ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੰਘਵਾਲ ਤੇ ਸਨਿਆਲ ’ਚ ਛੁਡਾਇਆ ਨਾਜਾਇਜ਼ ਕਬਜਾ

-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਲਗਾਤਾਰ ਰਹੇਗੀ ਜਾਰੀ : ਡਿਪਟੀ ਕਮਿਸ਼ਨਰ

 

ਹੁਸ਼ਿਆਰਪੁਰ, 16 ਮਈ  (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਦਸੂਹਾ ਦੇ ਪਿੰਡ ਸੰਘਵਾਲ ਵਿੱਚ ਇੱਕ ਵਿਅਕਤੀ ਅਤੇ ਬਲਾਕ ਮੁਕੇਰੀਆਂ ਦੇ ਪਿੰਡ ਸਨਿਆਲ ਵਿੱਚ ਤਿੰਨ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਕਬਜੇ ਨੂੰ ਛੁਡਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਸੰਘਵਾਲ ਵਿੱਚ ਇਹ ਕਬਜ਼ਾ ਡੀ.ਡੀ.ਪੀ.ਓ. ਸ੍ਰੀ ਅਜੇ ਕੁਮਾਰ ਅਤੇ ਬੀ.ਡੀ.ਪੀ.ਓ. ਦਸੂਹਾ ਸ੍ਰੀ ਧਨਵੰਤ ਸਿੰਘ ਰੰਧਾਵਾ ਅਤੇ ਮੁਕੇਰੀਆਂ ਵਿੱਚ ਤਹਿਸੀਲਦਾਰ ਸ੍ਰੀ ਅਰਵਿੰਦ ਸਲਵਾਨ ਅਤੇ ਬੀ.ਡੀ.ਪੀ.ਓ. ਮੁਕੇਰੀਆਂ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਛੁਡਾਇਆ ਗਿਆ। ਸੰਘਵਾਲ ਪਿੰਡ ਵਿਚ ਇਕ ਵਿਅਕਤੀ ਵਲੋਂ 97 ਏਕੜ ਅਤੇ ਪਿੰਡ ਸਨਿਆਲ ਵਿਚ 3 ਵਿਅਕਤੀਆਂ ਵਲੋਂ 3 ਏਕੜ 7 ਕਨਾਲ 16 ਮਰਲੇ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਸੀ, ਜਿਸ ਦਾ ਕਬਜ਼ਾ ਸਬੰਧਤ ਪਿੰਡ ਦੀ ਪੰਚਾਇਤ ਨੂੰ ਦੁਆ ਦਿੱਤਾ ਗਿਆ ਹੈ। ਕਬਜ਼ਾ ਛੁਡਾਉਣ ਤੋਂ ਬਾਅਦ ਬੀ.ਡੀ.ਪੀ.ਓ. ਦਸੂਹਾ ਨੇ ਦੱਸਿਆ ਕਿ 97 ਏਕੜ ਜ਼ਮੀਨ ’ਤੇ ਪੌਦੇ ਲਗਾਉਣ ਦਾ ਕੰਮ ਕੀਤਾ ਜਾਵੇਗਾ, ਜਦਕਿ ਬੀ.ਡੀ.ਪੀ.ਓ. ਮੁਕੇਰੀਆਂ ਨੇ ਦੱਸਿਆ ਕਿ ਕਰੀਬ ਸਾਢੇ 3 ਏਕੜ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਪਟੇ ’ਤੇ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡਾਂ ਵਿਚੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਅਭਿਆਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਾਲ ਵਿਚ ਹੀ 6 ਮਈ ਨੂੰ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਦੀ 12 ਏਕੜ 5 ਕਨਾਲ ਅਤੇ 8 ਮਰਲੇ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਅ ਕੇ ਪੰਚਾਇਤ ਨੂੰ ਦਿੱਤਾ ਗਿਆ ਸੀ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਕਬਜ਼ਾਕਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਹ ਤੁਰੰਤ ਬੀ.ਡੀ.ਪੀ.ਓਜ਼ ਨੂੰ ਵਾਪਸ ਸੌਂਪ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾਕਾਰਾਂ ਵਲੋਂ ਆਪਣੇ ਨਾਜਾਇਜ਼ ਕਬਜ਼ੇ ਤਹਿਤ ਜ਼ਮੀਨ ਨਾ ਛੱਡੀ ਗਈ, ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿੱਚ  ਲਿਆਂਦੀ ਜਾਵੇਗੀ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਜਿਥੇ ਲਿੰਕ ਰੋਡ ਜਾਂ ਹੋਰ ਸੜਕਾਂ, ਰਸਤਿਆਂ ਦੇ ਆਲੇ-ਦੁਆਲੇ ਜਾਂ ਦੂਸਰੀਆਂ ਸੜਕਾਂ ਦੇ ਬਰਮਾਂ ’ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਥੇ ਕਈ ਪਿੰਡਾਂ ਵਿੱਚ ਸੜਕਾਂ ਅਤੇ ਆਮ ਰਸਤਿਆਂ ਦੇ ਆਲੇ-ਦੁਆਲੇ ਵੀ ਢੇਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।