਨ੍ਹਾਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ।

ਜਥੇਬੰਦੀ ਦਾ 20 ਨੂੰ ਨਵਾਂ ਕਾਫਲਾ ਸ਼ੰਭੂ ਬਾਰਡਰ ਤੇ 23 ਨੂੰ ਹੁਸੈਨੀਵਾਲਾ ਨੂੰ ਹੋਵੇਗਾ ਰਵਾਨਾ - ਦਸਮੇਸ਼ ਯੂਨੀਅਨ

ਲੁਧਿਆਣਾ, 19 ਮਾਰਚ (ਟੀ. ਕੇ.) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ  ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ  ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਤਲਵੰਡੀ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ, ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ,ਅਵਤਾਰ ਸਿੰਘ ਬਿੱਲੂ ਵਲੈਤੀਆ ਨੇ ਉਚੇਚੇ  ਤੌਰ ਤੇ ਵਿਚਾਰ ਪੇਸ਼ ਕੀਤੇ। ਜਿਸ ਉਪਰੰਤ ਸਰਵਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ:-
 ਪਹਿਲੇ ਮਤੇ ਰਾਹੀਂ ਚੌਂਕੀਮਾਨ ਟੋਲ ਪਲਾਜਾ ਉੱਪਰ 10 ਫਰਵਰੀ ਤੋਂ ਲਗਾਤਾਰ ਨਵਾਂ ਦਿੱਲੀ ਮੋਰਚਾ- 2 ਦੀ ਤਿਆਰੀ ਹਿੱਤ ਚੱਲ ਰਹੇ ਪੱਕੇ ਧਰਨੇ ਅਤੇ ਟਰੈਕਟਰਾਂ- ਟਰਾਲੀਆਂ ਤੇ ਗੱਡੀਆਂ ਵਾਲੇ ਸੰਗਰਾਮੀ ਕਾਫਲਿਆਂ ਦੀ ਸੇਵਾ ਹਿੱਤ ਚੱਲ ਰਹੇ ਲੰਗਰ ਉੱਪਰ ਭਰਪੂਰ ਤਸੱਲੀ ਤੇ  ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
     ਦੂਜੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ 20 ਤਰੀਕ ਨੂੰ ਸਵੇਰੇ 9 ਵਜੇ ਲੜੀਵਾਰ ਨਵਾਂ ਕਾਫਲਾ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ, ਜਿਸ ਵਿੱਚ ਵੱਖ-ਵੱਖ ਇਕਾਈਆਂ ਦੇ ਕਿਸਾਨ -ਮਜ਼ਦੂਰ ਵੀਰ ਸ਼ਾਮਿਲ ਹੋਣਗੇ।
   ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ 23 ਮਾਰਚ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਰਚੇ ਜਾ ਰਹੇ ਵਿਸ਼ਾਲ ਸ਼ਹੀਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ 23 ਮਾਰਚ ਨੂੰ ਸਵੇਰੇ 8 ਵਜੇ ਵੱਡਾ ਜੁਝਾਰੂ ਕਾਫਲਾ ਹਸੈਨੀਵਾਲਾ (ਫਿਰੋਜਪੁਰ ਬਾਰਡਰ) ਲਈ ਕੂਚ ਕਰੇਗਾ।
      ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜੱਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਵਿਜੇ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਬਲਤੇਜ ਸਿੰਘ ਸਿੱਧਵਾਂ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਗੁਰਦੀਪ ਸਿੰਘ ਮੁੰਡਿਆਣੀ, ਗੁਰਚਰਨ ਸਿੰਘ ਤਲਵੰਡੀ ,ਗੁਰਸੇਵਕ ਸਿੰਘ ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਜਗਦੇਵ ਸਿੰਘ ਗੁੜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦਕ ਚੋਣਾਂ ਦਾ ਐਲਾਨ

*8 ਅਪ੍ਰੈਲ ਨੂੰ ਜ਼ਿਲ੍ਹਾ ਪ੍ਧਾਨਾਂ ਤੇ ਬਲਾਕ ਪ੍ਰਧਾਨਾਂ ਦੀਆਂ ਹੋਣਗੀਆਂ ਨਾਮਜ਼ਦਗੀਆਂ

*17 ਅਪ੍ਰੈਲ ਨੂੰ ਹੋਵੇਗੀ ਚੋਣ

ਲੁਧਿਆਣਾ, 19 ਮਾਰਚ (ਟੀ. ਕੇ.) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸਾਰੇ ਜਿਲਿਆਂ ਦੇ ਪ੍ਰਧਾਨ ਸਕੱਤਰਾਂ ਤੇ ਸੂਬਾਈ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਜਥੇਬੰਦਕ ਚੋਣਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਮਿਤੀ 8 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 17 ਅਪ੍ਰੈਲ ਨੂੰ ਚੋਣ ਹੋਵੇਗੀ। ਇਸ ਸਮੇਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੰਵਿਧਾਨ ਮੁਤਾਬਿਕ ਹਰ ਤਿੰਨ ਸਾਲ ਬਾਅਦ ਲੋਕਤਾਂਤ੍ਰਿਕ ਤਰੀਕੇ ਨਾਲ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਜਿਸ ਵਿੱਚ ਜਥੇਬੰਦੀ ਦਾ ਕੋਈ ਵੀ ਮੈਬਰ ਬਲਾਕ ਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਭਰ ਸਕਦਾ ਹੈ। ਸੂਬਾਈ ਕਮੇਟੀ ਦੀ ਚੋਣ ਵਿੱਚ ਚੁਣੇ ਹੋਏ ਜ਼ਿਲ੍ਹਾ ਪ੍ਰਧਾਨ ਸੂਬਾ ਕਮੇਟੀ ਦੀ ਚੋਣ ਵਿੱਚ ਹਿੱਸਾ ਲੈਂਦੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਜ਼ਿਲ੍ਹੇ ਵਿੱਚ ਪ੍ਜਾਇਡਿੰਗ ਤੇ ਸਹਾਇਕ ਪ੍ਜਾਇਡਿੰਗ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਚੋਣਾਂ ਦੇ ਅਮਲ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਪਿ੍ੰਸੀਪਲ ਅਮਨਦੀਪ ਸ਼ਰਮਾਂ, ਕਰਨੈਲ ਫਿਲੌਰ, ਗੁਰਦੀਪ ਸਿੰਘ ਬਾਜਵਾ,  ਜਗਜੀਤ ਸਿੰਘ ਮਾਨ, ਨਰਿੰਦਰ ਸਿੰਘ ਮਾਖਾ, ਮਨੋਹਰ ਲਾਲ ਸ਼ਰਮਾਂ, ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਹਰਪਾਲਪੁਰ, ਬਲਵਿੰਦਰ ਸਿੰਘ ਭੁੱਟੋ, ਪ੍ਰਭਜੀਤ ਸਿੰਘ ਰਸੂਲਪੁਰ, ਹਰਿੰਦਰ ਮੱਲੀਆਂ ਬਰਨਾਲਾ, ਸੁੱਚਾ ਸਿੰਘ ਟਰਪਈ ਅਮ੍ਰਿਤਸਰ, ਮਲਕੀਅਤ ਸਿੰਘ ਪੱਤੀ ਬਰਨਾਲਾ, ਤਜਿੰਦਰ ਸਿੰਘ ਤੇਜੀ ਬਰਨਾਲਾ, ਸੁਰਿੰਦਰ ਕੁਮਾਰ ਬਰਨਾਲਾ, ਰਵਿੰਦਰ ਸਿੰਘ ਪੱਪੀ ਮੁਹਾਲੀ, ਪਰਮਜੀਤ ਸਿੰਘ ਪਟਿਆਲਾ, ਗੁਰਦਾਸ ਸਿੰਘ ਮਾਨਸਾ, ਸਤੀਸ਼ ਕੁਮਾਰ ਮਾਨਸਾ, ਰਜੇਸ਼ ਕੁਮਾਰ ਫਤਹਿਗੜ੍ਹ ਸਾਹਿਬ, ਅਮਰਜੀਤ ਸਿੰਘ ਫਤਹਿਗੜ੍ਹ ਸਾਹਿਬ, ਸੰਦੀਪ ਕੁਮਾਰ ਪਟਿਆਲਾ, ਗੁਰਚਰਨ ਸਿੰਘ ਕਸਲੀ ਫਿਰੋਜ਼ਪੁਰ, ਰਣਜੋਧ ਸਿੰਘ ਲੁਧਿਆਣਾ, ਰਾਜੀਵ ਕੁਮਾਰ ਲੁਧਿਆਣਾ, ਅਮਨ ਖੇੜਾ ਲੁਧਿਆਣਾ, ਕੰਵਲਨੈਨ ਪਟਿਆਲਾ, ਬੱਗਾ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰ ਤੇ ਵਿਕਰਮਜੀਤ ਸਿੰਘ ਮੁਕਤਸਰ ਆਦਿ ਹਾਜ਼ਰ ਸਨ।

ਪੀ.ਏ.ਯੂ. ਨੂੰ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਦਾ ਸਰਵੋਤਮ ਪੁਰਸਕਾਰ ਮਿਲਿਆ

ਲੁਧਿਆਣਾ, 18 ਮਾਰਚ(ਟੀ. ਕੇ.) 

 
ਪੀ.ਏ.ਯੂ. ਨੂੰ ਸਾਲ 2023-24 ਲਈ ਆਲ ਇੰਡੀਆ ਕੁਆਡੀਨੇਟਿਡ ਖੋਜ ਪੋ੍ਰਜੈਕਟ ਤਹਿਤ ਸਰਵੋਤਮ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਐਵਾਰਡ ਨਾਲ ਨਿਵਾਜ਼ਿਆ ਗਿਆ| ਇਹ ਐਵਾਰਡ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਬੀਤੇ ਦਿਨੀਂ ਸਿਫਟ ਲੁਧਿਆਣਾ ਵਿਖੇ ਹੋਈ ਸਲਾਨਾ ਕਾਰਜਸ਼ਾਲਾ ਦੌਰਾਨ ਪ੍ਰਦਾਨ ਕੀਤਾ ਗਿਆ| ਇਸ ਕੇਂਦਰ ਨੂੰ ਦੇਸ਼ ਭਰ ਦੇ 29 ਹੋਰ ਕੇਂਦਰਾਂ ਵਿੱਚੋਂ ਸਭ ਤੋਂ ਬਿਹਤਰ ਕੰਮ ਕਾਜ ਲਈ ਸਰਵੋਤਮ ਕੇਂਦਰ ਐਵਾਰਡ ਮਿਲਿਆ| ਪੀ.ਏ.ਯੂ. ਕੇਂਦਰ ਨੇ ਵਢਾਈ ਤੋਂ ਬਾਅਦ ਫਸਲਾਂ ਦੀ ਤਕਨਾਲੋਜੀ ਦੇ ਵਿਕਾਸ ਵਿਚ ਬਿਹਤਰੀਨ ਯੋਗਦਾਨ ਪਾਇਆ|

 
ਇਸ ਐਵਾਰਡ ਨੂੰ ਦੇਣ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਐੱਮ ਐੱਮ ਝਾ ਮੌਜੂਦ ਸਨ| ਉਹਨਾਂ ਤੋਂ ਇਲਾਵਾ ਡਾ. ਕੇ ਨਰਸੀਆਹ, ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ ਅਤੇ ਕੁਝ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ| ਇਹਨਾਂ ਮਾਹਿਰਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਲਈ ਡਾ. ਐੱਮ ਐੱਸ ਆਲਮ, ਡਾ. ਸੁਰੇਖਾ ਭਾਟੀਆ, ਡਾ. ਸੰਧਿਆ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਰੋਹਿਤ ਸ਼ਰਮਾ ਅਤੇ ਡਾ. ਗਗਨਦੀਪ ਕੌਰ ਦੀ ਤਾਰੀਫ ਕਰਦਿਆਂ ਹੋਰ ਚੰਗੇ ਕੰਮ ਲਈ ਪ੍ਰੇਰਿਤ ਕੀਤਾ|

 
ਪੀ.ਏ.ਯੂ. ਦਾ ਇਹ ਕੇਂਦਰ ਖੇਤੀ ਪ੍ਰੋਸੈਸਿੰਗ ਕੰਪਲੈਕਸ ਸਥਾਪਿਤ ਕਰਨ ਲਈ ਆਪਣੇ ਵਿਸ਼ੇਸ਼ ਕਾਰਜ ਕਰਨ ਹਿਤ ਪ੍ਰਸਿੱਧ ਹੈ| ਇਸ ਕਾਰਜ ਦੇ ਮੁੱਖ ਨਿਗਰਾਨ ਡਾ. ਐੱਮ ਐੱਸ ਆਲਮ ਨੇ ਇਸ ਕੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਤਕਨਾਲੋਜੀਆਂ ਦੇ ਵਿਕਾਸ ਵਿਚ ਕੀਤੇ ਗਏ ਕੰਮ ਵਿਚ ਸਟੀਵੀਆ ਪਾਊਡਰ ਤਿਆਰ ਕਰਨ, ਮੈਂਥੇ ਦੇ ਤੇਲ ਦੀ ਪ੍ਰੋਸੈਸਿੰਗ ਅਤੇ ਆਂਵਲੇ ਦੇ ਜੂਸ ਸੰਬੰਧੀ ਕੀਤੇ ਕੰਮ ਪ੍ਰਮੁੱਖ ਹਨ| ਇਸ ਤੋਂ ਇਲਾਵਾ ਭੰਡਾਰ ਕੀਤੀਆਂ ਜਾਣ ਵਾਲੀਆਂ ਦਾਲਾਂ ਦੀ ਸੰਭਾਲ ਲਈ ਸੁਰੱਖਿਆ ਕਿੱਟ ਅਤੇ ਸ਼ਹਿਦ ਦੀ ਸੈਂਸਰ ਅਧਾਰਿਤ ਜਾਂਚ ਤੋਂ ਇਲਾਵਾ ਸਬਜ਼ੀਆਂ ਦੇ ਖੇਤਰ ਵਿਚ ਕੀਤੇ ਕਾਰਜ ਨੂੰ ਦੇਖਿਆ ਜਾ ਸਕਦਾ ਹੈ| ਇਸ ਤੋਂ ਇਲਾਵਾ ਕੇਂਦਰ ਨੇ ਖੇਤ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਧੁਆਈ ਦੀ ਤਕਨਾਲੋਜੀ, ਹਲਦੀ ਦੀ ਧੁਆਈ ਅਤੇ ਪਾਲਸ਼ ਦੀ ਮਸ਼ੀਨ ਤੋਂ ਇਲਾਵਾ ਸ਼ਹਿਦ ਦੀ ਸਾਂਭ-ਸੰਭਾਲ ਲਈ ਤਿਆਰ ਕੀਤੀਆਂ ਤਕਨਾਲੋਜੀਆਂ ਨੂੰ ਅੰਜ਼ਾਮ ਦਿੱਤਾ ਹੈ| ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਤਕਨਾਲੋਜੀਆਂ ਨੂੰ ਕਿਸਾਨਾਂ ਅਤੇ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰ ਨੇ ਵੱਡੀ ਪੱਧਰ ਤੇ ਲੋਕਾਂ ਨੂੰ ਸਿਖਲਾਈ ਦਿੱਤੀ ਹੈ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਇਸ ਪਰਿਵਾਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ|

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੌਜਵਾਨਾਂ ਨੂੰ 'ਵੋਟਰ ਹੈਲਪਲਾਈਨ' ਐਪ ਅਤੇ ਐਨ.ਵੀ.ਐਸ.ਪੀ. ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਸਲਾਹ

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 'ਵੋਟਰ ਹੈਲਪਲਾਈਨ' ਮੋਬਾਈਲ ਐਪ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ।

ਭਾਰਤੀ ਚੋਣ ਕਮਿਸ਼ਨ ਦੀ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ  ਤਹਿਤ ਆਯੋਜਿਤ ਇੱਕ ਸਮਾਗਮ ਦੌਰਾਨ ਸਰਕਾਰੀ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਪਿਊਟਰ ਜਾਂ ਮੋਬਾਈਲ 'ਤੇ ਇੱਕ ਕਲਿੱਕ ਰਾਹੀਂ ਵੋਟਰ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਐਪ ਅਤੇ ਪੋਰਟਲ ਦੀ ਵਰਤੋਂ ਕਰਨ, ਜਿਸ ਨਾਲ ਬਿਨੈ-ਪੱਤਰ ਫਾਰਮ-6 ਜਮ੍ਹਾ ਕਰਨ ਲਈ ਕੁਝ ਮਿੰਟ ਲੱਗਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰੌਇਡ ਫੋਨ 'ਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨ ਲਈ ਕਿਹਾ ਜਾਂ ਵੋਟਰ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਵੈਬਸਾਈਟ www.nvsp.in ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾ ਦੀ ਸਹਾਇਤਾ ਲਈ ਰਾਸ਼ਟਰੀ ਟੋਲ-ਫ੍ਰੀ ਨੰਬਰ 1950 'ਤੇ ਸੰਪਰਕ ਕਰਨ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਣ ਦੀ ਵੀ ਸਿਫਾਰਸ਼ ਕੀਤੀ। ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਨੌਜਵਾਨ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਕਿਹਾ ਕਿ ਲੁਧਿਆਣਵੀ ਇਸ ਵਾਰ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੱਡੀ ਗਿਣਤੀ ਵਿੱਚ ਅੱਗੇ ਆਉਣ ਅਤੇ 70 ਫੀਸਦ (ਇਸ ਵਾਰ 70 ਪਾਰ) ਪੋਲਿੰਗ ਦਾ ਟੀਚਾ ਪ੍ਰਾਪਤ ਕਰਨਾ ਚਾਹੀਦਾ ਹੈ। 

ਬਾਅਦ ਵਿੱਚ, ਜ਼ਿਲ੍ਹਾ ਚੋਣ ਅਫ਼ਸਰ ਨੇ ਵਿਦਿਆਰਥੀਆਂ ਨਾਲ ਚੋਣ ਅਤੇ ਵੋਟਿੰਗ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਪੋਲਿੰਗ ਵਾਲੇ ਦਿਨ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕ੍ਰਿਸ਼ਨ ਪਾਲ ਰਾਜਪੂਤ ਅਤੇ ਪ੍ਰਿੰਸੀਪਲ ਸੁਮਨ ਲਤਾ ਗੁਪਤਾ ਵੀ ਮੌਜੂਦ ਸਨ

ਪ੍ਰਸ਼ਾਸਨ ਅਤੇ ਐਨ.ਜੀ.ਓ. ਵੱਲੋਂ ਵੋਟਿੰਗ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਦਫ਼ਤਰ ਅਤੇ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ) ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਆਪਣੀ ਮੁਹਿੰਮ 'ਆਈ ਵੋਟ ਆਈ ਲੀਡ' ਤਹਿਤ ਸ਼ਹਿਰ ਦੇ ਨਾਗਰਿਕਾਂ ਵਿੱਚ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ।

ਇਸ ਮੁਹਿੰਮ ਤਹਿਤ ਚੋਣ ਦਫ਼ਤਰ ਅਤੇ ਇਨੀਸ਼ੀਏਟਰਜ਼ ਆਫ਼ ਚੇਂਜ ਦੀ ਟੀਮ ਨੇ ਲੋਕਾਂ ਨੂੰ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਜਾਗਰੂਕ ਕਰਨ ਲਈ ਰੱਖ ਬਾਗ ਵਿੱਚ ਨੁੱਕੜ ਨਾਟਕ ਦਾ ਆਯੋਜਨ ਕੀਤਾ। ਸ਼ਹਿਰ ਦੇ ਨੌਜਵਾਨ ਵਲੰਟੀਅਰਾਂ ਗੋਕੁਲ ਮਲਿਕ, ਹਰਪਾਲ ਕੌਰ, ਕ੍ਰਿਪਾ, ਮਿਸਤੀ, ਸਾਤਵਿਕ, ਹਰਸ਼, ਨਮਨ, ਜੁਗਾੜ, ਰੇਨਾ ਅਤੇ ਹਿਮਾਂਸ਼ੂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ।

ਇਸ ਤੋਂ ਇਲਾਵਾ ਚੋਣ ਦਫ਼ਤਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਦਾ ਡੈਮੋ ਵੀ ਦਿੱਤਾ।

ਐਨ.ਜੀ.ਓ ਦੇ ਟਰੱਸਟੀ ਮਿਥਿਲ ਗੋਇਲ ਨੇ ਕਿਹਾ ਕਿ ਵੱਧ ਤੋਂ ਵੱਧ ਉਤਪਾਦਕਤਾ ਅਤੇ ਮਜ਼ਬੂਤ ਲੋਕਤੰਤਰ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ ਹੈ।

ਯੇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਦੀ ਕਾਰਜਸ਼ੈਲੀ ਨੂੰ ਜਾਣਿਆ

ਲੁਧਿਆਣਾ, 18 ਮਾਰਚ(ਟੀ. ਕੇ.) 

ਬੀਤੇ ਦਿਨੀਂ ਪੀ.ਏ.ਯੂ. ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਥਨੀ ਐਕੀਆਵਾਟੀ ਦੀ ਅਗਵਾਈ ਵਿਚ 13 ਵਿਦਿਆਰਥੀਆਂ ਦੇ ਇਕ ਵਫਦ ਨੇ ਪੀ.ਏ.ਯੂ. ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਇਸ ਵਫਦ ਨੇ ਹਰੀ ਕ੍ਰਾਂਤੀ ਤੋਂ ਇਲਾਵਾ ਖੇਤੀ ਦੇ ਇਤਿਹਾਸ ਵਿਚ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਨੂੰ ਜਾਣਿਆ| ਵਿਦਿਆਰਥੀਆਂ ਦੇ ਇਸ ਵਫਦ ਨੇ ਪੀ.ਏ.ਯੂ. ਦੀ ਕਾਰਜਸ਼ੈਲੀ ਤੋਂ ਇਲਾਵਾ ਪ੍ਰਦਰਸ਼ਨੀਆਂ, ਅਜਾਇਬ ਘਰਾਂ ਅਤੇ ਕਿਸਾਨ ਮੇਲੇ ਨੂੰ ਦੇਖਦਿਆਂ ਕਿਸਾਨਾਂ ਅਤੇ ਮਾਹਿਰਾਂ ਦੇ ਆਪਸੀ ਸੰਬੰਧਾਂ ਬਾਰੇ ਨਵੇਂ ਤਜਰਬੇ ਹਾਸਲ ਕੀਤਾ|

 
ਇਸ ਵਫਦ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖੋਜ, ਅਧਿਆਪਨ ਅਤੇ ਪਸਾਰ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਹਰੀ ਕ੍ਰਾਂਤੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਦੇਸ਼ ਨੂੰ ਭੋਜਨ ਦੀ ਕਮੀ ਤੋਂ ਵਾਧੂ ਅੰਨ ਭੰਡਾਰਾਂ ਵੱਲ ਲੈ ਜਾਣ ਲਈ ਯੂਨੀਵਰਸਿਟੀ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਇਤਿਹਾਸਕ ਕਾਰਜ ਕੀਤਾ| ਇਸ ਨਾਲ ਨਾ ਸਿਰਫ ਨਵੀਆਂ ਖੇਤੀ ਤਕਨਾਲੋਜੀਆਂ ਦੇ ਲਾਗੂ ਹੋਣ ਦਾ ਵਾਤਾਵਰਨ ਪੈਦਾ ਹੋਇਆ ਬਲਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਖੁਸ਼ਹਾਲੀ ਵੱਲ ਵੀ ਤੋਰਿਆ ਜਾ ਸਕਿਆ| ਡਾ. ਗੋਸਲ ਨੇ ਭਵਿੱਖ ਵਿਚ ਪੀ.ਏ.ਯੂ. ਵੱਲੋਂ ਖੇਤੀ ਸੰਬੰਧੀ ਕੀਤੀ ਜਾਣ ਵਾਲੀ ਖੋਜ ਦਾ ਜ਼ਿਕਰ ਕਰਦਿਆਂ ਵਾਤਾਵਰਨ ਪੱਖੀ ਤਕਨੀਕਾਂ, ਜੀਨੋਮ ਸੰਪਾਦਨ, ਸਪੀਡ ਬਰੀਡਿੰਗ, ਮੌਲੀਕਿਊਲਰ ਅਤੇ ਨਵੀਆਂ ਖੇਤੀ ਵਿਧੀਆਂ ਵਿਚ ਭੂਮੀ ਦੀ ਸਿਹਤ ਸੰਭਾਲ, ਮਸ਼ੀਨੀ ਬੌਧਿਕਤਾ, ਸੂਚਨਾ ਸੰਚਾਰ ਅਧਾਰਿਤ ਤਕਾਨਲੋਜੀਆਂ ਆਦਿ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਉਤਪਾਦਕਤਾ ਦੇ ਨਾਲ-ਨਾਲ ਪੌਸ਼ਕਤਾ ਵੱਲ ਧਿਆਨ ਦੇ ਕੇ ਯੂਨੀਵਰਸਿਟੀ ਖੋਜ ਕਰਨ ਲਈ ਯਤਨਸ਼ੀਲ ਹੈ|

 
ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਵਿਦੇਸ਼ੀ ਵਫਦ ਸਾਹਮਣੇ ਯੂਨੀਵਰਸਿਟੀ ਦੀ ਸਮਰੱਥਾ ਦਾ ਵਿਸਥਾਰ ਨਾਲ ਪੱਖ ਪੇਸ਼ ਕੀਤਾ| ਉਹਨਾਂ ਕਿਹਾ ਕਿ ਇਹ ਸੰਸਥਾ ਆਪਣੇ ਬਿਹਤਰੀਨ ਕਾਰਜ ਕਰਕੇ ਭਾਰਤ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੈ| ਕਿਸਾਨਾਂ ਅਤੇ ਮਾਹਿਰਾਂ ਦੇ ਨੇੜਲੇ ਸੰਬੰਧ, ਉੱਚ ਪੱਧਰੀ ਪਸਾਰ ਢਾਂਚੇ, ਅਕਾਦਮਿਕ ਪੱਖ ਤੋਂ ਸ਼ੇ੍ਰਸਟ ਸਹੂਲਤਾਂ ਬਾਰੇ ਗੱਲ ਕਰਦਿਆਂ ਡਾ. ਰਿਸ਼ੀਪਾਲ ਸਿੰਘ ਨੇ ਪੀ.ਏ.ਯੂ. ਦੀ ਨਾ ਸਿਰਫ ਪੰਜਾਬ ਨੂੰ ਬਲਕਿ ਉੱਤਰੀ ਭਾਰਤ ਨੂੰ ਦੇਣ ਦਾ ਵਿਸਥਾਰ ਨਾਲ ਹਵਾਲਾ ਦਿੱਤਾ|

 
ਪ੍ਰੋਫੈਸਰ ਐਂਥਨੀ ਨੇ ਇਸ ਮੌਕੇ ਹਰੀ ਕ੍ਰਾਂਤੀ ਦੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਦਿੱਤੇ| ਉਹਨਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਕਿਸਾਨੀ ਦੇ ਬਦਲਾਅ ਦੀ ਅਜਿਹੀ ਘਟਨਾ ਸ਼ਾਇਦ ਹੀ ਕਦੇ ਵਾਪਰੀ ਹੋਵੇ| ਇਸ ਤੋਂ ਇਲਾਵਾ ਉਹਨਾ ਨੇ ਯੇਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ| ਉਥੋਂ ਦੀਆਂ ਅਕਾਦਮਿਕ ਗਤੀਵਿਧੀਆਂ ਦੇ ਜ਼ਿਕਰ ਤੋਂ ਇਲਾਵਾ ਪ੍ਰੋਫੈਸਰ ਐਂਥਨੀ ਨੇ ਨਵੇਂ ਯੁੱਗ ਵਿਚ ਯੇਲ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਪੀ.ਏ.ਯੂ. ਨਾਲ ਸਾਂਝ ਦੀ ਇੱਛਾ ਪ੍ਰਗਟਾਈ|

 
ਵਫਦ ਨੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਵੱਖ-ਵੱਖ ਸਵਾਲ ਪੁੱਛ ਕੇ ਜਾਣਕਾਰੀ ਹਾਸਲ ਕੀਤੀ|

 
ਇਸ ਸਮਾਰੋਹ ਵਿਚ ਸਵਾਗਤ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ ਜਦਕਿ ਸੰਚਾਲਨ ਡਾ. ਜਗਦੀਪ ਸੰਧੂ ਨੇ ਕੀਤਾ|

ਪੀ.ਏ.ਯੂ. ਵਿਚ ਖਪਤਕਾਰ ਜਾਗਰੂਕਤਾ ਹਫਤਾ ਮਨਾਇਆ ਗਿਆ

ਲੁਧਿਆਣਾ, 18 ਮਾਰਚ(ਟੀ. ਕੇ.) 

ਪੀ.ਏ.ਯੂ. ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਵੱਲੋਂ ਗਾਹਕਾਂ ਨੂੰ ਜਾਗਰੂਕ ਕਰਨ ਲਈ ਖਪਤਕਾਰ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ| ਇਸ ਜਸ਼ਨ ਦੌਰਾਨ 14 ਅਤੇ 15 ਮਾਰਚ ਦੇ ਕਿਸਾਨ ਮੇਲੇ ਵਿਚ ਪੇਂਡੂ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਕੀਤਾ ਗਿਆ| ਇਸ ਤੋਂ ਇਲਾਵਾ 30 ਦੇ ਕਰੀਬ ਵਿਦਿਆਰਥੀਆਂ ਨੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਭਾਗ ਲਿਆ| ਇਸ ਦੌਰਾਨ ਗੁਰਲੀਨ, ਅਨਾਮਿਕਾ ਅਤੇ ਮਾਨਸੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤੇ|

 
ਵਿਭਾਗ ਵੱਲੋਂ ਪੀ.ਏ.ਯੂ. ਕੈਂਪਸ ਵਿਚ ਇਕ ਰੈਲੀ ਕੱਢੀ ਗਈ| ਸਮਾਰੋਹ ਦੇ ਮੁੱਖ ਮਹਿਮਾਨ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸਨ| ਡਾ. ਬੈਂਸ ਨੇ ਕਿਹਾ ਕਿ ਜਾਗਰੂਕ ਗਾਹਕ ਸਿਹਤਮੰਦ ਸਮਾਜ ਦੀ ਪਛਾਣ ਹੁੰਦੇ ਹਨ| ਉਹਨਾਂ ਵਿਦਿਆਰਥੀਆਂ ਵੱਲੋਂ ਗਾਹਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕ ਕਰਨ ਦੇ ਅਮਲ ਦੀ ਸ਼ਲਾਘਾ ਕੀਤੀ|

ਵਿਭਾਗ ਦੇ ਮੁਖੀ ਡਾ. ਸ਼ਰਨਬੀਰ ਕੌਰ ਬੱਲ ਨੇ ਵਿਦਿਆਰਥੀਆਂ ਦੀ ਗਤੀਵਿਧੀਆਂ ਦੀ ਪ੍ਰਸ਼ੰਸ਼ਾਂ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ|

 
ਡਾ. ਹਰਪਿੰਦਰ ਕੌਰ, ਡਾ. ਸ਼ਿਵਾਨੀ ਰਾਣਾ ਅਤੇ ਡਾ. ਦੀਪਿਕਾ ਬਿਸ਼ਟ ਇਸ ਸਮਾਗਮ ਦੇ ਕੁਆਰਡੀਨੇਟਰ ਸਨ|

ਲੁਧਿਆਣਾ ਦੇ ਕਾਲਜਾਂ 'ਚ ਵੋਟਰ ਰਜਿਸਟ੍ਰੇਸ਼ਨ ਕੈਂਪ ਸ਼ੁਰੂ

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਦੇ ਹਿੱਸੇ ਵਜੋਂ ਅੱਜ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ।

ਇਹ ਕੈਂਪ ਐਸ.ਸੀ.ਡੀ. ਸਰਕਾਰੀ ਕਾਲਜ, ਸ੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਗੁਰੂ ਨਾਨਕ ਖ਼ਾਲਸਾ ਕਾਲਜ (ਲੜਕੀਆਂ) ਮਾਡਲ ਟਾਊਨ, ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਆਈ.ਟੀ.ਆਈ. ਗਿੱਲ ਰੋਡ ਵਿਖੇ ਲਗਾਏ ਗਏ। ਨੌਜਵਾਨਾਂ ਨੂੰ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੇ ਕੰਮਕਾਜ ਬਾਰੇ ਜਾਗਰੂਕ ਕੀਤਾ ਗਿਆ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਵੇਂ ਵੋਟਰਾਂ ਨੇ ਮੌਕੇ 'ਤੇ ਹੀ ਵੋਟਰ ਰਜਿਸਟ੍ਰੇਸ਼ਨ ਫਾਰਮ ਵੀ ਭਰੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਵੇਂ ਵੋਟਰ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਰਾਹੀਂ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਇਹ ਕੈਂਪ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਨੌਜਵਾਨਾਂ ਨੂੰ ਲੋਕਤੰਤਰ ਵਿੱਚ ਵੱਡੇ ਯੋਗਦਾਨ ਲਈ ਵੋਟਰ ਰਜਿਸਟ੍ਰੇਸ਼ਨ ਲਈ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹੇ ਰਜਿਸਟ੍ਰੇਸ਼ਨ ਕੈਂਪ ਹੋਰ ਕਾਲਜਾਂ ਵਿੱਚ ਲਗਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਚੋਣ ਪ੍ਰਕਿਰਿਆ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

11ਵਾਂ ਮੁਫ਼ਤ ਹੋਮਿਓਪੈਥਿਕ ਕੈਂਪ ਗਰਲਜ ਪਬਲਿਕ ਸਕੂਲ ਗਿੱਲ ਰੋਡ ਵਿਖੇ ਲਗਾਇਆ ਗਿਆ

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) 
ਸ਼ਹੀਦ ਏ-ਆਜਮ ਸ੍ਰ: ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11ਵਾਂ ਮੁਫ਼ਤ  ਹੋਮਿਓਪੈਥਿਕ ਕੈਂਪ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਗਰਲਜ ਪਬਲਿਕ ਸਕੂਲ, ਮੁਰਾਦਪੁਰਾ ਮੁਹੱਲਾ, ਗਿੱਲ ਰੋਡ ਵਿਖੇ ਵਾਰਡ  ਨੰਬਰ 74 ਵਿਖੇ ਲਗਾਇਆ ਗਿਆ ਹੈ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ  ਭਾਜਪਾ ਆਗੂ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਭਾਜਪਾ ਆਗੂ ਸਰਬਜੀਤ ਸਿੰਘ ਕਾਕਾ  ਸਮੇਂ-ਸਮੇਂ ਤੇ ਇਲਾਕਾ ਨਿਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ  ਜਿਸ ਕਰਕੇ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਫਾਇਦਾ ਹੁੰਦਾ ਹੈ। ਇਹ ਕੈਂਪ ਹਰ ਮਹੀਨੇ ਅਨੇਜਾ ਹੈਮਿਓਪੈਥਿਕ ਕਲੀਨਿਕ ਦੇ ਸਹਿਯੋਗ  ਨਾਲ ਲਗਾਇਆ ਜਾਂਦਾ ਹੈ । ਇਸ ਮੌਕੇ ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਮਾਂਦਰੂ ਬੋਲੇ ਅਤੇ ਗੂੰਗੇ, ਕਿਸੇ ਅੰਗ ਦਾ ਵਿਕਾਸ ਨਾ ਹੋਣਾ ਜਾਂ ਰੁਕ ਜਾਣਾ ਜਾਂ ਬੁੱਧੀ ਤੋਂ ਘੱਟ ਵਿਕਸਿਤ ਹੋਣ ਵਾਲੇ ਬੱਚਿਆਂ ਦਾ ਇਲਾਜ ਵਿਸ਼ੇਸ਼  ਤੌਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਹਰ ਮਹੀਨੇ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਡਾਕਟਰ  ਰਚਨਾ ਅਤੇ ਨਿਤਿਸ਼ ਅਨੇਜਾ ਆਪਣੀ ਪੂਰੀ ਟੀਮ ਨਾਲ ਫ਼ਰੀ ਚੈੱਕਅਪ ਕਰਕੇ ਅਤੇ ਅੱਧੇ ਰੇਟਾਂ ਤੇ ਟੈਸਟ ਵੀ ਕਰਦੇ ਹਨ | ਉਹਨਾਂ  ਦੱਸਿਆ ਕਿ ਅਗਲਾ ਕੈਂਪ 21 ਅਪ੍ਰੈਲ  ਦਿਨ ਐਤਵਾਰ ਨੂੰ ਇਸੇ ਸਥਾਨ ਤੇ  ਲਗਾਇਆ ਜਾ ਰਿਹਾ ਹੈ । ਇਸ ਮੌਕੇ ਰਣਜੀਤ ਸਿੰਘ ਉਭੀ ਸਾਬਕਾ ਕੌਂਸਲਰ ,ਰਛਪਾਲ  ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਮੁਰਾਦਪੁਰ ,ਮਨੋਹਰ ਸਿੰਘ ਮੱਕੜ ਸਾਬਕਾ ਕੌਸਲਰ, ਰਾਜ ਕੁਮਾਰ ਰਾਜੂ, ਅਜੈਬ ਸਿੰਘ ਭੁੱਟਾ, ਬਲਰਾਮ ਕਿਸ਼ਨ ਗਰਗ, ਸੁਖਵਿੰਦਰ ਸੁਖੀ, ਸੁਮਿਤ ਬਿੰਦਰਾ, ਗੁਰਮੀਤ ਸਿੰਘ ਕਾਲਾ, ਰਾਜਨ ਕੋਹਲੀ, ਜਸਵਿੰਦਰ ਸਿੰਘ ਲਵਲੀ, ਗੋਗੀ ਰਾਜਪੂਤ, ਰਛਪਾਲ ਸਿੰਘ ਪਾਲੀ, ਮਨੋਹਰ ਸਿੰਘ ਮੱਕੜ, ਤਰਨਜੀਤ ਸਿੰਘ ਸਨੀ, ਕਰਨਜੋਤ ਸਿੰਘ, ਕਰਨ ਤੈਨਾ ਸਾਹਿਲ ਆਦਿ  ਮੌਜੂਦ ਸਨ ।