ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 39 ਵਾਂ ਦਿਨ

ਭਾ: ਪਾਲ ਸਿੰਘ ਫਰਾਂਸ, ਭਾ: ਰਜਿੰਦਰ ਸਿੰਘ ਪੁਰੇਵਾਲ, ਭਾ: ਸ਼ਾਹਕੋਟ, ਚੌਧਰੀ ਕ੍ਰਿਸ਼ਨ ਲਾਲ, ਬੀਬੀ ਹੰਬੜਾ, ਵਰਗੀਆਂ ਨਾਮਵਰ ਸ਼ਖਸ਼ੀਅਤਾਂ ਨੇ ‘ਦੇਵ ਸਰਾਭਾ’ ਨੂੰ ਦਿੱਤਾ ਥਾਪੜਾ

ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮੁਕੱਦਸ ਜਨਮ ਭੂਮੀ ਪਿੰਡ ਸਰਾਭਾ ਦੇ ਮੁੱਖ ਚੌਂਕ ਸਥਿੱਤ ਬਾਬਾ ਜੀ ਦੇ ਬੁੱਤ ਸਾਹਮਣੇ ਇਸੇ ਪਿੰਡ ਦੇ ਜਮਪਲ ਸ੍ਰ: ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’ ਵਲੋਂ ਪਿਛਲੇ 39 ਦਿਨਾਂ ਤੋਂ ਪੰਥਕ ਤੇ ਪੰਜਾਬ ਸਬੰਧੀ ਜੁੜੇ ਅਹਿਮ ਮਸਲਿਆਂ ਦੇ ਸਦੀਵੀ ਹੱਲ ਲਈ ਭੁੱਖ ਹੜਤਾਲ ‘ਤੇ ਬੈਠਾ ਹੋਇਆ ਹੈ। ਉਸਦੀ ਭੁੱਖ ਹੜਤਾਲ ਨੂੰ ਸਮਰਥਨ ਦੇਣ ਵਾਲਿਆਂ ‘ਚ ਅੱਜ ਪੰਥਕ ਸਫਾਂ ‘ਚ ਜਾਣੀ-ਪਛਾਣੀਆਂ ਸਿੱਖ ਸ਼ਖਸ਼ੀਅਤਾਂ ਭਾਈ ਪਾਲ ਸਿੰਘ ਫਰਾਂਸ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਕਮਲਜੀਤ ਸਿੰਘ ਸ਼ਾਹਕੋਟ ਅਤੇ ਭਾਈ ਗੁਰਮੁੱਖ ਸਿੰਘ ਪੁੱਜੇ। ਉਨ੍ਹਾਂ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚਣੌਤੀਆਂ ਦੇ ਮੱਦੇ-ਨਜ਼ਰ ਪੰਜਾਬੀਆਂ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਅਵੇਸਲੇਪਣ ਅਤੇ ਕੌਮੀ ਫਰਜ਼ਾਂ ਵਲੋਂ ਅਣਗਹਿਲੀ ਵਰਗੇ ਪੱਖਾਂ ਤੋਂ ਗਹਿਰੀ ਚਿੰਤਾ ਪ੍ਰਗਟਾਉਦਿਆਂ ਅੰਦਰਲੇ ਤੇ ਬਾਹਰਲੇ ਵਾਰਾਂ ਤੋਂ ਵਰਤਮਾਨ ਦੀ ਉਲਝੀ ਤਾਣੀ ਦੇ ਨਾਲ-ਨਾਲ ਸੁਨਹਿਰੀ ਪਿਛੋਕੜ ਨੂੰ ਦਾਗਦਾਰ ਕਰਨ ਵਰਗੇ ਪੱਖਾਂ ਵਿਚਾਰਾਂ ਦੀ ਸਾਂਝ ਪਾਉਦਿਆਂ ਅਦੁੱਤੀਆਂ ਸਿੱਖ ਸ਼ਖਸ਼ੀਅਤਾਂ ਨੂੰ ਪਸੇ-ਪਰਦਾ ਕਰਨ ਅਤੇ ਸ਼ਹੀਦ ਸ਼ਖਸ਼ੀਅਤਾਂ ਦੇ ਉੱਜਲੇ ਰੰਗਾਂ ਨੂੰ ਬਦਰੰਗੇ ਕਰਨ ਵਰਗੇ ਅਹਿਮ ਮੁੱਦਿਆਂ ਵਰਗੇ ਪੱਖ ‘ਚ ਕੋਝੇ ਜਤਨਾਂ ਦਾ ਜਿਕਰ ਕਰਦਿਆਂ, ਅਜੋਕੇ ਤੇ ਲੰਘੇ ਦੌਰ ‘ਚ ਸੁਆਰਥੀ ਸੱਤ੍ਹਾਧਾਰੀਆਂ ਵਲੋਂ ਵਰਤੇ ਹਰ-ਹਰਬਿਆਂ ਦੇ ਪਾਜ ਉਦੇੜਦਿਆਂ ਸੁਚੇਤ ਕੀਤਾ ਕਿ ਪੁਰਾਤਨ ਸਿੱਖ ਵਿਰੋਧੀ ਉਹੋ ਤਾਕਤਾਂ, ਹੁਣ ਨਿੱਤ ਨਵਾਂ ਰੂਪ ਵਟਾ ਕੇ, ਆਪਣਿਆਂ ਕਾਰਿਆਂ ਰਾਹੀਂ ਸਾਨੂੰ ਖੋਖਲਾ ਕਰਦੀਆਂ ਰਹੀਆਂ ਨੇ, ਤੇ ਜੇ ਇਹੋ ਹਾਲ ਰਿਹਾ ਤਾਂ ਹੋਰ ਵੀ ਕਰਨਗੀਆਂ, ਪਰ ਸਾਨੂੰ ਸੁਚੇਤ ਹੋ ਕੇ ਕੌਮੀ ਪਹਿਰੇਦਾਰੀ ਕਰਨੀ ਪਵੇਗੀ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਮਾਜ ਦੇ ਨਾਲ-ਨਾਲ ਮਾਨਵਤਾ ਦੇ ਦਰਦਮੰਦਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ਼ ਵਿਚ ਅਵਾਜ ਬੁਲੰਦ ਕਰਨ। ਉਨ੍ਹਾਂ ਉਸਾਰੀ ਅਧੀਨ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ। ਅੱਜ ਦੇ ਭੁੱਖ ਹੜਤਾਲ ‘ਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਚੌਧਰੀ ਕ੍ਰਿਸ਼ਨ ਲਾਲ ਮਲੋਟ ਸਾਬਕਾ  ਐਸ.ਐਚ.ਓ. ਬੀਬੀ ਪਰਮਜੀਤ ਕੌਰ ਹੰਬੜਾ, ਜਸਵਿੰਦਰ ਸਿੰਘ ਕਾਲਖ, ਠੇਕੇਦਾਰ ਗੁਰਮੀਤ ਸਿੰਘ ਦੋਲੋਂ ਕਲਾਂ, ਕੈਪਟਨ ਰਾਮਲੋਕ ਸਿੰਘ ਸਰਾਭਾ,  ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਵਿੰਦਰ ਸਿੰਘ ਸਰਾਭਾ, ਹਰਦੀਪ ਸਿੰਘ ਆਦਿ ਨੇ ਵੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।