ਕੇਂਦਰ ਤੇ ਪੰਜਾਬ ਸਰਕਾਰ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਦੀ ਬਜਾਏ ਗਊ ਮਾਤਾ ਨੂੰ ਮੈਡੀਕਲ ਸਹੂਲਤਾਂ ਦੇਣ - ਸਤਪਾਲ ਸਿੰਘ ਦੇਹੜਕਾ

ਜਗਰਾਉਂ , 11 ਅਗਸਤ (ਮਨਜਿੰਦਰ ਗਿੱਲ ) ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਗਊਆਂ ਤੇ ਗਊਆਂ ਨੂੰ ਲੈ ਕੇ ਭਾਰੀ ਸੰਕਟ ਚੱਲ ਰਿਹਾ ਹੈ। ਕੁਦਰਤੀ ਕਰੋਪੀ ਦੇ ਕਹਿਰ ਕਾਰਨ ਗਊ ਮਾਤਾ ਬੀਮਾਰ ਹੋ ਕੇ ਤੜਫ ਕੇ ਆਪਣੀ ਜਾਨ ਦੇ ਰਹੀ ਹੈ। ਗਊ ਮਾਤਾ ਦੀ ਇਸ ਸਮੱਸਿਆ ਨੂੰ ਦੇਖਦਿਆਂ ਗਊ ਭਗਤ ਅਤੇ ਹੋਰ ਕਈ ਸਮਾਜ ਸੇਵੀ ਆਪਣਾ ਫਰਜ਼ ਨਿਭਾਉਂਦੇ ਹੋਏ ਗਊ ਮਾਤਾ ਦੀ ਇਸ ਬਿਮਾਰੀ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਪਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਜੋ ਗਊ ਮਾਤਾ ਦੇ ਨਾਮ 'ਤੇ ਲੱਖਾਂ ਦਾ ਫੰਡ ਇਕੱਠਾ ਕਰ ਰਹੀ ਹੈ, ਉਹ ਸਿਰਫ ਅਤੇ ਸਿਰਫ ਗਊ ਮਾਤਾ ਦੇ ਇਲਾਜ ਦੇ ਨਾਂ 'ਤੇ ਆਪਣੀਆਂ ਖਬਰਾਂ ਅਖਬਾਰਾਂ 'ਚ ਛਪਵਾ ਕੇ ਸੁਰਖੀਆਂ ਬਟੋਰ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਰਹਿ ਰਹੀਆਂ ਗਊਆਂ ਦਾ ਇਲਾਜ ਗਊਸ਼ਾਲਾਵਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਘਰਾਂ ਵਿੱਚ ਰਹਿੰਦੀਆਂ ਗਊਆਂ ਦਾ ਇਲਾਜ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ। ਪਰ ਜੋ ਗਊਆਂ ਸੜਕਾਂ 'ਤੇ ਬੇਸਹਾਰਾ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਕੋਈ ਠੋਸ ਮੈਡੀਕਲ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ।। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਫ਼ ਸਰਕਾਰੀ ਦਿਖਾਵਾ ਹੀ ਕਰ ਰਹੇ ਹਨ ਨਾ ਕਿ ਕਿਸੇ ਤਰ੍ਹਾਂ ਦਾ ਇਲਾਜ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਸਿਰਫ਼ ਇਸ਼ਤਿਹਾਰਬਾਜ਼ੀ ਨਾਲ ਨਹੀਂ ਬਣੇਗਾ, ਸਗੋਂ ਇਸ ਲਈ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿੱਚ ਗਊ ਮਾਤਾ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਉਸ ਸੂਬੇ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਦੇਹੜਕਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਰਾਜਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਮਾਂ ਗਊ ਵਿੱਚ ਫੈਲ ਰਹੀ ਬਿਮਾਰੀ ਮਨੁੱਖ ਜਾਤੀ ਤੱਕ ਨਾ ਪਹੁੰਚ ਸਕੇ। ਸਾਨੂੰ ਗਊਮਾਤਾ ਤੋਂ ਅੰਮ੍ਰਿਤ ਦੇ ਰੂਪ ਵਿੱਚ ਦੁੱਧ ਮਿਲਦਾ ਹੈ। ਅਸੀਂ ਉਸ ਅੰਮ੍ਰਿਤ ਵਰਗੇ ਦੁੱਧ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਹਾਂ। ਪਰ ਅੱਜ ਸਾਡੀ ਗਊ ਮਾਤਾ, ਜੋ ਸਾਨੂੰ ਅੰਮ੍ਰਿਤ ਦੇ ਰੂਪ ਵਿੱਚ ਦੁੱਧ ਦਿੰਦੀ ਹੈ, ਇਲਾਜ ਦੀ ਮੰਗ ਕਰ ਰਹੀ ਹੈ।