" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ।
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ,
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ,
ਦੇ ਮਾਈ ਲੋਹੜੀ
ਤੇਰਾ ਪੁੱਤ ਚੜ੍ਹੇ ਘੋੜੀ,
ਦੇ ਮਾਈ...
 ਭਾਵੇਂ ਲੋਹੜੀ ਮਨਾਉਣ ਪਿੱਛੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਅਤੇ ਦਿਆਲੂ ਵੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਲੈ ਲਈ ਅਤੇ "ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਸ਼ਾਮ ਨੂੰ ਬੱਚੇ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਪਾਥੀਆਂ ਅਤੇ ਲੱਕੜਾਂ ਨਾਲ ਲੋਹੜੀ ਨੂੰ ਜਲਾ ਕੇ ਇਹ ਗੀਤ ਗਾਉਂਦੇ ਹੋਏ ਨਜਰ ਆਉਂਦੇ ਹਨ।
ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਓ - ਹੋ!
ਗਿਣ ਗਿਣ ਪੌਲੇ ਲਾਓ - ਹੋ!
ਇੱਕ ਪੌਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ -
 ਜੋਂ ਵੀ ਹੈ ਲੋਹੜੀ ਇੱਕ ਆਪਸੀ ਭਾਈਚਾਰਕ ਅਤੇ ਪਿਆਰ ਦੀ ਸਾਂਝ ਬਣ ਚੁੱਕੀ ਹੈ। ਪਹਿਲਾਂ ਸਿਰਫ਼ ਇਹ ਨਵੇਂ ਜੰਮੇ ਮੁੰਡਿਆਂ ਦਾ ਸਨਮਾਨ ਸੀ ਪਰ ਅੱਜ ਕੱਲ੍ਹ ਇਹ ਸਾਡੀ ਧੀਆਂ ਦਾ ਸਨਮਾਨ ਵੀ ਬਣ ਚੁੱਕੀ ਹੈ। ਨਵੇਂ ਜਨਮੇ ਬੱਚਿਆ ਦੀ ਲੋਹੜੀ ਮਨਾਉਣ ਦੀ ਰੀਤ ਬਣ ਚੁੱਕੀ ਹੈ। ਅੱਜ ਦੀ ਭੱਜ ਦੌੜ ਵਿੱਚ ਇਨਸਾਨ ਪਿੰਡ ਜਾਂ ਸ਼ਹਿਰ ਦੀ ਸਾਂਝੀ ਥਾਂ ਤੇ ਬਲਦੀ ਲੋਹੜੀ ਸ਼ੇਕਦਾ ਹੋਇਆ ਅਤੇ ਅਪਣੇ ਲੋਕਾਂ ਨਾਲ ਮੋਹ ਭਿੱਜੀਆਂ ਗੱਲਾਂ ਕਰਦਾ ਹੋਇਆ ਉਥੋਂ ਆਪਣੇ ਬਚਪਨ ਵਾਲੇ ਵਕਤ ਦੀਆ ਯਾਦਾ ਦੀਆ ਰਿਉੜੀਆਂ ਲੈਕੇ  ਸਕੂਨ ਮਹਿਸੂਸ ਕਰਦਾ ਹੋਇਆ ਫਿਰ ਅਗਲੀ ਸਕੂਨ ਭਰੀ ਲੋਹੜੀ ਦੇ ਇੰਤਜ਼ਾਰ ਵਿੱਚ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਗੁਆਚ ਜਾਂਦਾ ਹੈ।

ਕੁਲਦੀਪ ਸਿੰਘ ਰਾਮਨਗਰ 9417990040