ਫੋਨ ਕਰਕੇ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਸਾਵਧਾਨ ਰਹੋ - ਡਿਪਟੀ ਕਮਿਸ਼ਨਰ

 ਕਿਹਾ! ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
 ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਧਿਆਨ ਵਿੱਚ ਲਿਆਂਦਾ ਮਾਮਲਾ

ਮੋਗਾ, 7 ਅਪ੍ਰੈਲ (ਰਣਜੀਤ ਸਿੱਧਵਾਂ) - ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਲੋਕਾਂ ਤੋਂ ਸਾਵਧਾਨ ਰਹਿਣ ਜੋ ਕਿ ਫੋਨ ਉੱਤੇ ਵੱਖ-ਵੱਖ ਸਬਜ਼ਬਾਗ਼ ਦਿਖਾ ਕੇ ਜਾਂ ਮਾਲੀ ਮਦਦ ਦੇ ਨਾਮ ਉੱਤੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲਿਆਂਦਾ ਹੈ। ਜਿਸ ਨੂੰ ਡਿਪਟੀ ਕਮਿਸ਼ਨਰ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਫੋਨ ਕਰਕੇ ਇਹ ਸਬਜ਼ਬਾਗ਼ ਦਿਖਾਇਆ ਗਿਆ ਹੈ ਕਿ ਉਹਨਾਂ ਦੇ ਬੈਂਕ ਖਾਤੇ ਵਿੱਚ 9 ਲੱਖ ਰੁਪਏ ਆਉਣਗੇ ਜਿਸ ਵਿੱਚੋਂ 3.86 ਲੱਖ ਰੁਪਏ ਉਹਨਾਂ ਨੂੰ ਵਾਪਿਸ ਕਰਨੇ ਹੋਣਗੇ। ਇਸ ਗੱਲ ਦੀ ਪੁਸ਼ਟੀ ਲਈ ਸਬੰਧਤ ਵਿਅਕਤੀ ਨੂੰ ਬੈਂਕ ਵੱਲੋਂ ਫਰਜ਼ੀ ਫੋਨ ਕਰਕੇ ਖੁਸ਼ਖਬਰੀ ਵੀ ਦਿੱਤੀ ਜਾਂਦੀ ਹੈ। ਜਿਸ ਉੱਤੇ ਵਿਅਕਤੀ ਵੱਲੋਂ ਵਿਸ਼ਵਾਸ਼ ਕਰਕੇ ਮੰਗੀ ਗਈ 3.86 ਲੱਖ ਰੁਪਏ ਰਾਸ਼ੀ (ਜਾਂ ਕੋਈ ਵੀ ਰਾਸ਼ੀ) ਠੱਗਾਂ ਨੂੰ ਆਨਲਾਈਨ ਵੀ ਭੇਜ ਦਿੱਤੀ ਜਾਂਦੀ ਹੈ। ਜਦਕਿ ਉਸਦੇ ਆਪਣੇ ਖਾਤੇ ਵਿੱਚ ਕੁਝ ਵੀ ਨਹੀਂ ਆਇਆ ਹੁੰਦਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਠੱਗਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਕਿਸੇ ਬਿਮਾਰੀ ਦਾ ਇਲਾਜ਼ ਜਾਂ ਕਿਸੇ ਦੀ ਮਾਲੀ ਮਦਦ ਦੇ ਨਾਮ ਉੱਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਠੱਗੀ ਵੱਜ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕਾਲਾਂ ਤੋਂ ਸੁਚੇਤ ਰਹਿਣ। ਜੇਕਰ ਕਿਸੇ ਦੀ ਮਾਲੀ ਮਦਦ ਕਰਨੀ ਵੀ ਹੀ ਤਾਂ ਮਦਦ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।
ਅਜਿਹੇ ਕਿਸੇ ਝਾਂਸੇ ਵਿੱਚ ਫਸਣ ਦੀ ਬਿਜਾਏ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਪੁਲਿਸ ਦੇ ਧਿਆਨ ਵਿੱਚ ਮਾਮਲਾ ਲਿਆਉਣਾ ਚਾਹੀਦਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।