ਆਓ ਜਾਣੀਏ ਪ੍ਰਾਚੀਨ ਭਾਰਤ ਬਾਰੇ✍️ ਪੂਜਾ ਰਤੀਆ

ਲੜੀ ਨੰਬਰ.1

ਭਾਰਤਵਰਸ਼ ਇੱਕ ਮਹਾਨ ਦੇਸ਼ ਹੈ।ਜਿਸਦਾ ਖੇਤਰਫ਼ਲ ਆਧੁਨਿਕ ਭਾਰਤ ਨਾਲੋਂ ਵੱਡਾ ਸੀ ਕਿਉਕਿ ਇਸ ਵਿੱਚ ਉਹ ਸਾਰੇ ਪ੍ਰਦੇਸ਼ ਸ਼ਾਮਿਲ ਸਨ ਜੋ ਅੱਜ ਪਾਕਿਸਤਾਨ ਅਤੇ ਬੰਗਲਾ ਦੇਸ਼ ਦਾ ਹਿੱਸਾ ਸਨ। ਇਸ ਤੋਂ ਇਲਾਵਾ ਪ੍ਰਾਚੀਨ ਭਾਰਤ ਉਪਰ ਅੱਜ ਕੱਲ੍ਹ ਵਾਂਗੂੰ ਪੱਛਮੀ ਸੱਭਿਆਚਾਰ ਦਾ ਅਸਰ
ਨਹੀਂ ਸੀ।ਲੋਕਾਂ ਦਾ ਜੀਵਨ ਸਿੱਧਾ ਸਾਦਾ ਸੀ। ਉਸ ਸਮੇਂ ਮਹਾਨ ਗ੍ਰੰਥਾਂ ਦੀ ਰਚਨਾ ਹੋਈ। ਭਾਰਤਵਰਸ਼ ਉਸ ਸਮੇਂ ਵਿੱਚ ਵਿਸ਼ਵ ਦਾ ਇੱਕ ਮਹਾਨ ਦੇਸ਼ ਸਮਝਿਆ ਜਾਂਦਾ ਸੀ।
 ਕਾਲ ਵੰਡ ਭਾਰਤੀ ਇਤਿਹਾਸ ਦੀ ਵੰਡ ਤਿੰਨ ਕਾਲ਼ਾ ਵਿੱਚ ਕੀਤੀ ਗਈ- ਪ੍ਰਾਚੀਨ ਭਾਰਤ, ਮੱਧ ਭਾਰਤ ਅਤੇ ਆਧੁਨਿਕ ਭਾਰਤ। ਇਸੇ ਤਰ੍ਹਾਂ ਇੰਗਲੈਂਡ ਦੇ ਇਤਿਹਾਸ ਨੂੰ ਵੀ ਤਿੰਨ ਕਾਲ਼ਾ ਵਿੱਚ ਵੰਡਿਆਂ ਗਿਆ- ਟਿਊਟਰ ਕਾਲ, ਸਟੂਅਰਟ ਕਾਲ ਅਤੇ  ਹੈਨੋਵਰ ਕਾਲ ਆਦਿ।ਇਹ ਵੰਡ ਅੱਜ ਵੀ ਪ੍ਰਚਲਿਤ ਹੈ ਕਿਉੰਕਿ ਇਸ ਨਾਲ ਇਤਿਹਾਸ ਦਾ ਅਧਿਐਨ ਸੌਖਾ ਅਤੇ ਸਹੀ ਸਮਝਿਆ ਜਾਂਦਾ ਹੈ।
 ਪ੍ਰਾਚੀਨ ਭਾਰਤ  ਪ੍ਰਾਚੀਨ ਭਾਰਤ ਤੋਂ ਭਾਵ ਸਭ ਤੋਂ ਪੁਰਾਤਨ ਸਮੇਂ ਵਿੱਚ ਭਾਰਤੀਆਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੇ ਵਿਕਾਸ ਦਾ ਅਧਿਐਨ ਹੈ।ਕਈ ਇਤਿਹਾਸਕਾਰ ਪ੍ਰਾਚੀਨ ਭਾਰਤ ਨੂੰ ਹਿੰਦੂ ਕਾਲ ਅਤੇ ਮੱਧ ਕਾਲ ਨੂੰ ਮੁਸਲਿਮ ਕਾਲ ਮੰਨਦੇ ਸਨ ਪਰ ਪ੍ਰਾਚੀਨ ਭਾਰਤ ਦਾ ਇਤਿਹਾਸ ਹੜੱਪਾ ਸੱਭਿਅਤਾ ਦੇ ਸਮੇਂ ਤੋਂ ਲੈ ਕੇ ਰਾਜਪੂਤ ਕਾਲ ਤਕ ਦਾ ਇਤਿਹਾਸ ਮੰਨਿਆ ਜਾਂਦਾ ਹੈ। ਇਸਦੇ ਅਧਿਐਨ ਤੋਂ ਸਾਨੂੰ ਪਤਾ ਲਗਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦੀ ਸੱਭਿਅਤਾ ਸੀ, ਲੋਕਾਂ ਦਾ ਜੀਵਨ, ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਭਾਸ਼ਾ, ਕਿੱਤਾ, ਧਰਮ, ਸਾਹਿਤ ਕਿਹੋ ਜਿਹਾ ਸੀ। ਪ੍ਰਾਚੀਨ ਭਾਰਤੀ ਇਤਿਹਸ ਦਾ ਆਪਣੇ ਆਪ ਵਿੱਚ ਬਹੁਤ ਮਹੱਤਵ ਹੈ ਜਿਵੇਂ -
ਸਾਨੂੰ ਉਸ ਸਮੇਂ ਦੀ ਭੌਤਿਕ ਸੰਸਕ੍ਰਿਤੀ ਦਾ ਵਿਕਾਸ ਹੋਇਆ। ਪੁਰਾਤਨ ਪੱਥਰ ਯੁੱਗ ਵਿਚ ਲੋਕ ਪੱਥਰ ਦੇ ਔਜਾਰਾਂ ਦੀ ਵਰਤੋਂ ਕਰਦੇ ਸਨ, ਗੁਫਾਵਾਂ ਵਿੱਚ ਰਹਿੰਦੇ ਸਨ,ਨਦੀਆ ਤੋਂ ਪਾਣੀ ਪ੍ਰਾਪਤ ਕਰਦੇ ਸਨ। ਉਹ ਮੁੱਖ ਰੂਪ ਵਿੱਚ ਸ਼ਿਕਾਰੀ ਸਨ ਅਤੇ ਪਸ਼ੂਆਂ ਦਾ ਮਾਸ ਖਾਂਦੇ ਸਨ।
ਨਵ ਪੱਥਰ ਯੁੱਗ ਵਿੱਚ ਲੋਕਾਂ ਨੇ ਹੋਰ ਵਿਕਾਸ ਕੀਤਾ , ਪੱਥਰਾਂ ਦੇ ਔਜਾਰਾਂ ਤੋਂ ਬਿਨ੍ਹਾਂ ਉਹ ਲੱਕੜੀ ਅਤੇ ਹੱਡੀਆਂ ਦੇ ਔਜਾਰਾਂ ਦੀ ਵਰਤੋਂ ਕਰਨ ਲੱਗੇ।ਉਹ ਘਾਹ ਫੂਸ ਦੀਆ ਝੁੱਗੀਆਂ ਬਣਾ ਕੇ ਰਹਿਣ ਲੱਗੇ। ਮਾਸ ਖਾਣ ਤੋਂ ਇਲਾਵਾ ਉਹ ਕਣਕ, ਚੌਲ, ਦੁੱਧ ਆਦਿ ਦੀ ਵਰਤੋਂ ਕਰਨ ਲੱਗੇ।ਇਸ ਯੁੱਗ ਵਿੱਚ ਲੋਕਾਂ ਨੇ ਮਿੱਟੀ ਦੇ ਭਾਂਡੇ ਬਣਾਉਣੇ ਸ਼ੁਰੂ ਕੀਤੇ। ਪਹੀਏ ਦਾ ਅਵਿਸ਼ਕਾਰ ਹੋਣ ਨਾਲ ਕਪਾਹ ਅਤੇ ਉੱਨ ਕੱਤ ਕੇ ਕਪੜਾ ਤਿਆਰ ਕੀਤਾ ਜਾਣ ਲੱਗਿਆ। ਨਵੀਆਂ ਫ਼ਸਲਾਂ ਉਗਾਈਆਂ ਜਾਣ ਲੱਗੀਆਂ। ਤਾਂਬੇ ਅਤੇ ਕਾਂਸੀ ਦੇ ਯੁੱਗ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਦਾ ਵਿਕਾਸ ਹੋਇਆ।
 ਵੱਖ ਵੱਖ ਨਸਲਾਂ ਪ੍ਰਾਚੀਨ ਭਾਰਤ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਵੱਖ ਵੱਖ ਨਸਲਾਂ ਦੇ ਲੋਕ ਭਾਰਤ ਵਿਚ ਆ ਕੇ ਵਸ ਗਏ ਜਿਵੇਂ- ਆਰੀਆ, ਸ਼ਕ, ਕੁਸ਼ਾਣ, ਹੂਣ, ਅਰਬ, ਤੁਰਕ, ਮੰਗੋਲ ਆਦਿ।ਸਾਰੇ ਜਾਤੀ ਦੇ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਘੱਟ ਜਾਂ ਵੱਧ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ।
 ਭਾਸ਼ਾ ਅਤੇ ਲਿਪੀ ਦਾ ਵਿਕਾਸ ਪ੍ਰਾਚੀਨ ਭਾਰਤ ਵਿਚ ਵੱਖ ਵੱਖ ਜਾਤੀਆਂ ਨਾਲ ਵੱਖ ਵੱਖ ਭਾਸ਼ਾਵਾਂ ਦਾ ਵਿਕਾਸ ਹੋਇਆ ਜਿਵੇਂ ਵੈਦਿਕ ਆਰੀਆ ਦੀ ਭਾਸ਼ਾ ਸੰਸਕ੍ਰਿਤ ਸੀ। ਦ੍ਰਵਿੜ ਭਾਸ਼ਾਵਾਂ ਤਮਿਲ, ਤੇਲਗੂ, ਕੰਨੜ ਆਦਿ ਦੀ ਦੱਖਣ ਭਾਰਤ ਵਿਚ ਉਤਪਤੀ ਹੋਈ। ਸਮਾਂ ਬੀਤਣ ਤੇ ਦੇਵਨਾਗਰੀ ਲਿਪੀ ਦਾ ਵਿਕਾਸ ਹੋਇਆ। ਮੌਰੀਆ ਕਾਲ ਵਿੱਚ ਬ੍ਰਹਮੀ ਅਤੇ ਖਰੋਸ਼ਠੀ ਲਿਪੀਆਂ ਪ੍ਰਸਿੱਧ ਸਨ। ਸਮਰਾਟ ਅਸ਼ੋਕ ਦੇ ਅਭਿਲੇਖਾ ਵਿੱਚ ਇਨ੍ਹਾਂ ਲਿਪੀਆਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਲਿਪੀਆਂ ਉਪਰ ਸੰਸਕ੍ਰਿਤ ਦਾ ਬੜਾ ਪ੍ਰਭਾਵ ਸੀ ਜਿਸ ਕਰਕੇ ਸੰਸਕ੍ਰਿਤ ਨੂੰ ਭਾਰਤ ਦੀਆ ਆਧੁਨਿਕ ਭਾਸ਼ਾਵਾਂ ਦੀ ਜਨਨੀ ਮੰਨਿਆ ਜਾਂਦਾ ਹੈ।
(ਬਾਕੀ ਵਿਕਾਸਾ ਦਾ ਵੇਰਵਾ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967