ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

-- ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ : ਇੰਦਰਦੀਪ ਕੌਰ ਪਨੂੰ

 

ਮਾਲੇਰਕੋਟਲਾ 16 ਮਈ  (ਰਣਜੀਤ ਸਿੱਧਵਾਂ)  : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਾਲੇਰਕੋਟਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਲੜੀ ਤਹਿਤ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਖੇਤੀਬਾੜੀ ਉਪ ਨਿਰੀਖਕ, ਮੰਨਵੀ ( ਮਾਲੇਰਕੋਟਲਾ) ਇੰਦਰਦੀਪ ਕੌਰ ਪਨੂੰ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਸਬੰਧੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਇਸ ਤਰ੍ਹਾਂ ਕੱਦੂ ਕੀਤੇ ਝੋਨੇ ਦੇ ਮੁਕਾਬਲੇ 15-20 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ,ਲੇਬਰ ਅਤੇ ਡੀਜ਼ਲ ਦਾ ਖਰਚਾ ਘਟਦਾ ਹੈ , ਝਾੜ ਵੱਧ ਦਾ ਹੈ ਅਤੇ ਬਰਸਾਤੀ ਪਾਣੀ ਧਰਤੀ ਹੇਠ ਜਰੀਦਾ ਹੈ।ਜਿਸ ਨਾਲ ਜ਼ਮੀਨ ਹੇਠਲੀ ਪਾਣੀ ਦੇ ਪੱਧਰ ਵਿੱਚ ਸੁਧਾਰ ਆਉਂਦਾ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਨੂੰ ਤਰਜੀਹ ਦੇਣ ।ਇਸ ਮੌਕੇ ਕਿਸਾਨ ਸੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਪਿੰਡ ਸਰਦੂਲਗੜ੍ਹ ਤੋਂ ਵਿਸ਼ੇਸ਼ ਤੌਰ ਤੇ ਕਿਸਾਨ ਨੂੰ ਸਿੱਧੀ ਬਿਜਾਈ ਅਤੇ ਵੱਟਾ ਵਾਲੀ ਬਿਜਾਈ ਸਬੰਧੀ ਜਾਗਰੂਕ ਕਰਨ ਪਹੁੰਚੇ ।ਉਹ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿੱਥੇ ਪਾਣੀ ਦੀ ਬੱਚਤ ਕਰ ਰਹੇ ਹਨ ਉਸ ਦੇ ਨਾਲ -ਨਾਲ ਆਪਣਾ ਖਰਚਾ ਘਟਾ ਕੇ ਤੇ ਕੱਦੂ ਕੀਤੀ ਫ਼ਸਲ ਨਾਲੋਂ ਜ਼ਿਆਦਾ ਝਾੜ ਪ੍ਰਾਪਤ ਕਰਕੇ ਮੁਨਾਫ਼ਾ ਵੀ ਜ਼ਿਆਦਾ ਕਮਾ ਰਹੇ ਹਨ। ਇਸ ਮੌਕੇ ਸੁਖਜਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ, ਜਗਦੀਪ ਸਿੰਘ ਆਦਿ ਵੀ ਸ਼ਾਮਲ ਸਨ।