ਮਰਾਠਾ ਸਾਮਰਾਜ ਦੇ ਮੋਢੀ - ਛੱਤਰਪਤੀ ਸ਼ਿਵਾ ਜੀ ✍️ ✍️ ਪੂਜਾ ਰਤੀਆ

ਲੜੀ ਨੰਬਰ.1
ਸ਼ਿਵਾ ਜੀ ਦਾ ਜਨਮ 19ਫਰਵਰੀ 1630ਈ. ਨੂੰ ਪੂਨਾ ਦੇ ਸ਼ਿਵਨੇਰ ਕਿਲ੍ਹੇ ਵਿੱਚ ਹੋਇਆ।ਉਸਦੇ ਪਿਤਾ ਦਾ ਨਾਮ ਸ਼ਾਹ ਜੀ ਭੌਂਸਲਾ ਅਤੇ ਮਾਤਾ ਜੀ ਦਾ ਨਾਮ ਜੀਜਾ ਬਾਈ ਸੀ। ਜੋ ਯਾਦਵ ਵੰਸ਼ ਨਾਲ ਸੰਬੰਧ ਰੱਖਦੀ ਸੀ। ਉਹ ਸ਼ਿਵਾਈ ਦੇਵੀ ਦੀ ਪੂਜਾ ਕਰਦੀ ਸੀ ਜਿਸਨੇ ਇਸ ਦੇਵੀ ਦੇ ਨਾਂ ਤੇ ਹੀ ਆਪਣੇ ਪੁੱਤਰ ਦਾ ਨਾਮ ਸ਼ਿਵਾ ਜੀ ਰੱਖਿਆ।
ਸ਼ਿਵਾ ਜੀ ਮਹਾਨ ਅਤੇ ਸਾਹਸੀ ਯੋਧਾ ਸਨ।ਉਸ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਤਿੰਨ ਵਿਅਕਤੀਆਂ ਦਾ ਯੋਗਦਾਨ ਰਿਹਾ - ਉਸਦੀ ਮਾਤਾ ਜੀਜਾ ਬਾਈ ਜਿਸਨੇ ਵੀਰਤਾ ਦੀਆ ਕਹਾਣੀਆਂ ਸੁਣਾਈਆਂ,ਦਾਦਾ ਜੀ ਕੌਂਡਦੇਵ ਜਿਸਨੇ ਯੁੱਧਕਲਾ ਦੀ ਸਿੱਖਿਆ ਅਤੇ ਧਾਰਮਿਕ ਨੇਤਾ ਰਾਮ ਦਾਸ ਨੇ ਸ਼ਿਵਾ ਜੀ ਨੂੰ ਰਾਸ਼ਟਰ - ਨਿਰਮਾਣ ਲਈ ਉਤਸਾਹਿਤ ਕੀਤਾ। ਸ਼ਿਵਾ ਜੀ ਭਾਰਤ ਦਾ ਇੱਕ ਮਹਾਨ ਰਾਜਾ ਅਤੇ ਰਣਨੀਤੀਕਾਰ ਸੀ ਜਿਸਨੇ 1674 ਈਸਵੀ ਵਿੱਚ ਪੱਛਮੀ ਭਾਰਤ ਵਿੱਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ ਸੀ। ਇਸ ਦੇ ਲਈ ਉਹ ਮੁਗਲ ਸਾਮਰਾਜ ਦੇ ਸ਼ਾਸਕ ਔਰੰਗਜ਼ੇਬ ਨਾਲ ਲੜਿਆ। 6ਜੂਨ 1674 ਵਿਚ ਰਾਏਗੜ੍ਹ ਵਿਚ ਉਸ ਦੀ ਤਾਜਪੋਸ਼ੀ ਹੋਈ ਅਤੇ ਉਸਨੇ "ਛਤਰਪਤੀ" ਦੀ ਉਪਾਧੀ ਧਾਰਨ ਕੀਤੀ।
ਸ਼ਿਵਾ ਜੀ ਨੇ ਆਪਣਾ ਮਰਾਠਾ ਸਾਮਰਾਜ ਸਥਾਪਿਤ ਕਰਨ ਲਈ ਕਈ ਇਲਾਕਿਆਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ।ਸਭ ਤੋਂ ਪਹਿਲਾਂ ਉਸ ਨੇ (1646-49) ਤੋਰਨਾ, ਪੂਨਾ, ਪੁਰੰਧਰ, ਕੋਂਡਾਨਾ ਨੁੰ ਜਿੱਤਿਆ।ਇਸ ਤੋਂ ਬਾਅਦ ਸ਼ਿਵਾ ਜੀ ਨੂੰ ਕੁਝ ਸਮੇਂ ਲਈ (1649- 1655) ਤੱਕ ਆਪਣੀਆਂ ਜਿੱਤਾ ਤੇ ਰੋਕ ਲਾਉਣੀ ਪਈ ਕਿਉੰਕਿ ਬੀਜਾਪੁਰ ਦੇ ਸੁਲਤਾਨ ਨੇ ਉਸਦੇ ਪਿਤਾ ਨੂੰ ਕੈਦ ਕਰ ਲਿਆ ਸੀ।ਆਪਣੇ ਪਿਤਾ ਨੂੰ ਮੁਕਤ ਕਰਾਉਣ ਤੋਂ ਬਾਅਦ 1656ਈ. ਵਿੱਚ ਜਾਵਲੀ ਅਤੇ ਰਾਏਗੜ੍ਹ ਨੂੰ ਜਿੱਤਿਆ।
10ਨਵੰਬਰ 1659ਈ. ਨੂੰ ਸ਼ਿਵਾ ਜੀ ਨੇ ਬੀਜਾਪੁਰ ਉਪਰ ਜਿੱਤ ਪ੍ਰਾਪਤ ਕੀਤੀ।ਇਸ ਜਿੱਤ ਤੋਂ ਉਤਸਾਹਿਤ ਹੋ ਕੇ ਸ਼ਿਵਾ ਜੀ ਨੇ ਆਸ ਪਾਸ ਦੇ ਇਲਾਕਿਆਂ ਨੂੰ ਜਿੱਤਿਆ ਜਿਵੇਂ ਪਨਹਾਲਾ, ਬਸੰਤਗੜ੍ਹ, ਖੇਲਨਾ ਦੇ ਕਿਲ੍ਹਿਆਂ ਉਪਰ ਅਧਿਕਾਰ ਕਰਨਾ।1660ਈਸਵੀ ਵਿੱਚ ਪਨਹਾਲਾ ਉੱਤੇ ਬੀਜਾਪੁਰ ਦੇ ਸੁਲਤਾਨ ਨੇ ਫਿਰ ਕਬਜ਼ਾ ਕਰ ਲਿਆ ਅਤੇ ਸ਼ਿਵਾ ਜੀ ਨਾਲ ਸੰਧੀ ਕਰ ਲਈ।
     ਸ਼ਿਵਾ ਜੀ ਨੇ ਨਾ ਕੇਵਲ ਬੀਜਾਪੁਰ ਵਿਰੁੱਧ ਯੁੱਧ ਕੀਤਾ ਸਗੋਂ ਮੁਗ਼ਲਾਂ ਨਾਲ਼ ਵੀ ਯੁੱਧ ਕੀਤੇ।ਉਸ ਸਮੇਂ ਸ਼ਿਵਾ ਨੂੰ ਔਰੰਗਜ਼ੇਬ ਨਾਲ ਵੀ ਸੰਘਰਸ਼ ਕਰਨਾ ਪਿਆ। ਉਸਨੇ ਮੁਗ਼ਲਾਂ ਦੇ ਕਈ ਇਲਾਕੇ ਜਿੱਤ ਲਏ ਜਿਵੇਂ- ਕੋਲਾਬਾ, ਰਤਨਗਿਰੀ ਉਪਰ ਕਬਜ਼ਾ ਕਰ ਲਿਆ। ਮਰਾਠਿਆਂ ਨੇ 1664ਵਿਚ ਸੂਰਤ ਜੋ ਉਸ ਸਮੇਂ ਦਾ ਧਨੀ ਨਗਰ ਸੀ ਅਤੇ ਪ੍ਰਸਿੱਧ ਬੰਦਰਗਾਹ ਸੀ ਉਸਨੂੰ ਖੂਬ ਲੁੱਟਿਆ।ਸ਼ਿਵਾ ਜੀ ਨੇ ਨਾ ਕੇਵਲ ਇਸ ਰਾਜ ਨੂੰ ਜਿੱਤਿਆ ਸਗੋਂ ਸੋਨਾ, ਚਾਂਦੀ, ਹੀਰੇ, ਮੋਤੀ ਵੀ ਲੁੱਟ ਕੇ ਲੈ ਗਏ।
1665 ਈ. ਵਿੱਚ ਮੁਗ਼ਲਾਂ ਅਤੇ ਮਰਾਠਿਆਂ ਵਿਚਕਾਰ ਸੰਧੀ ਹੋਈ ਜਿਸਨੂੰ ਪੁਰੰਧਰ ਦੀ ਸੰਧੀ ਕਿਹਾ ਜਾਂਦਾ ਹੈ।ਇਸ ਸੰਧੀ ਦਾ ਕਾਰਨ ਮਿਰਜ਼ਾ ਜੈ ਸਿੰਘ ਜੋ ਔਰੰਗਜ਼ੇਬ ਦਾ ਯੋਗ ਸਰਦਾਰ ਸੀ ਉਸਦਾ ਮਹਾਰਾਸ਼ਟਰ ਉਪਰ ਹਮਲਾ ਸੀ ਜਿਸ ਵਿੱਚ ਉਸਦੀ ਸ਼ਾਨਦਾਰ ਜਿੱਤ ਹੋਈ।ਸ਼ਿਵਾ ਜੀ ਨੇ ਉਸ ਨਾਲ ਸੰਧੀ ਕਰਨੀ ਠੀਕ ਸਮਝੀ।ਇਸ ਸੰਧੀ ਨਾਲ ਸ਼ਿਵਾ ਜੀ ਨੂੰ ਨੁਕਸਾਨ ਹੋਇਆ ਅਤੇ ਮੁਗਲ਼ਾ ਨੂੰ ਕਾਫ਼ੀ ਲਾਭ ਹੋਏ।
  1666 ਈ.ਵਿੱਚ ਜਦੋਂ ਸ਼ਿਵਾ ਜੀ ਮੁਗ਼ਲ ਦਰਬਾਰ ਵਿੱਚ ਗਿਆ ਤਾਂ ਉਸ ਨਾਲ ਅਪਮਾਨਜਨਕ ਵਰਤਾਓ ਕੀਤਾ ਗਿਆ ਅਤੇ ਮੁਗ਼ਲ ਸਮਰਾਟ ਨੇ ਸ਼ਿਵਾ ਅਤੇ ਉਸਦੇ ਪੁੱਤਰ ਸ਼ੰਭਾ ਨੂੰ ਕੈਦ ਕਰ ਲਿਆ। ਕਿਸੇ ਬਹਾਨੇ ਦੋਨੋਂ ਕੈਦ ਚੋ ਨਿਕਲ ਕੇ ਭੱਜ ਗਏ।
1667-69ਤਕ ਮੁਗ਼ਲਾਂ ਅਤੇ ਮਰਾਠਿਆਂ ਵਿਚਕਾਰ ਸ਼ਾਂਤੀ ਰਹੀ ਭਾਵ ਕੋਈ ਲੜਾਈ ਨਹੀਂ ਹੋਈ।ਇਸ ਤੋਂ ਬਾਅਦ 1670ਵਿੱਚ ਸ਼ਿਵਾ ਨੇ ਆਪਣੇ ਖੁੱਸੇ ਹੋਏ ਇਲਾਕਿਆਂ ਨੂੰ ਦੁਬਾਰਾ ਜਿੱਤਿਆ ਅਤੇ ਪ੍ਰਸਿੱਧ ਕਿਲ੍ਹੇ ਸਿੰਘਗੜ੍ਹ, ਪੁਰੰਧਰ, ਕਰਨਾਲਾ, ਲੋਹਗੜ੍ਹ ਪ੍ਰਾਪਤ ਕੀਤੇ।1674ਵਿੱਚ ਰਾਜ ਤਿਲਕ ਪਿੱਛੋਂ ਸ਼ਿਵਾ ਜੀ ਨੇ ਜਿੰਜੀ, ਵੈਲੋਰ ਦੇ ਕਿਲ੍ਹੇ ਜਿੱਤੇ।
  ਇਸ ਤਰ੍ਹਾਂ ਸ਼ਿਵਾ ਜੀ ਨੇ ਸੁਤੰਤਰ ਹਿੰਦੂ ਰਾਜ ਦੀ ਸਥਾਪਨਾ ਕੀਤੀ।3ਅਪ੍ਰੈਲ 1680ਈ. ਨੂੰ ਸ਼ਿਵਾ ਜੀ ਦੀ ਮੌਤ ਹੋ ਗਈ।
(ਬਾਕੀ ਅਗਲੇ ਅੰਕ ਵਿੱਚ)
ਪੂਜਾ 9815591967