ਕੁਲਵੰਤ ਸਿੰਘ ਟਿੱਬਾ ਅੱਜ ਹੋਣਗੇ ਕਾਂਗਰਸ ਵਿੱਚ ਸ਼ਾਮਲ 

ਮਹਿਲ ਕਲਾਂ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ
  
ਮਹਿਲ ਕਲਾਂ/ ਬਰਨਾਲਾ- 16 ਦਸੰਬਰ-  (ਗੁਰਸੇਵਕ ਸੋਹੀ)-  ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਡੀ ਪੱਧਰ ਤੇ ਸਰਗਰਮੀਆਂ ਕਰਨ ਵਾਲੇ 'ਹੋਪ ਫਾਰ ਮਹਿਲ ਕਲਾਂ' ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਪਤਾ ਲੱਗਿਆ ਹੈ ਕਿ ਕੁਲਵੰਤ ਸਿੰਘ ਟਿੱਬਾ ਵੱਡੇ ਕਾਂਗਰਸੀ ਨੇਤਾਵਾਂ ਦੇ ਸੰਪਰਕ 'ਚ ਸਨ ਅਤੇ ਮੁੱਢਲੇ ਦੌਰ ਦੀਆਂ ਮੀਟਿੰਗਾਂ ਵਿਚ ਕਾਂਗਰਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਤੈਅ ਹੋ ਚੁੱਕੀ ਹੈ। ਅੱਜ ਜਲੰਧਰ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਕੁਲਵੰਤ ਸਿੰਘ ਟਿੱਬਾ ਆਪਣੇ ਸਾਥੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ।  ਇਲਾਕਾ ਮਹਿਲ ਕਲਾਂ ਵਿਚ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਰਾਹੀਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਚਰਚਾ ਵਿੱਚ ਆਏ ਕੁਲਵੰਤ ਸਿੰਘ ਟਿੱਬਾ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਮਹਿਲ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਟਿੱਬਾ, ਮਹਿਲ ਕਲਾਂ ਤੋਂ ਬਸਪਾ ਦੇ ਹਲਕਾ ਇੰਚਾਰਜ ਵੀ ਰਹਿ ਚੁੱਕੇ ਹਨ। ਸਾਲ 2019 ਵਿੱਚ ਬਸਪਾ ਦੀ ਸੂਬਾਈ ਲੀਡਰਸ਼ਿਪ ਨਾਲ ਨਾਰਾਜ਼ਗੀ ਤੋਂ ਬਾਅਦ ਬਤੌਰ ਹਲਕਾ ਇੰਚਾਰਜ ਤੋਂ ਅਸਤੀਫ਼ਾ ਦੇਣ ਉਪਰੰਤ ਉਨ੍ਹਾਂ ਨੇ ਆਪਣਾ ਸੰਗਠਨ 'ਹੋਪ ਫਾਰ ਮਹਿਲ ਕਲਾਂ' ਸ਼ੁਰੂ ਕਰਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨਾ ਸ਼ੁਰੂ ਕੀਤਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਦੀ ਚੋਣ ਮੁਹਿੰਮ ਦੀ ਕਮਾਂਡ ਵੀ ਉਨ੍ਹਾਂ ਦੇ ਹੱਥਾਂ ਵਿੱਚ ਹੀ ਸੀ। ਲੋਕ ਮਸਲਿਆਂ ਦੇ ਹੱਲ ਲਈ ਕਾਨੂੰਨੀ ਨੁਕਤਿਆਂ 'ਤੇ ਕੰਮ ਕਰਨ ਵਾਲੇ ਕੁਲਵੰਤ ਸਿੰਘ ਟਿੱਬਾ ਹਲਕੇ ਦੀ ਕਮਜ਼ੋਰ ਲੀਡਰਸ਼ਿਪ ਨੂੰ ਮਹਿਲ ਕਲਾਂ ਇਲਾਕੇ ਦੇ ਪਛੜੇਪਣ ਲਈ ਜ਼ਿੰਮੇਵਾਰ ਮੰਨਦੇ ਹਨ। ਸੰਪਰਕ ਕਰਨ ਤੇ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਕਾਂਗਰਸ ਵਿੱਚ ਸਾਮਿਲ ਹੋਣ ਦੀ ਪੁਸ਼ਟੀ ਕੀਤੀ ਹੈ।