ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਰੁੱਤ ਨਵੰਬਰ ਤੋਂ ਲੈ ਕੇ ਮਾਰਚ ਦੇ ਅੱਧ ਤੱਕ ਚਲਦੀ ਹੈ। ਸਰਦੀ ਦੀ ਰੁੱਤ ਦੇ  ਪੋਹ ਅਤੇ ਮਾਘ ਮਹੀਨੇ ਬਹੁਤ ਹੀ ਠੰਢੇ ਹੁੰਦੇ ਹਨ। ਦਸੰਬਰ ਮਹੀਨੇ ਵਿਚ ਠੰਡੀਆਂ ਹਵਾਵਾਂ ਚੱਲਦੀਆਂ ਹਨ ਜਿਸ ਕਾਰਨ ਹੱਡ ਚੀਰਵੀਂ ਠੰਢ ਪੈਂਦੀ ਹੈ। ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿਚ ਸਰਦੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਦਿਨ ਛੋਟੇ ਰਾਤਾਂ ਵੱਡੀਆਂ ਹੁੰਦੀਆਂ ਹਨ। ਇਹਨਾਂ ਦਿਨਾਂ ਵਿੱਚ ਕੋਹਰਾ ਅਤੇ ਧੁੰਦ ਜ਼ਿਆਦਾ ਪੈਂਦੀ ਹੈ। ਇਸ ਕਾਰਨ ਜੀਵਨ ਦੀ ਗੱਡੀ ਦੀ ਰਫ਼ਤਾਰ ਸਰਦੀ ਕਰਨਾ ਹੋਲੀ ਹੋ ਜਾਂਦੀ ਹੈ।

ਅਮੀਰਾਂ ਅਤੇ ਮਿਡਲ ਕਲਾਸ ਲੋਕਾਂ ਲਈ ਸਰਦੀਆਂ ਵਰਦਾਨ ਸਿੱਧ ਹੁੰਦੀਆਂ ਹਨ। ਇਹ ਲੋਕ ਵੱਖ ਵੱਖ ਕਿਸਮ ਦੀਆਂ ਗਰਮ ਮਹਿੰਗੀਆ ਕੋਟੀਆਂ ਸਵੈਟਰ, ਕੋਟ ਅਤੇ ਜਾਕਟਾਂ  ਆਦਿ ਪਾ ਕੇ ਆਪਣੀ ਸੁੰਦਰਤਾ ਅਤੇ ਅਮੀਰੀ ਦਾ ਲੋਕ ਵਿਖਾਵਾ ਕਰਦੇ ਹਨ। ਅਤੇ  ਜਿਹੜੇ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ ਉਹ ਲੋਕ ਬਰਫ਼ੀਲੇ ਪਹਾੜਾਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ, ਕੁਫ਼ਰੀ, ਰੋਹਤਾਂਗ, ਲੇਹ-ਲਦਾਖ ਵਗੈਰਾ ਘੁੰਮਣ ਲਈ ਜਾਂਦੇ ਹਨ। ਕਈ ਅਮੀਰ ਇਹਨਾਂ ਸਰਦੀ ਦੇ ਦਿਨਾਂ ਵਿੱਚ ਮਹਿੰਗੀ ਸ਼ਰਾਬ ਵਗੈਰਾ ਦਾ ਅਤੇ ਮਹਿੰਗੇ ਮੀਟ ਮੱਛੀ ਦਾ ਸੇਵਨ ਕਰਦੇ ਹਨ। ਇਹ ਅਮੀਰ ਲੋਕ ਅਪਣੀਆਂ ਮਹਿੰਗੀਆਂ ਗੱਡੀਆਂ ਵਿੱਚ ਹੀਟਰ ਲਗਾ ਕੇ ਸੜਕਾਂ ਤੇ ਆਪਣੇ ਡਰਾਈਵਿੰਗ ਦਾ ਅਨੰਦ ਮਾਣਦੇ ਹਨ। ਕਈ ਅਮੀਰ ਲੋਕ ਤਾਂ ਵੱਡੇ ਦਿਲ ਵਾਲੇ ਹੁੰਦੇ ਹਨ ਜਿਹੜੇ ਗਰੀਬ ਲੋਕਾਂ ਨੂੰ ਆਪਣੇ ਪਾਏ ਹੋਏ ਗਰਮ ਕੰਬਲ ਅਤੇ ਗਰਮ ਕੱਪੜੇ ਵੰਡਦੇ ਫਿਰਦੇ ਹਨ। ਇਨ੍ਹਾਂ ਦਿਨਾਂ ਵਿਚ  ਕੋਹਰੇ ਅਤੇ ਧੁੰਦ ਦੇ ਕਾਰਨ  ਦਰੱਖਤਾਂ ਦੇ ਪੱਤਿਆਂ ਤੋਂ ਧੁੰਦ ਅਤੇ ਕੌਰ ਦਾ ਪਾਣੀ ਤਿੱਪ ਤਿੱਪ ਟਪਕ ਰਿਹਾ ਹੁੰਦਾ ਹੈ ਜਿਸ ਕਾਰਨ ਸੜਕਾਂ ਗਿੱਲੀਆਂ ਪੈ ਜਾਂਦੀਆਂ ਹਨ ਅਤੇ ਇਹਨਾਂ ਤੇ ਚੱਲ ਰਹੇ ਆਵਾਜਾਈ ਦੇ ਸਾਧਨ ਜ਼ਿਆਦਾਤਰ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ।

ਇਸ ਦੇ ਉਲਟ ਗਰੀਬ ਲੋਕਾਂ ਲਈ ਸਰਦੀ ਇਕ ਸਰਾਪ ਦੀ ਤਰ੍ਹਾਂ ਹੁੰਦੀ ਹੈ। ਉਹਨਾਂ ਕੋਲ ਤਾਂ ਢਿੱਡ ਭਰਨ ਦੇ ਲਈ ਦੀ ਪਹਿਲਾਂ ਹੀ ਪੂਰੇ ਪੈਸੇ ਨਹੀਂ ਹੁੰਦੇ ਹਨ। ਇਸ ਤਰ੍ਹਾਂ ਉਹ ਆਪਣਾ ਤਨ ਢਕਣ ਲਈ ਵਧੀਆ ਕਿਸਮ ਦੇ ਗਰਮ ਕਪੜੇ ਕਿਵੇਂ ਖਰੀਦਣ। ਸਰਦੀ ਦੇ ਮੌਸਮ ਵਿਚ ਗਰੀਬ ਬਜ਼ੁਰਗ ਅਤੇ ਬੱਚੇ ਜ਼ਿਆਦਾਤਰ ਬਿਮਾਰ ਪੈ ਜਾਂਦੇ ਹਨ। ਜ਼ਿਆਦਾ ਗਰਮ ਕੱਪੜੇ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਠੰਡ ਵੱਧ ਲੱਗਦੀ ਹੈ ਉਹ ਗਰੀਬ ਬਜੁਰਗ ਆਪਣਾ ਇਲਾਜ਼ ਨਾ ਕਰਵਾਉਂਣ ਕਾਰਨ ਇਸ ਦੁਨੀਆ ਤੋਂ ਅਲਵਿਦਾ ਕਹਿ ਜਾਂਦੇ ਹਨ। ਪਸ਼ੂ ਅਤੇ ਪੰਛੀ ਵੀ ਇਸ ਸਰਦੀ ਦੇ ਮੌਸਮ ਵਿਚ ਠੰਡ ਤੋਂ ਬਚਣ ਦਾ ਠਿਕਾਣਾ ਨਾ ਹੋਣ ਕਾਰਨ ਜ਼ਿਆਦਾਤਰ ਮਰ ਹੀ ਜਾਂਦੇ ਹਨ। ਜ਼ਿਆਦਾਤਰ ਠੰਡ ਕਾਰਨ ਲੋਕ ਘਰਾਂ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੇ ਹਨ। ਇੰਨੀਂ ਅੱਤ ਦੀ ਪੈ ਰਹੀ ਠੰਡ ਵਿਚ ਗਰੀਬ ਵਿਅਕਤੀਆਂ ਦਾ ਕੰਮ ਕਾਰ ਤਾਂ ਬਿਲਕੁਲ ਬੰਦਾ ਹੀ ਹੋ ਜਾਂਦਾ ਹੈ ਅਤੇ ਉਹਨਾਂ ਦੇ ਚੁੱਲ੍ਹੇ ਠੰਡੇ ਪੈ ਜਾਂਦੇ ਹਨ। ਕੀ ਬਜ਼ੁਰਗ, ਕੀ ਬੱਚੇ, ਕੀ ਨੌਜਵਾਨ ਹਰੇਕ ਵਰਗ ਦੇ ਲੋਕ ਜ਼ਿਆਦਾਤਰ ਅੱਗ ਬਾਲ ਕੇ ਸੇਕ ਰਹੇ ਹੁੰਦੇ ਹਨ ਅਤੇ ਕਹਿ ਰਹੇ ਹੁੰਦੇ ਹਨ ਕੀ ਇਸ ਨਾਲੋਂ ਤਾਂ ਗਰਮ ਹੀ ਚੰਗੀ ਹੈ ਤਾਂ ਜੋ ਉਨ੍ਹਾਂ ਦਿਨਾਂ ਵਿੱਚ ਘੱਟ ਕੱਪੜਿਆਂ ਨਾਲ ਗੁਜ਼ਾਰਾ ਹੋ ਜਾਂਦਾ ਹੈ।ਓਧਰ ਮਾਘ ਦੇ ਮਹੀਨੇ ਦੇ ਵਿੱਚ ਵਿਆਹ-ਸ਼ਾਦੀਆਂ ਦਾ ਵੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਗਰੀਬਾਂ ਨੂੰ ਵਿਆਹ ਲਈ ਨਵੇਂ ਕਪੜੇ ਖ਼ਰੀਦਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।

ਸਰਦੀ ਦੇ ਪੋਹ ਅਤੇ ਮਾਘ ਦੇ ਮਹੀਨਿਆਂ ਵਿੱਚ ਸਰਕਾਰੀ ਦਫਤਰਾ ਦੇ ਕੰਮ ਕਾਜ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।  ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪੜਾਈ ਦਾ ਨਾਮਾਤਰ ਹੀ ਰਹਿ ਜਾਂਦੀ ਹੈ ਕਿਉਂਕਿ ਸਰਕਾਰ ਵੱਲੋ 25 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਨਵੇਂ ਸਾਲ ਵਿਚ 1 ਜਨਵਰੀ ਤੋਂ ਸਕੂਲ ਲਗਦੇ ਹਨ ਤਾਂ ਹਰ ਸਾਲ ਕੋਈ ਨਾ ਕੋਈ ਦੁਰਘਟਨਾ ਹੋ ਜਾਂਦੀ ਹੈ। ਜਿਵੇਂ ਇਹ ਸਾਲ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਮਹਿਲਾ ਅਧਿਆਪਕਾ ਦੀ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਸਰਕਾਰ ਨੂੰ ਸਕੂਲ ਦਾ ਸਮਾਂ 21 ਦਸੰਬਰ ਤੋਂ 21 ਜਨਵਰੀ ਤੱਕ 10 ਵਜੇ ਤੋਂ 3 ਵਜੇ ਤੱਕ ਕਰਨਾ ਪਿਆ ਸੀ। ਹੁਣ ਜਦੋਂ ਸਰਦੀ ਕਾਰਨ ਸਕੂਲ 9 ਜਨਵਰੀ ਤੋਂ ਸ਼ੁਰੂ ਹੋਏ ਹਨ ਤਾਂ ਇਸ ਪੈ ਰਹੀ ਅੱਤ ਦੀ ਸਰਦੀ ਕਾਰਨ ਸਮਾਣਾ ਜਿਲਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ ਰਹੀ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਕਿਉਂਕਿ ਇੰਨੀ ਸਰਦੀ ਵਿੱਚ ਖੂਨ ਗਾੜਾ ਹੋ ਜਾਂਦਾ ਹੈ ਦਿਲ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ। ਇਸ ਤੋਂ ਇਲਾਵਾ ਅਸੀਂ ਅਕਸਰ ਹੀ ਟੈਲੀਵਿਜਨ ਅਤੇ ਅਖ਼ਬਾਰਾਂ ਵਿਚ ਧੁੰਦ ਅਤੇ ਕੋਹਰੇ ਦੇ ਕਾਰਨ ਹੋ ਰਹੀਆਂ ਘਟਨਾਵਾਂ ਬਾਰੇ ਰੋਜ਼ ਹੀ ਵੇਖਦੇ ਅਤੇ ਪੜ੍ਹਦੇ ਹਾਂ ਅਤੇ ਇਸ ਤਰ੍ਹਾਂ ਟਰੱਕਾਂ, ਬਸਾਂ ਅਤੇ ਟਰਾਲੀਆਂ ਨਾਲ ਟਕਰਾ ਕੇ ਪਰਿਵਾਰ ਦੇ ਪਰਿਵਾਰ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।

ਸਰਦੀ ਦੇ ਦਿਨਾਂ ਵਿੱਚ ਜਦੋਂ ਅਸੀਂ ਘਰ ਵਿੱਚ ਕੋਈ ਵੀ ਕੰਮ ਕਰਵਾ ਰਹੇ ਹੁੰਦੇ ਹਾਂ ਤੱਕ ਕੰਮ ਕਰਨ ਦੀ ਰਫ਼ਤਾਰ ਵੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੰਮ ਨੂੰ ਹੋਣ ਵਿੱਚ ਵੱਧ ਸਮਾਂ ਲੱਗਦਾ ਹੈ। ਪੋਹ ਤੇ ਮਾਘ ਦੇ ਮਹੀਨੇ ਵਿਚ ਸਭ ਕੁਝ ਠੰਡਾ ਹੀ ਰਹਿੰਦਾ ਹੈ ਚਾਹੇ ਕੋਈ ਮਸੀਨਰੀ ਹੋਵੇ, ਕੋਈ ਕੱਪੜਾ ਹੋਵੇ, ਚਾਹੇ ਇਨਸਾਨ ਹੋਵੇ। ਪਰ ਇਹਨਾਂ ਦਿਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਹੋ ਜਾਂਦਾ ਹੈ ਅਤੇ ਸਰੀਰ ਨੂੰ ਅਰਾਮ ਪੈ ਜਾਂਦਾ ਹੈ ਜਿਸ ਕਾਰਨ ਸਰੀਰ ਵਜਨਦਾਰ ਅਤੇ ਮੋਟਾਪਾ ਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਅਸੀ ਤੁਰਨਾ ਫਿਰਨਾ ਘੱਟ ਕਰ ਦਿੰਦੇ ਹਾਂ।

ਇਕ ਗੱਲ ਇਹ ਵੀ ਹੈ ਸਰਦੀਆਂ ਵਿੱਚ ਜੇਕਰ ਹਿਮਾਲਿਆ ਪਹਾੜਾਂ  ਉੱਤੇ ਬਰਫ਼ ਜੰਮੇਂਗੀ ਤਾਂ ਹੀ ਗਰਮੀਆਂ ਦੇ ਵਿੱਚ ਉਹ ਪਿੰਗਲ ਕੀ ਹੈ ਪਾਣੀ ਦਾ ਰੂਪ ਧਾਰਨ ਕਰੇਗੀ ਅਤੇ ਪਾਣੀ ਦੀ ਘਾਟ ਪੂਰੀ ਕਰੇਗੀ। ਇਸ ਲਈ ਜ਼ਿੰਦਗੀ ਦੇ ਵਿੱਚ ਮੌਸਮ ਤਾਂ ਆਉਂਦੇ ਹੀ ਰਹਿੰਦੇ ਹਨ। ਇਨਸਾਨ ਦਾ ਨਾ ਤਾਂ ਸਰਦੀ ਤੋਂ ਬਿਨਾ ਗੁਜ਼ਾਰਾ ਹੈ ਅਤੇ ਨਾ ਹੀ ਗਰਮੀ ਤੋਂ ਬਿਨਾ। ਇਸ ਲਈ ਇਨਸਾਨ ਨੂੰ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਦੇ ਵਿੱਚ ਹਰ ਮੌਸਮ ਦਾ ਸੁਖ ਭੋਗਿਆ ਜਾ ਸਕੇ।

 

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188